ETV Bharat / state

ਹੋਟਲ ਰੈਸਟੋਰੈਂਟਾਂ 'ਚ ਜਾਣ ਵਾਲੇ ਲੋਕਾਂ ਲਈ ਝਟਕਾ, ਹੁਣ ਜੇਬ੍ਹ 'ਤੇ ਪਵੇਗਾ ਹੋਰ ਭਾਰ, ਜਾਣੋ ਕੀ ਹੈ ਕਾਰਨ ?

ਪੰਜਾਬ ਹੋਟਲ ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਵੱਲੋਂ ਲਿਆ ਗਿਆ ਵੱਡਾ ਫੈਸਲਾ, 1 ਜੂਨ ਤੋਂ ਸਾਰੇ ਡਿਸਕਾਊਂਟ ਬੰਦ, ਭੋਜਨ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ।

DISCOUNTS HOTELS RESTAURANTS CLOSED
ਹੋਟਲ ਰੈਸਟੋਰੈਂਟਾਂ 'ਚ ਜਾਣ ਵਾਲੇ ਲੋਕਾਂ ਲਈ ਝਟਕਾ (ETV Bharat)
author img

By ETV Bharat Punjabi Team

Published : June 1, 2026 at 6:56 PM IST

4 Min Read
Choose ETV Bharat

ਬਠਿੰਡਾ: ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਅਤੇ ਕੇਂਦਰ ਸਰਕਾਰ ਤੇ ਗੈਸ ਏਜੰਸੀਆਂ ਦੀ ਕਥਿਤ ਅਣਦੇਖੀ ਦੇ ਵਿਰੋਧ ਵਿੱਚ ਪੰਜਾਬ ਹੋਟਲ ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਦੀਪਾਂਸ਼ ਮਿੱਤਲ ਨੇ ਦੱਸਿਆ ਕਿ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ 1 ਜੂਨ 2026 ਤੋਂ ਬਠਿੰਡਾ ਦੇ ਹੋਟਲਾਂ, ਰੈਸਟੋਰੈਂਟਾਂ ਅਤੇ ਰਿਜ਼ੋਰਟਾਂ ਵਿੱਚ ਦਿੱਤੇ ਜਾਣ ਵਾਲੇ ਹਰ ਤਰ੍ਹਾਂ ਦੇ ਡਿਸਕਾਊਂਟ ਬੰਦ ਕਰ ਦਿੱਤੇ ਜਾਣਗੇ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ 11 ਫੀਸਦੀ ਤੋਂ 20 ਫੀਸਦੀ ਤੱਕ ਵਾਧਾ ਕੀਤਾ ਜਾਵੇਗਾ।

ਦੀਪਾਂਸ਼ ਮਿੱਤਲ, ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਨਾਲ ਖਾਸ ਗੱਲਬਾਤ (ETV Bharat)

ਵੱਧ ਰਹੀ ਲਾਗਤ ਕਾਰਨ ਹੋਟਲ ਅਤੇ ਰੈਸਟੋਰੈਂਟ ਚਲਾਉਣਾ ਮੁਸ਼ਕਲ

ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਹੋਟਲ ਉਦਯੋਗ ਵੱਲੋਂ ਕੇਂਦਰ ਸਰਕਾਰ ਅਤੇ ਸਬੰਧਤ ਗੈਸ ਏਜੰਸੀਆਂ ਨੂੰ ਮੰਗ ਪੱਤਰ, ਯਾਦ-ਪੱਤਰ ਅਤੇ ਈ-ਮੇਲ ਭੇਜ ਕੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਘਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਉਦਯੋਗ ਦੇ ਨੁਮਾਇੰਦਿਆਂ ਨੇ ਵਾਰ-ਵਾਰ ਸਰਕਾਰ ਦਾ ਧਿਆਨ ਇਸ ਪਾਸੇ ਦਿਵਾਇਆ ਕਿ ਲਗਾਤਾਰ ਵੱਧ ਰਹੀ ਲਾਗਤ ਕਾਰਨ ਹੋਟਲ ਅਤੇ ਰੈਸਟੋਰੈਂਟ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।

"ਹੋਟਲ ਉਦਯੋਗ ਪਹਿਲਾਂ ਹੀ ਬਿਜਲੀ, ਕਰਮਚਾਰੀਆਂ ਦੀਆਂ ਤਨਖਾਹਾਂ, ਖਾਣ-ਪੀਣ ਦੇ ਸਮਾਨ, ਕਿਰਾਏ, ਟੈਕਸਾਂ ਅਤੇ ਹੋਰ ਖ਼ਰਚਿਆਂ ਦਾ ਭਾਰੀ ਬੋਝ ਝੱਲ ਰਿਹਾ ਹੈ। ਅਜਿਹੇ ਵਿੱਚ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਉਦਯੋਗ ਦੀ ਕਮਰ ਤੋੜ ਰਿਹਾ ਹੈ। ਹੋਟਲ ਅਤੇ ਰੈਸਟੋਰੈਂਟ ਦਾ ਕਾਰੋਬਾਰ ਪੂਰੀ ਤਰ੍ਹਾਂ ਗੈਸ 'ਤੇ ਨਿਰਭਰ ਹੈ ਅਤੇ ਗੈਸ ਮਹਿੰਗੀ ਹੋਣ ਨਾਲ ਸਿੱਧਾ ਅਸਰ ਉਤਪਾਦਨ ਲਾਗਤ 'ਤੇ ਪੈਂਦਾ ਹੈ।" -ਦੀਪਾਂਸ਼ ਮਿੱਤਲ, ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ

ਭੋਜਨ ਦੀਆਂ ਕੀਮਤਾਂ ਵਿੱਚ ਵਾਧਾ

ਦੀਪਾਂਸ਼ ਮਿੱਤਲ ਨੇ ਕਿਹਾ ਕਿ ਭੋਜਨ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਕਿਸੇ ਵੀ ਤਰ੍ਹਾਂ ਦੀ ਮੁਨਾਫ਼ਾਖੋਰੀ ਜਾਂ ਲਾਲਚ ਦਾ ਨਤੀਜਾ ਨਹੀਂ। ਸਗੋਂ ਉਦਯੋਗ ਨੂੰ ਜਿਊਂਦਾ ਰੱਖਣ ਲਈ ਚੁੱਕਿਆ ਗਿਆ ਇੱਕ ਮਜ਼ਬੂਰੀ ਭਰਿਆ ਕਦਮ ਹੈ। ਜੇਕਰ ਸਮੇਂ ਸਿਰ ਸਰਕਾਰ ਨੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਿੱਚ ਰਾਹਤ ਨਾ ਦਿੱਤੀ ਤਾਂ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਛੋਟੇ-ਵੱਡੇ ਹੋਟਲ, ਢਾਬੇ, ਰੈਸਟੋਰੈਂਟ ਅਤੇ ਰਿਜ਼ੋਰਟ ਆਰਥਿਕ ਸੰਕਟ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਸਕਦੇ ਹਨ।

DISCOUNTS HOTELS RESTAURANTS CLOSED
ਪੰਜਾਬ ਹੋਟਲ ਰੈਸਟੋਰੈਂਟ ਐਂਡ ਰਿਜ਼ੋਰਟ (ETV Bharat)

"ਹੋਟਲ ਉਦਯੋਗ ਸਿਰਫ਼ ਇੱਕ ਵਪਾਰ ਨਹੀਂ, ਸਗੋਂ ਰੋਜ਼ਗਾਰ ਦਾ ਇੱਕ ਵੱਡਾ ਸਰੋਤ ਹੈ। ਇਸ ਉਦਯੋਗ ਨਾਲ ਕਰੋੜਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਰਸੋਈਏ, ਵੇਟਰ, ਸਫਾਈ ਕਰਮਚਾਰੀ, ਮੈਨੇਜਰ, ਸਪਲਾਇਰ, ਟਰਾਂਸਪੋਰਟਰ ਅਤੇ ਖਾਦ ਸਮੱਗਰੀ ਨਾਲ ਜੁੜੇ ਲੱਖਾਂ ਲੋਕਾਂ ਦੀ ਆਜੀਵਿਕਾ ਇਸ ਖੇਤਰ 'ਤੇ ਨਿਰਭਰ ਕਰਦੀ ਹੈ। ਜੇ ਉਦਯੋਗ ਲਗਾਤਾਰ ਘਾਟੇ ਵਿੱਚ ਚੱਲਦਾ ਰਿਹਾ ਤਾਂ ਕਈ ਅਦਾਰੇ ਬੰਦ ਹੋ ਸਕਦੇ ਹਨ, ਜਿਸ ਨਾਲ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ।" -ਦੀਪਾਂਸ਼ ਮਿੱਤਲ, ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ

ਗਾਹਕਾਂ 'ਤੇ ਵਾਧੂ ਬੋਝ

ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਦਯੋਗ ਨੇ ਹਮੇਸ਼ਾ ਸਰਕਾਰ ਦਾ ਸਾਥ ਦਿੱਤਾ ਹੈ ਅਤੇ ਕੋਵਿਡ ਮਹਾਂਮਾਰੀ ਵਰਗੇ ਮੁਸ਼ਕਲ ਦੌਰ ਵਿੱਚ ਵੀ ਭਾਰੀ ਨੁਕਸਾਨ ਸਹਿਣ ਦੇ ਬਾਵਜੂਦ ਰੋਜ਼ਗਾਰ ਬਚਾਉਣ ਲਈ ਯਤਨ ਕੀਤੇ। ਪਰ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਵੱਧ ਰਹੀ ਲਾਗਤ ਦਾ ਬੋਝ ਇਕੱਲੇ ਉਦਯੋਗ ਲਈ ਝੱਲਣਾ ਸੰਭਵ ਨਹੀਂ ਰਿਹਾ। ਕਿਹਾ ਕਿ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੇ ਲੰਬੇ ਸਮੇਂ ਤੱਕ ਆਪਣੇ ਗਾਹਕਾਂ 'ਤੇ ਵਾਧੂ ਬੋਝ ਨਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਹਾਲਾਤ ਕਾਬੂ ਤੋਂ ਬਾਹਰ ਹੋ ਚੁੱਕੇ ਹਨ। ਇਸ ਲਈ ਸਮੁੱਚੇ ਉਦਯੋਗ ਨੇ ਇਕਜੁੱਟ ਹੋ ਕੇ ਫੈਸਲਾ ਲਿਆ ਹੈ ਕਿ 1 ਜੂਨ ਤੋਂ ਸਾਰੇ ਵਿਸ਼ੇਸ਼ ਆਫਰ, ਛੂਟ ਅਤੇ ਡਿਸਕਾਊਂਟ ਯੋਜਨਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਮੀਨੂ ਦੀਆਂ ਕੀਮਤਾਂ ਵਿੱਚ ਲੋੜ ਅਨੁਸਾਰ ਸੋਧ ਕੀਤੀ ਜਾਵੇਗੀ।

ਐਸੋਸੀਏਸ਼ਨ ਨੇ ਕੇਂਦਰ ਸਰਕਾਰ ਕੋਲ ਇੱਕ ਵਾਰ ਫਿਰ ਮੰਗ ਕੀਤੀ ਹੈ ਕਿ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਤੁਰੰਤ ਰਾਹਤ ਦਿੱਤੀ ਜਾਵੇ ਅਤੇ ਹੋਟਲ ਉਦਯੋਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ। ਜੇ ਜਲਦ ਕੋਈ ਸਕਾਰਾਤਮਕ ਫੈਸਲਾ ਨਾ ਲਿਆ ਗਿਆ ਤਾਂ ਉਦਯੋਗ ਨੂੰ ਹੋਰ ਵੱਡੇ ਸੰਘਰਸ਼ਮਈ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਆਮ ਲੋਕਾਂ ਤੋਂ ਸਹਿਯੋਗ ਅਤੇ ਸਮਰਥਨ ਦੀ ਅਪੀਲ

ਅੰਤ ਵਿੱਚ ਪੰਜਾਬ ਹੋਟਲ ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਨੇ ਆਮ ਲੋਕਾਂ ਤੋਂ ਸਹਿਯੋਗ ਅਤੇ ਸਮਰਥਨ ਦੀ ਅਪੀਲ ਕਰਦਿਆਂ ਕਿਹਾ ਕਿ ਕੀਮਤਾਂ ਵਿੱਚ ਵਾਧੇ ਦਾ ਇਹ ਫੈਸਲਾ ਗਾਹਕਾਂ ਦੇ ਖ਼ਿਲਾਫ਼ ਨਹੀਂ। ਸਗੋਂ ਉਦਯੋਗ ਦੀ ਹੋਂਦ ਬਚਾਉਣ ਲਈ ਲਿਆ ਗਿਆ ਹੈ। ਐਸੋਸੀਏਸ਼ਨ ਨੂੰ ਉਮੀਦ ਹੈ ਕਿ ਲੋਕ ਉਨ੍ਹਾਂ ਦੀ ਮਜ਼ਬੂਰੀ ਨੂੰ ਸਮਝਣਗੇ ਅਤੇ ਇਸ ਔਖੇ ਸਮੇਂ ਵਿੱਚ ਉਦਯੋਗ ਦਾ ਸਾਥ ਦੇਣਗੇ।

"ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕਿਸੇ ਵੀ ਤਰ੍ਹਾਂ ਦੀ ਵਪਾਰਕ ਲਾਲਚ ਨਹੀਂ। ਸਗੋਂ ਹੋਟਲ ਉਦਯੋਗ ਨੂੰ ਬਚਾਉਣ ਦੀ ਆਖ਼ਰੀ ਕੋਸ਼ਿਸ਼ ਹੈ। ਪਿਛਲੇ ਲੰਬੇ ਸਮੇਂ ਤੋਂ ਅਸੀਂ ਕੇਂਦਰ ਸਰਕਾਰ ਅਤੇ ਗੈਸ ਏਜੰਸੀਆਂ ਨੂੰ ਲਗਾਤਾਰ ਪੱਤਰ, ਮੰਗ ਪੱਤਰ ਅਤੇ ਈ-ਮੇਲ ਭੇਜ ਕੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਘਟਾਉਣ ਦੀ ਮੰਗ ਕਰ ਰਹੇ ਹਾਂ। ਪਰ ਸਾਡੀ ਕਿਸੇ ਵੀ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ।"-ਦੀਪਾਂਸ਼ ਮਿੱਤਲ, ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ

DISCOUNTS HOTELS RESTAURANTS CLOSED
ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ (ETV Bharat)

ਦੀਪਾਂਸ਼ ਮਿੱਤਲ ਨੇ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਨੇ ਹੋਟਲ ਅਤੇ ਰੈਸਟੋਰੈਂਟ ਉਦਯੋਗ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਹੋਟਲ ਉਦਯੋਗ ਦੇਸ਼ ਦੇ ਕਰੋੜਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਪ੍ਰਦਾਨ ਕਰਦਾ ਹੈ। ਜੇ ਉਦਯੋਗ ਲਗਾਤਾਰ ਘਾਟੇ ਵਿੱਚ ਚੱਲਦਾ ਰਿਹਾ ਤਾਂ ਹਜ਼ਾਰਾਂ ਅਦਾਰੇ ਬੰਦ ਹੋਣ ਦੇ ਕੰਢੇ 'ਤੇ ਪਹੁੰਚ ਜਾਣਗੇ ਅਤੇ ਲੱਖਾਂ ਪਰਿਵਾਰਾਂ ਅੱਗੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਜਾਵੇਗਾ।

"ਅਸੀਂ ਸਾਲਾਂ ਤੱਕ ਵੱਧ ਰਹੀ ਲਾਗਤ ਦਾ ਬੋਝ ਖੁਦ ਝੱਲਿਆ, ਪਰ ਹੁਣ ਇਹ ਸੰਭਵ ਨਹੀਂ ਰਿਹਾ। ਅਸੀਂ ਜਨਤਾ ਤੋਂ ਸਹਿਯੋਗ ਦੀ ਅਪੀਲ ਕਰਦੇ ਹਾਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਿੱਚ ਤੁਰੰਤ ਰਾਹਤ ਦਿੱਤੀ ਜਾਵੇ। ਜੇ ਸਾਡੀਆਂ ਜਾਇਜ਼ ਮੰਗਾਂ 'ਤੇ ਹੁਣ ਵੀ ਧਿਆਨ ਨਾ ਦਿੱਤਾ ਗਿਆ ਤਾਂ ਹੋਟਲ ਉਦਯੋਗ ਆਪਣੀ ਹੋਂਦ ਅਤੇ ਕਰਮਚਾਰੀਆਂ ਦੇ ਭਵਿੱਖ ਦੀ ਰੱਖਿਆ ਲਈ ਅੱਗੇ ਵੀ ਸੰਘਰਸ਼ ਜਾਰੀ ਰੱਖੇਗਾ।”- ਦੀਪਾਂਸ਼ ਮਿੱਤਲ, ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ

ਇਹ ਵੀ ਪੜ੍ਹੋ