ਸਬੂਤ ਹੈਗੇ ਤਾਂ ਸਾਹਮਣੇ ਲੈ ਕੇ ਆਓ, ਸਾਡੇ ਆਗੂ ਜੇਲ੍ਹਾਂ ਤੋਂ ਨਹੀਂ ਡਰਦੇ, ਈਡੀ ਦੀ ਤੀਜੀ ਚਿੱਠੀ 'ਤੇ ਭੜਕੇ ਕੁਲਦੀਪ ਧਾਲੀਵਾਲ
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) 'ਤੇ ਨਿਸ਼ਾਨਾ ਸਾਧਿਆ।

Published : September 2, 2026 at 4:09 PM IST
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਕੇਂਦਰੀ ਏਜੰਸੀਆਂ ਨੂੰ 'ਆਪ' ਆਗੂਆਂ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਆਗੂ ਵਿਰੁੱਧ ਦੋਸ਼ ਹਨ, ਤਾਂ ਜਾਂਚ ਏਜੰਸੀਆਂ ਨੂੰ ਠੋਸ ਸਬੂਤ ਪੇਸ਼ ਕਰਨੇ ਚਾਹੀਦੇ ਹਨ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ।
"ਪੰਜਾਬ ਵਿੱਚ ਵੀ ਰਾਜਨੀਤੀ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼"
ਧਾਲੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਖ਼ਿਲਾਫ਼ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਜੇਲ੍ਹਾਂ ਵਿੱਚ ਰੱਖਿਆ ਗਿਆ। ਪਾਰਟੀ ਸ਼ੁਰੂ ਤੋਂ ਹੀ ਦਾਅਵਾ ਕਰਦੀ ਆ ਰਹੀ ਸੀ ਕਿ ਇਨ੍ਹਾਂ ਆਗੂਆਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਅਤੇ ਆਖਿਰਕਾਰ ਸੱਚ ਲੋਕਾਂ ਦੇ ਸਾਹਮਣੇ ਆਇਆ। ਹੁਣ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਪੁਲਿਸ ਵੱਲੋਂ ਈਡੀ ਨੂੰ ਭੇਜੇ ਗਏ ਪੱਤਰ ਦਾ ਹਵਾਲਾ
ਉਨ੍ਹਾਂ ਖਾਸ ਤੌਰ ’ਤੇ ਪੰਜਾਬ ਪੁਲਿਸ ਵੱਲੋਂ ਈਡੀ ਨੂੰ ਭੇਜੇ ਗਏ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ "ਪੰਜਾਬ ਪੁਲਿਸ ਨੇ ਈਡੀ ਤੋਂ ਉਨ੍ਹਾਂ ਦਸਤਾਵੇਜ਼ਾਂ ਅਤੇ ਸਬੂਤਾਂ ਦੀ ਮੰਗ ਕੀਤੀ ਹੈ, ਜਿਨ੍ਹਾਂ ਦੇ ਆਧਾਰ ’ਤੇ ਪੰਜਾਬ ਦੇ ਆਗੂਆਂ ਖ਼ਿਲਾਫ਼ ਦੋਸ਼ ਲਗਾਏ ਜਾ ਰਹੇ ਹਨ। ਪੁਲਿਸ ਨੇ ਈਡੀ ਨੂੰ ਕਿਹਾ ਹੈ ਕਿ ਭੇਜੇ ਗਏ ਦਸਤਾਵੇਜ਼ ਸਪੱਸ਼ਟ ਤੌਰ ’ਤੇ ਪੜ੍ਹੇ ਨਹੀਂ ਜਾ ਰਹੇ, ਇਸ ਲਈ ਆਪਣਾ ਅਧਿਕਾਰੀ ਭੇਜ ਕੇ ਸਬੂਤਾਂ ਦੀਆਂ ਸਪਸ਼ਟ ਕਾਪੀਆਂ ਮੁਹੱਈਆ ਕਰਵਾਈਆਂ ਜਾਣ।"
"AAP ਪਾਰਟੀ ਦੇ ਆਗੂ ਨਾ ਜੇਲ੍ਹਾਂ ਤੋਂ ਡਰਦੇ ਨੇ ਅਤੇ ਨਾ ਹੀ ਕਿਸੇ ਜਾਂਚ ਤੋਂ"
ਧਾਲੀਵਾਲ ਨੇ ਦਾਅਵਾ ਕੀਤਾ ਕਿ "ਪੰਜਾਬ ਪੁਲਿਸ ਵੱਲੋਂ ਸਬੂਤ ਪੇਸ਼ ਕਰਨ ਲਈ ਸਮਾਂ ਦਿੱਤੇ ਜਾਣ ਦੇ ਬਾਵਜੂਦ ਈਡੀ ਵੱਲੋਂ ਅਜੇ ਤੱਕ ਕੋਈ ਅਧਿਕਾਰੀ ਪੁਲਿਸ ਕੋਲ ਦਸਤਾਵੇਜ਼ ਲੈ ਕੇ ਨਹੀਂ ਪਹੁੰਚਿਆ। ਜੇ ਕਿਸੇ ਖ਼ਿਲਾਫ਼ ਕੋਈ ਦੋਸ਼ ਹੈ ਤਾਂ ਉਸ ਦੇ ਪੱਕੇ ਸਬੂਤ ਸਾਹਮਣੇ ਲਿਆਂਦੇ ਜਾਣ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ। ਭਾਜਪਾ ਦਾ ਪੰਜਾਬ ਵਿੱਚ ਆਪਣਾ ਕੋਈ ਮਜ਼ਬੂਤ ਸਿਆਸੀ ਆਧਾਰ ਨਹੀਂ ਹੈ ਅਤੇ ਇਸੇ ਕਰਕੇ ਕੇਂਦਰੀ ਏਜੰਸੀਆਂ ਦਾ ਸਹਾਰਾ ਲੈਣ ਦੇ ਦੋਸ਼ ਲੱਗ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਨਾ ਜੇਲ੍ਹਾਂ ਤੋਂ ਡਰਦੇ ਹਨ ਅਤੇ ਨਾ ਹੀ ਕਿਸੇ ਜਾਂਚ ਤੋਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਬੂਤ ਹੈ ਤਾਂ ਉਹ ਸਾਹਮਣੇ ਲਿਆਂਦਾ ਜਾਵੇ।"
"ਸਾਡੇ ਆਗੂ ਪਹਿਲਾਂ ਵੀ ਜੇਲ੍ਹਾਂ ਵਿੱਚ ਜਾਣ ਤੋਂ ਨਹੀਂ ਡਰੇ, ਅੱਜ ਵੀ ਪਾਰਟੀ ਇਕਜੁੱਟ"
ਧਾਲੀਵਾਲ ਨੇ ਕਿਹਾ ਕਿ "ਆਮ ਆਦਮੀ ਪਾਰਟੀ ਦੇ ਆਗੂ ਪਹਿਲਾਂ ਵੀ ਜੇਲ੍ਹਾਂ ਵਿੱਚ ਜਾਣ ਤੋਂ ਨਹੀਂ ਡਰੇ ਅਤੇ ਅੱਜ ਵੀ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ। ਕੇਂਦਰੀ ਏਜੰਸੀਆਂ ਦੀ ਕਾਰਵਾਈ ਨਾਲ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਚਾਹੇ ਈਡੀ ਜਾਂ ਕਿਸੇ ਹੋਰ ਕੇਂਦਰੀ ਏਜੰਸੀ ਦੀ ਵਰਤੋਂ ਕਰ ਲਵੇ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਬਣੇਗੀ। ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਸਮਾਂ ਆਉਣ ’ਤੇ ਇਸ ਦਾ ਜਵਾਬ ਦੇਣਗੇ।"
"ਸਾਡੀ ਪਾਰਟੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਧਦੀ ਜਾ ਰਹੀ ਹੈ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਕਾਰਵਾਈਆਂ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਰੋਕ ਲਓਗੇ, ਕੰਧਾਂ 'ਤੇ ਲਿਖਿਆ ਪਿਆ ਹੈ, ਫਿਰ ਚਾਹੇ ਈਡੀ ਆ ਜਾਏ, ਸੀਬੀਆਈ ਆ ਜਾਏ, ਬੀਜੇਪੀ ਜੋ ਮਰਜ਼ੀ ਕਰ ਲਏ, ਸਰਦਾਰ ਭਗਵੰਤ ਸਿੰਘ ਮਾਨ ਦੀ 2027 ਵਿੱਚ ਵੀ ਸਰਕਾਰ ਆਉਗੀ।"- ਕੁਲਦੀਪ ਸਿੰਘ ਧਾਲੀਵਾਲ, 'ਆਪ' ਵਿਧਾਇਕ
ਪੰਜਾਬ ਦੇ ਫੰਡਾਂ ਨੂੰ ਲੈ ਕੇ ਵੀ ਕੇਂਦਰ ਸਰਕਾਰ ’ਤੇ ਨਿਸ਼ਾਨਾ
ਇਸ ਦੌਰਾਨ ਧਾਲੀਵਾਲ ਨੇ ਕਿਸਾਨਾਂ ਨਾਲ ਜੁੜੇ ਮੁੱਦਿਆਂ ਅਤੇ ਪੰਜਾਬ ਦੇ ਫੰਡਾਂ ਨੂੰ ਲੈ ਕੇ ਵੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਭਾਜਪਾ ਨੂੰ ਪੰਜਾਬ, ਕਿਸਾਨਾਂ ਅਤੇ ਸਿੱਖ ਭਾਈਚਾਰੇ ਵਿਰੁੱਧ ਨੀਤੀਆਂ ਅਪਣਾਉਣ ਦਾ ਦੋਸ਼ ਲਗਾਇਆ। ਭਾਜਪਾ ਦੇ ਪੰਜਾਬ ਵਿੱਚ ਅਕਾਲੀ ਦਲ ਨਾਲ ਸੰਭਾਵਿਤ ਸਿਆਸੀ ਸਮਝੌਤੇ ਨੂੰ ਲੈ ਕੇ ਵੀ ਤੰਜ਼ ਕੱਸਿਆ। ਆਮ ਆਦਮੀ ਪਾਰਟੀ ਕਿਸੇ ਦਬਾਅ ਹੇਠ ਆ ਕੇ ਕੋਈ ਸਮਝੌਤਾ ਨਹੀਂ ਕਰੇਗੀ। ਸਿਆਸਤ ਵਿੱਚ ਜੋ ਵੀ ਫੈਸਲੇ ਹੋਣਗੇ, ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਣਗੇ। ਜੇਕਰ ਕਿਸੇ ਆਗੂ ਖ਼ਿਲਾਫ਼ ਕੋਈ ਮਾਮਲਾ ਹੈ ਤਾਂ ਜਾਂਚ ਏਜੰਸੀਆਂ ਨੂੰ ਸਬੂਤਾਂ ਸਮੇਤ ਅੱਗੇ ਆਉਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਝੂਠੇ ਦੋਸ਼ਾਂ ਜਾਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਅਤੇ ਸੱਚ ਦੀ ਆਖ਼ਿਰਕਾਰ ਜਿੱਤ ਹੋਵੇਗੀ।
ਇਹ ਵੀ ਪੜ੍ਹੋ:

