ਸਾਲ 2025 ਦਾ ਲੇਖਾ ਜੋਖਾ, ਨਸ਼ਾ ਤਸਕਰਾਂ ਦਾ ਖਿਲਾਫ ਪੰਜਾਬ ਪੁਲਿਸ ਦੀ ਜਾਣੋ ਕਾਰਗੁਜ਼ਾਰੀ
ਜਾਣੋ ਸਾਲ 2025 ਦੌਰਾਨ ਪੰਜਾਬ ਪੁਲਿਸ ਨਸ਼ਾ ਤਸਕਰਾਂ ਦਾ ਲੱਕ ਤੋੜਨ ਵਿੱਚ ਕਾਮਯਾਬ ਕਿਵੇਂ ਰਹੀ ਹੈ।

Published : December 31, 2025 at 9:49 PM IST
ਕਪੂਰਥਲਾ/ਅੰਮ੍ਰਿਤਸਰ: ਕਪੂਰਥਲਾ ਪੁਲਿਸ ਨੂੰ ਸਾਲ 2025 ਦੌਰਾਨ ਨਸ਼ੇ ਦੀ ਸਪਲਾਈ ਨੂੰ ਰੋਕਣ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਤੋਂ ਇਲਾਵਾ ਸੰਗਠਿਤ ਜੁਰਮਾਂ ਨੂੰ ਰੋਕਣ ਅਤੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜਣ ਵਿਚ ਸ਼ਾਨਦਾਰ ਸਫਲਤਾ ਮਿਲੀ ਹੈ। ਅੱਜ ਇੱਥੇ ਐਸ.ਐਸ.ਪੀ ਕਪੂਰਥਲਾ ਸ੍ਰੀ ਗੌਰਵ ਤੂਰਾ ਨੇ ਸਾਲ 2025 ਦੌਰਾਨ ਕਪੂਰਥਲਾ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ‘ਸਾਲ 2025 ਦੌਰਾਨ ਕਪੂਰਥਲਾ ਪੁਲਿਸ ਨਸ਼ਾ ਤਸਕਰਾਂ ਦਾ ਲੱਕ ਤੋੜਨ ਵਿਚ ਕਾਮਯਾਬ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਪੂਰਥਲਾ ਪੁਲਿਸ ਵੱਲੋਂ ਸਾਲ 2025 ਦੌਰਾਨ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ 1125 ਐਨ.ਡੀ.ਪੀ.ਐਸ. ਕੇਸ ਦਰਜ ਕਰਕੇ 1424 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 14.845 ਕਿਲੋ ਹੈਰੋਇਨ, 463.599 ਕਿਲੋ ਭੁੱਕੀ, 12.983 ਕਿਲੋ ਅਫੀਮ, 2 ਕਿਲੋ ਗਾਂਜਾ, 0.065 ਕਿਲੋ ਆਈਸ, 1.407 ਕਿਲੋ ਨਸ਼ੀਲਾ ਪਾਊਡਰ, 516 ਭੁੱਕੀ ਦੇ ਹਰੇ ਪੌਦੇ, 72,086 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ ₹7,84,540/- ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਲਾਈਨ ਤੋੜਨਾ ਅਤੇ ਨਸ਼ਾ ਪੀੜਤਾਂ ਦਾ ਮੁੜਵਸੇਬਾ ਪੁਲਿਸ ਦਾ ਸਭ ਤੋਂ ਵੱਡਾ ਟੀਚਾ ਸੀ,ਜਿਸ ਵਿਚ ਵੱਡੀ ਪੱਧਰ ‘ਤੇ ਸਫ਼ਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਵਪਾਰਕ ਐਨ.ਡੀ.ਪੀ.ਐਸ. ਦੀ ਮਾਤਰਾ ਦੇ 36 ਕੇਸਾਂ ਵਿੱਚ 54 ਦੋਸ਼ੀ ਗ੍ਰਿਫ਼ਤਾਰ ਹੋਏ।
ਅਦਾਲਤਾਂ ਵਿਚ ਜ਼ੋਰਦਾਰ ਪੈਰਵਾਈ ਦੇ ਨਤੀਜੇ
ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਬਾਰੇ ਸੂਚਨਾ ਦੇਣ ਲਈ ਸ਼ੁਰੂ ਕੀਤੀਆਂ ਹੈੱਲਪਲਾਈਨਾਂ ਉੱਪਰ ਆਮ ਲੋਕਾਂ ਵਲੋਂ 1324 ਸੇਫ ਪੰਜਾਬ ਟਿਪਲਾਈਨਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦੇ ਆਧਾਰ ‘ਤੇ 479 ਐਫ.ਆਈ.ਆਰਜ਼ ਦਰਜ ਕਰਕੇ 570 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਦਾ ਪੁਲਿਸ ਦੀ ਨਸ਼ੇ ਵਿਰੁੱਧ ਕਾਰਵਾਈ ਵਿਚ ਵਿਸ਼ਵਾਸ਼ ਵਧਿਆ ਹੈ। ਜਿਸ ਕਰਕੇ ਲੋਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਲਈ ਅੱਗੇ ਆਉਣ ਲੱਗੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਬਣਾਈਆਂ ਜਾਇਦਾਦਾਂ ਨੂੰ ਕੁਰਕ ਕਰਨ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਗਿਆ ਹੈ, ਜਿਸ ਤਹਿਤ 18.42 ਕਰੋੜ ਰੁਪਏ ਸੰਪਤੀ ਫ੍ਰੀਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਨਾਲ ਸੰਬੰਧਿਤ ਕੇਸਾਂ ਦੀ ਅਦਾਲਤਾਂ ਵਿਚ ਜ਼ੋਰਦਾਰ ਪੈਰਵਾਈ ਦੇ ਨਤੀਜੇ ਵਜੋਂ ਐਨ.ਡੀ.ਪੀ.ਐਸ. ਕੇਸਾਂ ਵਿੱਚ 92% ਸਜ਼ਾ ਦਰ ਹਾਸਲ ਕੀਤੀ ਗਈ।
ਨਸ਼ਾ ਪੀੜਤਾਂ ਦੇ ਮੁੜਵਸੇਬੇ ਬਾਰੇ ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਵੱਲ ਕਦਮ ਚੁੱਕਦਿਆਂ 701 ਨਸ਼ਾ ਪੀੜਤਾਂ ਨੂੰ ਡੀ-ਐਡਿਕਸ਼ਨ ਸੈਂਟਰਾਂ ਅਤੇ 1833 ਨਸ਼ਾ ਪੀੜਤਾਂ ਨੂੰ ਓਟ ਸੈਂਟਰਾਂ ਨਾਲ ਜੋੜਿਆ ਗਿਆ ਹੈ। ਤੂਰਾ ਨੇ ਦੱਸਿਆ ਕਿ ਗੰਭੀਰ ਅਪਰਾਧਾਂ ਵਿਰੁੱਧ ਕਾਰਵਾਈ ਦੌਰਾਨ 17 ਕਤਲ ਕੇਸਾਂ ਵਿਚੋਂ 16 ਟ੍ਰੇਸ ਕਰਕੇ 45 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਇਸੇ ਤਰ੍ਹਾਂ 42 ਇਰਾਦਾ ਕਤਲ ਦੇ ਮਾਮਲਿਆਂ ਵਿਚ 62 ਗ੍ਰਿਫ਼ਤਾਰੀਆਂ, ਲੁੱਟ ਦੇ 24 ਮਾਮਲਿਆਂ ਵਿਚ 40 ਗ੍ਰਿਫ਼ਤਾਰੀਆਂ ਕਰਕੇ 18.89 ਲੱਖ ਰੁਪਏ ਬਰਾਮਦ ਕੀਤੇ ਗਏ। ਇਸੇ ਤਰ੍ਹਾਂ 1 ਬੈਂਕ ਦੀ ਲੁੱਟ ਕੇਸ ਦੇ ਮਾਮਲੇ ਵਿਚ 27.69 ਲੱਖ ਰੁਪਏ ਬਰਾਮਦ ਕੀਤੇ ਗਏ।
ਸਾਇਬਰ ਅਪਰਾਧ
ਸਾਇਬਰ ਅਪਰਾਧ ਨੂੰ ਭਵਿੱਖ ਦੀ ਚੁਣੌਤੀ ਦੱਸਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਾਈਬਰ ਅਪਰਾਧ ਦੇ ਇੱਕ ਕੇਸ ਵਿੱਚ 42 ਦੋਸ਼ੀ ਗ੍ਰਿਫ਼ਤਾਰ ਕਰਕੇ ₹2 ਕਰੋੜ 15 ਲੱਖ ਰੁਪਏ ਨਕਦ, 40 ਲੈਪਟਾਪ, 68 ਮੋਬਾਈਲ ਫੋਨ ਸਮੇਤ ਵੱਡੀ ਬਰਾਮਦਗੀ ਕੀਤੀ ਗਈ। ਇਸ ਤੋਂ ਇਲਾਵਾ ਜਬਰਨ-ਵਸੂਲੀ/ਧਮਕੀ ਵਾਲੀਆਂ ਕਾਲਾਂ ਦੇ 19 ਕੇਸਾਂ ਵਿਚੋਂ 15 ਦਾ ਨਿਪਟਾਰਾ ਕੀਤਾ ਗਿਆ ਹੈ ਤੇ 12 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੀਤੇ ਗਏ ਗੰਭੀਰ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਤੂਰਾ ਨੇ ਦੱਸਿਆ ਕਿ ਆਰਮਜ਼ ਐਕਟ ਦੇ 21 ਕੇਸਾਂ ਵਿੱਚ 35 ਦੋਸ਼ੀਆਂ ਨੂੰ ਕਾਬੂ ਕਰਕੇ 38 ਪਿਸਤੌਲ, ਪੰਜ ਵਿਦੇਸ਼ੀ ਗਲੌਕ 9ਐਮ.ਐਮ), 6 ਰਿਵਾਲਵਰ, 4 ਦੇਸੀ ਕੱਟੇ, 1 ਗਨ ਅਤੇ 146 ਕਾਰਤੂਸ ਜ਼ਬਤ ਕੀਤੇ ਗਏ।
ਗੈਂਗਸਟਰਾਂ ਵਿਰੁੱਧ ਕਾਰਵਾਈ
ਗੈਂਗਸਟਰਾਂ ਵਿਰੁੱਧ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਤੂਰਾ ਨੇ ਦੱਸਿਆ ਕਿ ਸੰਗਠਿਤ ਅਪਰਾਧ ਨੂੰ ਨੱਥ ਪਾਉਣ ਲਈ ਵੱਡੀ ਕਾਰਾਈ ਕੀਤੀ ਗਈ। ਇਸ ਤਹਿਤ 28 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਗਏ।
ਉਨ੍ਹਾਂ ਇਸ ਗੱਲ ‘ਤੇ ਤਸੱਲੀ ਜਤਾਈ ਕਿ ਕਪੂਰਥਲਾ ਪੁਲਿਸ ਵਲੋਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਗਿਆ ਹੈ,ਜਿਸ ਤਹਿਤ 112 ਹੈਲਪਲਾਈਨ ਉੱਪਰ ਪ੍ਰਾਪਤ ਸ਼ਿਕਾਇਤ ਨੂੰ ਔਸਤਨ 11 ਮਿੰਟ ਦੇ ਵਿਚ-ਵਿਚ ਹੱਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ ਭਰ ਵਿਚ 6041 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 4920 ਦਾ ਨਿਪਟਾਰਾ ਕੀਤਾ ਗਿਆ। ਆਵਾਜਾਈ ਸਬੰਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ 28094 ਚਲਾਨ ਕਰਕੇ 1,85 ਕਰੋੜ ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ।
ਨਾਜਾਇਜ਼ ਸ਼ਰਾਬ ਦੀ ਰੋਕਥਾਮ
ਇਸ ਤੋਂ ਇਲਾਵਾ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਵੀ 143 ਕੇਸ ਦਰਜ ਕਰਕੇ 143 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ 20 ਲੱਖ ਮਿ.ਲੀ. ਨਾਜਾਇਜ਼ ਸ਼ਰਾਬ, 15145 ਕਿਲੋ ਲਾਹਣ ਬਰਾਮਦ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿਚ ਆਏ ਹੜ੍ਹਾਂ ਮੌਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ, ਰਾਹਤ ਸਮੱਗਰੀ ਪਹੁੰਚਾਉਣ ਵਿਚ ਵੀ ਕਪੂਰਥਲਾ ਪੁਲਿਸ ਵਲੋਂ ਸੇਵਾਵਾਂ ਨਿਭਾਈਆਂ ਗਈਆਂ।
ਸ੍ਰੀ ਤੂਰਾ ਨੇ ਸਾਲ 2025 ਵਿਚ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵੱਖ-ਵੱਖ ਮੌਕਿਆਂ ਉੱਪਰ ਨਿਭਾਈ ਗਈ। ਡਿਊਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਲ 2026 ਦੌਰਾਨ ਨਸ਼ੇ ਦਾ ਮੁਕੰਮਲ ਸਫਾਇਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਪੀੜਤਾਂ ਦੇ ਮੁੜਵਸੇਬੇ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦੇ ਨਾਲ-ਨਾਲ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋਰ ਅਸਰਦਾਰ ਢੰਗ ਨਾਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਐਸ.ਪੀ. ਗੁਰਪ੍ਰੀਤ ਸਿੰਘ, ਐਸ.ਪੀ ਪ੍ਰਭਜੋਤ ਸਿੰਘ ਵਿਰਕ ਤੇ ਪੁਲਿਸ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਮਾਪਯੋਗ ਨਤੀਜੇ
ਇਸੇ ਤਰ੍ਹਾਂ ਹੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸਾਲ 2025 ਦੌਰਾਨ ਨਸ਼ਿਆਂ, ਆਰਗੇਨਾਈਜ਼ਡ ਕਰਾਈਮ, ਗੈਰਕਾਨੂੰਨੀ ਹਥਿਆਰਾਂ, ਸਟ੍ਰੀਟ ਕ੍ਰਾਈਮ ਅਤੇ ਟ੍ਰੈਫਿਕ ਉਲੰਘਣਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਮਹੱਤਵਪੂਰਨ ਅਤੇ ਮਾਪਯੋਗ ਨਤੀਜੇ ਦਰਜ ਕੀਤੇ ਹਨ। ਸਾਲ 2025 ਦੌਰਾਨ ਨਸ਼ੀਲੇ ਪਦਾਰਥਾਂ ਖ਼ਿਲਾਫ਼ ਵੱਡੀ ਮੁਹਿੰਮ ਤਹਿਤ 1545 NDPS ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 2772 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ 277.959 ਕਿਲੋਗ੍ਰਾਮ ਹੈਰੋਇਨ, 37.146 ਕਿਲੋਗ੍ਰਾਮ ਅਫੀਮ, 7.515 ਕਿਲੋਗ੍ਰਾਮ ਆਈਸ (ਮੇਥਐਮਫੇਟਾਮੀਨ), 9 ਕਿਲੋਗ੍ਰਾਮ ਗਾਂਜਾ, 16.075 ਕਿਲੋਗ੍ਰਾਮ ਚਰਸ, 325.577 ਕਿਲੋਗ੍ਰਾਮ ਨਾਰਕੋਟਿਕ ਪਾਊਡਰ ਅਤੇ 25 ਕਿਲੋਗ੍ਰਾਮ ਪੋਸਤ ਬਰਾਮਦ ਕੀਤੀ।
ਬਰਾਮਦਗੀਆਂ
ਇਸ ਤੋਂ ਇਲਾਵਾ 1,550 ਨਸ਼ੀਲੇ ਟੀਕੇ ਅਤੇ 2,16,770 ਨਸ਼ੀਲੀਆਂ ਗੋਲੀਆਂ/ਕੈਪਸੂਲ ਵੀ ਜ਼ਬਤ ਕੀਤੀਆਂ ਗਈਆਂ। ਨਸ਼ੇ ਦੇ ਪੈਸੇ ਵਜੋਂ ₹3.14 ਕਰੋੜ ਦੀ ਰਕਮ ਅਤੇ 133 ਵਾਹਨ ਬਰਾਮਦ ਕੀਤੇ ਗਏ। ਆਰਮਜ਼ ਐਕਟ ਤਹਿਤ 88 ਕੇਸ ਦਰਜ ਕਰਕੇ 195 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ। ਪੁਲਿਸ ਨੇ 244 ਪਿਸਤੌਲ, 10 ਰਿਵਾਲਵਰ, 2 ਰਾਇਫ਼ਲਾਂ, 241 ਮੈਗਜ਼ੀਨ ਅਤੇ 440 ਕਾਰਤੂਸ ਜ਼ਬਤ ਕੀਤੇ। ਇਸ ਦੇ ਨਾਲ ਹੀ ₹18.75 ਲੱਖ ਦੀ ਹਵਾਲਾ ਰਕਮ ਵੀ ਕਬਜ਼ੇ ਵਿੱਚ ਲਈ ਗਈ। ਸਟ੍ਰੀਟ ਕ੍ਰਾਈਮ ਖ਼ਿਲਾਫ਼ ਕਾਰਵਾਈ ਦੌਰਾਨ 160 ਸਨੈਚਿੰਗ ਕੇਸ ਦਰਜ ਹੋਏ, ਜਿਨ੍ਹਾਂ ਵਿੱਚੋਂ 90 ਫ਼ੀਸਦੀ ਟਰੇਸ ਕਰ ਲਏ ਗਏ ਅਤੇ 280 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ। ਚੋਰੀਸ਼ੁਦਾ ਸਮਾਨ ਦੀ ₹76.31 ਲੱਖ ਦੀ ਬਰਾਮਦਗੀ ਹੋਈ।
ਲੁੱਟ ਦੇ ਕੇਸ
ਲੁੱਟ ਦੇ ਕੇਸਾਂ ਵਿੱਚ 100 ਫ਼ੀਸਦੀ ਟਰੇਸਿੰਗ ਕਰਦਿਆਂ 33 ਮੁਲਜ਼ਮ ਫੜੇ ਗਏ ਅਤੇ 94 ਫ਼ੀਸਦੀ ਸਮਾਨ ਵਾਪਸ ਲਿਆ ਗਿਆ। ਚੋਰੀ ਦੇ 229 ਕੇਸਾਂ ਵਿੱਚ 173 ਗ੍ਰਿਫ਼ਤਾਰੀਆਂ ਹੋਈਆਂ ਅਤੇ ₹86.49 ਲੱਖ ਦਾ ਸਮਾਨ ਬਰਾਮਦ ਕੀਤਾ ਗਿਆ। ਸੈਂਧਮਾਰੀ ਦੇ 92 ਕੇਸਾਂ ਵਿੱਚ 64 ਫ਼ੀਸਦੀ ਟਰੇਸਿੰਗ ਦਰਜ ਕੀਤੀ ਗਈ ਪ੍ਰੀਵੈਂਟਿਵ ਪੁਲਿਸਿੰਗ ਤਹਿਤ 1706 ਕੇਸਾਂ ਵਿੱਚ 2978 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 2986 ਨੂੰ ਬੀਐਨਐੱਸਐੱਸ ਤਹਿਤ ਬਾਊਂਡ ਡਾਊਨ ਕੀਤਾ ਗਿਆ। 368 ਘੋਸ਼ਿਤ ਅਪਰਾਧੀਆਂ ਅਤੇ ਫ਼ਰਾਰ ਮੁਲਜ਼ਮਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ।ਟ੍ਰੈਫਿਕ ਐਨਫੋਰਸਮੈਂਟ ਦੌਰਾਨ 38,766 ਚਲਾਨ ਜਾਰੀ ਕੀਤੇ ਗਏ, 9,142 ਵਾਹਨ ਇਮਪਾਊਂਡ ਕੀਤੇ ਗਏ ਅਤੇ ₹4.25 ਕਰੋੜ ਜੁਰਮਾਨਾ ਵਸੂਲਿਆ ਗਿਆ।
ਚਾਈਨਾ ਡੋਰ ਖ਼ਿਲਾਫ਼ 24 ਕੇਸ ਦਰਜ ਕਰਕੇ 28 ਗ੍ਰਿਫ਼ਤਾਰੀਆਂ ਅਤੇ 4,276 ਪਤੰਗੀ ਸਾਮਾਨ ਦੀ ਬਰਾਮਦਗੀ ਕੀਤੀ ਗਈ। ਨਸ਼ੇ ਦੇ ਗੈਰਕਾਨੂੰਨੀ ਪੈਸੇ ਨਾਲ ਬਣੀਆਂ 18 ਇਮਾਰਤਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਢਾਹਿਆ ਗਿਆ। ਇਲਾਜ ਦੇ ਮੋਰਚੇ ’ਤੇ 4000 ਨਸ਼ਾ ਪੀੜਤਾਂ ਨੂੰ ਡੀ-ਐਡਿਕਸ਼ਨ ਸੈਂਟਰਾਂ ਅਤੇ 3000 ਨੂੰ OATS ਸੈਂਟਰਾਂ ਨਾਲ ਜੋੜਿਆ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਸਾਲ ਵਿੱਚ ਵੀ ਅੰਮ੍ਰਿਤਸਰ ਦੀ ਸੁਰੱਖਿਆ ਅਤੇ ਨਸ਼ਾ ਮੁਕਤ ਸਮਾਜ ਲਈ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਇਸ ਦੌਰਾਨ ਉਹਨਾਂ ਕਿਹਾ ਕਿ ਨਵੇਂ ਸਾਲ ਮੌਕੇ ਅੱਜ ਵੀ 1339 ਪੁਲਸ ਮੁਲਾਜ਼ਮ ਅੰਮ੍ਰਿਤਸਰ ਸ਼ਹਿਰ ਤੇ ਆਪਣੀ ਨਿਗਾਹ ਰਹੇਗੀ

