ETV Bharat / state

ਜਲੰਧਰ ਪੁਲਿਸ ਨੇ ਸੁਲਝਾਇਆ ਦਸ਼ਮੇਸ਼ ਨਗਰ ਗੋਲੀਕਾਂਡ, ਕਤਲ ਮਾਮਲੇ 'ਚ 2 ਮੁਲਜ਼ਮ ਕਾਬੂ

2 ਧਿਰਾਂ ਵਿਚਾਲੇ ਹੋਏ ਖੂਨੀ ਸੰਘਰਸ਼ ਦੌਰਾਨ ਗੋਲੀਬਾਰੀ ’ਚ ਇੱਕ ਦੀ ਮੌਤ ਹੋ ਗਈ ਸੀ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ।

Jalandhar firing case, two accused arrested
ਜਲੰਧਰ ਪੁਲਿਸ ਦਾ ਵੱਡਾ ਐਕਸ਼ਨ (Etv Bharat)
author img

By ETV Bharat Punjabi Team

Published : June 13, 2026 at 4:56 PM IST

2 Min Read
Choose ETV Bharat

ਜਲੰਧਰ: ਜ਼ਿਲ੍ਹੇ ਦੇ ਨਿਊ ਦਸ਼ਮੇਸ਼ ਨਗਰ ਵਿਖੇ ਦੇਰ ਰਾਤ 2 ਧਿਰਾਂ ਵਿਚਾਲੇ ਹੋਈ ਖੂਨੀ ਝੜਪ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਾਰਦਾਤ ਵਿੱਚ ਵਰਤਿਆ ਗਿਆ ਵਾਹਨ ਅਤੇ ਹਥਿਆਰ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

ਜਲੰਧਰ ਪੁਲਿਸ ਨੇ ਸੁਲਝਾਇਆ ਦਸ਼ਮੇਸ਼ ਨਗਰ ਗੋਲੀਕਾਂਡ (Etv Bharat)

ਦੱਸਦਈਏ ਕਿ ਜਲੰਧਰ ਦੇ ਦਸ਼ਮੇਸ਼ ਨਗਰ ਵਿੱਚ ਚੱਲੀ ਗੋਲੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਅਮਨ ਨਗਰ ਵਾਸੀ ਸਿਮਰਨਜੀਤ ਸਿੰਘ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਸੌਰਭ ਵਜੋਂ ਹੋਈ ਹੈ। ਸੌਰਭ ਦਾ ਜਲੰਧਰ ਦੇ ਪਟੇਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ।

ਜ਼ਖਮੀ ਸੌਰਭ ਨਾਲ ਸੀ ਰੰਜਿਸ਼

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਸਿਟੀ-2 ਰਾਕੇਸ਼ ਯਾਦਵ ਨੇ ਦੱਸਿਆ ਕਿ 'ਦੇਰ ਰਾਤ ਨਿਊ ਦਸ਼ਮੇਸ਼ ਨਗਰ ਵਿੱਚ ਫਾਇਰਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਭਾਰਗਵ ਕੈਂਪ ਦੇ ਐੱਸਐੱਚਓ ਅਤੇ ਏਸੀਪੀ ਆਤਿਸ਼ ਭਾਟੀਆ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਕਰੀਬ 8 ਤੋਂ 9 ਨੌਜਵਾਨ ਮੋਟਰਸਾਈਕਲਾਂ ਅਤੇ ਐਕਟਿਵਾ 'ਤੇ ਸਵਾਰ ਹੋ ਕੇ ਸੌਰਭ 'ਤੇ ਹਮਲਾ ਕਰਨ ਲਈ ਪਹੁੰਚੇ ਸਨ। ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਵੀ ਸੌਰਭ ਦਾ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਇਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਮੁੜ ਹਮਲਾ ਕੀਤਾ ਗਿਆ, ਜਿਸ ਦੌਰਾਨ ਹੋਈ ਗੋਲੀਬਾਰੀ ਵਿੱਚ ਸਿਮਰਨਜੀਤ ਸਿੰਘ ਦੀ ਮੌਤ ਹੋ ਗਈ ਅਤੇ ਸੌਰਭ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।'

ਜਲਦ ਕਾਬੂ ਹੋਣਗੇ ਬਾਕੀ ਮੁਲਜ਼ਮ

ਫਿਲਹਾਲ ਪੁਲਿਸ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਤੁਰੰਤ 3 ਤੋਂ 4 ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐੱਫਆਈਆਰ ਨੰਬਰ 136 ਤਹਿਤ ਕੇਸ ਦਰਜ ਕਰਕੇ ਮੌਕੇ ਤੋਂ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਵਾਰਦਾਤ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਕਾਨੂੰਨ ਦੇ ਘੇਰੇ ਵਿੱਚ ਲਿਆ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।