ਪੁਲਿਸ ਐਨਕਾਊਂਟਰ, ਕਰੀਏਟਿਵ ਵ੍ਹੀਲਜ਼ ਫਾਇਰਿੰਗ ਕੇਸ ਦਾ ਮੁੱਖ ਮੁਲਜ਼ਮ ਜ਼ਖ਼ਮੀ
ਅਪ੍ਰੈਲ 2025 ਦੌਰਾਨ ਟਾਇਰਾਂ ਦੀ ਦੁਕਾਨ ਕਰੀਏਟਿਵ ਵ੍ਹੀਲਜ਼ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਐਨਕਾਊਂਟਰ ਕੀਤਾ ਹੈ।

Published : January 7, 2026 at 8:46 PM IST
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਅਪ੍ਰੈਲ 2025 ਦੌਰਾਨ ਟਾਇਰਾਂ ਦੀ ਦੁਕਾਨ ਕਰੀਏਟਿਵ ਵ੍ਹੀਲਜ਼ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਐਨਕਾਊਂਟਰ ਕੀਤਾ ਹੈ। ਇਸ ਮਾਮਲੇ ਦਾ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਲਾਲ ਪੁਲਿਸ ਨਾਲ ਮੁਕਾਬਲੇ ਦੌਰਾਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਜਿਸਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮੌਕੇ ਤੋਂ ਹਥਿਆਰ ਵੀ ਕੀਤੇ ਬਰਾਮਦ
ਪੁਲਿਸ ਅਨੁਸਾਰ ਗੁਰਪ੍ਰੀਤ ਸਿੰਘ ਲਾਲ ਨੂੰ ਹਥਿਆਰ ਦੀ ਬਰਾਮਦਗੀ ਲਈ ਸਨਸਿਟੀ, ਬਟਾਲਾ ਰੋਡ ਦੀ ਬੈਕ ਸਾਈਡ ਲੈ ਕੇ ਜਾਇਆ ਗਿਆ ਸੀ। ਇਸ ਦੌਰਾਨ ਮੁਲਜ਼ਮ ਨੇ ਲੁਕੋ ਕੇ ਰੱਖੇ ਪਿਸਤੌਲ ਨਾਲ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਨੂੰ ਗੋਲੀ ਲੱਗੀ। ਮੌਕੇ ਤੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।
ਫਿਰੌਤੀ ਲਈ ਧਮਕੀ ਭਰੀ ਕੀਤੀ ਗਈ ਸੀ ਕਾਲ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ "ਇਸ ਕੇਸ ਵਿੱਚ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਸ਼ੂਟਰ ਗੁਰਪ੍ਰੀਤ ਸਿੰਘ ਲਾਲ (23 ਸਾਲ) ਅਤੇ ਜੋਬਨ (18 ਸਾਲ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਤੀਸਰਾ ਸਾਥੀ ਬੋਹੜ ਸਿੰਘ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ, ਜਿਸਨੂੰ ਜਲਦ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਕਰੀਏਟਿਵ ਵ੍ਹੀਲਜ਼ ‘ਤੇ ਫਾਇਰਿੰਗ ਤੋਂ ਪਹਿਲਾਂ ਫਿਰੌਤੀ ਲਈ ਧਮਕੀ ਭਰੀ ਕਾਲ ਕੀਤੀ ਗਈ ਸੀ।"
ਗੈਂਗਸਟਰ ਨੈਟਵਰਕ ਖ਼ਿਲਾਫ਼ ਸਖ਼ਤ ਕਾਰਵਾਈ
ਹਰ ਵਾਰਦਾਤ ਦੇ ਬਦਲੇ ਸ਼ੂਟਰਾਂ ਨੂੰ 10 ਹਜ਼ਾਰ ਰੁਪਏ ਮਿਲਦੇ ਸਨ। ਹਥਿਆਰਾਂ ਦਾ ਪ੍ਰਬੰਧ ਪ੍ਰਭ ਦਾਸੂਵਾਲ ਵੱਲੋਂ ਕੀਤਾ ਜਾਂਦਾ ਸੀ, ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਜਾਂਦੇ ਸਨ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਅੰਮ੍ਰਿਤਸਰ ਤਰਨ ਤਾਰਨ ਅਤੇ ਵਲਟੋਹਾ ਸਮੇਤ ਕਈ ਥਾਵਾਂ ‘ਤੇ ਹੋਈਆਂ ਗੋਲੀਬਾਰੀਆਂ ਦੇ ਮਾਮਲੇ ਵੀ ਇਸ ਗਿਰੋਹ ਨਾਲ ਜੁੜੇ ਹੋਏ ਹਨ। ਪੁਲਿਸ ਨੇ ਦੋਹਰਾਇਆ ਹੈ ਕਿ ਗੈਂਗਸਟਰ ਨੈਟਵਰਕ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

