ETV Bharat / state

ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਦੇ ਮਾਮਲੇ 'ਚ ਭਖੀ ਸਿਆਸਤ, ਸੁਖਜਿੰਦਰ ਰੰਧਾਵਾ ਨੇ ਕੇਂਦਰ ਨੂੰ ਲਿਖੀ ਚਿੱਠੀ

ਗੁਰਦਾਸਪੁਰ 'ਚ ਪੁਲਿਸ ਮੁਲਾਜ਼ਮਾਂ ਦੀ ਮੌਤ ਮਾਮਲੇ 'ਚ ਕਾਂਗਰਸੀ ਐਮਪੀ ਸੁਖਜਿੰਦਰ ਰੰਧਾਵਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਾਂਚ ਦੀ ਮੰਗ ਕੀਤੀ ਹੈ।

Gurdaspur police personnel death case
ਗੁਰਦਾਸਪੁਰ ਦੇ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਦੇ ਮਾਮਲੇ 'ਚ ਭਖੀ ਸਿਆਸਤ (Etv bharat)
author img

By ETV Bharat Punjabi Team

Published : February 23, 2026 at 6:42 PM IST

3 Min Read
Choose ETV Bharat

ਗੁਰਦਾਸਪੁਰ: ਬੀਤੇ ਦਿਨੀਂ ਗੁਰਦਾਸਪੁਰ ਦੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਦੋ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਹੋਈ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ 'ਤੇ ਸਿਆਸੀ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਤਹਿਤ ਹੀ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ 'ਚ ਜਾਂਚ ਕਰਨ ਦੀ ਅਪੀਲ ਤਹਿਤ ਚਿੱਠੀ ਵੀ ਲਿਖੀ ਹੈ।

ਸੁਖਜਿੰਦਰ ਰੰਧਾਵਾ ਨੇ ਕੇਂਦਰ ਨੂੰ ਲਿਖੀ ਚਿੱਠੀ (Etv bharat)

BSF ਦੀ ਭੂਮਿਕਾ ਦੀ ਜਾਂਚ ਦੀ ਮੰਗ

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਦੋਵੇਂ ਸਰਕਾਰਾਂ ਪੰਜਾਬ ਨੂੰ ਬਰਬਾਦ ਕਰਨ ਲਈ ਮਿਲੀਭੁਗਤ ਕਰ ਰਹੀਆਂ ਹਨ। "ਮੈਂ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਬੀਐਸਐਫ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ ਹੈ। ਸਟੇਸ਼ਨ ਹਾਊਸ ਅਫਸਰ ਅਤੇ ਐਸਐਸਪੀ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਮੈਂ ਕੇਂਦਰ ਸਰਕਾਰ ਤੋਂ ਪੰਜਾਬ ਵਿੱਚ ਸ਼ਿਕਾਇਤ ਦਰਜ ਕਰਵਾਉਣ ਵਾਲੇ ਡੀਜੀਪੀ ਨੂੰ ਤੁਰੰਤ ਹਟਾਉਣ ਦੀ ਵੀ ਮੰਗ ਕਰਾਂਗਾ।" ਰੰਧਾਵਾ ਨੇ ਇੱਕ ਸਰਕਾਰੀ ਸਮਾਗਮ ਵਿੱਚ ਪੰਜਾਬ ਦੇ ਡੀਜੀਪੀ ਦੇ ਭਾਸ਼ਣ ਅਤੇ ਪਿੰਡ ਰੱਖਿਆ ਕਮੇਟੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਪਿੰਡ ਰੱਖਿਆ ਕਮੇਟੀ ਵਿਰੁੱਧ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਖੁਫੀਆ ਏਜੰਸੀਆਂ ਦੀ ਵੱਡੀ ਅਸਫਲਤਾ

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ 'ਸਰਹੱਦੀ ਖੇਤਰ ਵਿੱਚ ਇੰਨੀ ਵੱਡੀ ਘਟਨਾ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੀ ਵੱਡੀ ਅਸਫਲਤਾ ਹੈ। ਮੈਨੂੰ ਪਹਿਲਾਂ ਹੀ ਇਸ ਸਬੰਧੀ ਸੁਚਨਾ ਮਿਲ ਗਈ ਸੀ ਕਿ ਕੁਝ ਵੱਡੀ ਵਾਰਦਾਤ ਹੋਣ ਵਾਲੀ ਹੈ ਆਪਣਾ ਖਿਆਲ ਰੱਖਿਓ। ਜੇਕਰ ਮੈਂਨੂੰ ਸੁਚਨਾ ਮਿਲ ਸਕਦੀ ਹੈ ਤਾਂ ਕੀ ਪੰਜਾਬ ਦੇ ਡੀਜੀਪੀ ਅਤੇ ਪੰਜਾਬ ਸਰਕਾਰ ਨੂੰ ਇਸ ਦੀ ਜਾਣਕਾਰੀ ਨਹੀ ਸੀ ? ਪੰਜਾਬ ਵਿੱਚ ਸਾਰੇ ਕਾਨੂੰਨਾਂ ਅਤੇ ਸੰਵਿਧਾਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਲਈ ਪੰਜਾਬ ਡੀਜੀਪੀ ਉੱਤੇ ਐਕਸ਼ਨ ਲੈਣ ਦੀ ਲੋੜ ਹੈ।

ਪੰਜਾਬ ਦੀ ਕਾਨੂੰਨ ਵਿਵਸਥਾ

ਰੰਧਾਵਾ ਨੇ ਇਹ ਵੀ ਦੋਸ਼ ਲਗਾਇਆ ਕਿ 'ਪੰਜਾਬ ਦੇ ਮੁੱਖ ਮੰਤਰੀ ਗੁਜਰਾਤ ਵਿੱਚ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਵਾਹ ਵਾਹੀ ਖੱਟ ਰਹੇ ਹਨ ਪਰ ਅਸਲ 'ਚ ਪੰਜਾਬ ਦੇ ਹਲਾਤ ਕੀ ਹਨ ਉਸ ਵੱਲ ਧਿਆਨ ਨਹੀਂ ਦੇ ਰਹੇ। ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਗੋਆ ਜਾਣ ਦੀ ਤਿਆਰੀ 'ਚ ਹਨ ਪਰ ਉਨ੍ਹਾਂ ਦੇ ਪੁਲਿਸ ਕਰਮੀਆਂ ਦੀ ਮੌਤ ਉੱਤੇ ਅਫਸੋਸ ਪ੍ਰਗਟ ਕਰਨ ਦਾ ਕਿਸੇ ਕੋਲ ਸਮਾਂ ਨਹੀਂ। ਪੰਜਾਬ ਸੀਐਮ ਅਤੇ ਡੀਜੀਪੀ ਨੂੰ ਇੱਥੇ ਆਉਣਾ ਚਾਹੀਦਾ ਸੀ ਪਰ ਇਹ ਮੰਦਭਾਗਾ ਹੈ ਕਿ ਮੁੱਖ ਮੰਤਰੀ ਗੋਆ ਵਿੱਚ ਘੁੰਮਣ ਜਾ ਰਹੇ ਹਨ।' ਪੰਜਾਬ ਦੇ ਡੀਜੀਪੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਦੀ ਪੁਲਿਸ ਸੁਰੱਖਿਅਤ ਨਹੀਂ ਹੈ ਤਾਂ ਆਮ ਲੋਕਾਂ ਦੀ ਦੇਖਭਾਲ ਕੌਣ ਕਰੇਗਾ।

ਐਸਐਸਪੀ ਨੂੰ ਸਸਪੈਂਡ ਕਰਨ ਦੀ ਮੰਗ

ਆਪ ਸਰਕਾਰ ਨੂੰ ਟਾਰਗੇਟ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ 'ਤਰਨ ਤਾਰਨ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਚੱਲਦਿਆਂ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਪਰ ਅੱਜ ਤਾਂ ਪੰਜਾਬ 'ਚ ਸਰਕਾਰ ਦੇ ਮਹਿਕਮੇ ਦੇ ਹੀ ਦੋ ਮੁਲਾਜ਼ਮਾਂ ਦਾ ਕਤਲ ਹੋਇਆ ਹੈ, ਹੁਣ ਪੰਜਾਬ ਦੀ ਸਰਕਾਰ ਕੋਈ ਐਕਸ਼ਨ ਲੈ ਕੇ ਐਸਐਸਪੀ ਨੂੰ ਸਸਪੈਂਡ ਕਿਉਂ ਨਹੀਂ ਕਰ ਰਹੀ।'

ਸੈਨਿਕਾਂ ਦੀ ਡਿਉਟੀ ਪ੍ਰਤੀ ਅਣਗਹਿਲੀ

ਰੰਧਾਵਾ ਨੇ ਕਿਹਾ ਕਿ ਇਹ ਘਟਨਾ ਸਰਹੱਦੀ ਸੁਰੱਖਿਆ ਅਤੇ ਸਾਡੇ ਸੈਨਿਕਾਂ ਪ੍ਰਤੀ ਡਿਊਟੀ ਵਿੱਚ ਗੰਭੀਰ ਅਣਗਹਿਲੀ ਨੂੰ ਦਰਸਾਉਂਦੀ ਹੈ। ਗ੍ਰਹਿ ਮੰਤਰੀ ਤੋਂ ਤੁਰੰਤ ਦਖਲ ਦੀ ਅਪੀਲ ਕਰਦੇ ਹੋਏ ਸੰਸਦ ਮੈਂਬਰ ਨੇ ਦਿੱਲੀ ਵਿੱਚ ਉੱਚ ਪੱਧਰੀ ਮੀਟਿੰਗ, ਸਮੇਂ ਸਿਰ ਜਾਂਚ, ਅਤੇ ਸਰਹੱਦੀ ਖੇਤਰਾਂ ਵਿੱਚ ਲਾਜ਼ਮੀ ਇਲੈਕਟ੍ਰਾਨਿਕ ਹਾਜ਼ਰੀ ਅਤੇ ਅਸਲ-ਸਮੇਂ ਦੀ ਸਥਿਤੀ ਦੀ ਨਿਗਰਾਨੀ ਦੀ ਮੰਗ ਕੀਤੀ। ਰੰਧਾਵਾ ਨੇ ਇਹ ਵੀ ਸੁਝਾਅ ਦਿੱਤਾ ਕਿ ਅਮਿਤ ਸ਼ਾਹ ਨੂੰ ਪੰਜਾਬ (ਮੋਗਾ ਅਤੇ ਹੋਰ ਜ਼ਿਲ੍ਹਿਆਂ) ਦੇ ਆਪਣੇ ਆਉਣ ਵਾਲੇ ਦੌਰੇ ਦੌਰਾਨ ਰਾਜਨੀਤਿਕ ਰੁਝੇਵਿਆਂ ਤੋਂ ਪਹਿਲਾਂ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦਾ ਦੁਖੀ ਪਰਿਵਾਰਾਂ ਨਾਲ ਦੌਰਾ ਸਰਹੱਦੀ ਆਬਾਦੀ ਅਤੇ ਸੁਰੱਖਿਆ ਬਲਾਂ ਦੇ ਮਨੋਬਲ ਨੂੰ ਵਧਾਉਣ ਲਈ ਜ਼ਰੂਰੀ ਹੈ। ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਐਲਾਨ ਕੀਤਾ ਕਿ ਉਹ ਆਪਣੇ ਸੰਸਦ ਮੈਂਬਰ ਦੀ ਅਗਵਾਈ ਵਾਲੇ ਫੰਡ ਦੀ ਵਰਤੋਂ ਕਰਕੇ ਸਰਹੱਦੀ ਖੇਤਰ ਵਿੱਚ ਨਵੇਂ ਕੈਮਰੇ ਲਗਾਉਣਗੇ।'