Inspirational Story: ਜ਼ਿੰਦਗੀ ਤੋਂ ਹਾਰ ਮੰਨਣ ਵਾਲੇ ਲੋਕਾਂ ਲਈ ਪ੍ਰੇਰਨਾ ਬਣਿਆ ਨੌਜਵਾਨ ਗਗਨਦੀਪ
ਲੁਧਿਆਣਾ ਦਾ ਅਪਾਹਜ ਨੌਜਵਾਨ ਗਗਨਦੀਪ ਸਿੰਘ ਲੰਮੇ ਸੰਘਰਸ਼ ਤੋਂ ਬਾਅਦ ਵੀਡੀਓ ਐਡੀਟਰ ਬਣਿਆ ਹੈ। ਪੜ੍ਹੋ ਕਹਾਣੀ...

Published : March 3, 2026 at 7:09 PM IST
ਲੁਧਿਆਣਾ: ਹਿੰਮਤ-ਏ-ਮਰਦਾ ਮਦਦ-ਏ-ਖ਼ੁਦਾ, ਭਾਵ ਜੇ ਬੰਦਾ ਆਪ ਹਿੰਮਤ ਕਰੇ ਤਾਂ ਰੱਬ ਵੀ ਉਸਦੀ ਮਦਦ ਕਰਦਾ ਹੈ। ਨੇਕ ਇਰਾਦਾ ਹੋਵੇ, ਹੌਂਸਲਾ ਹੋਵੇ, ਮਿਹਨਤ ਹੋਵੇ, ਰੱਬ ਉੱਤੇ ਭਰੋਸਾ ਹੋਵੇ ਤਾਂ ਮੰਜ਼ਿਲਾਂ ਦੇ ਰਾਹ ਆਪਣੇ ਆਪ ਖੁੱਲ੍ਹ ਜਾਂਦੇ ਹਨ। ਇਹ ਸਤਰਾਂ ਢੁੱਕਦੀਆਂ ਹਨ, ਲੁਧਿਆਣਾ ਦੇ ਗਗਨਦੀਪ ਸਿੰਘ ਉੱਤੇ, ਜੋ ਉਨ੍ਹਾਂ ਲੋਕਾਂ ਲਈ ਪ੍ਰੇਰਨਾ ਬਣਿਆ ਹੈ, ਜਿਹੜੇ ਕੁਝ ਮੁਸ਼ਕਲਾਂ ਤੋਂ ਥੱਕ ਹਾਰ ਕੇ ਜ਼ਿੰਦਗੀ ਤੋਂ ਨਰਾਸ਼ ਹੋ ਕੇ ਬੈਠ ਜਾਂਦੇ ਹਨ। ਇਹ ਨੌਜਵਾਨ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਮਾਤ ਪਾ ਕੇ ਅੱਗੇ ਵਧਿਆ ਹੈ। ਅਪਾਹਜ ਹੋਣ ਦੇ ਬਾਵਜੂਦ ਵੀ ਉਹ ਆਪਣੇ ਹੌਂਸਲੇ ਅਤੇ ਹਿੰਮਤ ਸਦਕਾਂ ਇਸ ਮੁਕਾਮ 'ਤੇ ਪਹੁੰਚਿਆ ਹੈ। ਦੱਸ ਦਈਏ ਕਿ ਗਗਨਦੀਪ ਸਿੰਘ ਵਿਸ਼ੇਸ਼ ਬਿਮਾਰੀ ਸੈਰਬਰਲ ਪਲਸੀ ਤੋਂ ਜੂਝ ਰਿਹਾ ਹਾਂ।
ਬਣਿਆ ਕਾਮਯਾਬ ਵੀਡੀਓ ਐਡੀਟਰ ਅਤੇ ਗ੍ਰਾਫਿਕ ਡਿਜ਼ਾਈਨਰ
ਜੀ ਹਾਂ ਤੁਹਾਨੂੰ ਦੱਸ ਦਈਏ ਕਿ ਐਨਸੀਆਰਬੀ ਦੇ ਅੰਕੜਿਆਂ ਮੁਤਾਬਕ ਭਾਰਤ ਦੇ ਵਿੱਚ ਹਰ ਤਿੰਨ ਮਿੰਟ ਬਾਅਦ ਇੱਕ ਸ਼ਖਸ ਖੁਦਕੁਸ਼ੀ ਕਰ ਲੈਂਦਾ ਹੈ। ਕਿਉਂਕਿ ਉਹ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਲੈਂਦਾ ਹੈ। ਪਰ ਜਿੱਤਣ ਦੇ ਲਈ ਕਈ ਉਦਾਹਰਨਾਂ ਸਾਡੇ ਸਮਾਜ ਵਿੱਚ ਹਨ, ਜਿਨਾਂ ਵਿੱਚੋਂ ਇੱਕ ਗਗਨਦੀਪ ਸਿੰਘ ਹੈ। 35 ਸਾਲ ਦੇ ਗਗਨਦੀਪ ਅਤੇ ਉਸ ਦੇ ਪਰਿਵਾਰ ਦਾ ਸੰਘਰਸ਼ ਉਸ ਦੇ ਜਨਮ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ। ਪ੍ਰੀ ਮੈਚਿਓਰ ਹੋਣ ਕਾਰਨ ਗਗਨਦੀਪ ਸਿੰਘ ਦੀ ਅਪਾਹਜਤਾ ਦਿਨੋਂ ਦਿਨ ਇੰਨੀ ਵੱਧਦੀ ਗਈ ਕਿ ਕੋਈ ਸਮਾਂ ਸੀ ਉਹ ਮੰਜੇ ਤੋਂ ਵੀ ਨਹੀਂ ਉੱਠ ਸਕਦਾ ਸੀ। ਪਰ ਉਸਦੀ ਹਿੰਮਤ, ਹੌਂਸਲੇ ਅਤੇ ਪਰਿਵਾਰ ਦੇ ਸਾਥ ਨੇ ਉਸ ਨੂੰ ਅੱਜ ਇੱਕ ਕਾਮਯਾਬ ਵੀਡੀਓ ਐਡੀਟਰ ਅਤੇ ਗ੍ਰਾਫਿਕ ਡਿਜ਼ਾਈਨਰ ਬਣਾ ਦਿੱਤਾ ਹੈ। ਹਾਲਾਂਕਿ ਉਸ ਦੀ ਬਿਮਾਰੀ ਦਾ ਕੋਈ ਇਲਾਜ਼ ਨਹੀਂ ਹੈ। ਪਰ ਉਸ ਨੇ ਕਿਸੇ ਦਾ ਮੁਹਤਾਜ ਬਣਨ ਦੀ ਥਾਂ 'ਤੇ ਆਪਣੀ ਜੀਵਨ ਦੇ ਵਿੱਚ ਸੰਘਰਸ਼ ਨੂੰ ਚੁਣਦੇ ਹੋਏ ਖੁਦ ਆਪਣਾ ਬੋਝ ਚੁੱਕਣ ਲਈ ਯਤਨ ਕੀਤੇ।

ਨਹੀਂ ਮਿਲਿਆ ਸਕੂਲ 'ਚ ਦਾਖਲਾ
ਗਗਨਦੀਪ ਨੇ ਦੱਸਿਆ ਕਿ "ਉਸਦੀ ਅਪਾਹਜਤਾ ਕਾਰਨ ਉਸ ਨੂੰ ਕਿਸੇ ਵੀ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਨੇ ਦਾਖਲਾ ਨਹੀਂ ਦਿੱਤਾ। ਆਖਿਰਕਾਰ ਉਸ ਨੂੰ ਪੰਜਵੀਂ ਦੀ ਪ੍ਰੀਖਿਆ ਪ੍ਰਾਈਵੇਟ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਦੇਣ ਦਾ ਫੈਸਲਾ ਲਿਆ। ਉਸ ਤੋਂ ਬਾਅਦ ਉਸ ਨੇ ਵਿਸ਼ੇਸ਼ ਬੱਚਿਆਂ ਦੇ ਸਕੂਲ ਵਿੱਚ ਦਾਖ਼ਲਾ ਲਿਆ। ਮੈਂ ਵਿਸ਼ੇਸ਼ ਬਿਮਾਰੀ ਸੈਰਬਰਲ ਪਲਸੀ ਤੋਂ ਜੂਝ ਰਿਹਾ ਹਾਂ। ਇਸ ਬਿਮਾਰੀ ਦੇ ਨਾਲ ਲੜਦੇ ਹੋਏ ਮੈਂ ਬਾਰਵੀਂ ਜਮਾਤ ਕੀਤੀ ਅਤੇ ਉਸ ਤੋਂ ਬਾਅਦ ਢਾਈ ਸਾਲ ਐਨੀਮੇਸ਼ਨ ਦਾ ਕੋਰਸ ਕੀਤਾ।"

"ਮੈਂ 2012 ਵਿੱਚ ਵੀਡੀਓ ਐਡੀਟਿੰਗ ਦਾ ਕੋਰਸ ਕੀਤਾ ਸੀ। ਮੈਂ ਵਟਸਅੱਪ ਇੰਨਵੀਟੇਸਨ, ਪਰੀ ਵੈਡਿੰਗ ਅਤੇ ਹੋਰ ਵੀ ਸਾਰਾ ਕੁਝ ਬਣਾ ਲੈਂਦਾ ਹਾਂ। ਮੇਰਾ ਖੱਬਾ ਹੱਥ ਹੀ ਚੱਲਦਾ ਹੈ। ਖੱਬੇ ਹੱਥ ਨਾਲ ਹੀ ਮੈਂ ਸਾਰਾ ਕੰਮ ਕਰਦਾ ਹਾਂ। ਇਹ ਕੰਮ ਮੈਂ ਵੀਆਰਟੀਸੀ (ਵੋਕੇਸ਼ਨਲ ਰਿਹਾਬਿਲੀਟੇਸ਼ਨ ਟ੍ਰੇਨਿੰਗ ਕੇਂਦਰ) ਹੈਬੋਵਾਲ ਤੋਂ ਸਿੱਖਿਆ ਹੈ।"- ਗਗਨਦੀਪ ਸਿੰਘ
ਕਾਮਯਾਬੀ ਪਿੱਛੇ ਮਾਂ ਦਾ ਸਭ ਤੋਂ ਵੱਡਾ ਹੱਥ
ਗਗਨਦੀਪ ਨੇ ਦੱਸਿਆ "ਮੇਰੀ ਮਾਤਾ ਦਾ ਇਸ ਵਿੱਚ ਵੱਡਾ ਹੱਥ ਰਿਹਾ ਹੈ। ਕਿਉਂਕਿ ਉਹ ਜਦੋਂ ਇੱਕ ਵਾਰ ਕਿਸੇ ਵਿਕਲਾਂਗ ਸਕੂਲ ਗਏ ਤਾਂ ਬੱਚਿਆਂ ਨੂੰ ਕੰਪਿਊਟਰ ਚਲਾਉਂਦੇ ਹੋਏ ਵੇਖਿਆ ਅਤੇ ਮਾਤਾ ਦੇ ਮਨ ਵਿੱਚ ਚੇਤਨਾ ਜਾਗੀ ਕਿ ਗਗਨ ਨੂੰ ਵੀ ਕੰਪਿਊਟਰ ਸਿਖਾਇਆ ਜਾਵੇ। ਭਾਵੇਂ ਮੇਰੇ ਹੱਥ ਪੈਰ ਨਹੀਂ ਚੱਲਦੇ ਸਨ ਪਰ ਇਸ ਦੇ ਬਾਵਜੂਦ ਮੇਰੇ ਪਰਿਵਾਰ ਦੇ ਜਜ਼ਬੇ ਨੇ ਮੈਨੂੰ ਕੰਪਿਊਟਰ ਚਲਾਉਣ ਦੀ ਪ੍ਰੇਰਨਾ ਦਿੱਤੀ ਅਤੇ ਫਿਰ ਮੈਂ ਢਾਈ ਸਾਲ ਦੇ ਵਿੱਚ ਆਪਣਾ ਕੋਰਸ ਪੂਰਾ ਕੀਤਾ।"

ਵੀਡੀਓ ਐਡੀਟਿੰਗ ਕਰਦਾ ਹੈ ਗਗਨ
ਗਗਨਦੀਪ ਨੇ ਦੱਸਿਆ ਕਿ "ਮੈਨੂੰ ਬਚਪਨ ਤੋਂ ਹੀ ਵੀਡੀਓ ਐਡੀਟਿੰਗ ਦਾ ਸ਼ੌਂਕ ਸੀ। ਹੁਣ ਮੈਂ ਇੱਕ ਹੱਥ ਦੇ ਨਾਲ ਹੀ ਕੰਪਿਊਟਰ 'ਤੇ ਕੰਮ ਕਰਦਾ ਹਾਂ। ਹਾਲਾਂਕਿ ਮੇਰਾ ਪਰਿਵਾਰ ਇਸ ਵਿੱਚ ਮੇਰੀ ਮਦਦ ਕਰਦਾ ਹੈ। ਮੈਂ ਉਹ ਵਿਗਿਆਪਨ ਬਣਾਉਂਦਾ ਹਾਂ ਅਤੇ ਵਟਸਐਪ ਰਾਹੀਂ ਕਲਾਇੰਟ ਮੈਨੂੰ ਸਾਰਾ ਡਾਟਾ ਭੇਜ ਦਿੰਦੇ ਹਨ। ਇਸ ਤੋਂ ਇਲਾਵਾ ਮੈਂ ਵਿਆਹ ਦੀਆਂ ਵੀਡੀਓ ਐਡੀਟਿੰਗ ਕਰ ਲੈਂਦਾ ਹਾਂ। ਪ੍ਰੀ ਵੈਡਿੰਗ ਵੀਡੀਓ ਐਡਿਟਿੰਗ ਕਰਦਾ ਹਾਂ। ਇਹ ਸਾਰਾ ਕੁਝ ਉਹ ਆਪਣੇ ਇੱਕ ਹੱਥ ਨਾਲ ਹੀ ਕਰਦਾ ਹਾਂ, ਕਿਉਂਕਿ ਦੂਜਾ ਹੱਥ ਕੰਮ ਨਹੀਂ ਕਰਦਾ ਹੈ।"

ਗਗਨਦੀਪ ਸਿੰਘ ਦੀਆਂ ਉਪਲਬਧੀਆਂ
ਗਗਨ ਨੋਰਥ ਕੋਰੀਅਨ ਸਮਾਜ ਸੇਵੀ ਸੰਸਥਾ ਵੱਲੋਂ ਕਰਵਾਏ ਗਏ ਪੋਸਟਰ ਡਿਜ਼ਾਇਨਿੰਗ ਮੁਕਾਬਲਿਆਂ ਦੇ ਵਿੱਚ ਨੌਵੇਂ ਨੰਬਰ 'ਤੇ ਰਿਹਾ ਹੈ। ਜਿਸ ਵਿੱਚ ਕੁੱਲ 100 ਲੋਕਾਂ ਨੇ ਦੇਸ਼ ਭਰ ਦੇ ਵਿੱਚੋਂ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਵਿਸ਼ ਸੰਵਾਦ ਪਰਿਸ਼ਦ ਵੱਲੋਂ ਉਸਨੂੰ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ। ਗਗਨ ਵੱਲੋਂ ਕੋਵਿਡ ਦੌਰਾਨ ਜਾਗਰੂਕਤਾ ਫੈਲਾਈ ਗਈ ਸੀ। ਇਸ ਤੋਂ ਇਲਾਵਾ ਉਸ ਨੂੰ ਵੀਡੀਓ ਕੈਟਾਗਰੀ ਦੇ ਵਿੱਚ ਸਮਰਥ ਐਨਜੀਓ ਵੱਲੋਂ ਕਰਵਾਏ ਗਏ ਮੁਕਾਬਲਿਆਂ ਦੇ ਵਿੱਚ ਪਹਿਲਾ ਇਨਾਮ ਵੀ ਮਿਲਿਆ। ਪੰਜਾਬ ਦੇ ਵਿੱਚ ਉਸ ਨੂੰ ਆਪਣੀ ਕੈਟਾਗਰੀ ਦੇ ਵਿੱਚ ਪਹਿਲਾ ਸਥਾਨ ਹਾਸਿਲ ਹੋਇਆ। ਜਿਸ ਤੋਂ ਬਾਅਦ ਉਸਨੇ ਗਗਨ ਕ੍ਰੀਏਸ਼ਨ ਨਾਂ ਦਾ ਇੱਕ ਪੇਜ਼ ਵੀ ਸ਼ੁਰੂ ਕੀਤਾ ਜਿਸ ਉੱਤੇ ਉਸ ਨੂੰ ਆਰਡਰ ਆਉਂਦੇ ਹਨ ਅਤੇ ਉਹ ਫਿਰ ਵੀਡੀਓ ਐਡੀਟਿੰਗ ਕਰਦਾ ਹੈ। ਉਸ ਦਾ ਸੁਫ਼ਨਾ ਹੈ ਕਿ ਉਹ ਆਪਣਾ ਸਟੂਡੀਓ ਖੋਲ੍ਹੇ ਅਤੇ ਉਸ ਵਿੱਚ ਆਪਣੇ ਵਰਗੇ ਬੱਚਿਆਂ ਨੌਜਵਾਨਾਂ ਨੂੰ ਸਿਖਲਾਈ ਦੇਵੇ ਤਾਂ ਕੇ ਉਹ ਕਿਸੇ ਉੱਤੇ ਬੋਝ ਨਾ ਬਣ ਸਕਣ।
ਪਰਿਵਾਰ ਦਾ ਮਿਲ ਰਿਹਾ ਸਾਥ
ਗਗਨਦੀਪ ਦੇ ਪਿਤਾ ਜਗਮੋਹਣ ਸਿੰਘ ਨੇ ਕਿਹਾ ਕਿ ਉਹ ਗਗਨ ਦੀ ਮਦਦ ਜ਼ਰੂਰ ਕਰਦੇ ਹਨ ਪਰ ਉਹ ਸਾਡੇ 'ਤੇ ਬੋਝ ਨਹੀਂ ਹੈ। ਗਗਨ ਦੇ ਪਿਤਾ ਨੇ ਕਿਹਾ ਕਿ ਉਹ ਆਪਣੀ ਕਮਾਈ ਦੇ ਵਿੱਚੋਂ ਕਈ ਸਮਾਜ ਸੇਵੀ ਸੰਸਥਾਵਾਂ ਜੋ ਅਪਾਹਜ ਬੱਚਿਆਂ ਦੇ ਲਈ ਕੰਮ ਕਰਦੀਆਂ ਹਨ, ਉਨ੍ਹਾਂ ਦੇ ਲਈ ਦਾਨ ਵੀ ਕਰਦਾ ਹੈ। ਪਰਿਵਾਰ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ, ਹੁਣ ਉਸ ਦਾ ਮਨ ਹੈ ਕੇ ਉਹ ਇੱਕ ਸਟੂਡੀਓ ਖੋਲ੍ਹੇ ਜਿਸ ਲਈ ਅਸੀਂ ਯਤਨ ਕਰ ਰਹੇ ਹਾਂ।

"ਬਚਪਨ ਤੋਂ ਹੀ ਗਗਨਦੀਪ ਇਸ ਬਿਮਾਰੀ ਦਾ ਸ਼ਿਕਾਰ ਹੈ, ਜਿਸ ਕਾਰਨ ਉਹ ਅਪਾਹਜ ਹੈ। ਡਾਕਟਰਾਂ ਨੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕੀਤੀ ਜਿਸ ਕਾਰਨ ਉਹ ਅੱਜ ਇਸ ਹਾਲਤ ਵਿੱਚ ਹੈ। ਉਸਨੇ ਕਦੇ ਆਪਣੇ ਦਿਮਾਗ ਨੂੰ ਅਪਾਹਜ ਨਹੀਂ ਕੀਤਾ। ਸਿੱਖਣ ਦੀ ਲਗਨ ਅਤੇ ਕੁਝ ਕਰਨ ਦੀ ਮਨਸ਼ਾ ਨੇ ਉਸ ਨੂੰ ਅੱਗੇ ਵਧਾਇਆ।" - ਜਗਮੋਹਣ ਸਿੰਘ , ਗਗਨਦੀਪ ਦੇ ਪਿਤਾ

ਜਗਮੋਹਣ ਸਿੰਘ ਨੇ ਦੱਸਿਆ ਕਿ 100 ਫੀਸਦੀ ਅਪਾਹਜ ਦਾ ਗਗਨ ਕੋਲ ਸਰਟੀਫਿਕੇਟ ਹੈ ਪਰ ਫਿਰ ਵੀ ਅਸੀਂ ਕਿਸੇ ਸਰਕਾਰ ਅਤੇ ਪ੍ਰਸਾਸ਼ਨ ਤੋਂ ਅਪੀਲ ਜਾਂ ਮੰਗ ਕੀਤੇ ਬਿਨ੍ਹਾਂ ਹੀ ਗਗਨ ਨੂੰ ਇਸ ਲਾਇਕ ਬਣਾਇਆ ਕਿ ਉਹ ਕਿਸੇ 'ਤੇ ਬੋਝ ਨਾ ਬਣੇ। ਉਸਦੇ ਪਿਤਾ ਨੇ ਕਿਹਾ ਕਿ ਲੋਕ ਚੰਗੇ ਭਲੇ ਹੋਣ ਦੇ ਬਾਵਜੂਦ ਵੀ ਅਕਸਰ ਹੀ ਸ਼ਿਕਾਇਤ ਕਰਦੇ ਹਨ। ਇਥੋਂ ਤੱਕ ਕਿ ਖੁਦਕੁਸ਼ੀਆਂ ਕਰ ਲੈਂਦੇ ਪਰ ਗਗਨਦੀਪ ਉਨ੍ਹਾਂ ਲਈ ਇੱਕ ਵੱਡੀ ਮਿਸਾਲ ਹੈ ਕਿ ਜ਼ਿੰਦਗੀ ਹਾਰ ਕੇ ਨਹੀਂ ਸਗੋਂ ਜਿੱਤ ਕੇ ਹੀ ਜਿਉਣੀ ਚਾਹੀਦੀ ਹੈ। ਭਾਵੇਂ ਹਾਲਾਤ ਜਿਵੇਂ ਦੇ ਮਰਜ਼ੀ ਹੋਣ।
ਇਹ ਵੀ ਪੜ੍ਹੋ:

