"ਸਾਰੀਆਂ ਹੀ ਸਰਕਾਰਾਂ ਨੇ ਪੰਜਾਬ ਨਾਲ ਕੀਤਾ ਧੋਖਾ", ਰਾਮ ਰਹੀਮ ਬਾਰੇ ਵੀ ਬੋਲੇ ਹਰਿਆਣਾ ਸੀਐਮ...
ਪਟਿਆਲਾ ਦੇ ਘਨੌਰ ਵਿੱਚ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ, ਕਹੀਆਂ ਖਾਸ ਗੱਲ੍ਹਾਂ ...

Published : January 4, 2026 at 7:46 PM IST
ਪਟਿਆਲਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੰਜਾਬ ਦੌਰੇ ਦੌਰਾਨ ਪਟਿਆਲਾ ਦੇ ਘਨੌਰ ਵਿਖੇ ਪਹੁੰਚੇ। ਉੱਥੇ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕਰਵਾਏ ਗਏ 'ਵਰਕਰ ਮਿਲਣੀ ਸਮਾਰੋਹ' ਵਿੱਚ ਸਿਰਕਤ ਕੀਤੀ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ‘ਤੇ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਉਮੀਦਾਂ ਨਾਲ ਪੰਜਾਬ ਦੀ ਜਨਤਾ ਨੇ ਸਰਕਾਰਾਂ ਚੁਣੀਆਂ ਸਨ, ਉਨ੍ਹਾਂ ਉਮੀਦਾਂ ‘ਤੇ ਨਾ ਤਾਂ ਆਮ ਆਦਮੀ ਪਾਰਟੀ ਖਰੀ ਉਤਰੀ ਹੈ ਅਤੇ ਨਾ ਹੀ ਕਾਂਗਰਸ ਪਾਰਟੀ। ਉਨ੍ਹਾਂ ਨੇ ਦੋਵਾਂ ਪਾਰਟੀਆਂ ‘ਤੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕਰਨ ਦੇ ਇਲਜ਼ਾਮ ਲਗਾਏ।
'ਸਾਰੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਵੋਟਾਂ ਮੰਗੀਆਂ'
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ "ਸਾਰੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਨਾ ਤਾਂ ਆਮ ਆਦਮੀ ਪਾਰਟੀ ਨੇ ਪੂਰੇ ਕੀਤੇ ਨਾ ਹੀ ਕਾਂਗਰਸ ਨੇ ਪੂਰੇ ਕੀਤੇ। ਵਾਅਦੇ ਪੂਰੇ ਕਰਨ ਦੀ ਬਜਾਏ ਭ੍ਰਿਸ਼ਟਾਚਾਰ ਵਿੱਚ ਲਿਪਤ ਹੋ ਗਏ। ਲੋਕ ਵਿਚਾਰੇ ਸੋਚਦੇ ਰਹੇ ਕਿ ਸਾਨੂੰ ਸੁਵਿਧਾਵਾਂ ਮਿਲਣਗੀਆਂ ਪਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੁਵਿਧਾ ਮੁਹੱਈਆਂ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾ ਸਕਦੀ ਹੈ।"
ਰਾਮ ਰਹੀਮ ਬਾਰੇ ਬੋਲੇ ਹਰਿਆਣਾ ਸੀਐਮ
ਇਸ ਤੋਂ ਅੱਗੇ ਉਨ੍ਹਾਂ ਕੋਲੋਂ ਇੱਕ ਪੱਤਰਕਾਰਾਂ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਨੂੰ ਮਿਲੀ 40 ਦਿਨ੍ਹਾਂ ਦੀ ਪੈਰੋਲ ਬਾਰੇ ਪੁੱਛੇ ਗਏ ਸਵਾਲ ‘ਤੇ ਮੁੱਖ ਮੰਤਰੀ ਨੇ ਕਿਹਾ "ਕਿ ਇਹ ਅਦਾਲਤ ਦਾ ਫੈਸਲਾ ਹੈ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ"।

'ਪਹਿਲਾਂ 100 ਦਿਨ ਦੇ ਰੋਜ਼ਗਾਰ ਦੀ ਗਰੰਟੀ ਸੀ ਹੁਣ 125 ਰੋਜ਼ਗਾਰ ਦੀ ਗਰੰਟੀ'
ਮਨਰੇਗਾ ਯੋਜਨਾ ਨਾਲ ਸੰਬੰਧਿਤ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਇਸ ਯੋਜਨਾ ਦਾ ਨਾਮ ਬਦਲ ਕੇ “ਜੀ ਰਾਮ ਜੀ ਯੋਜਨਾ” ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਇਸ ਯੋਜਨਾ ਵਿੱਚ ਭਾਰੀ ਭ੍ਰਿਸ਼ਟਾਚਾਰ ਹੁੰਦਾ ਸੀ ਅਤੇ ਇਸ ਦਾ ਲਾਭ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚਦਾ ਸੀ, ਪਰ ਮੌਜੂਦਾ ਪ੍ਰਬੰਧ ਹੇਠ ਯੋਜਨਾ ਦਾ ਲਾਭ ਹਰ ਉਸ ਵਰਗ ਨੂੰ ਮਿਲੇਗਾ ਜੋ ਇਸ ਦੇ ਦਾਇਰੇ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 100 ਦਿਨ ਦੇ ਰੋਜ਼ਗਾਰ ਦੀ ਗਰੰਟੀ ਸੀ ਹੁਣ 125 ਰੋਜ਼ਗਾਰ ਦੀ ਗਰੰਟੀ ਹੈ।
'ਅਸੀਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਕਰ ਰਹੇ ਪੂਰੇ'
ਹਰਿਆਣਾ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦੇ ਹੋਏ ਨਾਇਬ ਸਿੰਘ ਸੈਣੀ ਨੇ ਕਿਹਾ ਕਿ "ਸਰਕਾਰ ਵੱਲੋਂ ਭੈਣਾਂ ਨੂੰ 2100 ਰੁਪਏ ਦਾ ਵਾਅਦਾ ਕੀਤਾ ਸੀ, ਉਹ ਦੇਣਾ ਸ਼ੂਰ ਕਰ ਦਿੱਤਾ। ਅਸੀਂ ਕਿਹਾ ਸੀ ਕਿ ਆਰਥਿਕ ਮਦਦ ਲਈ ਅਸੀਂ ਗੈਸ ਸਿਲੰਡਰ 500 ਰੁਪਏ ਵਿੱਚ ਦੇਵਾਂਗੇ ਅਸੀਂ ਉਹ ਵਾਅਦਾ ਵੀ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਕਿਹਾ ਸੀ ਕਿ ਕਿਸਾਨਾਂ ਦੀ ਪੂਰੀ ਦੀ ਪੂਰੀ ਫਸਲ ਅਸੀਂ ਐਮਐਸਪੀ 'ਤੇ ਖਰੀਦਾਂਗੇ ਉਹ ਵੀ ਅਸੀਂ ਖਰੀਦ ਰਹੇ ਹਾਂ। ਇਸ ਦੇ ਨਾਲ ਹੀ ਜੇਕਰ ਕਿਸੇ ਕਿਸਾਨ ਦੀ ਫਸਲ ਖਰਾਬ ਹੁੰਦੀ ਹੈ ਤਾਂ ਅਸੀਂ ਮੁਆਵਜਾ ਦੇਵਾਂਗੇ ਅਸੀਂ ਉਹ ਵਾਅਦਾ ਪੂਰੇ ਕਰਦੇ ਹੋਏ ਵੀ ਕਿਸਾਨਾਂ ਨੂੰ ਪੈਸੇ ਦੇ ਰਹੇ ਹਾਂ।" ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਵਰਗ ਦੇ ਲਈ ਕੰਮ ਕਰ ਰਹੀ ਹੈ ਅਤੇ ਸਭ ਦੀ ਸਹਾਇਤਾ ਕਰ ਰਹੀ ਹੈ।
'ਭਾਜਪਾ ਅਜਿਹੀਆਂ ਗੱਲਾਂ ‘ਤੇ ਕੋਈ ਧਿਆਨ ਨਹੀਂ ਦਿੰਦੀ'
ਇਨੈਲੋ ਆਗੂ ਅਜੈ ਚੌਟਾਲਾ ਵੱਲੋਂ ਨੇਪਾਲ ਅਤੇ ਬੰਗਲਾਦੇਸ਼ ਵਰਗੇ ਅੰਦੋਲਨਾਂ ਦੀ ਗੱਲ ਕਰਨ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਸੱਤਾ ਤੋਂ ਬਾਹਰ ਹੁੰਦਾ ਹੈ ਤਾਂ ਇਸ ਤਰ੍ਹਾਂ ਦੇ ਬਿਆਨ ਆਉਂਦੇ ਹਨ। ਭਾਜਪਾ ਅਜਿਹੀਆਂ ਗੱਲਾਂ ‘ਤੇ ਕੋਈ ਧਿਆਨ ਨਹੀਂ ਦਿੰਦੀ।

ਇਸ ਰੈਲੀ ਦੇ ਆਯੋਜਕ ਅਤੇ ਘਨੌਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਆਗੂ ਵਿਕਾਸ ਸ਼ਰਮਾ ਨੇ ਕਿਹਾ ਕਿ ਇਸ ਵਰਕਰ ਮਿਲਣੀ ਨੂੰ ਚੋਣਾਂ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਕੜਾਕੇ ਦੀ ਠੰਡ ਦੇ ਬਾਵਜੂਦ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਵਰਕਰਾਂ ਦੀ ਹਾਜ਼ਰੀ ਇਹ ਸਾਬਿਤ ਕਰਦੀ ਹੈ ਕਿ ਪੰਜਾਬ ਦੀ ਜਨਤਾ ਭਾਜਪਾ ਨਾਲ ਜੁੜ ਰਹੀ ਹੈ ਅਤੇ ਸਾਲ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ।

