ETV Bharat / state

ਰੋਲ ਨੰਬਰ ਲੈਣ ਗਈ ਵਿਦਿਆਰਥਣ ਦੀ ਸਕੂਲ 'ਚ ਹੋਈ ਮੌਤ, ਪਰਿਵਾਰ ਨੇ ਕੀਤਾ ਹੰਗਾਮਾ

ਪਰਿਵਾਰ ਨੇ ਕਿਹਾ ਕਿ "ਸਕੂਲ ਅਧਿਆਪਕ ਵੱਲੋਂ ਕੁੜੀ ਨਾਲ ਮਾੜਾ ਸਲੂਕ ਕੀਤਾ ਗਿਆ, ਹੁਣ ਉਹ ਅਧਿਆਪਕ ਫ਼ਰਾਰ ਹੈ।"

12th student commits suicide in school
ਰੋਲ ਨੰਬਰ ਲੈਣ ਗਈ 12ਵੀਂ ਦੀ ਵਿਦਿਆਰਥਨ ਨੇ ਸਕੂਲ 'ਚ ਕੀਤੀ ਖੁਦਕੁਸ਼ੀ (ETV Bharat)
author img

By ETV Bharat Punjabi Team

Published : March 3, 2026 at 10:50 AM IST

3 Min Read
Choose ETV Bharat

ਜਲੰਧਰ: ਪਿੰਡ ਨੂਰਪੁਰ ਦੇ ਇੱਕ ਸੀਨੀਅਰ ਸੈਕੰਡਰੀ ਸਕੂਲ ਵਿੱਚ 19 ਸਾਲਾ ਖੁਸ਼ਪ੍ਰੀਤ ਦੀ ਮੌਤ ਤੋਂ ਬਾਅਦ, ਪਰਿਵਾਰ ਨੇ ਸਕੂਲ ਵਿੱਚ ਹੰਗਾਮਾ ਕੀਤਾ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਕੁੜੀ ਦੀ ਮੌਤ ਦੀ ਜ਼ਿੰਮੇਵਾਰ ਸ਼ਿਵਾਨੀ ਨਾਮ ਦੀ ਅਧਿਆਪਕ ਹੈ। ਜਿਸ ਨੇ ਉਸ 'ਤੇ ਚੋਰੀ ਦਾ ਇਲਜ਼ਾਮ ਲਗਾਇਆ ਅਤੇ ਉਸ ਨੂੰ ਇੱਕ ਕਮਰੇ ਵਿੱਚ ਲੈ ਗਈ ਅਤੇ ਕੁੱਟਮਾਰ ਕੀਤੀ। ਸਕੂਲ ਵਿੱਚ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ।

ਪਰਿਵਾਰ ਨੇ ਕੀਤਾ ਹੰਗਾਮਾ (ETV Bharat)

ਪਰਿਵਾਰ ਨੇ ਲਾਏ ਇਲਜ਼ਾਮ

ਮ੍ਰਿਤਕ ਖੁਸ਼ਪ੍ਰੀਤ ਦੀ ਰਿਸ਼ਤੇਦਾਰ ਕੁਲਵਿੰਦਰ ਕੌਰ ਨੇ ਕਿਹਾ ਕਿ 'ਮੇਰੀ ਭਤੀਜੀ ਆਪਣਾ ਰੋਲ ਨੰਬਰ ਲੈਣ ਸਕੂਲ ਆਈ ਸੀ। ਅਧਿਆਪਕਾ ਨੇ ਉਸ ਨੂੰ ਆਪਣਾ ਪਰਸ ਦੇਣ ਲਈ ਕਿਹਾ, ਅਤੇ ਬਾਅਦ ਵਿੱਚ ਪਰਸ ਵਿੱਚੋਂ ਪੈਸੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ। ਅਧਿਆਪਕ ਉਸਨੂੰ ਇੱਕ ਕਮਰੇ ਵਿੱਚ ਲੈ ਗਈ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਦਾ ਗਲਾ ਘੁੱਟ ਕੇ ਮਾਰਨ ਤੋਂ ਪਹਿਲਾਂ ਡੇਢ ਘੰਟੇ ਲਈ ਇੱਕ ਕਮਰੇ ਵਿੱਚ ਬੰਦ ਰੱਖਿਆ ਗਿਆ। ਬਾਅਦ ਵਿੱਚ ਇਸ ਮਾਮਲੇ ਨੂੰ ਖੁਦਕੁਸ਼ੀ ਦਾ ਨਾਮ ਦਿੱਤਾ ਜਾ ਰਿਹਾ ਹੈ। ਪੁਲਿਸ, ਮੁਲਜ਼ਮ ਮੈਡਮ ਉਤੇ ਪਰਚਾ ਦਰਜ ਕਰੇ ਅਤੇ ਉਸ ਨੂੰ ਗ੍ਰਿਫਤਾਰ ਕਰੇ। ਸਾਨੂੰ ਸਾਡੀ ਧੀ ਦੀ ਮੌਤ ਦਾ ਇਨਸਾਫ ਚਾਹੀਦਾ ਹੈ। ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ।'

12th student commits suicide in school
ਰੋਲ ਨੰਬਰ ਲੈਣ ਗਈ 12ਵੀਂ ਦੀ ਵਿਦਿਆਰਥਨ ਨੇ ਸਕੂਲ 'ਚ ਕੀਤੀ ਖੁਦਕੁਸ਼ੀ (ETV Bharat)

ਅਧਿਆਪਕ ਖਿਲਾਫ ਪਰਚਾ ਦਰਜ

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਕਸੂਦਾ ਪੁਲਿਸ ਸਟੇਸ਼ਨ ਦੇ ਅੰਗਰੇਜ ਸਿੰਘ ਨੇ ਕਿਹਾ ਕਿ 'ਪੀੜਤ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰਿਵਾਰ ਵੱਲੋਂ ਪੈਸਿਆਂ ਬਾਰੇ ਕੁਝ ਚਰਚਾ ਹੋਈ ਹੈ,ਪੁਲਿਸ ਨੇ ਉਕਤ ਅਧਿਆਪਕ ਖਿਲਾਫ ਪਰਚਾ ਦਰਕ ਕਰ ਲਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ।'

ਖ਼ੁਦਕੁਸ਼ੀ ਨਹੀਂ, ਮੇਰੀ ਧੀ ਦਾ ਕਤਲ ਹੋਇਆ: ਪਿਤਾ

ਮਾਮਲੇ ਸਬੰਧੀ ਗੱਲ ਕਰਦਿਆਂ ਮ੍ਰਿਤਕਾ ਵਿਦਿਆਰਥਣ ਦੇ ਪਿਤਾ ਜਰਨੈਲ ਸਿੰਘ ਨੇ ਧੀ ਦੀ ਮੌਤ 'ਤੇ ਸਕੂਲ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ, "ਸਵੇਰੇ ਸਾਡੀ ਚੰਗੀ ਭਲੀ ਕੁੜੀ ਰੋਲ ਨੰਬਰ ਲੈਣ ਸਕੂਲ ਗਈ ਸੀ,ਪਰ ਕੂਝ ਸਮੇਂ ਬਾਅਦ ਫੋਨ ਆਇਆ ਕਿ ਤੁਹਾਡੀ ਕੁੜੀ ਨੇ ਟੀਚਰ ਦੇ ਪੈਸੇ ਚੋਰੀ ਕੀਤੇ ਹੈ। ਇਸ ਤੋਂ 15 ਮਿੰਟ ਬਾਅਦ ਫਿਰ ਫੋਨ ਆਇਆ ਕਿ ਚੋਰੀ ਕਿਸੇ ਹੋਰ ਕੁੜੀ ਨੇ ਕੀਤੀ ਹੈ, ਉਸ ਦੇ ਮਾਪੇ ਬੁਲਾਏ ਗਏ ਹਨ। ਜਿਸ ਤੋਂ ਬਾਅਦ ਮੇਰੀ ਧੀ ਦੀ ਮੌਤ ਦੀ ਖ਼ਬਰ ਦੇਣ ਲਈ ਫੋਨ ਆਇਆ, ਜਦੋਂ ਅਸੀਂ ਸਕੂਲ ਪਹੁੰਚ ਕੇ ਦੇਖਿਆ, ਤਾਂ ਕੁੜੀ ਮੰਜੇ 'ਤੇ ਬੇਸੁੱਧ ਪਈ ਹੋਈ ਸੀ। ਸਕੂਲ ਵਾਲੇ ਕਹਿ ਰਹੇ ਹਨ ਕਿ ਕੁੜੀ ਨੇ ਖੁਦਕੁਸ਼ੀ ਕੀਤੀ ਹੈ, ਪਰ ਇਹ ਸੱਚ ਨਹੀਂ ਹੈ। ਸਾਡੀ ਕੁੜੀ ਉੱਤੇ ਦਬਾਅ ਪਾਇਆ ਗਿਆ ਜਾਂ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਉਹ ਘਟਨਾ ਵਾਲੀ ਥਾਂ ਤੋਂ ਅੱਧਾ ਕਿੱਲੋਮੀਟਰ ਦੂਰ ਜਾ ਕੇ ਆਪਣੀ ਜਾਨ ਕਿਵੇਂ ਲੈ ਸਕਦੀ ਹੈ? ਪਿਤਾ ਨੇ ਕਿਹਾ ਕਿ ਜਿਸ ਅਧਿਆਪਕਾ ਦੇ ਫੋਨ ਤੋਂ ਫੋਨ ਆਇਆ ਸੀ, ਉਹ ਸ਼ਿਵਾਨੀ ਮੈਡਮ ਵੀ ਘਟਨਾ ਤੋਂ ਬਾਅਦ ਫ਼ਰਾਰ ਹੈ।"

ਜਲੰਧਰ ਵਿਦਿਆਰਥਣ ਵਲੋਂ ਖੁਦਕੁਸ਼ੀ ਮਾਮਲਾ (ETV Bharat)

ਪ੍ਰਿੰਸੀਪਲ ਨੇ ਦਿੱਤਾ ਸਪੱਸ਼ਟੀਕਰਨ

ਇਸ ਮੌਕੇ ਗੱਲ ਕਰਦਿਆਂ ਪ੍ਰਿੰਸੀਪਲ ਸੁਨੀਤਾ ਨੇ ਘਟਨਾ ਬਾਰੇ ਕਿਹਾ ਕਿ, "ਬੱਚੀ ਨੂੰ ਰੋਲ ਨੰਬਰ ਲੈਣ ਲਈ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਬੱਚੀ ਨੇ ਘਰ ਜਾਣ ਲਈ ਕਿਹਾ। ਉਸ ਨੇ ਕੁਝ ਦੇਰ ਬਾਅਦ ਚੀਕ ਸੁਣੀ ਅਤੇ ਦੂਜੇ ਬੱਚਿਆਂ ਨਾਲ ਕਮਰੇ ’ਚ ਭੱਜ ਗਈ। ਅਧਿਆਪਕਾ ਨੇ ਕਿਹਾ ਕਿ ਬੱਚੀ ਛੱਤ ਵਾਲੇ ਪੱਖੇ ਨਾਲ ਲਟਕੀ ਹੋਈ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।"

ਜਦੋਂ ਸ਼ਿਵਾਨੀ ਨਾਮ ਦੀ ਅਧਿਆਪਕਾ ਵੱਲੋਂ ਚੋਰੀ ਦੀ ਘਟਨਾ ਸਬੰਧੀ ਪਰਿਵਾਰ ਨੂੰ ਫੋਨ ਕਰਨ ਸਬੰਧੀ ਪ੍ਰਿੰਸੀਪਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ 'ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।'

ਸਰਪੰਚ ਨੇ ਲਾਏ ਇਲਜ਼ਾਮ

ਪਿੰਡ ਦੇ ਸਰਪੰਚ ਨੇ ਕਿਹਾ ਕਿ, "ਸਕੂਲ ਪ੍ਰਸ਼ਾਸਨ ਦੇ ਬਿਆਨ ਨਹੀਂ ਰੱਲ ਰਹੇ, ਸਕੂਲ ਅਧਿਆਪਕਾ ਸੁਨੀਤਾ ਦਾ ਕਹਿਣਾ ਹੈ ਕਿ ਜਦੋਂ ਉਹ ਬੱਚਿਆਂ ਦੇ ਰੌਲੇ ਦੀ ਆਵਾਜ਼ ਸੁਣ ਕੇ ਕਮਰੇ ਵਿੱਚ ਗਏ, ਤਾਂ ਇੱਕ ਕਮਰਾ ਅੰਦਰੋਂ ਬੰਦ ਸੀ। ਦਰਵਾਜ਼ਾ ਖੋਲ੍ਹਣ 'ਤੇ ਉਨ੍ਹਾਂ ਨੂੰ ਵਿਦਿਆਰਥਣ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ, ਪਰ ਇਸ ਦੇ ਕਿਸੇ ਕੋਲ ਕੋਈ ਸਬੂਤ ਕਿਉਂ ਨਹੀਂ ਹਨ। ਇਸ ਸਬੰਧੀ ਕੋਈ ਫੋਟੋ ਵੀਡੀਓ ਵੀ ਨਹੀਂ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਕੂਲ ਪ੍ਰਸ਼ਾਸਨ ਕੁਝ ਤਾਂ ਝੂਠ ਬੋਲ ਰਿਹਾ ਹੈ।"

12th student commits suicide in school
ਰੋਲ ਨੰਬਰ ਲੈਣ ਗਈ 12ਵੀਂ ਦੀ ਵਿਦਿਆਰਥਨ ਨੇ ਸਕੂਲ 'ਚ ਕੀਤੀ ਖੁਦਕੁਸ਼ੀ (ETV Bharat)

ਪੁਲਿਸ ਕਰ ਰਹੀ ਜਾਂਚ

ਉਥੇ ਹੀ ਘਟਨਾ ਦੀ ਜਾਣਕਾਰੀ ਮਿਲਣ 'ਤੇ ਮਕਸੂਦਾਂ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਹੈ। ਥਾਣਾ ਮੁਖੀ ਐੱਸਆਈ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ, "ਮ੍ਰਿਤਕ ਵਿਦਿਆਰਥਣ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਸਲ ਕਾਰਨ ਸਾਹਮਣੇ ਆਵੇਗਾ ਅਤੇ ਉਸ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।"