ਅਲੀ ਬਾਬਾ ਤੇ 40 ਚੋਰਾਂ ਨੇ ਮਿਲ ਕੇ ਪੰਜਾਬ ਦਾ ਬੇੜਾ ਗਰਕ ਕੀਤਾ, ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਵਿੱਚੋਂ ਨਜਾਇਜ਼ ਮਾਈਨਿੰਗ ਬੰਦ ਕਰਨ ਦੀ ਬਜਾਏ 10 ਗੁਣਾ ਵਾਧਾ ਕਰਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ।


Published : March 3, 2026 at 10:39 PM IST
ਮਾਨਸਾ: ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਨੂੰ ਬੰਦ ਕਰਕੇ 40 ਹਜ਼ਾਰ ਕਰੋੜ ਰੁਪਏ ਪੰਜਾਬ ਦੇ ਖਜ਼ਾਨੇ ਵਿੱਚ ਪਾਉਣ ਦਾ ਦਾਅਵਾ ਕਰਨ ਵਾਲੇ ਪੰਜਾਬ 'ਚ 10 ਗੁਣਾ ਵੱਧ ਨਜਾਇਜ਼ ਮਾਈਨਿੰਗ ਸ਼ੁਰੂ ਕਰਕੇ ਪੰਜਾਬ ਨੂੰ ਲੁੱਟ ਰਹੇ ਹਨ। ਜਿਸ ਦਾ ਸਬੂਤ ਮਾਈਨਿੰਗ ਵਿਭਾਗ ਦੇ ਇੱਕ ਅਧਿਕਾਰੀ ਨੇ ਲਿਖਤੀ ਸ਼ਿਕਾਇਤ ਵਿੱਚ ਵੀ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਪਹੁੰਚੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਕੀਤਾ ਗਿਆ।
ਮਾਨਸਾ ਹਲਕੇ ਦਾ ਦੌਰਾ
ਦੱਸ ਦਈਏ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਇੰਨੀ ਦਿਨੀ ਆਪਣੇ ਹਲਕੇ ਦੇ ਦੌਰੇ ਕੀਤੇ ਜਾ ਰਹੇ ਹਨ। ਅੱਜ ਤੀਸਰੇ ਦਿਨ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਹਲਕੇ ਦਾ ਦੌਰਾ ਕੀਤਾ ਤੇ ਇਸ ਦੌਰਾਨ ਉਨ੍ਹਾਂ 2027 ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦਾ ਵੀ ਦਾਅਵਾ ਕੀਤਾ।
10 ਗੁਣਾ ਵਧੀ ਮਾਈਨਿੰਗ
ਇਸ ਦੌਰਾਨ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ "ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚੋਂ ਨਜਾਇਜ਼ ਮਾਈਨਿੰਗ ਨੂੰ ਬੰਦ ਕਰਕੇ 40 ਹਜਾਰ ਕਰੋੜ ਰੁਪਏ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾ ਕਰਨ ਦਾ ਦਾਅਵਾ ਕੀਤਾ ਸੀ, ਪਰ ਅੱਜ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਅਤੇ 10 ਗੁਣਾ ਨਜਾਇਜ਼ ਮਾਈਨਿੰਗ ਦੇ ਵਿੱਚ ਵਾਧਾ ਹੋਇਆ ਹੈ। ਪਿਛਲੇ ਸਮੇਂ ਦੇ ਵਿੱਚ ਮਾਈਨਿੰਗ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਉਸ ਦੇ ਬਾਵਜੂਦ ਵੀ ਉਸ ਅਧਿਕਾਰੀ ਨੂੰ ਸਸਪੈਂਡ ਕਰਨ ਦੀਆਂ ਧਮਕੀਆਂ ਦੇ ਰਹੇ ਨੇ ਅਤੇ ਦਿੱਲੀ ਤੋਂ ਆਏ ਅਲੀ ਬਾਬਾ 40 ਚੋਰ ਪੰਜਾਬ ਨੂੰ ਲੁੱਟ ਕੇ ਸ਼ਰੇਆਮ ਲਿਜਾ ਰਹੇ ਹਨ।"

ਮਹਿਲਾਵਾਂ ਨੂੰ ਨਹੀਂ ਮਿਲੇ ਪੈਸੇ
ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਪੰਜਾਬ ਦੇ ਵਿੱਚੋਂ ਇਹਨਾਂ ਸਭ ਨੂੰ ਬਾਹਰ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਔਰਤਾਂ ਦੇ ਨਾਲ ਮੀਟਿੰਗ ਕਰਦੇ ਹੋਏ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ ਚਾਰ ਸਾਲ ਬੀਤ ਚੁੱਕੇ ਹਨ ਤੇ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਜਦੋਂ ਕਿ ਚਾਰ ਸਾਲਾਂ ਦਾ ਸਰਕਾਰ ਬਣਦਾ ਪੈਸਾ ਔਰਤਾਂ ਨੂੰ ਦੇਵੇ।
ਬੱਸਾਂ ਦੀਆਂ ਬਾਡੀਆਂ ਦਾ ਮਸਲਾ
ਉਥੇ ਹੀ ਸਰਕਾਰੀ ਬੱਸਾਂ ਦੇ ਰੰਗ ਪੀਲੇ ਕਰਨ ਨੂੰ ਲੈਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ "ਪੀਲਾ ਤੇ ਨੀਲਾ ਸ਼੍ਰੋਮਣੀ ਅਕਾਲੀ ਦਲ ਦਾ ਰੰਗ ਹੈ ਤੇ ਉਹ ਰੰਗ ਸਰਕਾਰ ਕਰ ਰਹੀ ਹੈ। ਜਦਕਿ ਇਨ੍ਹਾਂ ਦਾ ਆਪਣਾ ਰੰਗ ਚਿੱਟਾ ਹੁੰਦਾ ਸੀ ਪਰ ਇਸ 'ਚ ਵੱਡੀ ਗੱਲ ਇਹ ਹੈ ਕਿ ਜਦੋਂ ਬੱਸਾਂ ਦੀਆਂ ਬਾਡੀਆਂ ਪੰਜਾਬ 'ਚ ਬਣ ਸਦਕੀਆਂ ਸਨ ਤਾਂ ਉਨ੍ਹਾਂ ਨੂੰ ਰਾਜਸਥਾਨ ਤੋਂ ਕਿਉਂ ਤਿਆਰ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਾ ਵੜਿੰਗ 'ਤੇ ਕਾਰਵਾਈ ਕਰਨ ਦੀ ਗੱਲ ਆਖੀ ਜਾਂਦੀ ਸੀ ਕਿ ਉਨ੍ਹਾਂ ਬੱਸਾਂ ਰਾਜਸਥਾਨ ਤੋਂ ਤਿਆਰ ਕਰਵਾਈਆਂ ਹਨ, ਜਦਕਿ ਸਰਕਾਰ ਹੁਣ ਖੁਦ ਉਸ ਰਾਹ 'ਤੇ ਕੰਮ ਕਰ ਰਹੀ ਹੈ।"

