ਨੈਸ਼ਨਲ ਹਾਈਵੇ ਉੱਤੇ ਲਾਇਆ ਝੋਨਾ, ਕਾਮਰੇਡ ਨੇ ਕਿਹਾ- "JE ਕਦੇ ਦਿਖਿਆ ਨਹੀਂ, ਸੜਕਾਂ ਦਾ ਮੰਦਾ ਹਾਲ, ਹੁੰਦੇ ਹਾਦਸੇ"
ਨੈਸ਼ਨਲ ਹਾਈਵੇ-354 ਦੀ ਖਸਤਾ ਹਾਲਤ, ਕਈ ਜਾਨਾਂ ਵੀ ਗਈਆਂ। ਈਓ ਅਤੇ NHAI ਤੋਂ ਤੁਰੰਤ ਕਾਰਵਾਈ ਦੀ ਮੰਗ। ਦੇਖੋ, ਪੱਤਰਕਾਰ ਰਣਬੀਰ ਸਿੰਘ ਰਿੰਪਲ ਦੀ ਰਿਪੋਰਟ।

Published : July 8, 2026 at 3:52 PM IST
ਤਰਨ ਤਾਰਨ: ਭਿੱਖੀਵਿੰਡ ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇ-354 ਉੱਤੇ ਕਿਸਾਨਾਂ ਤੇ ਸਥਾਨਕ ਵਾਸੀਆਂ ਨੇ ਮਿਲ ਕੇ ਝੋਨਾ ਲਾਇਆ। ਜਦੋਂ ਸਾਡੀ ਟੀਮ ਇੱਥੇ ਪਹੁੰਚਦੀ ਹੈ, ਤਾਂ ਇਹ ਜਾਣਨਾ ਚਾਹਿਆ ਕਿ ਆਖਿਰ ਉਹ ਅਜਿਹਾ ਕਿਉ ਕਰ ਰਹੇ ਹਨ? ਇਸ ਉੱਤੇ ਸਥਾਨਕ ਵਾਸੀਆਂ ਨੇ ਜਵਾਬ ਦਿੱਤਾ ਕਿ, "ਇਹ ਹਾਈਵੇ ਬਣਿਆ ਹੀ ਝੋਨਾ ਲਾਉਣ ਲਈ, ਲੰਘਣ ਲਈ ਨਹੀਂ, ਤੁਸੀਂ ਖੁਦ ਦੇਖ ਲਓ।"
ਈਟੀਵੀ ਭਾਰਤ ਦੀ ਟੀਮ ਨੇ ਗ੍ਰਾਊਂਡ ਜ਼ੀਰੋ ਤੋਂ ਹਾਲਾਤ ਦਿਖਾਏ ਜਿਸ ਵਿੱਚ ਇਹ ਸਥਾਨਕ ਵਾਸੀਆਂ ਦਾ ਰੋਸ ਸਾਬਿਤ ਵੀ ਹੋਇਆ ਅਤੇ ਜ਼ਾਹਿਰ ਵੀ। ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਭਿੱਖੀਵਿੰਡ ਸ਼ਹਿਰ ਵਿੱਚੋਂ ਲੰਘ ਰਹੇ ਨੈਸ਼ਨਲ ਹਾਈਵੇ-354 ਦੀਆਂ ਤਸਵੀਰਾਂ, ਜਿਸ ਦੇ ਹਾਲਾਤ ਦੇਖ ਕੇ ਉਹ ਹਾਈਵੇ ਘੱਟ, ਜਦਕਿ ਪੁਰਾਣੀ ਟੁੱਟੀ ਖਸਤਾ ਹਾਲਤ ਵਾਲੀ ਗਲੀ ਵੱਧ ਲੱਗ ਰਹੀ ਹੈ। ਸੁਣੋ ਹਾਲਾਤ...
ਰੋਜ਼ ਹਾਦਸਿਆਂ ਨੂੰ ਸੱਦਾ ਦੇ ਰਹੇ ਟੋਏ
ਨੈਸ਼ਨਲ ਹਾਈਵੇ-354 ਦੀ ਖਸਤਾ ਹਾਲਤ ਇਲਾਕਾ ਵਾਸੀਆਂ, ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਖ਼ਾਸ ਕਰਕੇ ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਨੇੜੇ ਸੜਕ 'ਤੇ ਪਏ ਡੂੰਘੇ ਖੱਡੇ ਹਰ ਰੋਜ਼ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਝੋਨਾ ਲਗਾ ਕੇ ਰੋਸ ਪ੍ਰਗਟ
ਹਾਈਵੇ ਕੰਢੇ ਸੜਕ ਉੱਤੇ ਖੜੇ ਪਾਣੀ ਵਿੱਚ ਝੋਨਾ ਲਾ ਰਹੇ ਇੱਕ ਸਥਾਨਕ ਵਾਸੀ ਨੇ ਕਿਹਾ ਕਿ, "ਇਹ ਕੌਮੀ ਮਾਰਗ ਚੱਲਣ ਲਈ ਹੈ ਨਹੀਂ, ਝੋਨਾ ਲਾਉਣ ਲਈ ਹੈ। ਕਿਸੇ ਕੰਮ ਤਾਂ ਆਏ ਸੜਕ। ਮੈਂ ਖੁਦ ਪਨੀਰੀ ਮੁੱਲ ਲਿਆ ਕੇ ਇੱਥੇ ਲਗਾ ਰਿਹਾ ਹਾਂ। ਮੇਰੇ ਸਾਹਮਣੇ ਇੱਥੇ ਬਹੁਤ ਸੜਕ ਹਾਦਸੇ ਹੋਏ ਹਨ। ਝੋਨਾ ਲੱਗਿਆ ਦੇਖ ਕੀ ਪਤਾ ਸਰਕਾਰ ਨੂੰ ਦਿਖਾਈ ਦੇਵੇ ਕਿ ਇੱਥੇ ਸੜਕ ਬਣਨੀ ਹੈ।"
ਸਥਾਨਕ ਵਾਸੀਆਂ ਨੇ ਦੱਸਿਆ ਕਿ, "ਹਾਈਵੇ ਦੀ ਖਸਤਾ ਹਾਲਤ ਹੈ, ਸੀਵਰੇਜ ਦੀ ਹਾਲਤ ਵੀ ਨਾਜ਼ੁਕ ਹੈ, ਉਹ ਮੀਂਹ ਤੱਕ ਦਾ ਪਾਣੀ ਵੀ ਨਹੀਂ ਝੱਲ ਸਕਦਾ। ਇੱਥੇ ਹੁਣ ਖੜੇ ਪਾਣੀ ਨਾਲੋਂ ਵੀ ਵੱਧ ਪਾਣੀ ਜਮਾਂ ਹੋ ਜਾਂਦਾ ਹੈ। ਡੂੰਘੇ ਟੋਏ ਹਨ ਜਿਸ ਕਰਕੇ ਲੋਕ ਪ੍ਰਭਾਵਿਤ ਹੁੰਦੇ। ਸੀਵਰੇਜਾਂ ਦੇ ਲੈਵਲ ਵੀ ਸਹੀ ਨਹੀਂ ਹਨ।"

ਹੁਣ ਤੱਕ ਕਈ ਜਾਨਾਂ ਗਈਆਂ
ਇੱਕ ਹੋਰ ਸਥਾਨਕ ਵਾਸੀ ਨੇ ਦੱਸਿਆ ਕਿ, "ਇੱਥੇ ਪਾਣੀ ਜਮਾਂ ਹੋ ਜਾਂਦਾ ਹੈ। ਅਸੀਂ ਇੱਥੇ ਮਾਰਕੀਟ ਵਿੱਚ ਰਹਿੰਦੇ ਹਾਂ। 1-2 ਜਣਿਆਂ ਦੀਆਂ ਜਾਨਾਂ ਤੱਕ ਜਾ ਚੁੱਕੀਆਂ ਹਨ। ਇੱਕ ਰਾਤ ਪ੍ਰਵਾਸੀ ਕੰਮ ਕਰਕੇ ਮੋਟਰਾਸਇਕਲ ਉੱਤੇ ਘਰ ਵਾਪਸ ਜਾ ਰਹੇ ਸੀ, ਹਨ੍ਹੇਰਾ ਤੇ ਪਾਣੀ ਹੋਣ ਕਰਕੇ ਉਨ੍ਹਾਂ ਨੂੰ ਸੜਕ ਸਮਝ ਨਹੀਂ ਆਈ ਅਤੇ ਡਿਵਾਈਡਰ ਨਾਲ ਟਕਰਾ ਗਏ, ਜਿਸ ਦੀ ਮੌਤ ਹੋ ਗਈ। ਕਈ ਵਾਰ ਇੱਥੇ ਬੱਚੇ ਤੇ ਬਜ਼ੁਰਗ ਡਿੱਗੇ ਹਨ। ਇੱਕ ਦਿਨ ਈ-ਰਿਕਸ਼ਾ ਵੀ ਉਲਟ ਗਿਆ ਜਿਸ ਵਿੱਚ ਸਵਾਰੀਆਂ ਬੈਠੀਆਂ ਸਨ। ਟੈਂਡਰ ਲੈਣ ਵਾਲੇ ਟੈਂਡਰ ਅਤੇ ਪੈਸੇ ਲੈ ਲੈਂਦੇ..ਬਾਕੀ ਤੁਹਾਨੂੰ ਪਤਾ ਪੈਸੇ ਕੀਤੇ ਜਾਂਦੇ। ਸੈਂਟਰ ਸਰਕਾਰ ਪੈਸੇ ਦਿੰਦੀ ਠੇਕੇਦਾਰ ਨੂੰ, ਪਰ ਠੇਕੇਦਾਰ ਅੱਜ ਤੱਕ ਨਹੀਂ ਲੱਭਿਆ।"
ਕਈ ਵਾਰ ਫਸੀਆਂ ਗੱਡੀਆਂ
ਇਲਾਕਾ ਵਾਸੀਆਂ ਮੁਤਾਬਕ, "ਬਰਸਾਤ ਦੇ ਦਿਨਾਂ ਵਿੱਚ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਸੜਕ ਦੀ ਅਸਲ ਹਾਲਤ ਦਾ ਅੰਦਾਜ਼ਾ ਨਹੀਂ ਲੱਗਦਾ। ਇਸ ਕਾਰਨ ਦੋਪਹੀਆ ਵਾਹਨ ਚਾਲਕਾਂ, ਸਕੂਲੀ ਵਿਦਿਆਰਥੀਆਂ ਅਤੇ ਬਜ਼ੁਰਗਾਂ ਲਈ ਇਹ ਰਸਤਾ ਬਹੁਤ ਖ਼ਤਰਨਾਕ ਬਣ ਗਿਆ ਹੈ। ਹਾਲ ਹੀ ਵਿੱਚ ਇੱਕ ਕਾਰ ਡੂੰਘੇ ਖੱਡੇ ਵਿੱਚ ਫਸ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ, ਹਾਲਾਂਕਿ ਖੁਸ਼ਕਿਸਮਤੀ ਨਾਲ ਉਸ ਸਮੇਂ ਤਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ।"
NHAI ਦੀ ਕਾਰਗੁਜ਼ਾਰੀ ਉੱਤੇ ਵੀ ਉੱਠੇ ਸਵਾਲ
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਭਾਈ ਦਿਲਬਾਗ ਸਿੰਘ ਪਹੁਵਿੰਡ ਅਤੇ ਕਾਮਰੇਡ ਸੁਖਦੇਵ ਸਿੰਘ ਕਾਲਾ ਨੇ ਦੱਸਿਆ ਕਿ, "ਜਦੋਂ ਲੋਕਾਂ ਤੋਂ ਨਿਯਮਿਤ ਤੌਰ 'ਤੇ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ, ਤਾਂ ਬਦਲੇ ਵਿੱਚ ਸੁਰੱਖਿਅਤ ਅਤੇ ਮਿਆਰੀ ਸੜਕਾਂ ਮੁਹੱਈਆ ਕਰਵਾਉਣਾ ਸੰਬੰਧਿਤ ਅਥਾਰਟੀ ਦੀ ਜ਼ਿੰਮੇਵਾਰੀ ਹੈ। ਨੈਸ਼ਨਲ ਹਾਈਵੇ-354 ਦੀ ਮੌਜੂਦਾ ਹਾਲਤ ਐੱਨਐੱਚਏਆਈ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।"

"ਜੇਈ ਨੂੰ ਕਦੇ ਭਿਖੀਵਿੰਡ ਵਿੱਚ ਨਹੀਂ ਦੇਖਿਆ"
ਕਾਮਰੇਡ ਅਤੇ ਕਿਸਾਨ ਆਗੂਆਂ ਨੇ ਦੱਸਿਆ ਕਿ, ਇਸ ਮਾਮਲੇ ਸਬੰਧੀ ਐੱਨਐੱਚਏਆਈ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ, ਪਰ ਅਥਾਰਟੀ ਵੱਲੋਂ ਇਸ ਸੜਕ ਦੀ ਖਸਤਾ ਹਾਲਤ ਲਈ ਨਗਰ ਪੰਚਾਇਤ ਭਿੱਖੀਵਿੰਡ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦੂਜੇ ਪਾਸੇ, ਜਦੋਂ ਨਗਰ ਪੰਚਾਇਤ ਭਿੱਖੀਵਿੰਡ ਦੇ ਕਾਰਜਸਾਧਕ ਅਫ਼ਸਰ (ਈਓ) ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਇਸ ਲਈ ਐੱਨਐੱਚਏਆਈ ਨੂੰ ਹੀ ਕਸੂਰਵਾਰ ਦੱਸਿਆ। ਦੋਵੇਂ ਵਿਭਾਗਾਂ ਵੱਲੋਂ ਇੱਕ-ਦੂਜੇ 'ਤੇ ਜ਼ਿੰਮੇਵਾਰੀ ਸੁੱਟੇ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"
ਸਰਕਾਰ ਨੇ ਈਓ ਦਫ਼ਤਰ ਲਈ ਇੱਕ ਜੇਈ ਨੂੰ ਰੱਖਿਆ ਗਿਆ ਹੈ, ਪਰ ਅੱਜ ਤੱਕ ਉਸ ਨੂੰ ਭਿਖੀਵਿੰਡ ਨਹੀਂ ਦੇਖਿਆ। ਮੈਂ ਈਓ ਧਰਮਪਾਲ ਸਿੰਘ ਨੂੰ ਪੁੱਛਿਆ ਕਿ ਤੁਸੀ ਉਸ ਨੂੰ ਪੂਰਾ ਐਸਟੀਮੇਟ ਲਗਾ ਕੇ ਦਿੰਦੇ ਕਿਉ ਨਹੀਂ? ਈਓ ਕਹਿੰਦੇ ਉਹ ਦਫ਼ਤਰ ਆਉਂਦਾ ਹੀ ਨਹੀਂ, ਮੈਂ ਪੁੱਛਿਆ ਕਿ ਸ਼ਿਕਾਇਤ ਕਿਉਂ ਨਹੀਂ ਕਰਦੇ, ਉਹ (ਈਓ) ਕਹਿੰਦਾ ਕਿ ਉਸ (ਜੇਈ) ਨਾਲ ਸਰਕਾਰ ਖੜੀ ਹੈ। ਇਹ ਬਿਆਨ ਈਓ ਦੇ ਹਨ। ਮੈਨੂੰ ਲੱਗਦਾ ਕਿ ਉਹ ਘਰ ਬੈਠਾ ਹੀ ਬਿੱਲ ਬਣਾ ਰਿਹਾ ਹੈ ਅਤੇ ਤਨਖਾਹ ਲੈ ਰਿਹਾ ਹੈ। ਠੇਕੇਦਾਰਾਂ ਨੂੰ ਆਪਣਾ ਕੰਮ ਦੇ ਜਾਂਦਾ ਅਤੇ ਬਿੱਲ ਚੜ੍ਹਾ ਜਾਂਦਾ ਹੈ। ਮੈਂ ਕਦੇ ਉਸ ਦੇ ਦਰਸ਼ਨ ਨਹੀਂ ਕੀਤੇ।- ਕਾਮਰੇਡ ਸੁਖਦੇਵ ਸਿੰਘ ਕਾਲਾ
ਕੀ ਬੋਲੇ ਈਓ?
ਇਸ ਸਬੰਧੀ ਜਦੋਂ ਨਗਰ ਪੰਚਾਇਤ ਭਿੱਖੀਵਿੰਡ ਦੇ ਈਓ ਧਰਮਪਾਲ ਸਿੰਘ ਨਾਲ ਈਟੀਵੀ ਭਾਰਤ ਦੀ ਟੀਮ ਨੇ ਫੋਨ ਉੱਤੇ ਗੱਲਬਾਤ ਕੀਤੀ, ਤਾਂ ਉਨ੍ਹਾਂ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ, "ਇਸ ਪੂਰੇ ਮਾਮਲੇ ਦੀ ਜ਼ਿੰਮੇਵਾਰੀ ਹਾਈਵੇ ਅਥਾਰਟੀ ਦੀ ਬਣਦੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਹਾਈਵੇ ਅਥਾਰਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਇਸ ਦਾ ਠੀਕਰਾ ਨਗਰ ਪੰਚਾਇਤ ਦੇ ਸਿਰ ਭੰਨ ਰਹੀ ਹੈ।" ਉਨ੍ਹਾਂ ਕਿਹਾ ਕਿ, "ਨਗਰ ਪੰਚਾਇਤ ਵੱਲੋਂ ਕੰਮ ਦਾ ਪੂਰਾ ਐਸਟੀਮੇਟ ਤਿਆਰ ਕਰਕੇ ਮਨਜ਼ੂਰੀ ਲਈ ਭੇਜਿਆ ਜਾ ਚੁੱਕਾ ਹੈ ਅਤੇ ਜਿਵੇਂ ਹੀ ਐਸਟੀਮੇਟ ਮਨਜ਼ੂਰ ਹੋਵੇਗਾ, ਤੁਰੰਤ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।"

ਬੇਕਸੂਰ ਲੋਕਾਂ ਦੀਆਂ ਜਾਨਾਂ ਜਾਣ ਦਾ ਵੀ ਖ਼ਤਰਾ
ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਖੁਦ ਦਖ਼ਲ ਦੇ ਕੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਨਗਰ ਪੰਚਾਇਤ ਵਿਚਕਾਰ ਤਾਲਮੇਲ ਕਰਵਾਉਣ ਅਤੇ ਇਸ ਸਮੱਸਿਆ ਦਾ ਜਲਦ ਤੋਂ ਜਲਦ ਸਥਾਈ ਹੱਲ ਯਕੀਨੀ ਬਣਾਉਣ।
ਲੋਕਾਂ ਦਾ ਕਹਿਣਾ ਹੈ ਕਿ, "ਸੜਕ ਦੀ ਮੁਰੰਮਤ ਵਿੱਚ ਹੋਰ ਦੇਰੀ ਨਾ ਸਿਰਫ਼ ਆਵਾਜਾਈ ਨੂੰ ਪ੍ਰਭਾਵਿਤ ਕਰੇਗੀ, ਸਗੋਂ ਬੇਕਸੂਰ ਲੋਕਾਂ ਦੀਆਂ ਜਾਨਾਂ ਲਈ ਵੀ ਵੱਡਾ ਖ਼ਤਰਾ ਸਾਬਤ ਹੋ ਸਕਦੀ ਹੈ। ਫਿਲਹਾਲ ਇਲਾਕਾ ਵਾਸੀਆਂ ਦੀਆਂ ਨਜ਼ਰਾਂ ਪ੍ਰਸ਼ਾਸਨ, ਐੱਨਐੱਚਏਆਈ ਅਤੇ ਨਗਰ ਪੰਚਾਇਤ ਦੀ ਅਗਲੀ ਕਾਰਵਾਈ 'ਤੇ ਟਿਕੀਆਂ ਹੋਈਆਂ ਹਨ ਕਿ ਆਖ਼ਿਰ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਇਸ ਗੰਭੀਰ ਸਮੱਸਿਆ ਦਾ ਹੱਲ ਕਦੋਂ ਕੀਤਾ ਜਾਂਦਾ ਹੈ।"
ਸੜਕ ਦੀ ਮੁਰੰਮਤ ਜਲਦ ਕਰਵਾਉਣ ਦੀ ਚੇਤਾਵਨੀ
ਕਾਮਰੇਡ ਸੁਖਦੇਵ ਸਿੰਘ ਕਾਲਾ ਨੇ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਇਹ ਖਸਤਾ ਸੜਕ ਕਿਸੇ ਵੀ ਵੇਲੇ ਵੱਡੇ ਜਾਨੀ-ਮਾਲੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਉੱਥੇ ਹੀ ਕਿਸਾਨ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਪਹੂਵਿੰਡ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟੋਲ ਪਲਾਜ਼ਾ ਮੁਫ਼ਤ ਕਰਵਾਉਣ ਦੇ ਨਾਲ-ਨਾਲ ਭਿੱਖੀਵਿੰਡ ਚੌਂਕ ਅਤੇ ਨਗਰ ਪੰਚਾਇਤ ਦਫ਼ਤਰ ਦਾ ਘਿਰਾਓ ਕਰਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

