ਅੱਜ ਵੀ ਤਾਜ਼ੇ ਹਨ ਪਾਕਿਸਤਾਨ ਵੱਲੋਂ ਕੀਤੇ ਹਮਲੇ ਦੇ ਜ਼ਖ਼ਮ, ਆਪ੍ਰੇਸ਼ਨ ਸਿੰਦੂਰ ਦੌਰਾਨ ਮਾਤਾ-ਪਿਤਾ ਨੇ ਗਵਾਈ ਸੀ ਜਾਨ
ਪੀੜਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਦਿੱਤੀ ਗਈ ਜਦ ਕਿ ਪੰਜਾਬ ਸਰਕਾਰ ਨੇ ਬਹੁਤ ਮਦਦ ਕੀਤੀ ਹੈ।


Published : May 7, 2026 at 6:41 PM IST
ਫਿਰੋਜ਼ਪੁਰ: ਅੱਜ ਆਪ੍ਰੇਸ਼ਨ ਸਿੰਦੂਰ ਨੁੰ ਇੱਕ ਸਾਲ ਪੂਰਾ ਹੋ ਗਿਆ ਹੈ ਪਰ ਸਾਲ ਪਹਿਲਾਂ ਦੇ ਜ਼ਖਮ ਅੱਜ ਵੀ ਤਾਜ਼ੇ ਹਨ। ਦੱਸ ਦਈਏ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ 'ਚ ਫਿਰੋਜ਼ਪੁਰ ਦੇ ਪਿੰਡ ਖਾਈ ਫੇਮ ਦਾ ਰਹਿਣ ਵਾਲਾ ਪਰਿਵਾਰ ਉੱਜੜ ਗਿਆ ਸੀ, ਘਰ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਪੁੱਤਰ ਜ਼ਖਮੀ ਹੋ ਗਿਆ ਸੀ। ਇਸ ਹਮਲੇ ਦੇ ਜ਼ਖ਼ਮ ਅਜੇ ਵੀ ਬਰਕਰਾਰ ਹਨ।
ਆਪ੍ਰੇਸ਼ਨ ਸਿੰਦੂਰ ਦੀਆਂ ਦਰਦਨਾਕ ਯਾਦਾਂ ਨੇ ਜਸਵੰਤ ਸਿੰਘ ਦੀ ਜ਼ਿੰਦਗੀ ਬਦਲ ਦਿੱਤੀ। ਡਰੋਨ ਹਮਲੇ 'ਚ ਪਹਿਲਾਂ ਪਿਤਾ ਦੀ ਜਾਨ ਚਲੀ ਗਈ ਅਤੇ ਇੱਕ ਮਹੀਨੇ 'ਚ ਮਾਤਾ ਦਾ ਵੀ ਦਿਹਾਂਤ ਹੋ ਗਿਆ। ਪੀੜਤ ਜਸਵੰਤ ਅੱਜ ਵੀ ਜ਼ਖਮਾਂ ਦੇ ਨਿਸ਼ਾਨ ਤਾਜ਼ਾ ਮਹਿਸੂਸ ਕਰਦਾ ਹੈ। ਇਸ ਸਬੰਧੀ ਗੱਲ ਕਰਦਿਆਂ ਉਸ ਨੇ ਕਿਹਾ ਕਿ 'ਅੱਜ ਘਰ ਬੰਦ ਹੈ ਅਤੇ ਅੰਦਰ ਝਾਤੀ ਮਾਰਨ 'ਤੇ ਸੜੀ ਹੋਈ ਕਾਰ, ਧਮਾਕੇ ਨਾਲ ਟੁੱਟੀਆਂ ਕੰਧਾਂ ਅਤੇ ਖਿੰਡੇ ਹੋਏ ਸਮਾਨ ਦਾ ਪਤਾ ਲੱਗਦਾ ਹੈ, ਜੋ ਉਸ ਭਿਆਨਕ ਰਾਤ ਦੀ ਕਹਾਣੀ ਦੱਸਦੇ ਹਨ। ਮੈਂ ਘਰ ਛੱਡ ਕੇ ਪਿੰਡ ਵਰਿਆਮ ਵਾਲਾ ਵਿੱਚ ਰਿਸ਼ਤੇਦਾਰਾਂ ਨਾਲ ਰਹਿਣ ਲਈ ਮਜਬੂਰ ਹਾਂ।'
ਰਾਤ ਵੇਲੇ ਹੋਇਆ ਡਰੋਨ ਹਮਲਾ
ਜਸਵੰਤ ਦੇ ਨਵੇਂ ਨਿਵਾਸ ਸਥਾਨ 'ਤੇ ਪਹੁੰਚਣ 'ਤੇ ਉਸ ਦੇ ਦਾਦਾ ਦਰਸ਼ਨ ਸਿੰਘ, ਚਾਚਾ ਗੁਰਬਚਨ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਉਸ ਦੇ ਨਾਲ ਖੜ੍ਹੇ ਸਨ। ਉਸ ਦੇ ਪੁਰਾਣੇ ਘਰ ਦਾ ਜ਼ਿਕਰ ਜਸਵੰਤ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੰਦਾ ਹੈ। ਉਸ ਨੇ ਦੱਸਿਆ ਕਿ 'ਆਪ੍ਰੇਸ਼ਨ ਸਿੰਦੂਰ ਦੀ ਰਾਤ ਮੈਂ ਘਰ ਵਿੱਚ ਆਪਣੇ ਜਾਨਵਰਾਂ ਦੀ ਦੇਖਭਾਲ ਕਰ ਰਿਹਾ ਸੀ ਜਦੋਂ ਇੱਕ ਪਾਕਿਸਤਾਨੀ ਡਰੋਨ ਤੋਂ ਦਾਗੀ ਗਈ ਮਿਜ਼ਾਈਲ ਨੇ ਸਭ ਕੁਝ ਤਬਾਹ ਕਰ ਦਿੱਤਾ। ਉਸ ਦੇ ਮਾਤਾ-ਪਿਤਾ, ਸੁਖਵਿੰਦਰ ਕੌਰ ਅਤੇ ਲਖਵਿੰਦਰ ਸਿੰਘ, ਹਮਲੇ ਵਿੱਚ ਮਰ ਗਏ, ਜਦੋਂ ਕਿ ਉਹ ਖੁਦ ਗੰਭੀਰ ਰੂਪ ਵਿੱਚ ਸੜ ਗਿਆ ਅਤੇ ਲਗਭਗ ਇੱਕ ਮਹੀਨੇ ਲਈ ਹਸਪਤਾਲ ਵਿੱਚ ਰਿਹਾ।'

ਪੰਜਾਬ ਸਰਕਾਰ ਨੇ ਕੀਤੀ ਮਦਦ
ਜਸਵੰਤ ਸਿੰਘ ਨੇ ਦੱਸਿਆ ਕਿ 'ਇਸ ਹਾਦਸੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ, ਪਰ ਪੰਜਾਬ ਸਰਕਾਰ ਨੇ ਸਾਨੂੰ ਮੁਫਤ ਇਲਾਜ ਮੁਹੱਈਆ ਕਰਵਾਇਆ ਅਤੇ 10 ਲੱਖ ਨਕਧੀ ਵੀ ਦਿੱਤੀ ਪਰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਗੁਆ ਦਿੱਤਾ। ਅੱਜ ਵੀ ਆਪਣੇ ਪੁਰਾਣੇ ਘਰ ਜਾਂਦਾ ਹਾਂ, ਤਾਂ ਜ਼ਖ਼ਮ ਦਿਲ ਨੂੰ ਝੰਜੋੜਦੇ ਹਨ। ਹਰ ਰੋਜ਼ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦਾ ਹਾਂ, ਪਰ ਦਾਦਾ ਅਤੇ ਚਾਚਾ ਕਦੇ ਵੀ ਇਕੱਲਾ ਨਹੀਂ ਛੱਡਦੇ।'
ਮਾਪਿਆਂ ਨੂੰ ਗੁਆ ਕੇ ਚੁਕਾਈ ਕੀਮਤ
ਜਸਵੰਤ ਨੇ ਕਿਹਾ ਇਹ ਸਰਕਾਰਾਂ ਵਿਚਕਾਰ ਜੰਗ ਸੀ, ਪਰ ਇੱਕ ਆਮ ਪਰਿਵਾਰ ਨੇ ਸਭ ਤੋਂ ਭਾਰੀ ਕੀਮਤ ਚੁਕਾਈ। ਦੋ ਮੈਂਬਰਾਂ ਦੀ ਮੌਤ ਤੋਂ ਬਾਅਦ ਵੀ, ਉਸਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸ ਦੇ ਬਾਵਜੂਦ, ਜਸਵੰਤ ਨੇ ਹਾਰ ਨਹੀਂ ਮੰਨੀ। ਆਪਣੇ ਅਜ਼ੀਜ਼ਾਂ ਦੇ ਸਮਰਥਨ ਨਾਲ, ਉਹ ਦਰਦ ਨੂੰ ਪਿੱਛੇ ਛੱਡ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਉਸਦੀ ਸਭ ਤੋਂ ਵੱਡੀ ਹਿੰਮਤ ਹੈ।

