ਹੋਲੀ ਦੇ ਰੰਗ ਵਿੱਚ ਰੰਗੇ ਨਜ਼ਰ ਆਏ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ, ਦੇਖੋ ਤਸਵੀਰਾਂ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਬਹੁਤ ਹੀ ਉਤਸ਼ਾਹ, ਧੂਮਧਾਮ ਅਤੇ ਆਪਸੀ ਪਿਆਰ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ।

Published : March 3, 2026 at 3:55 PM IST
ਚੰਡੀਗੜ੍ਹ: ਰੰਗਾਂ, ਖੁਸ਼ੀਆਂ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਤਿਉਹਾਰ ਹੋਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਬਹੁਤ ਹੀ ਉਤਸ਼ਾਹ, ਧੂਮਧਾਮ ਅਤੇ ਆਪਸੀ ਪਿਆਰ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਹੋਸਟਲਾਂ ਅਤੇ ਖਾਸ ਕਰਕੇ ਸਟੂਡੈਂਟ ਸੈਂਟਰ ਵਿਖੇ ਵਿਦਿਆਰਥੀਆਂ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਪੂਰਾ ਕੈਂਪਸ ਵੱਖ-ਵੱਖ ਰੰਗਾਂ ਵਿੱਚ ਰੰਗਿਆ ਨਜ਼ਰ ਆਇਆ ਅਤੇ ਵਿਦਿਆਰਥੀਆਂ ਨੇ ਗੁਲਾਲ ਉਡਾ ਕੇ ਇਸ ਤਿਉਹਾਰ ਦਾ ਜਸ਼ਨ ਮਨਾਇਆ। ਹਾਲਾਂਕਿ ਇਸ ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹੋਲੀ ਮੌਕੇ ਡੀਜੇ ਲਗਾਉਣ 'ਤੇ ਪਾਬੰਦੀ ਲਗਾਈ ਗਈ। ਇਸ ਮੌਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤਿਉਹਾਰ ਨੂੰ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਮਨਾਇਆ ਜਾਵੇ।
ਸਟੂਡੈਂਟ ਸੈਂਟਰ ਬਣਿਆ ਖਿੱਚ ਦਾ ਮੁੱਖ ਕੇਂਦਰ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਸੈਂਂਟਰ, ਜਿਸਨੂੰ ਪਿਆਰ ਨਾਲ 'ਸਟੂ-ਸੀ' ਕਿਹਾ ਜਾਂਦਾ ਹੈ, ਹੋਲੀ ਦੇ ਜਸ਼ਨਾਂ ਦਾ ਮੁੱਖ ਗੜ੍ਹ ਰਿਹਾ। ਸਵੇਰੇ 10 ਵਜੇ ਤੋਂ ਹੀ ਇੱਥੇ ਵਿਦਿਆਰਥੀਆਂ ਦੀ ਭਾਰੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਵਿਦਿਆਰਥੀ ਛੋਟੀਆਂ-ਛੋਟੀਆਂ ਟੋਲੀਆਂ ਬਣਾ ਕੇ ਆ ਰਹੇ ਸਨ ਅਤੇ ਇੱਕ-ਦੂਜੇ ਦੇ ਚਿਹਰਿਆਂ 'ਤੇ ਗੁਲਾਲ ਮਲ ਕੇ ਹੋਲੀ ਦੀਆਂ ਮੁਬਾਰਕਾਂ ਦੇ ਰਹੇ ਸਨ। ਸਟੂ-ਸੀ ਦਾ ਮਾਹੌਲ ਪੂਰੀ ਤਰ੍ਹਾਂ ਤਿਉਹਾਰ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਜਿੱਥੇ ਆਸ-ਪਾਸ ਦੇ ਦਰੱਖਤ ਅਤੇ ਸੜਕਾਂ ਵੀ ਰੰਗਾਂ ਨਾਲ ਭਰੀਆਂ ਹੋਈਆਂ ਸਨ। ਡੀਜੇ 'ਤੇ ਪਾਬੰਦੀ ਹੋਣ ਕਰਕੇ ਇਸ ਸਾਲ ਵਿਦਿਆਰਥੀਆਂ ਨੂੰ ਹੋਲੀ ਦਾ ਜਸ਼ਨ ਫਿੱਕਾ ਮਹਿਸੂਸ ਹੋ ਰਿਹਾ ਸੀ।

ਈਕੋ-ਫ੍ਰੈਂਡਲੀ ਹੋਲੀ ਦਾ ਸੁਨੇਹਾ
ਇਸ ਵਾਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਇੱਕ ਖਾਸ ਜਾਗਰੂਕਤਾ ਦੇਖਣ ਨੂੰ ਮਿਲੀ। ਵਾਤਾਵਰਣ ਦੀ ਸੰਭਾਲ ਅਤੇ ਚਮੜੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਆਦਾਤਰ ਵਿਦਿਆਰਥੀਆਂ ਨੇ ਕੈਮੀਕਲ ਵਾਲੇ ਪੱਕੇ ਰੰਗਾਂ ਦੀ ਬਜਾਏ ਹਰਬਲ, ਆਰਗੈਨਿਕ ਗੁਲਾਲ ਅਤੇ ਫੁੱਲਾਂ ਦੀ ਵਰਤੋਂ ਕੀਤੀ। ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੈਂਪਸ ਵਿੱਚ 'ਸੇਫ ਐਂਡ ਗ੍ਰੀਨ ਹੋਲੀ' ਮੁਹਿੰਮ ਚਲਾਈ ਗਈ ਸੀ। ਵਿਦਿਆਰਥੀਆਂ ਨੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਪਾਣੀ ਵਾਲੇ ਰੰਗਾਂ ਦੀ ਬਜਾਏ 'ਸੁੱਕੀ ਹੋਲੀ' ਖੇਡਣ ਨੂੰ ਤਰਜੀਹ ਦਿੱਤੀ। ਬੋਟਨੀ (Botany) ਅਤੇ ਵਾਤਾਵਰਣ ਵਿਭਾਗ ਦੇ ਵਿਦਿਆਰਥੀਆਂ ਨੇ ਫੁੱਲਾਂ ਦੀਆਂ ਪੱਤੀਆਂ ਨਾਲ ਹੋਲੀ ਖੇਡ ਕੇ ਵਾਤਾਵਰਣ ਬਚਾਉਣ ਦਾ ਇੱਕ ਵਧੀਆ ਸੁਨੇਹਾ ਦਿੱਤਾ।

ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਲਿਆ ਹਿੱਸਾ
ਪੰਜਾਬ ਯੂਨੀਵਰਸਿਟੀ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਨ ਆਉਂਦੇ ਹਨ। ਹੋਲੀ ਦੇ ਇਸ ਤਿਉਹਾਰ ਵਿੱਚ ਅਫਗਾਨਿਸਤਾਨ, ਈਰਾਨ, ਅਫਰੀਕੀ ਦੇਸ਼ਾਂ ਅਤੇ ਹੋਰ ਥਾਵਾਂ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਭਾਗ ਲਿਆ। ਭਾਰਤੀ ਵਿਦਿਆਰਥੀਆਂ ਨੇ ਆਪਣੇ ਵਿਦੇਸ਼ੀ ਸਾਥੀਆਂ ਨੂੰ ਹੋਲੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਰੰਗ ਲਗਾਇਆ। ਇਹ ਦ੍ਰਿਸ਼ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਅੰਤਰਰਾਸ਼ਟਰੀ ਭਾਈਚਾਰਕ ਸਾਂਝ ਦੀ ਇੱਕ ਸ਼ਾਨਦਾਰ ਮਿਸਾਲ ਪੇਸ਼ ਕਰ ਰਿਹਾ ਸੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਹੋਲੀ ਦਾ ਤਿਉਹਾਰ ਉਨ੍ਹਾਂ ਨੂੰ ਬਹੁਤ ਪਸੰਦ ਹੈ। ਨਾਲ ਹੀ ਉਨ੍ਹਾਂ ਨੇ ਕਿਹਾ "ਹੋਲੀ ਖੇਡੋ, ਵੱਖ-ਵੱਖ ਰੰਗ ਲਾਓ, ਜਿਨ੍ਹੇ ਹੋਲੀ ਦੇ ਰੰਗ ਹਨ, ਓਨੇ ਰੰਗ ਹੀ ਸਾਡੀ ਜ਼ਿੰਦਗੀ ਵਿੱਚ ਆਏ ਹਨ।"

ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਦੇ ਸੁਰੱਖਿਆ ਪ੍ਰਬੰਧ
ਤਿਉਹਾਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਜਾਂ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਕੈਂਪਸ ਦੇ ਸਾਰੇ ਐਂਟਰੀ ਗੇਟਾਂ 'ਤੇ ਪੁਲਿਸ ਤਾਇਨਾਤ ਸੀ ਅਤੇ ਬਾਹਰੀ ਵਿਅਕਤੀਆਂ ਦੇ ਕੈਂਪਸ ਵਿੱਚ ਦਾਖਲੇ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਸੀ। ਸਿਰਫ਼ ਸ਼ਨਾਖਤੀ ਕਾਰਡ ਦਿਖਾਉਣ 'ਤੇ ਹੀ ਵਿਦਿਆਰਥੀਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ।
ਪੀ.ਯੂ. ਦੇ ਚੀਫ ਸਕਿਓਰਿਟੀ ਅਫ਼ਸਰ ਮੁਤਾਬਕ ਕੈਂਪਸ ਦੇ ਅੰਦਰ ਵੀ ਸੁਰੱਖਿਆ ਕਰਮਚਾਰੀਆਂ ਦੀਆਂ ਟੀਮਾਂ ਲਗਾਤਾਰ ਗਸ਼ਤ ਕਰ ਰਹੀਆਂ ਸਨ। ਕੁੜੀਆਂ ਦੇ ਹੋਸਟਲਾਂ ਦੇ ਆਲੇ-ਦੁਆਲੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਤੰਗ-ਪ੍ਰੇਸ਼ਾਨ ਨਾ ਕਰ ਸਕੇ। ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ਮਾਰਨ ਵਾਲਿਆਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੁਲਿਸ ਨੇ ਸਖ਼ਤੀ ਵਰਤੀ।

