ਮਾਂ ਨੇ ਆਪਣੇ 3 ਬੱਚਿਆਂ ਦਾ ਕਤਲ ਕਰਕੇ ਕੀਤੀ ਖੁਦਕੁਸ਼ੀ, ਜਾਂਚ ਜਾਰੀ
ਇੱਕ ਔਰਤ ਨੇ ਆਪਣੇ ਤਿੰਨ ਨਬਾਲਿਗ ਬੱਚਿਆਂ ਦਾ ਗਲਾ ਦਬਾ ਕੇ ਕਤਲ ਕੀਤਾ, ਮਗਰੋਂ ਖੁਦ ਵੀ ਕੀਤੀ ਖੁਦਕੁਸ਼ੀ।

Published : July 3, 2026 at 7:52 AM IST
ਮਾਨਸਾ: ਸ਼ਹਿਰ ਦੇ ਵਾਰਡ ਨੰਬਰ-3 ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਜਿੱਥੇ ਇੱਕ ਮਾਂ ਵੱਲੋਂ ਹੀ ਆਪਣੇ 3 ਨਾਬਾਲਗ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇੰਨਾਂ ਹੀ ਨਹੀਂ, ਬੱਚਿਆਂ ਨੂੰ ਜਾਨੋਂ ਮਾਰਨ ਤੋਂ ਬਾਅਦ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਸੰਦੀਪ ਕੌਰ ਦੇ ਪਤੀ ਦੀ 4 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਔਰਤ ਦੀਆਂ 2 ਧੀਆਂ ਤੇ ਇੱਕ ਪੁੱਤਰ
ਮ੍ਰਿਤਕ ਸੰਦੀਪ ਕੌਰ ਦੇ ਰਿਸ਼ਤੇਦਾਰ ਰੌਸ਼ਨ ਸਿੰਘ ਨੇ ਦੱਸਿਆ ਕਿ, "ਰਿਸ਼ਤੇ ਵਿੱਚ ਉਨ੍ਹਾਂ ਦੀ ਸਾਲੀ ਲੱਗਦੀ ਸੰਦੀਪ ਕੌਰ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਨੂੰ ਉਸ ਸਮੇਂ ਪਤਾ ਲੱਗਾ, ਜਦੋਂ ਉਸ ਦਾ ਮੁੰਡਾ ਘਰ ਦੇ ਬਾਹਰ ਬੈਠਾ ਰੋ ਰਿਹਾ ਸੀ।" ਉਨ੍ਹਾਂ ਦੱਸਿਆ ਕਿ, ਮ੍ਰਿਤਕ ਸੰਦੀਪ ਕੌਰ ਦੀ ਲਾਸ਼ ਨੂੰ ਹੇਠਾਂ ਉਤਾਰ ਕੇ ਪੁਲਿਸ ਨੂੰ ਸੂਚਨਾ ਦਿੱਤੀ।
ਮ੍ਰਿਤਕ ਔਰਤ ਦੇ ਰਿਸ਼ਤੇਦਾਰ ਨੇ ਦੱਸਿਆ ਕਿ, "ਵੱਡੀ ਕੁੜੀ ਦਾ ਨਾਮ ਮੋਟੋ (13 ਸਾਲ), ਛੋਟੀ ਕੁੜੀ ਦਾ ਨਾਮ ਕਾਲੂ, ਜੋ 8 ਸਾਲ ਦੀ ਸੀ ਅਤੇ ਡੇਢ ਸਾਲ ਦੇ ਬੱਚੇ ਦਾ ਨਾਮ ਵਿਸ਼ਵਾਸ ਹੈ, ਜੋ ਬੈੱਡ ਉੱਤੇ ਅੰਦਰ ਮਰੇ ਪਏ ਸੀ। ਸੰਦੀਪ ਕੌਰ ਦਾ ਇਹ ਦੂਜਾ ਵਿਆਹ ਸੀ। ਉਹ ਆਪਣੀ ਮਾਂ ਨਾਲ ਇੱਥੇ ਕਿਰਾਏ ਉੱਤੇ ਰਹਿ ਰਹੇ ਸਨ, ਘਟਨਾ ਸਮੇਂ ਮਾਂ ਯਾਨੀ ਮੇਰੀ ਸੱਸ ਘਰ ਵਿੱਚ ਮੌਜੂਦ ਨਹੀਂ ਸੀ, ਉਹ ਰਿਸ਼ਤੇਦਾਰ ਦੇ ਘਰ ਗਈ ਹੋਈ ਹੈ।"
ਰੌਸ਼ਨ ਨੇ ਦੱਸਿਆ ਕਿ, "ਇਹ ਦੋ ਭੈਣਾਂ ਸਨ, ਇਸ (ਮ੍ਰਿਤਕ ਸੰਦੀਪ ਕੌਰ) ਦੀ ਛੋਟੀ ਭੈਣ ਉਸ ਨਾਲ ਵਿਆਹੀ ਹੋਈ ਹੈ, ਉਹ ਝੋਨਾ ਲਗਾਉਣ ਦਾ ਕੰਮ ਕਰਦੀ ਹੈ ਅਤੇ ਉਹ ਖੁਦ ਮਿਸਤਰੀ ਨਾਲ ਕੰਮ ਕਰਦਾ ਹੈ।"
ਸਾਬਕਾ ਕੌਂਸਲਰ ਨੇ ਪਰਿਵਾਰ ਨਾਲ ਜਤਾਇਆ ਦੁੱਖ
ਇਸ ਮੌਕੇ ਸਾਬਕਾ ਕੌਂਸਲਰ ਰਾਮ ਪਾਲ ਨੇ ਕਿਹਾ ਕਿ, "ਇਹ ਜੋ ਘਟਨਾ ਵਾਪਰੀ ਹੈ, ਬੇਹਦ ਹੀ ਦੁੱਖਦਾਈ ਹੈ। ਹੁਣ ਇਹ ਰੱਬ ਹੀ ਜਾਣਦਾ ਹੈ ਕਿ ਇੱਕ ਮਾਂ ਨੇ ਆਪਣੇ ਬੱਚੇ ਖ਼ਤਮ ਕਰਕੇ, ਖੁਦ ਨੂੰ ਵੀ ਖ਼ਤਮ ਕੀਤਾ ਹੈ, ਅਜਿਹੇ ਕਿਹੜੇ ਕਾਰਨ ਬਣੇ ਹਨ। ਸਾਡੇ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।"
ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ
ਥਾਣਾ ਸਿਟੀ ਟੂ ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ, "ਉਨ੍ਹਾਂ ਨੂੰ ਜਾਣਕਾਰੀ ਮਿਲੀ ਔਰਤ ਵਲੋਂ ਪਹਿਲਾਂ ਬੱਚਿਆਂ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਗਿਆ ਹੈ ਅਤੇ ਇਸ ਤੋਂ ਬਾਅਦ ਖੁਦ ਵੀ ਔਰਤ ਨੇ ਖੁਦਕੁਸ਼ੀ ਕਰ ਲਈ ਹੈ। ਕਾਰਨ ਅਜੇ ਸੱਪਸ਼ਟ ਨਹੀਂ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।"

