ਲੱਕੜ ਦੇ ਆਰੇ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ; ਕਿਸਾਨ ਦੀ ਲਾਪਰਵਾਹੀ ਆਈ ਸਾਹਮਣੇ
ਇਹ ਹਾਦਸਾ ਨੇੜਲੇ ਖੇਤ ਵਿੱਚ ਕਿਸਾਨ ਵੱਲੋਂ ਕਣਕ ਦੀ ਨਾੜ (ਪਰਾਲੀ) ਨੂੰ ਲਾਈ ਗਈ ਅੱਗ ਕਾਰਨ ਵਾਪਰਿਆ।

Published : May 7, 2026 at 7:34 PM IST
ਬਰਨਾਲਾ: ਬਰਨਾਲਾ ਦੇ ਨਜ਼ਦੀਕੀ ਕਸਬਾ ਹੰਡਿਆਇਆ ਵਿਖੇ ਅੱਜ ਦੁਪਹਿਰ ਇੱਕ ਲੱਕੜ ਦੇ ਆਰੇ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਕੀਮਤੀ ਲੱਕੜ ਸੜ ਕੇ ਸੁਆਹ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਨੇੜਲੇ ਖੇਤ ਵਿੱਚ ਕਿਸਾਨ ਵੱਲੋਂ ਕਣਕ ਦੀ ਨਾੜ (ਪਰਾਲੀ) ਨੂੰ ਲਾਈ ਗਈ ਅੱਗ ਕਾਰਨ ਵਾਪਰਿਆ। ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਅੱਗ ਬੁਝਾਉਣ ਵਿੱਚ ਜੁੱਟੀਆਂ ਹੋਈਆਂ ਹਨ।
ਆਰੇ ਦੇ ਮਾਲਕ ਗੁਰਮੇਲ ਸਿੰਘ ਅਤੇ ਉਨ੍ਹਾਂ ਦੇ ਭਰਾ ਧਨਵੰਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ "ਉਹ ਲੰਬੇ ਸਮੇਂ ਤੋਂ ਇੱਥੇ ਲੱਕੜ ਦਾ ਕਾਰੋਬਾਰ ਕਰ ਰਹੇ ਹਨ। ਅੱਜ ਦੁਪਹਿਰ ਨੇੜਲੇ ਖੇਤ ਦੇ ਇੱਕ ਕਿਸਾਨ ਨੇ ਬਿਨਾਂ ਕਿਸੇ ਸੂਚਨਾ ਜਾਂ ਸੁਰੱਖਿਆ ਪ੍ਰਬੰਧ ਦੇ ਆਪਣੀ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਦਿੱਤੀ। ਤੇਜ਼ ਹਵਾ ਕਾਰਨ ਅੱਗ ਦੀਆਂ ਲਪਟਾਂ ਨੇ ਆਰੇ ਵਿੱਚ ਪਈਆਂ ਕਰੋੜਾਂ ਰੁਪਏ ਦੀਆਂ ਮਹਿੰਗੀਆਂ ਲੱਕੜਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।"

ਪੀੜਤ ਨੇ ਕਿਹਾ ਕਿ "ਸਾਡੇ ਕੋਲ ਬਹੁਤ ਕੀਮਤੀ ਲੱਕੜ ਦਾ ਸਟਾਕ ਪਿਆ ਸੀ। ਕਿਸਾਨ ਦੀ ਇੱਕ ਛੋਟੀ ਜਿਹੀ ਲਾਪਰਵਾਹੀ ਨੇ ਸਾਡਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਹੈ। ਜੇਕਰ ਉਸਨੇ ਅੱਗ ਲਾਉਣੀ ਹੀ ਸੀ ਤਾਂ ਸਾਨੂੰ ਪਹਿਲਾਂ ਸੂਚਿਤ ਕਰਨਾ ਚਾਹੀਦਾ ਸੀ ਤਾਂ ਜੋ ਅਸੀਂ ਬਚਾਅ ਦਾ ਕੋਈ ਪ੍ਰਬੰਧ ਕਰ ਸਕਦੇ।"

ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਲਗਾਈਆਂ ਗਈਆਂ
ਅੱਗ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਫਾਇਰ ਅਫ਼ਸਰ ਜਸਪ੍ਰੀਤ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ। ਅੱਗ ਦੀ ਭਿਆਨਕਤਾ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਲਗਾਈਆਂ ਗਈਆਂ ਹਨ। ਖ਼ਬਰ ਲਿਖੇ ਜਾਣ ਤੱਕ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਸੀ ਅਤੇ ਲੱਕੜ ਦੇ ਅੰਦਰੂਨੀ ਹਿੱਸਿਆਂ ਵਿੱਚ ਅੱਗ ਅਜੇ ਵੀ ਧੁਖ ਰਹੀ ਸੀ।

ਲਾਪਰਵਾਹੀ ਵਰਤਣ ਵਾਲੇ ਕਿਸਾਨ ਖ਼ਿਲਾਫ਼ ਕੀਤੀ ਜਾਵੇ ਸਖ਼ਤ ਕਾਨੂੰਨੀ ਕਾਰਵਾਈ
ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਾਪਰਵਾਹੀ ਵਰਤਣ ਵਾਲੇ ਕਿਸਾਨ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅੱਗ 'ਤੇ ਜਲਦੀ ਕਾਬੂ ਨਾ ਪਾਇਆ ਗਿਆ ਤਾਂ ਨੁਕਸਾਨ ਦਾ ਅੰਕੜਾ ਹੋਰ ਵੀ ਵਧ ਸਕਦਾ ਹੈ।
ਇਹ ਵੀ ਪੜ੍ਹੋ:
- 'NSA ਖ਼ਤਮ ਹੋਣ ਮਗਰੋਂ ਵੀ ਮੇਰੇ ਪੁੱਤ ਨੂੰ ਪੰਜਾਬ ਕਿਉਂ ਨਹੀਂ ਲੈਕੇ ਆਉਂਦੇ', ਸਾਂਸਦ ਦੀ ਮਾਂ ਨੇ ਮੁੱਖ ਮੰਤਰੀ ਮਾਨ ਨੂੰ ਘੇਰ ਕੀਤੇ ਸਵਾਲ
- ਕਮਲ ਕੌਰ ਭਾਬੀ ਕਤਲਕਾਂਡ ’ਚ ਵੱਡੀ ਅੱਪਡੇਟ, ਜਾਣੋ ਕੀ ਹੋਇਆ ਨਵਾਂ ਖੁਲਾਸਾ ?
- ਅੱਜ ਵੀ ਤਾਜ਼ੇ ਹਨ ਪਾਕਿਸਤਾਨ ਵੱਲੋਂ ਕੀਤੇ ਹਮਲੇ ਦੇ ਜ਼ਖ਼ਮ, ਆਪ੍ਰੇਸ਼ਨ ਸਿੰਦੂਰ ਦੌਰਾਨ ਮਾਤਾ-ਪਿਤਾ ਨੇ ਗਵਾਈ ਸੀ ਜਾਨ
- ਕੈਨੇਡਾ ਵਿੱਚ ਜ਼ਬਰਨ ਵਸੂਲੀ ਦੇ ਮਾਮਲਿਆਂ ਵਿੱਚ 7 ਸ਼ੱਕੀ ਪੰਜਾਬੀਆਂ ਦੀਆਂ ਤਸਵੀਰਾਂ ਜਾਰੀ, 2 ਨੂੰ ਕੀਤਾ ਡਿਪੋਰਟ

