ਹਨੀਮੂਨ 'ਤੇ ਗਿਆ ਪੰਜਾਬ ਦਾ ਜੋੜਾ ਦੁਬਈ 'ਚ ਫਸਿਆ
ਦੁਬਈ ਫਸੇ ਜੋੜੇ ਦੇ ਮਾਤਾ ਪਿਤਾ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਬੱਚਿਆਂ ਨੂੰ ਵਾਪਿਸ ਭਾਰਤ ਲਿਆਂਦਾ ਜਾਵੇ।


Published : March 2, 2026 at 5:52 PM IST
ਮਾਨਸਾ: ਈਰਾਕ ਅਤੇ ਇਜ਼ਰਾਈਲ ਦੀ ਜੰਗ ਕਾਰਨ ਖਾੜੀ ਦੇਸ਼ਾਂ 'ਚ ਮਾਹੌਲ ਤਣਾਅਪੂਰਣ ਬਣਿਆ ਹੋਇਆ ਹੈ। ਇਸ ਦੌਰਾਨ ਭਾਰਤ ਅਤੇ ਪੰਜਾਬ ਦੇ ਸੈਂਕੜੇ ਲੋਕ ਦੁਬਈ ਵਰਗੇ ਦੇਸ਼ਾਂ 'ਚ ਫਸੇ ਹੋਏ ਹਨ। ਇਨ੍ਹਾਂ ਲੋਕਾਂ ਵਿੱਚ ਹੀ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਕਸਬੇ ਦਾ ਇੱਕ ਨਵ-ਵਿਆਹਿਆ ਜੋੜਾ ਵੀ ਸ਼ਾਮਿਲ ਹੈ। ਜੋ ਕਿ ਹਨੀਮੂਨ ਮਨਾਉਣ ਲਈ ਦੁਬਈ ਗਿਆ ਸੀ ਪਰ ਜੰਗ ਦੇ ਤਣਾਅਪੂਰਣ ਮਾਹੌਲ ਕਾਰਨ ਦੁਬਈ 'ਚ ਫਸ ਗਿਆ ਹੈ। ਜਿਸ ਕਾਰਨ ਪਰਿਵਾਰ ਦੀ ਚਿੰਤਾ ਵਧਦੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਡਾਣਾਂ ਰੱਦ ਕਰ ਹੋਣ ਕਾਰਨ ਉਨ੍ਹਾਂ ਦੇ ਬੱਚੇ ਵਾਪਿਸ ਨਹੀਂ ਆ ਪਾ ਰਹੇ ਹਨ। ਉਨ੍ਹਾਂ ਸਰਕਾਰ ਤੋਂ ਤੁਰੰਤ ਬੱਚਿਆਂ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।
ਪਰਿਵਾਰ ਨੇ ਲਗਾਈ ਗੁਹਾਰ
ਆਪਣੇ ਪੁੱਤ ਅਤੇ ਨੂੰਹ ਬਾਰੇ ਗੱਲ ਕਰਦਿਆਂ ਭਾਵੁਕ ਮਾਪਿਆਂ ਨੇ ਦੱਸਿਆ ਕਿ 'ਸਾਡਾ ਪੁੱਤ ਗੁਰਜੰਟ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਵਿਆਹ ਤੋਂ ਬਾਅਦ 27 ਫਰਵਰੀ ਨੂੰ ਦੁਬਈ ਘੁੰਮਣ ਗਏ ਸਨ। ਉਨ੍ਹਾਂ ਦੀ ਵਾਪਸੀ ਦੀ ਉਡਾਣ 3 ਮਾਰਚ ਨੂੰ ਤੈਅ ਸੀ ਪਰ ਜੰਗ ਦੇ ਹਾਲਾਤ ਕਾਰਨ ਉਡਾਣਾਂ ਰੱਦ ਹੋਣ ਤੋਂ ਬਾਅਦ ਸਾਡੀ ਚਿੰਤਾ ਬਣੀ ਹੋਈ ਹੈ। ਅਸੀੰ ਬੱਚਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਨੈੱਟਵਰਕ ਘੱਟ ਹੋਣ ਕਰਕੇ ਗੱਲ ਵੀ ਨਹੀਂ ਹੋ ਪਾ ਰਹੀ। ਘਰ ਦਾ ਮਾਹੌਲ ਗਮਹੀਨ ਹੈ, ਪਰਿਵਾਰਕ ਮੈਂਬਰ ਅੰਤਰਰਾਸ਼ਟਰੀ ਸਥਿਤੀ 'ਤੇ ਨਜ਼ਰ ਰੱਖਣ ਲਈ ਲਗਾਤਾਰ ਖਬਰਾਂ ਵੇਖ ਰਹੇ ਹਨ। ਸਾਡੇ ਤੋਂ ਇਸ ਮਾਹੌਲ ਵਿੱਚ ਬੱਚਿਆਂ ਤੋਂ ਦੂਰ ਨਹੀਂ ਰਿਹਾ ਜਾ ਰਿਹਾ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਉਨ੍ਹਾਂ ਨੂੰ ਵਾਪਿਸ ਲਿਆਉਣ ਦੇ ਪ੍ਰਬੰਧ ਕੀਤੇ ਜਾਣ।'
‘ਖ਼ਬਰਾਂ ਤੋਂ ਸਹਿਮ ਜਾਂਦਾ ਹੈ ਮਨ’
ਗੁਰਜੰਟ ਸਿੰਘ ਦੇ ਮਾਤਾ ਨੇ ਕਿਹਾ ਕਿ 'ਘਰ ਵਿੱਚ ਕਿਸੇ ਦਾ ਵੀ ਕੰਮ ਵਿੱਚ ਧਿਆਨ ਨਹੀਂ ਲੱਗ ਰਿਹਾ ਹੈ। ਸਵੇਰੇ ਉੱਠਣ 'ਤੇ ਅਸੀਂ ਸਭ ਤੋਂ ਪਹਿਲਾਂ ਟੀਵੀ ਚਾਲੂ ਕਰਦੇ ਹਾਂ। ਅਸੀਂ ਸਾਰਾ ਦਿਨ ਖ਼ਬਰਾਂ 'ਤੇ ਨਜ਼ਰ ਰੱਖਦੇ ਹਾਂ। ਹਰ ਨਵੀਂ ਅਪਡੇਟ ਨਾਲ ਸਾਡੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰ ਰੋਜ਼ ਆਪਣੇ ਪੁੱਤਰ ਨਾਲ ਫ਼ੋਨ 'ਤੇ ਗੱਲ ਕਰਦੇ ਹਨ।'
ਵਿਸ਼ੇਸ਼ ਪ੍ਰਬੰਧ ਕਰੇ ਸਰਕਾਰ
ਮਾਪਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਦੁਬਈ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਪਿਛਲੇ ਸਮੇਂ ਵਿੱਚ ਸੰਕਟ ਦੇ ਸਮੇਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਿਆ ਹੈ, ਇਸ ਵਾਰ ਵੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

