ਸਰਕਾਰੀ ਟੈਂਕੀ ਵਾਲੀ ਥਾਂ ਤੋਂ ਲਾਹਣ ਦੇ 10 ਡਰੰਮ ਜ਼ਬਤ, ਪਹਿਲਾਂ ਵੀ ਇਸੇ ਥਾਂ ਤੋਂ ਹੋਈ ਸੀ ਬਰਾਮਦਗੀ
ਪਿੰਡ ਕੋਟਲੀ ਸਕਾ ਵਿੱਚ ਸਰਕਾਰੀ ਟੈਂਕੀ ਵਾਲੀ ਜਗ੍ਹਾ ਤੋਂ 1800 ਲੀਟਰ ਨਜਾਇਜ਼ ਲਾਹਣ ਬਰਾਮਦ ਕੀਤੀ ਗਈ।

Published : September 2, 2026 at 12:56 PM IST
ਅੰਮ੍ਰਿਤਸਰ: ਲੋਪੋਕੇ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੋਟਲੀ ਸਕਾ ਵਿੱਚ ਐਕਸਾਈਜ਼ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਸਰਕਾਰੀ ਥਾਂ ’ਤੇ ਬਣੀ ਟੈਂਕੀ ਵਾਲੀ ਜਗ੍ਹਾ ਤੋਂ ਵੱਡੀ ਮਾਤਰਾ ਵਿੱਚ ਨਜਾਇਜ਼ ਲਾਹਣ ਬਰਾਮਦ ਕੀਤੀ ਗਈ ਹੈ। ਟੀਮ ਨੇ ਮੌਕੇ ਤੋਂ 10 ਡਰੰਮਾਂ ਵਿੱਚ ਭਰੀ ਕਰੀਬ 1800 ਲੀਟਰ ਲਾਹਣ ਜ਼ਬਤ ਕੀਤੀ ਹੈ। ਮਾਮਲੇ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਕਾਰੀ ਟੈਂਕੀ ਵਾਲੀ ਜਗ੍ਹਾ ’ਤੇ ਲਾਹਣ ਬਰਾਮਦ
ਜਾਣਕਾਰੀ ਦਿੰਦਿਆ ਐਕਸਾਈਜ਼ ਇੰਸਪੈਕਟਰ ਜਗਦੀਪ ਕੌਰ ਅਤੇ ਥਾਣਾ ਰਾਜਾਸਾਂਸੀ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ, "ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਤੇ ਰਹਿਨੁਮਾਈ ਹੇਠ ਨਜਾਇਜ਼ ਸ਼ਰਾਬ ਅਤੇ ਲਾਹਣ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਪਿੰਡ ਕੋਟਲੀ ਸਕਾ ਵਿੱਚ ਸਰਕਾਰੀ ਟੈਂਕੀ ਵਾਲੀ ਜਗ੍ਹਾ ’ਤੇ ਨਜਾਇਜ਼ ਲਾਹਣ ਹੋਣ ਦੀ ਗੁਪਤ ਸੂਚਨਾ ਮਿਲੀ ਸੀ।"
1800 ਲੀਟਰ ਲਾਹਣ ਜ਼ਬਤ
ਸੂਚਨਾ ਦੇ ਅਧਾਰ ’ਤੇ ਟੀਮ ਵੱਲੋਂ ਜਦੋਂ ਮੌਕੇ ’ਤੇ ਛਾਪੇਮਾਰੀ ਕੀਤੀ ਗਈ, ਤਾਂ ਉੱਥੇ 10 ਡਰੰਮਾਂ ਵਿੱਚ ਭਰੀ ਕਰੀਬ 1800 ਲੀਟਰ ਲਾਹਣ ਬਰਾਮਦ ਹੋਈ। ਅਧਿਕਾਰੀਆਂ ਮੁਤਾਬਕ ਲਾਹਣ ਮੌਕੇ ’ਤੇ ਲਵਾਰਿਸ ਹਾਲਤ ਵਿੱਚ ਮਿਲੀ, ਜਿਸ ਕਾਰਨ ਇਸ ਦੇ ਮਾਲਕ ਜਾਂ ਇਸ ਨੂੰ ਤਿਆਰ ਕਰਨ ਵਾਲੇ ਵਿਅਕਤੀਆਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਇਸ ਸਬੰਧੀ ਅਣਪਛਾਤਿਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ।
ਇਸੇ ਸਰਕਾਰੀ ਥਾਂ ਤੋਂ ਪਹਿਲਾਂ ਵੀ ਹੋਈ ਬਰਾਮਦਗੀ
ਅਧਿਕਾਰੀ ਜਗਦੀਪ ਕੌਰ ਨੇ ਇਹ ਵੀ ਦੱਸਿਆ ਕਿ, ਇਸੇ ਸਰਕਾਰੀ ਥਾਂ ਤੋਂ ਪਹਿਲਾਂ ਵੀ ਨਾਜਾਇਜ਼ ਲਾਹਣ ਬਰਾਮਦ ਹੋ ਚੁੱਕੀ ਹੈ। ਉਸ ਸਮੇਂ ਪਿੰਡ ਦੇ ਸਰਪੰਚ ਨੂੰ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਅਤੇ ਪੁਲਿਸ ਨੂੰ ਸਹਿਯੋਗ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ ਅਧਿਕਾਰੀਆਂ ਅਨੁਸਾਰ ਉਸ ਵੇਲੇ ਵੀ ਪੰਚਾਇਤ ਵੱਲੋਂ ਲੋੜੀਂਦਾ ਸਹਿਯੋਗ ਨਹੀਂ ਮਿਲਿਆ।
ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ
ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ, "ਮੌਜੂਦਾ ਕਾਰਵਾਈ ਦੌਰਾਨ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਮੌਕੇ ’ਤੇ ਪਹੁੰਚਣ ਲਈ ਸੁਨੇਹਾ ਵੀ ਭੇਜਿਆ ਗਿਆ ਸੀ, ਪਰ ਉਹ ਮੌਕੇ ’ਤੇ ਨਹੀਂ ਪਹੁੰਚੇ। ਪੁਲਿਸ ਵੱਲੋਂ ਹੁਣ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰੀ ਜਗ੍ਹਾ ’ਤੇ ਇੰਨੀ ਵੱਡੀ ਮਾਤਰਾ ਵਿੱਚ ਲਾਹਣ ਕਿਸ ਵੱਲੋਂ ਰੱਖੀ ਗਈ ਸੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਾਂਚ ਦੌਰਾਨ ਜੋ ਵੀ ਵਿਅਕਤੀ ਇਸ ਗੈਰ ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।"

