ਲੋਹੜੀ ਤੱਕ ਪਵੇਗੀ ਕੜਾਕੇ ਦੀ ਠੰਢ, ਆਈਐਮਡੀ ਵੱਲੋਂ ਯੈਲੋ ਅਲਰਟ ਜਾਰੀ
ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਹੱਡ ਚੀਰਵੀਂ ਠੰਢ ਪੈ ਰਹੀ ਹੈ। ਆਉਂਦੇ ਦਿਨਾਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

Published : January 9, 2026 at 7:14 PM IST
ਲੁਧਿਆਣਾ: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੀਤ ਲਹਿਰ ਅਤੇ ਧੁੰਦ ਕਾਰਨ ਰੋਜ਼ਾਨਾ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਪੰਜਾਬ ਵਿੱਚ ਮਕਰ ਸੰਕ੍ਰਾਂਤੀ ਅਤੇ ਲੋਹੜੀ ਤੱਕ ਮੌਸਮ ਧੁੰਦ ਵਾਲਾ ਬਣਿਆ ਰਹੇਗਾ। ਜਿਸ ਨੂੰ ਲੈ ਕੇ ਆਈਐਮਡੀ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਬਾਰਿਸ਼ ਪੈਣ ਵੀ ਕੋਈ ਸੰਭਾਵਨਾ ਨਹੀਂ
ਹਾਲਾਂਕਿ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਿਨ ਦਾ ਤਾਪਮਾਨ ਵੱਧ ਤੋਂ ਵੱਧ 13 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ ਅੱਠ ਡਿਗਰੀ ਦੇ ਨੇੜੇ ਰਿਹਾ ਹੈ। ਵੱਧ ਤੋਂ ਵੱਧ ਤਾਪਮਾਨ ਐਵਰੇਜ ਤੋਂ ਤਿੰਨ-ਚਾਰ ਡਿਗਰੀ ਹੇਠਾਂ ਹੈ ਜਦੋਂ ਕਿ ਘੱਟੋ ਘੱਟ ਤਾਪਮਾਨ ਆਮ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕਈ ਹਿੱਸਿਆਂ ਵਿੰੱਚ ਸੰਘਣੀ ਧੁੰਦ ਪੈ ਸਕਦੀ ਹੈ। ਹਾਲਾਂਕਿ ਬਾਰਿਸ਼ ਪੈਣ ਵੀ ਕੋਈ ਸੰਭਾਵਨਾ ਨਹੀਂ। ਇਸ ਦੇ ਨਾਲ ਹੀ ਸੀਤ ਲਹਿਰ ਅਤੇ ਦਿਨ ਦੇ ਵਿੱਚ ਠੰਢ ਦਾ ਪ੍ਰਕੋਪ ਵੇਖਣ ਨੂੰ ਮਿਲੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਡਾਕਟਰ ਪਵਨੀਤ ਕਿੰਗਰਾ ਨੇ ਕਿਹਾ ਕਿ ਪੰਜਾਬ ਵਿੱਚ ਫਿਲਹਾਲ ਬਾਰਿਸ਼ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਖੁਸ਼ਕ ਰਹੇਗਾ ਪਰ ਧੁੰਦ ਪੈਣ ਦੇ ਆਸਾਰ ਹਨ। ਮੌਸਮ ਹਾਲਾਂਕਿ ਇਹ ਫਸਲਾਂ ਲਈ ਫਾਇਦੇਮੰਦ ਹੈ।
ਅੱਜ ਕਿੱਥੇ-ਕਿੱਥੇ ਯੈਲੋ ਅਲਰਟ?
ਮੌਸਮ ਵਿਭਾਗ ਵਲੋਂ ਅੱਜ (ਸ਼ੁੱਕਰਵਾਰ) ਨੂੰ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਤੇ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਹੈ। ਜਦਕਿ 5 ਜ਼ਿਲ੍ਹਿਆਂ ਵਿੱਚ ਦਿਨ ਠੰਢੇ ਰਹਿਣਗੇ।
- ਸੀਤ ਲਹਿਰ ਤੇ ਸੰਘਣੀ ਧੁੰਦ ਦਾ ਅਲਰਟ: ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਐਸਏਐਸ ਨਗਰ, ਫ਼ਤਿਹਗੜ੍ਹ ਸਾਹਿਬ, ਪਟਿਆਲਾ, ਬਰਨਾਲਾ ਅਤੇ ਸੰਗਰੂਰ।
- ਕੋਲਡ ਡੇਅ- ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ।
'ਕਿਸਾਨ ਆਪਣੀ ਫਸਲ ਦਾ ਜਾਇਜ਼ਾ ਜ਼ਰੂਰ ਲੈਂਦੇ ਰਹਿਣ'
ਡਾਕਟਰ ਪਵਨੀਤ ਕੌਰ ਕਿੰਗਰਾਂ ਨੇ ਕਿਹਾ ਹੈ ਕਿ ਕਣਕ ਦੀ ਫਸਲ ਲਈ ਠੰਢ ਕਾਫੀ ਫਾਇਦੇਮੰਦ ਹੈ। ਆਉਂਦੇ ਦਿਨਾਂ ਵਿੱਚ ਕੋਹਰਾ ਪੈਣ ਦੀ ਵੀ ਸੰਭਾਵਨਾ ਹੈ। ਜੇਕਰ ਅਜਿਹੇ ਹਾਲਾਤ ਬਣਦੇ ਹਨ ਅਤੇ ਕਿਸਾਨਾਂ ਨੂੰ ਲੱਗਦਾ ਹੈ ਕਿ ਫਸਲ 'ਤੇ ਅਸਰ ਪੈ ਰਿਹਾ ਹੈ ਤਾਂ ਉਹ ਹਲਕਾ ਪਾਣੀ ਵੀ ਕਣਕ ਦੀ ਫਸਲ ਨੂੰ ਲਗਾ ਸਕਦੇ ਹਨ। ਕਿਸਾਨ ਆਪਣੀ ਫਸਲ ਦਾ ਜਾਇਜ਼ਾ ਜਰੂਰ ਲੈਂਦੇ ਰਹਿਣ।
ਆਮ ਲੋਕਾਂ ਨੂੰ ਸਲਾਹ
ਇਸ ਤੋਂ ਇਲਾਵਾ ਹੁਣ ਆਮ ਲੋਕਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਲੋੜ ਪੈਣ 'ਤੇ ਹੀ ਬਾਹਰ ਨਿਕਲਣ ਸਿਰ ਮੂੰਹ ਢੱਕ ਕੇ ਜਾਣ ਕਿਉਂਕਿ ਸੀਤ ਲਹਿਰ ਦਾ ਪ੍ਰਕੋਪ ਸੂਬੇ ਦੇ ਵਿੱਚ ਫਿਲਹਾਲ ਆਉਣ ਵਾਲੇ ਦੋ ਤਿੰਨ ਦਿਨ ਤੱਕ ਚੱਲਦਾ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਠੰਢ ਵਿੱਚ ਹਮੇਸ਼ਾਂ ਹਲਕਾ ਖਾਣਾ ਹੀ ਖਾਣਾ ਚਾਹੀਦਾ ਹੈ।
ਅਗਲੇ ਤਿੰਨ ਦਿਨਾਂ ਲਈ ਮੌਸਮ ਕਿਹੋ ਜਿਹਾ ਰਹੇਗਾ?
10 ਜਨਵਰੀ - ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਠੰਢ ਦੀਆਂ ਲਹਿਰਾਂ ਆ ਸਕਦੀਆਂ ਹਨ। ਮੌਸਮ ਆਮ ਤੌਰ 'ਤੇ ਸੁੱਕਾ ਅਤੇ ਸਾਫ਼ ਰਹਿਣ ਦੀ ਉਮੀਦ ਹੈ।
11 ਜਨਵਰੀ - ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਅਤੇ ਐਸ.ਏ.ਐਸ ਨਗਰ (ਮੋਹਾਲੀ) ਦੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
12 ਜਨਵਰੀ - ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਅਤੇ ਐਸ.ਏ.ਐਸ ਨਗਰ (ਮੋਹਾਲੀ) ਦੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਆਮ ਤੌਰ 'ਤੇ ਖੁਸ਼ਕ ਜਾਂ ਸਾਫ਼ ਰਹਿਣ ਦੀ ਉਮੀਦ ਹੈ।

