ਹੁੱਲੜਬਾਜ਼ਾਂ ਖਿਲਾਫ ਪੁਲਿਸ ਦੀ ਸਖ਼ਤੀ, ਖ਼ਾਸ ਨਾਕਾਬੰਦੀ ਅਤੇ ਪੋਸਟਰ ਰਾਹੀਂ ਚਿਤਾਵਨੀ ਜਾਰੀ
ਹੋਲੀ ਦੇ ਤਿਉਹਾਰ ਨੂੰ ਸ਼ਾਂਤਮਈ ਅਤੇ ਸੁਰੱਖਿਅਤ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਇੱਕ ਵਿਸ਼ੇਸ਼ ਪੋਸਟਰ ਜਾਰੀ ਕੀਤਾ ਗਿਆ ਹੈ।

Published : March 4, 2026 at 3:34 PM IST
|Updated : March 4, 2026 at 4:28 PM IST
ਪਟਿਆਲਾ/ਫਿਰੋਜ਼ਪੁਰ/ਮੋਗਾ/ਚੰਡੀਗੜ੍ਹ/ਅੰਮ੍ਰਿਤਸਰ : ਹੋਲੀ ਦੇ ਤਿਉਹਾਰ ਨੂੰ ਸ਼ਾਂਤਮਈ ਅਤੇ ਸੁਰੱਖਿਅਤ ਬਣਾਉਣ ਲਈ ਪੰਜਾਬ ਵੱਲੋਂ ਇੱਕ ਵਿਸ਼ੇਸ਼ ਪੋਸਟਰ ਜਾਰੀ ਕੀਤਾ ਗਿਆ ਹੈ। ਪੋਸਟਰ ਵਿੱਚ “Holi Warning – Punjab Police Special Arrangement for Party Spoilers” ਲਿਖ ਕੇ ਸਾਫ਼ ਸੰਦੇਸ਼ ਦਿੱਤਾ ਗਿਆ ਹੈ ਕਿ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੋਸਟਰ ਰਾਹੀਂ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਅਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ ਖ਼ਾਸ ਚਿਤਾਵਨੀ ਦਿੱਤੀ ਗਈ ਹੈ। ਪੁਲਿਸ ਨੇ ਵਿਅੰਗਾਤਮਕ ਅੰਦਾਜ਼ ਵਿੱਚ ਲਿਖਿਆ ਹੈ ਕਿ ਨਿਯਮ ਤੋੜਨ ਵਾਲਿਆਂ ਲਈ “ਫ੍ਰੀ ਐਂਟਰੀ ਪੁਲਿਸ ਸਟੇਸ਼ਨ, 2020 ਟ੍ਰੀਟਮੈਂਟ ਅਤੇ ਫ੍ਰੀ ਲੀਗਲ ਐਡਵਾਈਸ” ਦੀ ਵਿਵਸਥਾ ਕੀਤੀ ਗਈ ਹੈ। ਇਸ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣਾ ਹੈ।
'ਤਿਉਹਾਰ ਹੁੱਲੜਬਾਜ਼ੀ ਨਾਲ ਨਾ ਮਨਆਇਆ ਜਾਵੇ'
ਪਟਿਆਲਾ ਦੀ ਪ੍ਰਸਿੱਧ 22 ਨੰਬਰ ਮਾਰਕੀਟ, ਜੋ ਸ਼ਹਿਰ ਦੀ ਸਭ ਤੋਂ ਰਸ਼ਭਰੀਆਂ ਮਾਰਕੀਟਾਂ ਵਿੱਚੋਂ ਇੱਕ ਹੈ। ਇੱਥੇ ਐਸਐਚਓ ਮਾਡਲ ਟਾਊਨ ਦੀ ਅਗਵਾਈ ਹੇਠ ਖ਼ਾਸ ਨਾਕਾਬੰਦੀ ਕੀਤੀ ਗਈ। ਟ੍ਰਿਪਲ ਰਾਈਡਿੰਗ ਕਰ ਰਹੇ ਨੌਜਵਾਨਾਂ ਨੂੰ ਰੋਕ ਕੇ ਸਮਝਾਇਆ ਗਿਆ ਕਿ ਹੋਲੀ ਦਾ ਤਿਉਹਾਰ ਹੁੱਲੜਬਾਜ਼ੀ ਨਾਲ ਨਹੀਂ, ਸਗੋਂ ਪਿਆਰ ਅਤੇ ਭਾਈਚਾਰੇ ਨਾਲ ਮਨਾਇਆ ਜਾਣਾ ਚਾਹੀਦਾ ਹੈ।
ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ
ਐਸਐਚਓ ਮਾਡਲ ਟਾਊਨ ਗੁਰਪਿੰਦਰ ਸਿੰਘ ਨੇ ਦੱਸਿਆ ਕਿ, 'ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੇ ਸ਼ਹਿਰ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਵਰੁਣ ਸ਼ਰਮਾ ਐਸਐਸਪੀ ਪਟਿਆਲਾ ਅਤੇ ਐਸਪੀ ਪਲਵਿੰਦਰ ਸਿੰਘ ਚੀਮਾ ਦੇ ਮਾਰਗਦਰਸ਼ਨ ਹੇਠ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਗਸ਼ਤ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਕਿਸੇ ਨੂੰ ਵੀ ਕਾਨੂੰਨ-ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਰਾਬ ਪੀ ਕੇ ਵਾਹਨ ਚਲਾਉਣ, ਤੇਜ਼ ਰਫ਼ਤਾਰ, ਟ੍ਰਿਪਲ ਰਾਈਡਿੰਗ ਜਾਂ ਕਿਸੇ ਵੀ ਕਿਸਮ ਦੀ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।'
'ਪੁਲਿਸ ਵੱਲੋਂ ਅਪੀਲ'
ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਲੀ ਦਾ ਤਿਉਹਾਰ ਆਪਸੀ ਪਿਆਰ, ਸਾਂਝ ਅਤੇ ਸ਼ਾਂਤੀ ਨਾਲ ਮਨਾਉਣ ਅਤੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਸਭ ਲਈ ਤਿਉਹਾਰ ਸੁਰੱਖਿਅਤ ਅਤੇ ਖੁਸ਼ਗਵਾਰ ਬਣ ਸਕੇ।
ਫਿਰੋਜ਼ਪੁਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ
ਫਿਰੋਜ਼ਪੁਰ ਵਿੱਚ ਵੀ ਲੋਕਾਂ ਵੱਲੋਂ ਹੋਲੀ ਦਾ ਤਿਉਹਾਰ ਮਨਾਇਆ ਗਿਆ। ਸਵੇਰ ਤੋਂ ਹੀ ਬੱਚਿਆਂ ਅਤੇ ਨੌਜਵਾਨਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਹਰ ਪਾਸੇ ਰੰਗਾਂ ਦੀ ਬਹਾਰ ਅਤੇ ਖੁਸ਼ੀਆਂ ਦਾ ਮਹੌਲ ਬਣਿਆ ਰਿਹਾ। ਬੱਚਿਆਂ ਨੇ ਇਕ ਦੂਜੇ ਉੱਤੇ ਗੁਲਾਲ ਅਤੇ ਰੰਗ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ। ਨੌਜਵਾਨਾਂ ਨੇ ਡੀਜੇ ਦੀਆਂ ਧੁਨਾਂ ’ਤੇ ਨੱਚ ਕੇ ਅਤੇ ਗਿੱਧਾ-ਭੰਗੜਾ ਪਾਕੇ ਤਿਉਹਾਰ ਦੀ ਰੌਣਕ ਵਧਾਈ। ਕਈ ਥਾਵਾਂ ’ਤੇ ਮਠਿਆਈਆਂ ਵੰਡੀਆਂ ਗਈਆਂ।
ਭਾਈਚਾਰੇ ਅਤੇ ਪਿਆਰ ਦਾ ਸੰਦੇਸ਼
ਮਾਪਿਆਂ ਨੇ ਵੀ ਆਪਣੇ ਬੱਚਿਆਂ ਨਾਲ ਰੰਗਾਂ ਵਿੱਚ ਰੰਗ ਕੇ ਤਿਉਹਾਰ ਦਾ ਆਨੰਦ ਮਾਣਿਆ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਭਾਈਚਾਰੇ ਅਤੇ ਪਿਆਰ ਦਾ ਸੰਦੇਸ਼ ਦਿੱਤਾ। ਹੋਲੀ ਦੇ ਮੌਕੇ ’ਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਸਨ ਤਾਂ ਜੋ ਤਿਉਹਾਰ ਸ਼ਾਂਤੀਪੂਰਨ ਢੰਗ ਨਾਲ ਮਨਾਇਆ ਜਾ ਸਕੇ।

'ਭਾਈਚਾਰੇ ਦੀ ਮਿਸਾਲ ਕਾਇਮ'
ਲੋਕਾਂ ਨੇ ਕਿਹਾ ਕਿ ਹੋਲੀ ਸਿਰਫ ਰੰਗਾਂ ਦਾ ਤਿਉਹਾਰ ਨਹੀਂ, ਸਗੋਂ ਇਹ ਆਪਸੀ ਰੰਜਿਸ਼ਾਂ ਭੁਲਾ ਕੇ ਪਿਆਰ ਅਤੇ ਏਕਤਾ ਦਾ ਸੰਦੇਸ਼ ਦੇਣ ਵਾਲਾ ਤਿਉਹਾਰ ਹੈ। ਇਸ ਮੌਕੇ ’ਤੇ ਹਰ ਵਰਗ ਦੇ ਲੋਕਾਂ ਨੇ ਭਾਗ ਲੈਕੇ ਇਹ ਦਰਸਾਇਆ ਕਿ ਫਿਰੋਜ਼ਪੁਰ ਵਿੱਚ ਹਮੇਸ਼ਾਂ ਭਾਈਚਾਰੇ ਦੀ ਮਿਸਾਲ ਕਾਇਮ ਰਹੀ ਹੈ। ਸਥਾਨਕਵਾਸੀਆਂ ਨੇ ਕਿਹਾ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਖੁਸ਼ੀ ਨਾਲ ਹੋਲੀ ਮਨਾ ਰਹੇ ਹਨ ਅਤੇ ਅੱਗੇ ਵੀ ਇਸ ਪਰੰਪਰਾ ਨੂੰ ਜਾਰੀ ਰੱਖਣਗੇ। ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ "ਰੰਗਾਂ ਨਾਲ ਖੇਡਣਾ ਬਹੁਤ ਪਸੰਦ ਹੈ ਅਤੇ ਉਹ ਇਸ ਦਿਨ ਦਾ ਪੂਰਾ ਸਾਲ ਇੰਤਜ਼ਾਰ ਕਰਦੇ ਹਨ।"

ਮੋਗਾ ਸ਼ਹਿਰ ਰੰਗਾਂ ਅਤੇ ਖੁਸ਼ੀਆਂ ਨਾਲ ਝੂਮ ਉਠਿਆ
ਹੋਲੀ ਦੇ ਤਿਉਹਾਰ ਮੌਕੇ ਮੋਗਾ ਸ਼ਹਿਰ ਰੰਗਾਂ ਅਤੇ ਖੁਸ਼ੀਆਂ ਨਾਲ ਝੂਮ ਉਠਿਆ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਵੱਲੋਂ ਇਹ ਤਿਉਹਾਰ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਸਵੇਰੇ ਤੋਂ ਹੀ ਗਲੀਆਂ ਅਤੇ ਮੁਹੱਲਿਆਂ ਵਿੱਚ ਰੰਗਾਂ ਦੀਆਂ ਕਿਸਮਾਂ ਵੇਖਣ ਨੂੰ ਮਿਲੀਆਂ, ਜਿੱਥੇ ਹਰ ਉਮਰ ਦੇ ਲੋਕ ਤਿਉਹਾਰ ਦੀ ਰੌਣਕ ਵਿੱਚ ਡੁੱਬੇ ਨਜ਼ਰ ਆਏ। ਨੌਜਵਾਨ ਡੀਜੇ ‘ਤੇ ਨੱਚਦੇ-ਗਾਉਂਦੇ ਹੋਏ ਹੋਲੀ ਦਾ ਆਨੰਦ ਲੈਂਦੇ ਦਿਖਾਈ ਦਿੱਤੇ। ਰੰਗਾਂ ਨਾਲ ਰੰਗੇ ਚਿਹਰੇ ਅਤੇ ਖੁਸ਼ੀ ਨਾਲ ਚਮਕਦੀਆਂ ਅੱਖਾਂ ਇਸ ਗੱਲ ਦੀ ਗਵਾਹੀ ਦੇ ਰਹੀਆਂ ਸਨ ਕਿ ਲੋਕਾਂ ਵਿੱਚ ਤਿਉਹਾਰ ਲਈ ਕਿੰਨਾ ਉਤਸ਼ਾਹ ਹੈ। ਬੱਚੇ ਵੀ ਪਿਚਕਾਰੀਆਂ ਨਾਲ ਰੰਗ ਛਿੜਕਦੇ ਹੋਏ ਖੇਡਾਂ ਵਿੱਚ ਮਸਤ ਨਜ਼ਰ ਆਏ ਅਤੇ ਇਕ-ਦੂਜੇ ‘ਤੇ ਗੁਲਾਲ ਲਗਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਰਹੇ।
ਮਹਿਲਾਵਾਂ ਨੇ ਵੀ ਇਸ ਤਿਉਹਾਰ ਨੂੰ ਸੁਚੱਜੇ ਅਤੇ ਖੁਸ਼ਗਵਾਰ ਮਹੌਲ ਵਿੱਚ ਮਨਾਇਆ। ਉਹ ਗਰੁੱਪਾਂ ਵਿੱਚ ਇਕੱਠੀਆਂ ਹੋ ਕੇ ਗੀਤਾਂ ‘ਤੇ ਝੂਮਦੀਆਂ ਅਤੇ ਇਕ-ਦੂਜੇ ਨੂੰ ਗੁਲਾਲ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੰਦੀਆਂ ਦਿਖਾਈ ਦਿੱਤੀਆਂ। ਕਈ ਥਾਵਾਂ ‘ਤੇ ਘਰੇਲੂ ਮਠਿਆਈਆਂ ਅਤੇ ਠੰਡਾਈ ਨਾਲ ਮਹਿਮਾਨ-ਨਵਾਜ਼ੀ ਵੀ ਕੀਤੀ ਗਈ, ਜਿਸ ਨਾਲ ਤਿਉਹਾਰ ਦੀ ਰੌਣਕ ਹੋਰ ਵੀ ਵਧ ਗਈ।
ਸ਼ਹਿਰ ਦੇ ਬਾਜ਼ਾਰਾਂ ਵਿੱਚ ਚਹਿਲ-ਪਹਿਲ
ਇਸ ਮੌਕੇ ‘ਤੇ ਲੋਕਾਂ ਨੇ ਆਪਸੀ ਭਾਈਚਾਰੇ ਅਤੇ ਪਿਆਰ ਦਾ ਸੰਦੇਸ਼ ਵੀ ਦਿੱਤਾ। ਹਰ ਕੋਈ ਪੁਰਾਣੀਆਂ ਰੰਜਿਸ਼ਾਂ ਭੁਲਾ ਕੇ ਇਕ-ਦੂਜੇ ਨਾਲ ਗਲੇ ਮਿਲਦਾ ਅਤੇ “ਹੋਲੀ ਮੁਬਾਰਕ” ਕਹਿੰਦਾ ਨਜ਼ਰ ਆਇਆ। ਸ਼ਹਿਰ ਦੇ ਬਜ਼ਾਰਾਂ ਵਿੱਚ ਵੀ ਚਹਿਲ-ਪਹਿਲ ਰਹੀ ਅਤੇ ਰੰਗਾਂ ਦੀ ਖਰੀਦਦਾਰੀ ਵਿੱਚ ਖਾਸ ਵਾਧਾ ਦੇਖਣ ਨੂੰ ਮਿਲਿਆ। ਲੋਕਾਂ ਨੇ ਕਿਹਾ ਕਿ “ਹੋਲੀ ਸਾਡੇ ਲਈ ਖੁਸ਼ੀਆਂ ਦਾ ਤਿਉਹਾਰ ਹੈ। ਅਸੀਂ ਹਰ ਸਾਲ ਇਸ ਨੂੰ ਚਾਅ ਨਾਲ ਮਨਾਉਂਦੇ ਹਾਂ। ਦੋਸਤਾਂ ਤੇ ਪਰਿਵਾਰ ਨਾਲ ਮਿਲ ਕੇ ਰੰਗਾਂ ਨਾਲ ਖੇਡਣ ਦਾ ਅਲੱਗ ਹੀ ਮਜ਼ਾ ਹੁੰਦਾ ਹੈ।” ਕੁੱਲ ਮਿਲਾ ਕੇ ਮੋਗਾ ਵਿੱਚ ਹੋਲੀ ਦਾ ਤਿਉਹਾਰ ਖੁਸ਼ੀਆਂ, ਰੰਗਾਂ ਅਤੇ ਏਕਤਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ, ਜਿਸ ਨੇ ਸ਼ਹਿਰ ਨੂੰ ਖੁਸ਼ਗਵਾਰ ਮਾਹੌਲ ਨਾਲ ਭਰ ਦਿੱਤਾ।
ਚੰਡੀਗੜ੍ਹ ਵਿੱਚ ਹੋਲੀ ਦੀਆਂ ਰੌਣਕਾਂ
ਇਸ ਵਾਰ ਵੀ ਚੰਡੀਗੜ੍ਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕ ਰੰਗਾਂ ਅਤੇ ਗੁਲਾਲ ਨਾਲ ਹੋਲੀ ਦਾ ਆਨੰਦ ਮਾਣ ਰਹੇ ਹਨ। ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਤਿਉਹਾਰ ਦੌਰਾਨ ਗੁੰਡਾਗਰਦੀ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਹਨ।
ਲਗਭਗ 120 ਥਾਵਾਂ 'ਤੇ ਨਾਕੇ
ਪੁਲਿਸ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਲਗਭਗ 120 ਥਾਵਾਂ 'ਤੇ ਨਾਕੇ ਲਗਾਏ ਹਨ। ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਵਿਸ਼ੇਸ਼ ਜਾਂਚ ਵੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਪੰਜਾਬ ਯੂਨੀਵਰਸਿਟੀ, ਐਮਸੀਐਮ ਕਾਲਜ, ਏਲਾਂਟੇ ਮਾਲ, ਸੁਖਨਾ ਝੀਲ ਅਤੇ ਪੰਚਕੂਲਾ-ਮੋਹਾਲੀ ਖੇਤਰ ਦੇ ਨਾਲ ਲੱਗਦੇ ਖੇਤਰਾਂ ਵਿੱਚ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ। ਬਜ਼ਾਰਾਂ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਪੀਸੀਆਰ ਗਸ਼ਤ ਵੀ ਵਧਾ ਦਿੱਤੀ ਗਈ ਹੈ। ਹੋਲੀ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ, ਸ਼ਹਿਰ ਦੀਆਂ ਸੜਕਾਂ 'ਤੇ ਲਗਭਗ 1,000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸਟੇਸ਼ਨ ਹਾਊਸ ਅਫਸਰ ਅਤੇ ਡੀਐਸਪੀ ਪੱਧਰ ਦੇ ਅਧਿਕਾਰੀ ਵੀ ਫੀਲਡ ਵਿੱਚ ਮੌਜੂਦ ਹਨ। ਪ੍ਰਾਪਤ ਹੋਣ ਵਾਲੀ ਕਿਸੇ ਵੀ ਸ਼ਿਕਾਇਤ ਦਾ ਤੁਰੰਤ 112 ਕੰਟਰੋਲ ਰੂਮ ਰਾਹੀਂ ਹੱਲ ਕੀਤਾ ਜਾਵੇਗਾ।
ਸੀਸੀਟੀਵੀ ਕੈਮਰਿਆਂ ਰਾਹੀਂ ਪੂਰੇ ਸ਼ਹਿਰ ਦੀ ਨਿਗਰਾਨੀ
ਪੁਲਿਸ ਨੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਰੰਗ ਲਗਾਉਣ ਦੇ ਬਹਾਨੇ ਛੇੜਛਾੜ ਦੀਆਂ ਘਟਨਾਵਾਂ ਨੂੰ ਰੋਕਣ ਲਈ ਮਹਿਲਾ ਕਾਲਜਾਂ, ਯੂਨੀਵਰਸਿਟੀਆਂ ਅਤੇ ਮਾਲਾਂ ਦੇ ਆਲੇ-ਦੁਆਲੇ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮਲੋਆ, ਰਾਮ ਦਰਬਾਰ, ਵਿਕਾਸ ਨਗਰ, ਅੰਬੇਡਕਰ ਕਲੋਨੀ, ਸੈਕਟਰ 25 ਕਲੋਨੀ ਅਤੇ ਬਾਪੂ ਧਾਮ ਕਲੋਨੀ ਵਰਗੇ ਖੇਤਰਾਂ ਵਿੱਚ ਵਿਸ਼ੇਸ਼ ਪੁਲਿਸ ਨਿਗਰਾਨੀ ਰੱਖੀ ਜਾ ਰਹੀ ਹੈ। ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲਗਾਏ ਗਏ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਪੂਰੇ ਸ਼ਹਿਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਹੋਲੀ ਮਨਾਉਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।
ਅੰਮ੍ਰਿਤਸਰ ਵਿੱਚ ਰੰਗਾਂ ਨਾਲ ਰੰਗਿਆ ਹੋਲੀ ਦਾ ਤਿਉਹਾਰ
ਸਮਾਗਮ ਦੌਰਾਨ ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਮੀਡੀਆ ਰਾਹੀਂ ਦੇਸ਼, ਪੰਜਾਬ ਅਤੇ ਆਪਣੇ ਹਲਕੇ ਦੇ ਵਾਸੀਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ, ਸਗੋਂ ਇਹ ਆਪਸੀ ਗਿਲੇ-ਸ਼ਿਕਵੇ ਦੂਰ ਕਰਨ ਅਤੇ ਪਿਆਰ ਵਧਾਉਣ ਦਾ ਮੌਕਾ ਹੈ। ਹਲਕਾ ਪੂਰਬੀ ਨਾਲ 30-35 ਸਾਲਾਂ ਤੋਂ ਪਿਆਰ ਭਰਿਆ ਰਿਸ਼ਤਾ ਹੈ ਅਤੇ ਇਹ ਇਲਾਕਾ ਮੇਰਾ ਪਰਿਵਾਰ ਹੈ।
ਏਕਤਾ ਦੀ ਮਿਸਾਲ ਹੈ ਹੋਲੀ ਦਾ ਤਿਉਹਾਰ
ਉੱਧਰ ਹੋਲੀ ਮਨਾਉਣ ਆਈ ਮਹਿਲਾ ਸ਼ੀਤਲ ਨੇ ਕਿਹਾ ਕਿ ਇਹ ਤਿਉਹਾਰ ਖੁਸ਼ੀਆਂ ਅਤੇ ਪਿਆਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ "ਭਾਰਤ ਵਿੱਚ ਹੋਲੀ ਬੜੇ ਸ਼ਾਨਦਾਰ ਢੰਗ ਨਾਲ ਮਨਾਈ ਜਾਂਦੀ ਹੈ ਅਤੇ ਇਹ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦੀ ਹੈ। ਅੱਜ ਸਭ ਲੋਕ ਭਾਈਚਾਰੇ ਨਾਲ ਇਕੱਠੇ ਹੋ ਕੇ ਇਹ ਤਿਉਹਾਰ ਮਨਾ ਰਹੇ ਹਨ, ਜੋ ਸੱਚਮੁੱਚ ਪਿਆਰ ਅਤੇ ਏਕਤਾ ਦੀ ਮਿਸਾਲ ਹੈ।"

