ਹਰਿਆਣਾ ਦੇ ਰਾਜਪਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।


Published : December 6, 2025 at 10:52 PM IST
ਅੰਮ੍ਰਿਤਸਰ: ਅੱਜ ਹਰਿਆਣਾ ਦੇ ਰਾਜਪਾਲ ਅਸ਼ੀਮ ਕੁਮਾਰ ਗੋਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਅਤੇ ਸ਼ਾਂਤੀ ਲਈ ਅਰਦਾਸ ਕੀਤੀ। ਗੁਰੂ ਘਰ ਪਹੁੰਚਣ ਉਪਰੰਤ ਉਨ੍ਹਾਂ ਨੇ ਮਰਯਾਦਾ ਅਨੁਸਾਰ ਦਰਸ਼ਨ ਦੀਦਾਰੇ ਕੀਤੇ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰੀ ਭਰੀ।
ਸ਼੍ਰੋਮਣੀ ਕਮੇਟੀ ਵੱਲੋ ਸਨਮਾਨਿਤ
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਰਾਜਪਾਲ ਅਸ਼ੀਮ ਕੁਮਾਰ ਗੋਸ਼ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਕੀਤੀਆਂ ਵਿਵਸਥਾਵਾਂ ਦੀ ਵੀ ਉਨ੍ਹਾਂ ਨੇ ਭਰਪੂਰ ਸਰਾਹਨਾ ਕੀਤੀ।

ਅਲੌਕਿਕ ਸ਼ਾਂਤੀ ਅਤੇ ਸਕੂਨ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜਪਾਲ ਅਸ਼ੀਮ ਕੁਮਾਰ ਗੋਸ਼ ਨੇ ਕਿਹਾ ਕਿ "ਉਹ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲਾ ਮਹਿਸੂਸ ਕਰ ਰਹੇ ਹਨ ਕਿ ਅੱਜ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਦਾ ਸੁਭਾਗ ਮਿਲਿਆ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਆ ਕੇ ਮਨ ਨੂੰ ਅਲੌਕਿਕ ਸ਼ਾਂਤੀ ਅਤੇ ਸਕੂਨ ਪ੍ਰਾਪਤ ਹੁੰਦਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਉਸ ਦੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਆਉਣ ਵਾਲੀਆਂ ਸੰਗਤਾਂ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ।"

ਢਾਈ ਲੱਖ ਰੁਪਏ ਦਾਨ
ਇਸ ਦੌਰਾਨ ਹਰਿਆਣਾ ਦੇ ਰਾਜਪਾਲ ਹੋਣ ਦੇ ਨਾਤੇ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਨੂੰ ਹੋਰ ਨਿਖਾਰਨ ਲਈ ਢਾਈ ਲੱਖ ਰੁਪਏ ਦਾਨ ਦੇਣ ਦਾ ਐਲਾਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਆ ਕੇ ਮਨ ਨੂੰ ਚੈਨ ਤੇ ਸਹੀ ਦਿਸ਼ਾ ਮਿਲਦੀ ਹੈ ਅਤੇ ਇਹ ਅਨੁਭਵ ਹਮੇਸ਼ਾ ਯਾਦਗਾਰ ਰਹੇਗਾ।


