ਚੜ੍ਹਦੇ ਸਾਲ ਮੰਦਭਾਗੀ ਖ਼ਬਰ, ਬਾਊਂਸਰ ਦੀ ਸ਼ੱਕੀ ਹਲਾਤਾਂ 'ਚ ਮਿਲੀ ਲਾਸ਼
ਨਵੇਂ ਸਾਲ ਮੌਕੇ ਲੁਧਿਆਣਾ ਦੇ ਬਾਊਂਸਰ ਦੀ ਘੁਲਾਲ ਟੋਲ ਪਲਾਜ਼ਾ ਨੇੜੇ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ। ਜਿਸ 'ਚ ਜਾਂਚ ਜਾਰੀ ਹੈ।


Published : January 1, 2026 at 6:48 PM IST
ਖੰਨਾ: ਨਵੇਂ ਸਾਲ ਦੇ ਮੌਕੇ ਸਮਰਾਲਾ ਇਲਾਕੇ ਵਿੱਚ ਇੱਕ ਦਰਦਨਾਕ ਤੇ ਸ਼ੱਕੀ ਘਟਨਾ ਸਾਹਮਣੇ ਆਈ ਹੈ। ਜਿੱਥੇ ਲੁਧਿਆਣਾ ਦੇ ਇੱਕ ਨੌਜਵਾਨ ਬਾਊਂਸਰ ਦੀ ਲਾਸ਼ ਟੋਲ ਪਲਾਜ਼ਾ ਨੇੜੇ ਮਿਲੀ ਹੈ। ਇਹ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਜਾਪ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਬਾਊਂਸਰ ਦੀ ਮਿਲੀ ਲਾਸ਼
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ "ਅੱਜ ਸਵੇਰੇ ਪੁਲਿਸ ਨੂੰ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਘੁਲਾਲ ਟੋਲ ਪਲਾਜ਼ਾ ਦੇ ਨੇੜੇ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।"
ਵਾਹਨ ਵੱਲੋਂ ਟੱਕਰ ਮਾਰਨ ਦਾ ਸ਼ੱਕ
ਪੁਲਿਸ ਵੱਲੋਂ ਜਦੋਂ ਲਾਸ਼ ਦੀ ਤਲਾਸ਼ੀ ਲਈ ਗਈ ਤਾਂ ਮ੍ਰਿਤਕ ਦੀ ਜੇਬ ਵਿੱਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਉਸ ਦੀ ਪਛਾਣ 29 ਸਾਲਾ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ। ਕਮਲਪ੍ਰੀਤ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਸੀ ਅਤੇ ਬਾਊਂਸਰ ਦਾ ਕੰਮ ਕਰਦਾ ਸੀ। ਮੌਕੇ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨੌਜਵਾਨ ਨੂੰ ਕਿਸੇ ਵਾਹਨ ਵੱਲੋਂ ਪਿੱਛੇ ਤੋਂ ਟੱਕਰ ਮਾਰੀ ਗਈ ਹੋ ਸਕਦੀ ਹੈ। ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਟੋਲ ਪਲਾਜ਼ਾ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨ ਦਾ ਪਤਾ ਲਗਾਇਆ ਜਾ ਸਕੇ।
ਪੁਲਿਸ ਵੱਲੋਂ ਜਾਂਚ ਜਾਰੀ
ਅਗਲੀ ਕਾਰਵਾਈ ਲਈ ਮ੍ਰਿਤਕ ਦੀ ਲਾਸ਼ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਦਾ ਖੁਲਾਸਾ ਹੋ ਸਕੇਗਾ।

