ਮੁੜ ਵਿਵਾਦਾਂ 'ਚ ਕਰਨ ਔਜਲਾ ਦਾ ਕੰਸਰਟ: ਚੰਡੀਗੜ੍ਹ ਤੋਂ ਹੋਈ ਸ਼ਿਕਾਇਤ, ਪੁਣੇ ਵਿੱਚ ਨੋਟਿਸ ਜਾਰੀ
ਡਾ. ਪੰਡਿਤਰਾਓ ਧਰੇਨਵਰ ਨੇ ਕਰਨ ਔਜਲਾ ਨੂੰ ਨਸ਼ੇ, ਸ਼ਰਾਬ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਤੋਂ ਰੋਕਣ ਦੀ ਮੰਗ ਕੀਤੀ।


Published : March 3, 2026 at 2:25 PM IST
ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਦੇ ਅੱਜ (3 ਮਾਰਚ 2026) ਨੂੰ ਮਹਾਲਕਸ਼ਮੀ ਲਾਅਨਜ਼, ਖਰੜੀ (ਲੋਹੇਗਾਂਵ ਖੇਤਰ), ਪੁਣੇ ਵਿੱਚ ਹੋਣ ਵਾਲੇ 'P-Pop Culture India Tour 2026 - Holi Edition' ਕੰਸਰਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਚੰਡੀਗੜ੍ਹ ਨਿਵਾਸੀ ਡਾ. ਪੰਡਿਤਰਾਓ ਧਰੇਨਵਰ ਨੇ ਇਸ ਈਵੈਂਟ ਵਿੱਚ ਕਰਨ ਔਜਲਾ ਨੂੰ ਨਸ਼ੇ, ਸ਼ਰਾਬ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਤੋਂ ਰੋਕਣ ਦੀ ਮੰਗ ਕਰਦੇ ਹੋਏ ਇੱਕ ਲਿਖ਼ਤੀ ਸ਼ਿਕਾਇਤ ਦਰਜ ਕਰਵਾਈ ਸੀ।
ਡਾ. ਧਰੇਨਵਰ ਨੇ ਕੀਤੀ ਸ਼ਿਕਾਇਤ
ਇਸ ਸ਼ਿਕਾਇਤ ਦੇ ਅਧਾਰ 'ਤੇ ਜ਼ਿਲ੍ਹਾ ਮਹਿਲਾ ਤੇ ਬਾਲ ਵਿਕਾਸ ਅਧਿਕਾਰੀ, ਪੁਣੇ ਨੇ ਲੋਹੇਗਾਂਵ ਪੁਲਿਸ ਸਟੇਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਡਾ. ਧਰੇਨਵਰ ਦੇ 25 ਫਰਵਰੀ 2026 ਵਾਲੇ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਕੰਸਰਟ ਵਿੱਚ ਬੱਚਿਆਂ ਲਈ ਅਣਉਚਿਤ ਸਮੱਗਰੀ (ਜਿਵੇਂ ਕਿ ਔਰਤਾਂ ਲਈ ਅਪਮਾਨਜਨਕ ਭਾਸ਼ਾ, ਨਸ਼ੇ ਅਤੇ ਹਥਿਆਰਾਂ ਦੀ ਸ਼ਾਨ) ਵਾਲੇ ਗੀਤਾਂ ਨੂੰ ਰੋਕਣ ਲਈ ਉਚਿਤ ਕਾਰਵਾਈ ਕੀਤੀ ਜਾਵੇ। ਇਹ ਨੋਟਿਸ 2 ਮਾਰਚ 2026 ਨੂੰ ਜਾਰੀ ਕੀਤਾ ਗਿਆ ਸੀ ਅਤੇ ਇਸ ਵਿੱਚ 2019 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਫੈਸਲੇ ਦਾ ਵੀ ਜ਼ਿਕਰ ਹੈ, ਜਿਸ ਵਿੱਚ ਅਜਿਹੇ ਗੀਤਾਂ ਦੇ ਬੱਚਿਆਂ ਦੇ ਮਾੜੇ ਅਸਰ ਬਾਰੇ ਚਿਤਾਵਨੀ ਦਿੱਤੀ ਗਈ ਸੀ।

ਇਹ ਗਾਣੇ ਹੋਣ ਬੰਦ
ਡਾ. ਪੰਡਿਤਰਾਓ ਧਰੇਨਵਰ ਨੇ ਆਪਣੀ ਸ਼ਿਕਾਇਤ ਵਿੱਚ ਕਰਨ ਔਜਲਾ ਦੇ ਗੀਤਾਂ ਜਿਵੇਂ "ਅਧੀਆ", "ਚਿੱਟਾ ਕੁੜਤਾ", "ਐਲਕੋਹਲ 2", "ਫਿਊ ਡੇਜ਼ (ਤੜਕੇ ਉੱਠ ਕੇ ਕੱਢਦੇ ਫੀਮ ਕੁੜੇ)", "ਬੰਦੂਕ", "ਗੈਂਗਸਟਾ" ਅਤੇ "MF Gabru" ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੀਤ ਨਸ਼ੇ, ਸ਼ਰਾਬ, ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਔਰਤਾਂ ਦਾ ਅਪਮਾਨ ਕਰਦੇ ਹਨ, ਜਿਸ ਨਾਲ 3 ਸਾਲ ਤੋਂ ਵੱਧ ਉਮਰ ਦੇ ਨਾਬਾਲਗ ਬੱਚਿਆਂ 'ਤੇ ਮਾੜਾ ਅਸਰ ਪੈ ਸਕਦਾ ਹੈ।

‘ਮੈਂ ਬੱਸ ਬੱਚਿਆਂ ਦੀ ਸੁਰੱਖਿਆ ਲਈ ਆਵਾਜ਼ ਚੁੱਕ ਰਿਹਾ’
ਡਾ. ਧਰੇਨਵਰ ਨੇ ਆਪਣੇ ਬਿਆਨ ਵਿੱਚ ਕਿਹਾ "ਮੇਰੀ ਸ਼ਿਕਾਇਤ ਉੱਤੇ ਕਰਨ ਔਜਲਾ ਨੂੰ ਪੁਣੇ ਵਿੱਚ ਨੋਟਿਸ ਜਾਰੀ ਹੋਇਆ ਹੈ। ਮੈਂ ਬੱਸ ਬੱਚਿਆਂ ਦੀ ਸੁਰੱਖਿਆ ਲਈ ਆਵਾਜ਼ ਚੁੱਕ ਰਿਹਾ ਹਾਂ। ਪੰਜਾਬੀ ਗਾਇਕਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਅਜਿਹੇ ਗੀਤ ਨਹੀਂ ਗਾਉਣੇ ਚਾਹੀਦੇ ਜੋ ਨੌਜਵਾਨਾਂ ਅਤੇ ਬੱਚਿਆਂ ਨੂੰ ਗ਼ਲਤ ਰਾਹ 'ਤੇ ਲੈ ਜਾਣ।"
ਡਾ. ਪੰਡਿਤਰਾਓ ਧਰੇਨਵਰ ਬਾਰੇ
ਡਾ. ਪੰਡਿਤਰਾਓ ਧਰੇਨਵਰ ਇੱਕ ਪ੍ਰਸਿੱਧ ਸਮਾਜ ਸੇਵੀ ਅਤੇ ਅਕਾਦਮਿਕ ਵਿਅਕਤੀ ਹਨ, ਜੋ ਮੂਲ ਰੂਪ ਵਿੱਚ ਕਰਨਾਟਕ ਦੇ ਬੀਜਾਪੁਰ ਜ਼ਿਲ੍ਹੇ ਤੋਂ ਹਨ। ਉਹ ਚੰਡੀਗੜ੍ਹ ਵਿੱਚ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ (ਸੈਕਟਰ 46) ਵਿੱਚ ਸੋਸ਼ੌਲਾਜੀ ਦੇ ਐਸੋਸੀਏਟ ਪ੍ਰੋਫੈਸਰ ਵਜੋਂ ਕੰਮ ਕਰਦੇ ਹਨ। ਕਰਨਾਟਕ ਤੋਂ ਹੋਣ ਦੇ ਬਾਵਜੂਦ, ਉਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਬਹੁਤ ਪਿਆਰ ਕੀਤਾ ਹੈ ਅਤੇ ਇਸ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ—ਜਿਵੇਂ ਕਿ ਕੰਨੜ ਅਤੇ ਪੰਜਾਬੀ ਵਿੱਚ ਧਾਰਮਿਕ ਅਤੇ ਸਮਾਜਿਕ ਸਾਹਿਤ ਦਾ ਅਨੁਵਾਦ ਕਰਨਾ, ਪੀਜੀਆਈ-ਐਮਈਆਰ ਦੇ ਦੱਖਣੀ ਭਾਰਤੀ ਡਾਕਟਰਾਂ ਨੂੰ ਪੰਜਾਬੀ ਸਿਖਾਉਣਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਜੇਲ੍ਹਾਂ ਤੱਕ ਫੈਲਾਉਣਾ। ਉਹ ਖ਼ਾਸ ਤੌਰ 'ਤੇ ਪੰਜਾਬੀ ਗੀਤਾਂ ਵਿੱਚ ਨਸ਼ੇ, ਸ਼ਰਾਬ, ਬੰਦੂਕ ਸੱਭਿਆਚਾਰ ਅਤੇ ਔਰਤਾਂ ਪ੍ਰਤੀ ਅਪਮਾਨਜਨਕ ਸਮੱਗਰੀ ਵਿਰੁੱਧ ਆਵਾਜ਼ ਚੁੱਕਦੇ ਰਹੇ ਹਨ ਅਤੇ ਇਸ ਸਬੰਧੀ ਕਈ ਸ਼ਿਕਾਇਤਾਂ ਦਰਜ ਕਰਵਾ ਕੇ ਕੋਰਟਾਂ ਵਿੱਚ ਕੇਸ ਜਿੱਤੇ ਹਨ, ਜਿਸ ਨਾਲ ਪੰਜਾਬ-ਹਰਿਆਣਾ ਹਾਈ ਕੋਰਟ ਨੇ ਅਜਿਹੇ ਗੀਤਾਂ 'ਤੇ ਪਾਬੰਦੀ ਲਗਾਈ ਸੀ।

ਹਾਲਾਂਕਿ ਇਸ ਨੋਟਿਸ ਬਾਰੇ ਅਜੇ ਤੱਕ ਗਾਇਕ ਵਾਲੇ ਪਾਸਿਓਂ ਕੋਈ ਬਿਆਨ ਨਹੀਂ ਆਇਆ ਹੈ। ਕੰਸਰਟ ਦੇ ਪ੍ਰਬੰਧਕਾਂ ਨੇ ਟ੍ਰੈਫਿਕ ਅਤੇ ਪਾਰਕਿੰਗ ਨਾਲ ਜੁੜੇ ਮੁੱਦਿਆਂ 'ਤੇ ਧਿਆਨ ਦਿੱਤਾ ਹੈ, ਪਰ ਬੱਚਿਆਂ ਦੀ ਸੁਰੱਖਿਆ ਵਾਲੇ ਵਿਵਾਦ ਬਾਰੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਗਈ। ਇਹ ਘਟਨਾ ਪੰਜਾਬੀ ਸੰਗੀਤ ਉਦਯੋਗ ਵਿੱਚ ਗੀਤਾਂ ਦੀ ਸਮੱਗਰੀ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਹੋਰ ਤੇਜ਼ ਕਰਦੀ ਨਜ਼ਰ ਆ ਰਹੀ ਹੈ।

