ਸਹੁਰਾ ਪਰਿਵਾਰ ਤੋਂ ਤੰਗ ਔਰਤ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਕਾਰਵਾਈ ਦੀ ਕੀਤੀ ਮੰਗ
ਪਟਿਆਲਾ ਵਿੱਚ ਵਿਆਹੁਤਾ ਨੇ ਖੁਦਕੁਸ਼ੀ ਕੀਤੀ ਤਾਂ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ਉੱਤੇ ਗਭੀਰ ਇਲਜ਼ਾਮ ਲਾਏ।


Published : July 2, 2026 at 3:13 PM IST
ਪਟਿਆਲਾ: ਜ਼ਿਲ੍ਹਾ ਪਟਿਆਲਾ ਦੇ ਕੋਤਵਾਲੀ ਇਲਾਕੇ ਵਿੱਚ 35-36 ਸਾਲਾ ਵਿਆਹੀ ਮਹਿਲਾ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਰਾਣੀ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਲੁਧਿਆਣਾ ਦੀ ਰਹਿਣ ਵਾਲੀ ਸੀ ਅਤੇ ਵਿਆਹ ਤੋਂ ਬਾਅਦ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਪਟਿਆਲਾ ਵਿੱਚ ਰਹਿ ਰਹੀ ਸੀ। ਮ੍ਰਿਤਕਾ ਦੇ ਦੋ ਬੱਚੇ ਹਨ।
'ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ'
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਰਾਣੀ ਲੰਬੇ ਸਮੇਂ ਤੋਂ ਸਹੁਰੇ ਪਰਿਵਾਰ ਵੱਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤੀ ਜਾ ਰਹੀ ਸੀ।

'ਸਖ਼ਤ ਕਾਰਵਾਈ ਦੀ ਮੰਗ'
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕਾ ਦਾ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਉਸ ਨੂੰ ਛੱਡ ਕੇ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੇ ਸਨ, ਜਿਸ ਕਾਰਨ ਉਹ ਲਗਾਤਾਰ ਮਾਨਸਿਕ ਤਣਾਅ ਵਿੱਚ ਰਹਿੰਦੀ ਸੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸੇ ਪ੍ਰੇਸ਼ਾਨੀ ਤੋਂ ਤੰਗ ਆ ਕੇ ਰਾਣੀ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ। ਪਰਿਵਾਰ ਨੇ ਪੁਲਿਸ ਤੋਂ ਮੰਗ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
'ਤੱਥਾਂ ਦੇ ਅਧਾਰ 'ਤੇ ਕਾਰਵਾਈ'
ਮਾਮਲੇ ਦੀ ਜਾਂਚ ਕਰ ਰਹੇ ਡੀਐੱਸਪੀ ਨੇ ਕਿਹਾ ਕਿ, 'ਲੁਧਿਆਣਾ ਤੋਂ ਪਹੁੰਚੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ। ਪਰਿਵਾਰ ਨੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਏ ਹਨ। ਪ੍ਰਾਪਤ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਅਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।'

