ਸੁੱਖਾ ਕਾਹਲਵਾਂ ਕਤਲਕਾਂਡ ਦੇ ਇਕਲੌਤੇ ਗਵਾਹ ਦਾ ਕਤਲ, ਪਰਿਵਾਰ ਵਿੱਚ ਸੋਗ, ਜਾਣੋ ਮਾਮਲਾ
ਸੁੱਖਾ ਕਾਹਲਵਾਂ ਕਤਲਕਾਂਡ ਦੇ ਇਕਲੌਤੇ ਗਵਾਹ ਗੁਰਪ੍ਰੀਤ ਸਿੰਘ ਦਾ ਗੋਲੀ ਮਾਰ ਕੇ ਕਤਲ।

Published : May 1, 2026 at 1:59 PM IST
|Updated : May 1, 2026 at 4:46 PM IST
ਕਪੂਰਥਲਾ: ਜ਼ਿਲ੍ਹਾ ਕਪੂਰਥਲਾ ਦੇ ਢਿਲਵਾਂ ਖੇਤਰ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਬਹੁਤ ਹੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ, ਜਦੋਂ ਜੀਟੀ ਰੋਡ ‘ਤੇ ਏਵਨ ਪੈਲੇਸ ਦੇ ਨਜ਼ਦੀਕ ਕਾਰ ਵਿੱਚ ਬੈਠੇ ਨੌਜਵਾਨ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ, ਜਦਕਿ ਇਸ ਕਤਲ ਦੇ ਪਿੱਛੇ ਵੱਡੀ ਗੈਂਗ ਰੰਜਿਸ਼ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਮ੍ਰਿਤਕ ਦੀ ਪਛਾਣ ਤੇ ਪਿਛੋਕੜ
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਨਿੱਜਰ ਪੁੱਤਰ ਜਸਮੀਤ ਸਿੰਘ ਵਾਸੀ ਪਿੰਡ ਜੈਰਾਮਪੁਰ, ਥਾਣਾ ਸੁਭਾਨਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਮਾਮਲੇ ਦਾ ਇਕਲੌਤਾ ਗਵਾਹ ਸੀ, ਜਿਸ ਕਾਰਨ ਇਸ ਵਾਰਦਾਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਗੁਰਪ੍ਰੀਤ ਸਿੰਘ ਨਿਜਰ ਮੇਰਾ ਪੁੱਤਰ ਹੈ ਜਿਸ ਨੂੰ ਗੋਲੀਆਂ ਮਾਰੀਆਂ। ਪੁਲਿਸ ਮੁਲਾਜ਼ਮਾਂ ਨੇ ਇਸ ਦੀ ਜਾਣਕਾਰੀ ਦਿੱਤੀ। ਭਤੀਜੀ ਨੂੰ ਦੱਸ ਕੇ ਗਿਆ ਕਿ ਮੈਂ ਮੈਕਡੀ ਚੱਲਾ ਹਾਂ। ਸਾਨੂੰ ਢਿਲਵਾਂ ਥਾਣੇ ਤੋਂ ਆਈ ਪੁਲਿਸ ਨੇ ਜਾਣਕਾਰੀ ਦਿੱਤੀ। ਜਦੋਂ ਦੀ ਸੁੱਖਾ ਕਾਹਲਵਾਂ ਮਾਮਲੇ ਵਿੱਚ ਗਵਾਹੀ ਦਿੱਤੀ ਸੀ, ਉਦੋਂ ਹੀ ਮਨ ਹਮੇਸ਼ਾ ਡਰਦਾ ਸੀ। 17-18 ਸਾਲ ਦੀ ਉਮਰ ਤੋਂ ਇੱਕ ਦੂਜੇ ਨੂੰ ਜਾਣਦੇ ਸੀ। ਗੁਰਪ੍ਰੀਤ ਦੀ ਉਮਰ 33 ਸਾਲ ਸੀ। ਪਹਿਲਾਂ ਵੀ ਹਮਲਾ ਹੋਇਆ ਸੀ।
- ਮ੍ਰਿਤਕ ਗੁਰਪ੍ਰੀਤ ਸਿੰਘ ਦੀ ਮਾਂ
ਘਰੋਂ ਮੈਕ-ਡੀ ਗਿਆ ਸੀ ਮ੍ਰਿਤਕ
ਮ੍ਰਿਤਕ ਦਾ ਦੋਸਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ, "ਇਹ ਘਰੋਂ ਸ਼ਾਮ 7 ਕੁ ਵਜੇ ਢਿਲਵਾਂ ਮੈਕਡੀ ਗਏ। ਉਸ ਤੋਂ ਬਾਅਦ ਪਤਾ ਲੱਗਾ ਕਿ ਗੁਰਪ੍ਰੀਤ ਨੂੰ ਰਾਤ 8 ਤੋਂ 9 ਵਜੇ ਦੇ ਵਿੱਚ ਗੋਲੀ ਮਾਰੀ ਗਈ ਹੈ। ਦੇਰ ਰਾਤ 1 ਵਜੇ ਦੇ ਕਰੀਬ ਇਸ ਵਾਰਦਾਤ ਬਾਰੇ ਪਤਾ ਲੱਗਾ। ਧਮਕੀਆਂ ਮਿਲਣ ਬਾਰੇ ਕੁੱਝ ਨਹੀਂ ਪਤਾ, ਇਸ ਦੀ ਜਾਂਚ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਉੱਤੇ ਹਮਲਾ ਹੋਇਆ ਸੀ ਅਤੇ ਪੁਲਿਸ ਦੇ ਸੁਰੱਖਿਆ ਵੀ ਸੀ। ਪਰ, ਹੁਣ ਇਹ ਭਾਣਾ ਵਾਪਰ ਗਿਆ। ਗੁਰਪ੍ਰੀਤ ਦਾ ਵਿਆਹ ਅਜੇ ਨਹੀਂ ਹੋਇਆ ਸੀ। ਸੁੱਖਾ ਕਾਹਲਵਾਂ ਉਨ੍ਹਾਂ ਦਾ ਵਧੀਆ ਦੋਸਤ ਸੀ। ਉਸ ਦੇ ਕਤਲ ਮਾਮਲੇ ਵਿੱਚ ਗਵਾਹੀ ਦਿੱਤੀ ਸੀ।"
ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ, ਪਰਿਵਾਰ ਵਿੱਚ ਗੁਰਪ੍ਰੀਤ ਦੀ ਮਾਂ-ਪਿਤਾ, ਭਰਾ ਅਤੇ 2 ਭੈਣਾਂ ਹਨ। ਦੋਨੋਂ ਭੈਣਾਂ ਵਿਆਹੀਆਂ ਹਨ, ਉਹ ਵਿਦੇਸ਼ ਹਨ। ਗੁਰਪ੍ਰੀਤ ਦਾ ਭਰਾ ਵਿਆਹਿਆ ਹੈ ਅਤੇ ਉਹ ਵੀ ਵਿਦੇਸ਼ ਰਹਿੰਦੇ ਹਨ। ਇੱਥੇ ਭਰਜਾਈ ਅਤੇ ਉਨ੍ਹਾਂ ਦੇ ਬੱਚੇ ਹਨ।
ਵਾਰਦਾਤ ਦਾ ਤਰੀਕਾ
ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘ ਆਪਣੀ ਕਾਰ ਵਿੱਚ ਡਰਾਈਵਰ ਸੀਟ ‘ਤੇ ਬੈਠਾ ਹੋਇਆ ਸੀ। ਇਸ ਦੌਰਾਨ ਹਮਲਾਵਰਾਂ ਨੇ ਸਾਹਮਣੇ ਤੋਂ ਕਾਰ ਦੇ ਸ਼ੀਸ਼ੇ ਰਾਹੀਂ ਤਾਬੜਤੋੜ ਫਾਇਰਿੰਗ ਕੀਤੀ। ਗੋਲੀ ਸਿੱਧੀ ਉਸ ਨੂੰ ਲੱਗੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਐਸਐਸਪੀ ਦਾ ਬਿਆਨ
ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ, "ਬੀਤੀ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਢਿਲਵਾਂ ਇਲਾਕੇ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਇੱਕ ਗੱਡੀ ਸਵਾਰ ‘ਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਨਿੱਜਰ ਵਜੋਂ ਹੋਈ ਹੈ। ਪਰਿਵਾਰਕ ਬਿਆਨਾਂ ਦੇ ਆਧਾਰ ‘ਤੇ ਕਤਲ ਦਾ ਮਾਮਲਾ ਅਤੇ ਅਸਲਾ ਐਕਟ ਸਣੇ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਜਾ ਰਿਹਾ ਹੈ।"
ਉਨ੍ਹਾਂ ਅੱਗੇ ਦੱਸਿਆ ਕਿ, ਮ੍ਰਿਤਕ ਦੇ ਖ਼ਿਲਾਫ਼ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਸਨ, ਜਿਨ੍ਹਾਂ ਵਿੱਚ ਅਸਲਾ ਐਕਟ, ਡਕੈਤੀ ਅਤੇ ਐਨਡੀਪੀਐਸ ਨਾਲ ਸੰਬੰਧਿਤ ਮਾਮਲੇ ਸ਼ਾਮਲ ਹਨ। ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ
ਉਧਰ, ਇਸ ਕਤਲ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਵਿਅਕਤੀਆਂ ਵੱਲੋਂ ਇਸ ਵਾਰਦਾਤ ਦੀ ਜ਼ਿੰਮੇਵਾਰੀ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਗਿਰੋਹਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਹਾਲਾਂਕਿ, ਪੁਲਿਸ ਵੱਲੋਂ ਇਸ ਪੋਸਟ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਅਤੇ ਇਸ ਦੀ ਜਾਂਚ ਜਾਰੀ ਹੈ।

