ETV Bharat / state

ਈਰਾਨ ਅਤੇ ਇਜ਼ਰਾਈਲ ਜੰਗ ਨੇ ਭਾਰਤੀਆਂ ਦੇ ਸੁਫ਼ਨਿਆਂ 'ਤੇ ਫੇਰਿਆ ਪਾਣੀ, ਜਾਣੋ ਕਿਵੇਂ

ਜੰਗ ਕਾਰਨ ਏਅਰ ਲਾਈਨ ਟਿਕਟਾਂ ਅਤੇ ਹੋਟਲ ਬੁਕਿੰਗ ਰਿਫੰਡ ਲੈਣ ਵੱਖ-ਵੱਖ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਪੜ੍ਹੋ ਖ਼ਬਰ...

Iran Israel war
ਈਰਾਨ ਅਤੇ ਇਜ਼ਰਾਇਲ ਜੰਗ (AP)
author img

By ETV Bharat Punjabi Team

Published : March 4, 2026 at 1:44 PM IST

5 Min Read
Choose ETV Bharat

ਬਠਿੰਡਾ: ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਜਿੱਥੇ ਪੂਰੀ ਦੁਨੀਆਂ 'ਤੇ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਇਹ ਕਈ ਭਾਰਤੀਆਂ ਦੇ ਸੁਫ਼ਨਿਆਂ ਨੂੰ ਤੋੜਨ ਵਾਲਾ ਵੀ ਸਾਬਤ ਹੋ ਰਿਹਾ ਹੈ। ਦੁਬਈ ਘੁੰਮਣ ਦੇ ਸ਼ੌਕੀਨ ਇਹਨਾਂ ਦਿਨਾਂ ਵਿੱਚ ਲੱਖਾਂ ਰੁਪਏ ਦੇ ਨੁਕਸਾਨ ਝੱਲਣ ਲਈ ਮਜਬੂਰ ਹੋਏ ਹਨ ਕਿਉਂਕਿ ਭਾਰਤੀਆਂ ਵੱਲੋਂ ਘੁੰਮਣ ਫਿਰਨ ਲਈ ਦੁਬਈ ਨੂੰ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ। ਵੱਡੀ ਗਿਣਤੀ ਵਿੱਚ ਲੋਕ ਇਹਨਾਂ ਦਿਨਾਂ ਵਿੱਚ ਦੁਬਈ ਘੁੰਮਣ ਜਾਂਦੇ ਹਨ ਪਰ ਪਿਛਲੇ ਦਿਨੀਂ ਅਚਾਨਕ ਈਰਾਨ ਅਤੇ ਇਜ਼ਰਾਈਲ ਵਿਚਕਾਰ ਸ਼ੁਰੂ ਹੋਈ ਜੰਗ ਦੌਰਾਨ ਦੁਬਈ ਵਿੱਚ ਹੋਏ ਹਮਲਿਆਂ ਦੇ ਚੱਲਦਿਆਂ ਇੰਟਰਨੈਸ਼ਨਲ ਏਅਰਪੋਰਟ ਅਤੇ ਫਲਾਈਟ ਬੰਦ ਕੀਤੇ ਜਾਣ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਅਤੇ ਇਸ ਦਾ ਅਸਰ ਹੁਣ ਟੂਰ ਐਂਡ ਟਰੈਵਲ ਦੇ ਕਾਰੋਬਾਰ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਐਡਵਾਂਸ ਵਿੱਚ ਬੁੱਕ ਕੀਤੀਆਂ ਏਅਰਲਾਈਨ ਦੀਆਂ ਟਿਕਟਾਂ ਅਤੇ ਹੋਟਲ ਬੁਕਿੰਗ ਕਾਰਨ ਲੋਕਾਂ ਨੂੰ ਰਿਫੰਡ ਲੈਣ ਵਿੱਚ ਦਿੱਕਤ ਆ ਰਹੀ ਹੈ।

ਟਰੈਵਲ ਏਜੰਟ ਅਤੇ ਆਮ ਲੋਕ ਜਾਣਕਾਰੀ ਦਿੰਦੇ ਹੋਏ (Etv Bharat)

ਆਮ ਲੋਕਾਂ ਹੋਣਗੇ ਪ੍ਰਭਾਵਿਤ

ਬਠਿੰਡਾ ਵਿਖੇ ਪਿਛਲੇ 10 ਸਾਲ ਤੋਂ ਟਰੈਵਲ ਏਜੰਸੀ ਚਲਾਉਣ ਵਾਲੇ ਸੁਰੇਸ਼ ਕੁਮਾਰ ਨੇ ਦੱਸਿਆ ਕਿ "28 ਫਰਵਰੀ ਨੂੰ ਈਰਾਨ ਅਤੇ ਇਜ਼ਰਾਈਲ ਵਿੱਚ ਟਕਰਾਅ ਵੱਧਣ ਤੋਂ ਬਾਅਦ ਉਹਨਾਂ ਦੇ ਕੰਮ ਉੱਪਰ ਬਹੁਤ ਬੁਰਾ ਪ੍ਰਭਾਵ ਪਿਆ ਹੈ ਕਿਉਂਕਿ 15 ਤੋਂ 20 ਲੱਖ ਰੁਪਏ ਦੀਆਂ ਬੁਕਿੰਗ ਕੈਂਸਲ ਹੋ ਗਈਆਂ ਹਨ। ਜਿਸ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਉਹਨਾਂ ਪਾਸ ਰਿਫੰਡ ਲੈਣ ਲਈ ਪਹੁੰਚ ਕਰ ਰਹੇ। ਜ਼ਿਆਦਾਤਰ ਲੋਕ ਦੁਬਈ ਘੁੰਮਣ ਦੇ ਸ਼ੌਕੀਨ ਹਨ, ਦੁਬਈ ਬੰਦ ਹੋਣ ਕਾਰਨ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਦੀਆਂ ਬੁਕਿੰਗਾਂ ਵੀ ਇੱਕ ਵਾਰ ਰੁਕ ਗਈਆਂ ਹਨ। ਲੋਕਾਂ ਵਿੱਚ ਡਰ ਬਣਿਆ ਹੋਇਆ ਹੈ ਅਤੇ ਹੁਣ ਉਹ ਬਾਹਰ ਘੁੰਮਣ ਜਾਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਮਾਰਚ ਮਹੀਨੇ ਵਿੱਚ ਵੀ ਲੱਗਭਗ ਉਹਨਾਂ ਨੂੰ 15 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਲੋਕ ਰਿਫੰਡ ਲੈਣ ਲਈ ਉਹਨਾਂ ਪਾਸ ਆ ਰਹੇ ਨੇ ਪਰ ਏਅਰਲਾਈਨ ਅਤੇ ਹੋਟਲ ਜੋ ਐਡਵਾਂਸ ਬੁੱਕ ਕੀਤੇ ਗਏ ਸਨ ਉਹਨਾਂ ਵੱਲੋਂ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਗਾਈਡਲਾਈਨ ਰਿਫੰਡ ਸਬੰਧੀ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਕਈ ਵਾਰ ਝਗੜੇ ਵਰਗੇ ਹਾਲਾਤ ਬਣ ਜਾਂਦੇ ਹਨ।"

ਕਈ ਏਅਰਲਾਈਨ ਵੱਲੋਂ ਟਾਈਮ ਟੂ ਟਾਈਮ ਰਿਫੰਡ ਕਰਨ ਲਈ ਗੱਲ ਆਖੀ ਜਾ ਰਹੀ ਹੈ ਅਤੇ ਕਈਆਂ ਵੱਲੋਂ ਤਰੀਕਾਂ ਬਦਲ ਕੇ ਸਫ਼ਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸੇ ਤਰ੍ਹਾਂ ਕਈ ਏਅਰਲਾਈਨਜ਼ ਵੱਲੋਂ ਇੱਕ ਸਾਲ ਦਾ ਮੌਕਾ ਦਿੱਤਾ ਜਾ ਰਿਹਾ ਹੈ ਕਿ ਇੱਕ ਸਾਲ ਅੰਦਰ ਬੁਕਿੰਗ ਕਰਾਉਣ ਵਾਲਾ ਵਿਅਕਤੀ ਕਦੇ ਵੀ ਸਫ਼ਰ ਕਰ ਸਕਦਾ ਹੈ ਪਰ ਗਾਹਕਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਾਂ ਤਾਂ ਹੁਣੇ ਉਹਨਾਂ ਵੱਲੋਂ ਦੁਬਈ ਜਾਇਆ ਜਾਣਾ ਸੀ ਜਾਂ ਹੁਣ ਉਹ ਮੁੜ ਦੁਬਈ ਨਹੀਂ ਜਾਣਗੇ।-ਸੁਰੇਸ਼ ਕੁਮਾਰ, ਟਰੈਵਲ ਏਜੰਟ

ਗ੍ਰਾਹਕਾਂ ਨਾਲ ਸੰਬੰਧ ਹੋ ਰਹੇ ਖ਼ਰਾਬ

ਸੁਰੇਸ਼ ਕੁਮਾਰ ਨੇ ਕਿਹਾ ਕਿ "ਹੋਟਲ ਬੁਕਿੰਗ ਸਬੰਧੀ ਵੀ ਕਿਸੇ ਤਰ੍ਹਾਂ ਦਾ ਕੋਈ ਰਿਫੰਡ ਸ਼ੋਅ ਨਹੀਂ ਹੋ ਰਿਹਾ। ਕਈਆਂ ਉੱਪਰ ਤਾਂ ਨੋ ਰਿਫੰਡ ਦੀ ਕੰਡੀਸ਼ਨ ਲਾਈ ਗਈ ਹੈ ਅਤੇ ਕਈਆਂ ਵੱਲੋਂ ਕੋਈ ਰਿਪਲਾਈ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਗ੍ਰਾਹਕ ਪਰੇਸ਼ਾਨ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਗ੍ਰਾਹਕਾਂ ਨਾਲ ਸੰਬੰਧ ਖ਼ਰਾਬ ਹੋ ਰਹੇ ਹਨ। ਇਥੇ ਕਈ ਗ੍ਰਾਹਕ ਉਹਨਾਂ ਨਾਲ ਅਡਜੈਸਟਮੈਂਟ ਕਰਕੇ ਵੀ ਚੱਲ ਰਹੇ ਹਨ।"

ਕਾਰੋਬਾਰ 'ਤੇ ਪੈ ਰਿਹਾ ਬੁਰਾ ਅਸਰ

ਮਾਲਵਾ ਟਰੈਵਲ ਦੇ ਮਾਲਕ ਵਿਕਰਮ ਸਿੰਘ ਨੇ ਦੱਸਿਆ ਕਿ "ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਕਾਰਨ ਇੱਕ ਵਾਰ ਫਿਰ ਕੋਵਿਡ ਵਰਗੇ ਹਾਲਾਤ ਪੈਦਾ ਹੋ ਗਏ ਹਨ ਕਿਉਂਕਿ ਵਿਦੇਸ਼ ਦਾ ਸਫ਼ਰ ਕਰਨ ਵਾਲੇ ਜ਼ਿਆਦਾਤਰ ਲੋਕ ਪੈਨਿਕ ਵਿੱਚ ਹਨ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਾਰਨ ਕਿਉਂਕਿ ਅਚਾਨਕ ਪੈਦਾ ਹੋਏ ਹਾਲਾਤਾਂ ਕਾਰਨ ਜਿੱਥੇ ਏਅਰਲਾਈਨ ਵੱਲੋਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ, ਉੱਥੇ ਹੀ ਹੋਟਲ ਦੀਆਂ ਕੀਤੀਆਂ ਗਈਆਂ ਐਡਵਾਂਸ ਬੁਕਿੰਗਾਂ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।"

ਭਾਵੇਂ ਏਅਰਲਾਈਨਜ਼ ਵੱਲੋਂ ਲੋਕਾਂ ਨੂੰ ਰਿਫੰਡ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਇਹ ਕਦੋਂ ਅਤੇ ਕਿਵੇਂ ਦਿੱਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਕੋਵਿਡ ਦੌਰਾਨ ਵੀ ਅਜਿਹੇ ਹਾਲਾਤ ਬਣੇ ਸਨ, ਲੋਕਾਂ ਨੂੰ ਰਿਫੰਡ ਮਿਲਿਆ ਜ਼ਰੂਰ ਸੀ ਪਰ ਇਸ ਦੀ ਕੋਈ ਸਮਾਂ ਸੀਮਾ ਤੈਅ ਨਹੀਂ ਸੀ। ਭਾਵੇਂ ਹੁਣ ਕੁਝ ਦੇਸ਼ਾਂ ਲਈ ਏਅਰਲਾਈਨ ਚੱਲੀਆਂ ਹਨ ਪਰ ਟਿਕਟ ਪ੍ਰਾਈਜ ਬਹੁਤ ਜਿਆਦਾ ਵੱਧ ਗਏ ਹਨ, ਜਿਸ ਕਾਰਨ ਇਸ ਦਾ ਬੋਝ ਆਮ ਲੋਕਾਂ 'ਤੇ ਵੱਧ ਗਿਆ ਕਿਉਂਕਿ ਕਈ ਲੋਕਾਂ ਵੱਲੋਂ ਆਉਣ ਜਾਣ ਦੀਆਂ ਟਿਕਟਾਂ ਬੁੱਕ ਕਰਵਾਈਆਂ ਗਈਆਂ ਸਨ। ਹੁਣ ਵਾਪਸੀ ਵੇਲੇ ਉਹਨਾਂ ਨੂੰ ਏਅਰਲਾਈਨ ਨਹੀਂ ਮਿਲ ਰਹੀਆਂ, ਜਿਸ ਕਾਰਨ ਲੋਕਾਂ ਨੂੰ ਮੁੜ ਤੋਂ ਦੁਬਾਰਾ ਟਿਕਟ ਮਹਿੰਗੇ ਭਾਅ ਵਿੱਚ ਕਰਵਾ ਕੇ ਕੈਨੇਡਾ ਜਾਣਾ ਪੈ ਰਿਹਾ ਹੈ। -ਵਿਕਰਮ ਸਿੰਘ, ਟਰੈਵਲ ਏਜੰਟ

ਰਿਫੰਡ ਦੇ ਤੈਅ ਹੋਣਗੇ ਪੈਮਾਨੇ

ਉਹਨਾਂ ਕਿਹਾ ਕਿ ਏਅਰਲਾਈਨ ਵੱਲੋਂ ਤਿੰਨ-ਤਿੰਨ ਆਫਰ ਦਿੱਤੀਆਂ ਜਾਂਦੀਆਂ ਹਨ। ਰਿਫੰਡ ਕਰਨ ਲਈ ਇਹਨਾਂ ਤਿੰਨ ਆਫਰਸ ਦੇ ਵਿੱਚ ਯਾਤਰੀ ਕਿਸੇ ਸਮੇਂ ਵੀ ਸਫ਼ਰ ਕਰ ਸਕਦਾ ਹੈ ਪਰ ਜੇਕਰ ਫਿਰ ਵੀ ਉਸ ਵੱਲੋਂ ਪੈਸੇ ਵਾਪਸ ਲਏ ਜਾਣੇ ਹਨ ਤਾਂ ਉਸ ਲਈ ਵੀ ਕੁਝ ਪੈਮਾਨੇ ਰੱਖੇ ਗਏ ਹਨ। ਉਹਨਾਂ ਪੈਮਾਨਿਆਂ ਤਹਿਤ ਹੀ ਰਿਫੰਡ ਕੀਤਾ ਜਾਂਦਾ ਹੈ ਨਾ ਕਿ 100 ਪ੍ਰਤੀਸ਼ਤ ਰਿਫੰਡ ਮਿਲਦਾ ਹੈ, ਜਿਸ ਕਾਰਨ ਲੋਕਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸਾਡਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੋਕ ਮਹਿੰਗੀਆਂ ਟਿਕਟਾਂ ਲੈ ਕੇ ਵਿਦੇਸ਼ ਯਾਤਰਾ ਕਰਨ ਲਈ ਮਜਬੂਰ ਹੋ ਰਹੇ ਹਨ ਕਿਉਂਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਉਹਨਾਂ ਦਾ ਵਿਦੇਸ਼ ਵਿਚਲਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ।

ਵਰ੍ਹੇਗੰਢ ਮਨਾਉਣ ਜਾਣਾ ਸੀ ਦੁਬਈ

ਵਿਆਹ ਦੀ 15ਵੀਂ ਵਰ੍ਹੇਗੰਢ ਮਨਾਉਣ 28 ਫਰਵਰੀ ਨੂੰ ਦੁਬਈ ਜਾਣ ਦੀਆਂ ਟਿਕਟਾਂ ਬੁੱਕ ਕਰਾਉਣ ਵਾਲੇ ਸੰਦੀਪ ਜੋਸ਼ੀ ਨੇ ਦੱਸਿਆ ਕਿ "ਉਨ੍ਹਾਂ ਵੱਲੋਂ 28 ਫਰਵਰੀ ਤੋਂ ਲੈ ਕੇ 10 ਮਾਰਚ ਤੱਕ ਦਾ ਦੁਬਈ ਦਾ ਟੂਰ ਪਲਾਨ ਕੀਤਾ ਗਿਆ ਸੀ। ਇਸ ਲਈ ਬਕਾਇਦਾ ਉਹ ਏਅਰਪੋਰਟ ਪਹੁੰਚ ਗਏ ਸਨ ਪਰ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਦੁਬਈ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਦਾ ਅਸਰ ਦੁਬਈ ਉੱਪਰ ਦੇਖਣ ਨੂੰ ਮਿਲਿਆ ਹੈ, ਪਰ ਇਸ ਦੇ ਨਾਲ ਹੀ ਉਹਨਾਂ ਦੇ ਬਣਾਏ ਗਏ ਪਲਾਨ 'ਤੇ ਪਾਣੀ ਫਿਰ ਗਿਆ ਤੇ ਉਹਨਾਂ ਨੂੰ ਵਾਪਸ ਬਠਿੰਡਾ ਆਉਣ ਲਈ ਮਜਬੂਰ ਹੋਣਾ ਪਿਆ। ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਏਅਰਲਾਈਨ ਵੱਲੋਂ ਹਾਲੇ ਤੱਕ ਰਿਫੰਡ ਸਬੰਧੀ ਕੋਈ ਵੀ ਜਾਣਕਾਰੀ ਉਪਲਬਧ ਨਹੀਂ ਕਰਾਈ ਗਈ। ਇਸ ਤੋਂ ਇਲਾਵਾ ਨਾ ਹੀ ਐਡਵਾਂਸ ਵਿੱਚ ਬੁੱਕ ਕੀਤੇ ਗਏ ਹੋਟਲ ਵੱਲੋਂ ਰਿਫੰਡ ਕਰਨ ਸਬੰਧੀ ਕਿਸੇ ਤਰ੍ਹਾਂ ਦਾ ਰਿਪਲਾਈ ਕੀਤਾ ਗਿਆ ਹੈ। ਫਿਲਹਾਲ ਉਹ ਲੱਖਾਂ ਦਾ ਘਾਟਾ ਖਾ ਕੇ ਰਿਫੰਡ ਲੈਣ ਲਈ ਚਾਰਾਜੋਈ ਕਰ ਰਹੇ ਹਨ।"

ਟਿਕਟਾਂ ਹੋਈਆਂ ਹੋਰ ਮਹਿੰਗੀਆਂ

ਬਠਿੰਡਾ ਦੇ ਰਹਿਣ ਵਾਲੇ ਰਸਨ ਵੱਲੋਂ 28 ਫਰਵਰੀ ਨੂੰ ਦੁਬਈ ਰਾਹੀਂ ਕੈਨੇਡਾ ਜਾਣਾ ਸੀ ਪਰ ਮੌਕੇ 'ਤੇ ਆ ਕੇ ਫਲੈਟ ਕੈਂਸਲ ਕੀਤੇ ਜਾਣ ਕਾਰਨ ਉਸ ਨੂੰ ਵਾਪਸ ਬਠਿੰਡਾ ਪਰਤਣਾ ਪਿਆ। ਉਹਨਾਂ ਕਿਹਾ ਕਿ "ਇਸ ਕਾਰਨ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹਨਾਂ ਵੱਲੋਂ ਆਉਣ ਜਾਣ ਦੀ ਟਿਕਟ ਬੁੱਕ ਕਰਵਾਈ ਗਈ ਸੀ ਪਰ ਇਸ ਦੌਰਾਨ ਹੀ ਜਦੋਂ ਉਹਨਾਂ ਵੱਲੋਂ ਹੋਰਨਾਂ ਰਸਤੇ ਰਾਹੀਂ ਕੈਨੇਡਾ ਜਾਣ ਲਈ ਟਿਕਟ ਦਾ ਪਤਾ ਕੀਤਾ ਤਾਂ ਟਿਕਟ ਦੀਆਂ ਕੀਮਤਾਂ ਕਈ ਗੁਣਾ ਵੱਧ ਚੁੱਕੀਆਂ ਸਨ, ਜਿਸ ਕਾਰਨ ਉਹਨਾਂ ਵੱਲੋਂ ਬਠਿੰਡਾ ਵਾਪਸ ਪਰਤਣਾ ਹੀ ਜਾਇਜ਼ ਸਮਝਿਆ ਗਿਆ।"

ਕੈਨੇਡਾ ਵਿਖੇ ਆਪਣੇ ਕਾਰੋਬਾਰ ਸਬੰਧੀ ਈਮੇਲ ਰਾਹੀਂ ਛੁੱਟੀ ਵਧਾਈ ਗਈ ਹੈ ਕਿਉਂਕਿ ਹੁਣ ਹੋਰ ਰਸਤਿਆਂ ਰਾਹੀਂ ਕੈਨੇਡਾ ਜਾਣਾ ਬਹੁਤ ਮਹਿੰਗਾ ਹੋ ਗਿਆ ਹੈ। ਲੋਕਾਂ 'ਤੇ ਇਸ ਦਾ ਵੱਡਾ ਬੋਝ ਵੱਧ ਗਿਆ ਹੈ, ਜੇਕਰ ਆਉਂਦੇ ਦਿਨਾਂ ਵਿੱਚ ਇਹ ਹੀ ਹਾਲਾਤ ਰਹੇ ਤਾਂ ਇਹ ਏਅਰਲਾਇੰਸ ਦੀਆਂ ਟਿਕਟਾਂ ਕਈ ਗੁਣਾ ਮਹਿੰਗੀਆਂ ਹੋ ਜਾਣਗੀਆਂ, ਜਿਸ ਦਾ ਬੋਝ ਆਮ ਲੋਕਾਂ 'ਤੇ ਪਵੇਗਾ।- ਰਸਨ, ਯਾਤਰੀ