ਸਾਬਕਾ IG ਉਮਰਾਨੰਗਲ ਦੇ ਘਰ ਸਮਾਗਮ 'ਚ ਸ਼ਾਮਲ ਹੋਣ 'ਤੇ 'ਆਪ' ਨੇ ਘੇਰੇ ਵਿਰੋਧੀ
ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਰੋਧੀਆਂ 'ਤੇ ਨਿਸ਼ਾਨੇ ਸਾਧੇ ਹਨ। ਪੜ੍ਹੋ ਖ਼ਬਰ...


Published : February 26, 2026 at 8:35 PM IST
ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਵਿੱਚ ਲੰਬਾ ਸਮਾਂ ਸੇਵਾਵਾਂ ਦੇਣ ਤੋਂ ਬਾਅਦ ਸੇਵਾ ਮੁਕਤ ਹੋਏ ਆਈਪੀਐਸ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਬੀਤੇ ਦਿਨ ਬਿਆਸ ਨੇੜੇ ਪਿੰਡ ਉਮਰਾਨੰਗਲ ਵਿੱਚ ਰਿਟਾਇਰਮੈਂਟ ਪਾਰਟੀ ਰੱਖੀ ਗਈ ਸੀ। ਜਿਸ ਸਬੰਧੀ ਉਹਨਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 'ਤੇ ਪੁੱਜਣ ਲਈ ਸਮੂਹ ਪਤਵੰਤਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਸਮੇਤ ਵੱਖ ਵੱਖ ਪਾਰਟੀਆਂ ਦੇ ਰਾਜਨੀਤਿਕ ਲੀਡਰਾਂ ਨੇ ਇਸ ਵਿੱਚ ਸ਼ਿਰਕਤ ਕੀਤੀ।
ਸਿਆਸੀ ਲੀਡਰਾਂ ਦੀ ਸ਼ਿਰਕਤ
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਬਿਕਰਮ ਸਿੰਘ ਮਜੀਠੀਆ, ਭਾਜਪਾ ਤੋਂ ਰਵੀਕਰਨ ਸਿੰਘ ਕਾਹਲੋ, ਕਾਂਗਰਸ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਸਮੇਤ ਕਈ ਸਾਬਕਾ ਵਿਧਾਇਕਾਂ ਅਤੇ ਹੋਰਨਾਂ ਰਾਜਨੀਤਿਕ ਸ਼ਖਸ਼ੀਅਤਾਂ ਨੇ ਇਸ ਰਿਟਾਇਰਮੈਂਟ ਪਾਰਟੀ 'ਤੇ ਪੁੱਜ ਕੇ ਉਮਰਾਨੰਗਲ ਨੂੰ ਵਧਾਈ ਦਿੱਤੀ। ਇਹਨਾਂ ਮੁਲਾਕਾਤਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਕੁਝ ਮੀਡੀਆ ਹਾਊਸਾਂ ਵੱਲੋਂ ਆਈਪੀਐਸ ਪਰਮਰਾਜ ਸਿੰਘ ਉਮਰਾਨੰਗਲ ਦੇ ਰਾਜਨੀਤੀ ਦੇ ਵਿੱਚ ਆਉਣ ਅਤੇ ਤਰਨ ਤਾਰਨ ਤੋਂ ਕਿਸੇ ਪਾਰਟੀ ਵੱਲੋਂ ਚੋਣ ਲੜਨ ਸਬੰਧੀ ਖਬਰਾਂ ਨਸ਼ਰ ਹੋਈਆਂ ਸਨ।
ਉਮਰਾਨੰਗਲ ਨੇ ਦਿੱਤਾ ਜਵਾਬ
ਇਸ ਸਬੰਧੀ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਪੂਰਨ ਤੌਰ ਉੱਤੇ ਵਿਰਾਮ ਲਗਾਉਂਦੇ ਹੋਏ ਕਿਹਾ ਗਿਆ ਕਿ "ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਕਤ ਲੀਡਰਾਂ ਦੇ ਨਾਲ ਉਹਨਾਂ ਦੇ ਪੁਰਾਣੇ ਦੋਸਤੀ ਸਬੰਧ ਹਨ। ਮੈਂ ਰਾਜਨੀਤੀ ਦੇ ਵਿੱਚ ਆਉਣ ਬਾਰੇ ਬਿਲਕੁਲ ਨਹੀਂ ਸੋਚਿਆ ਹੈ ਅਤੇ ਨਾਲ ਹੀ ਉਹਨਾਂ ਅਜਿਹੀਆਂ ਖਬਰਾਂ ਚਲਾਉਣ ਵਾਲੇ ਚੈਨਲਾਂ ਨੂੰ ਖਾਸ ਤੌਰ ਦੇ ਉੱਤੇ ਅਪੀਲ ਕੀਤੀ ਹੈ ਕਿ ਝੂਠੀਆਂ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਉਹ ਇਸ ਗੱਲ ਦਾ ਖੰਡਨ ਕਰਦੇ ਹਨ ਕਿ ਉਹ ਕਿਸੇ ਪਾਰਟੀ ਵੱਲੋਂ ਚੋਣ ਲੜ ਰਹੇ ਹਨ।"
'ਆਪ' ਨੇ ਚੁੱਕੇ ਵਿਰੋਧੀਆਂ 'ਤੇ ਸਵਾਲ
ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਇਸ ਸਮਾਗਮ ਨੂੰ ਲੈਕੇ ਵਿਰੋਧੀਆਂ 'ਤੇ ਸਵਾਲ ਖੜੇ ਕੀਤੇ ਗਏ ਹਨ। ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ’ਤੇ ਤਿੱਖਾ ਹਮਲਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਅਨਿਲ ਜੋਸ਼ੀ ਦੇ ਆਈਜੀ ਉਮਰਾਨੰਗਲ ਦੇ ਘਰ ਹੋਏ ਸਮਾਗਮ ਵਿੱਚ ਸ਼ਾਮਲ ਹੋਣ 'ਤੇ ਗੰਭੀਰ ਸਵਾਲ ਖੜੇ ਕੀਤੇ ਹਨ।
'ਆਪ' ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਦੀ ਪ੍ਰੈੱਸ ਕਾਨਫ਼ਰੰਸ, ਅੰਮ੍ਰਿਤਸਰ ਤੋਂ Live https://t.co/mcB1DK09O8
— AAP Punjab (@AAPPunjab) February 26, 2026
ਸਿੱਖ ਇਤਿਹਾਸ ਦਾ ਕਾਲਾ ਅਧਿਆਇ
ਕੁਲਦੀਪ ਧਾਲੀਵਾਲ ਨੇ ਕਿਹਾ ਕਿ "ਇਤਿਹਾਸ ਵਿੱਚ ਮੁਗਲਾਂ ਅਤੇ ਅੰਗਰੇਜ਼ਾਂ ਦੇ ਦੌਰ ਬਾਰੇ ਸਭ ਨੇ ਪੜ੍ਹਿਆ ਹੈ, ਪਰ 10 ਅਕਤੂਬਰ 2015 ਨੂੰ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਜੋ ਕੁਝ ਵਾਪਰਿਆ, ਉਹ ਸਿੱਖ ਇਤਿਹਾਸ ਦਾ ਇੱਕ ਕਾਲਾ ਅਧਿਆਇ ਹੈ। ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਸੰਗਤ 'ਤੇ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਕਈ ਬੇਗੁਨਾਹ ਨੌਜਵਾਨ ਸ਼ਹੀਦ ਹੋਏ ਅਤੇ ਅਨੇਕਾਂ ਜ਼ਖ਼ਮੀ ਹੋਏ। ਉਸ ਸਮੇਂ ਫਾਇਰਿੰਗ ਦੀ ਕਮਾਂਡ ਆਈਜੀ ਉਮਰਾਨੰਗਲ ਦੇ ਹੱਥ ਵਿੱਚ ਸੀ, ਜਿਸ ਸਬੰਧੀ ਐਫਆਈਆਰ ਦਰਜ ਹੋਈ ਅਤੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ।"
ਅਕਾਲੀ ਦਲ ਦੀ ਨੀਅਤ ਬੇਨਕਾਬ
ਆਪ ਵਿਧਾਇਕ ਨੇ ਮੀਡੀਆ ਸਾਹਮਣੇ ਐਫਆਈਆਰ ਦੀ ਕਾਪੀ ਦਿਖਾਉਂਦੇ ਹੋਏ ਕਿਹਾ ਕਿ "ਇਹ ਉਸੇ ਮਾਮਲੇ ਨਾਲ ਸਬੰਧਿਤ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਫੈਸਲਾ ਵੀ ਉਸੇ ਦੌਰ ਵਿੱਚ ਲਿਆ ਗਿਆ, ਜਿਸ ਨਾਲ ਪੰਜਾਬ ਦੇ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋਇਆ। ਜਦੋਂ ਇੰਨੇ ਗੰਭੀਰ ਦੋਸ਼ਾਂ ਵਾਲੇ ਅਧਿਕਾਰੀ ਦੇ ਘਰ ਧਾਰਮਿਕ ਸਮਾਗਮ ਹੋਇਆ, ਤਾਂ ਉਸ ਵਿੱਚ ਮਜੀਠੀਆ ਅਤੇ ਅਨਿਲ ਜੋਸ਼ੀ ਵਰਗੇ ਨੇਤਾ ਕਿਉਂ ਸ਼ਾਮਲ ਹੋਏ। ਬਿਕਰਮ ਮਜੀਠੀਆ ਵੱਲੋਂ ਸੋਸ਼ਲ ਮੀਡੀਆ ’ਤੇ ਦਿੱਤੀ ਗਈ ਵਧਾਈ ਸ਼੍ਰੋਮਣੀ ਅਕਾਲੀ ਦਲ ਦੀ ਨੀਅਤ ਨੂੰ ਬੇਨਕਾਬ ਕਰਦੀ ਹੈ।"
ਇਨ੍ਹਾਂ ਮੁੱਦਿਆਂ 'ਤੇ ਵੀ ਬੋਲੇ ਧਾਲੀਵਾਲ
ਕੁਲਦੀਪ ਧਾਲੀਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਵਰਗੇ ਵਿਅਕਤੀ, ਜਿਨ੍ਹਾਂ ਨੇ ਸੱਚ ਬੋਲਿਆ, ਉਨ੍ਹਾਂ ਨੂੰ ਸੇਵਾਵਾਂ ਤੋਂ ਮੁਕਤ ਕਰ ਦੇਣਾ ਬਹੁਤ ਸ਼ਰਮਨਾਕ ਗੱਲ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚ ਰਹੀ ਹੈ ਅਤੇ ਲੰਗਰ ਅਤੇ ਰੋਟੀ ਨਾਲ ਜੁੜੇ ਘਪਲੇ ਸਾਹਮਣੇ ਆ ਰਹੇ ਹਨ। ਨਸ਼ੇ ਦੇ ਮਸਲੇ 'ਤੇ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ 2007 ਤੋਂ ਬਾਅਦ ਪੰਜਾਬ ਵਿੱਚ ਨਸ਼ਾ ਫੈਲਿਆ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਖ਼ਿਲਾਫ਼ ਜੰਗ ਛੇੜੀ ਹੈ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਲੋਕ ਸਭਾ ਮੈਂਬਰ ਹਨ ਅਤੇ ਉਨ੍ਹਾਂ ਨੂੰ ਇਸ ਮਸਲੇ 'ਤੇ ਪ੍ਰਧਾਨ ਮੰਤਰੀ ਕੋਲ ਸਵਾਲ ਉਠਾਉਣੇ ਚਾਹੀਦੇ ਹਨ। ਅਖੀਰ ਵਿੱਚ ਉਨ੍ਹਾਂ ਨੌਜਵਾਨ ਲੜਕੀਆਂ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ ਸੋਚ-ਵਿਚਾਰ ਕਰਕੇ ਫੈਸਲਾ ਕਰਨ ਦੀ ਅਪੀਲ ਵੀ ਕੀਤੀ।

