ਪੁਲਿਸ ਮੁਕਾਬਲੇ 'ਚ ਮਾਰੇ ਰਣਜੀਤ ਸਿੰਘ ਦਾ ਹਫ਼ਤੇ ਬਾਅਦ ਪੋਸਟਮਾਰਟਮ
ਰਣਜੀਤ ਸਿੰਘ ਦਾ ਐਨਕਾਊਂਟਰ ਗੁਰਦਾਸਪੁਰ ਪੁਲਿਸ ਵੱਲੋਂ ਕੀਤਾ ਗਿਆ ਸੀ ਅਤੇ ਉਸ 'ਤੇ ਆਈਐਸਆਈ ਨਾਲ ਜੁੜੇ ਹੋਣ ਦੇ ਇਲਜ਼ਾਮ ਸੀ।


Published : March 3, 2026 at 4:24 PM IST
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਆਦੀਆਂ ਵਿੱਚ ਏਐਸਆਈ-ਹੋਮਗਾਰਡ ਕਤਲ ਕੇਸ ਮਾਮਲੇ 'ਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਦਾ ਪੋਸਟਮਾਰਟਮ ਅੱਜ ਕਰੀਬ ਸੱਤ ਦਿਨ ਬਾਅਦ ਕਰਵਾਉਣ ਨੂੰ ਲੈਕੇ ਪਰਿਵਾਰ ਸਹਿਮਤ ਹੋ ਗਿਆ ਹੈ। ਸੀਜੀਐਮ ਅਦਾਲਤ ਨੇ ਇਹ ਹੁਕਮ ਰਣਜੀਤ ਸਿੰਘ ਦੀ ਮਾਂ ਦੁਆਰਾ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਦਿੱਤਾ, ਜਿਸ 'ਤੇ ਪਰਿਵਾਰ ਸਹਿਮਤ ਹੋ ਗਿਆ ਹੈ।
ਅਦਾਲਤ ਵੱਲੋਂ ਸੀ ਇਹ ਹੁਕਮ
ਅਦਾਲਤ ਨੇ ਪੀਜੀਆਈ ਜਾਂ ਏਮਜ਼ ਵਿਖੇ ਰਣਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਬੇਨਤੀ ਨੂੰ ਸਵੀਕਾਰ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਅਤੇ ਇਹ ਮਾਮਲਾ ਸਿਰਫ ਮਾਨਯੋਗ ਹਾਈ ਕੋਰਟ ਦੇ ਅਧਿਕਾਰ ਖੇਤਰ ਵਿੱਚ ਹੈ। ਅਦਾਲਤ ਨੇ ਇਹ ਵੀ ਗੱਲ ਆਖੀ ਕਿ ਮ੍ਰਿਤਕ ਦੀ ਲਾਸ਼ ਕਈ ਦਿਨਾਂ ਤੋਂ ਸਿਵਲ ਹਸਪਤਾਲ ਵਿੱਚ ਪਈ ਹੈ, ਜਿਸ ਕਾਰਨ ਤੁਰੰਤ ਪੋਸਟਮਾਰਟਮ ਕਰਨਾ ਜ਼ਰੂਰੀ ਹੈ। ਸੀਜੀਐਮ ਨੇ ਤੁਰੰਤ ਸਿਵਲ ਹਸਪਤਾਲ ਦੇ ਐਸਐਮਓ ਨੂੰ ਪੋਸਟਮਾਰਟਮ ਲਈ ਡਾਕਟਰਾਂ ਦਾ ਬੋਰਡ ਬਣਾਉਣ ਦਾ ਹੁਕਮ ਦਿੱਤਾ ਸੀ।
ਪਰਿਵਾਰ ਦੀਆਂ ਸੀ ਇਹ ਮੰਗਾਂ
ਮ੍ਰਿਤਕ ਦੇ ਤਾਏ ਹਰਵਿੰਦਰ ਸਿੰਘ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਪਹੁੰਚ ਗਏ ਹਨ। ਡਾਕਟਰਾਂ ਅਤੇ ਵਕੀਲਾਂ ਦੀ ਇੱਕ ਟੀਮ ਵੀ ਹਸਪਤਾਲ ਵਿੱਚ ਮੌਜੂਦ ਹੈ। ਹਾਲਾਂਕਿ ਪਰਿਵਾਰਕ ਮੈਂਬਰ ਮੰਗ ਕਰ ਰਹੇ ਹਨ ਕਿ ਪੋਸਟਮਾਰਟਮ ਤੋਂ ਪਹਿਲਾਂ ਉਨ੍ਹਾਂ ਨੂੰ ਰਣਜੀਤ ਸਿੰਘ ਦੀ ਲਾਸ਼ ਦੇਖਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਦੇ ਨਾਲ ਹੀ ਜਿਹੜੇ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕੀਤਾ ਜਾਣਾ, ਉਨ੍ਹਾਂ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਕੌਣ ਉਨ੍ਹਾਂ ਦੇ ਬੱਚੇ ਦਾ ਪੋਸਟਮਾਰਟਮ ਕਰ ਰਿਹਾ ਹੈ। ਮ੍ਰਿਤਕ ਦੇ ਤਾਏ ਨੇ ਕਿਹਾ ਕਿ ਮਾਣਯੋਗ ਅਦਾਲਤ ਦਾ ਨੋਟਿਸ ਉਨ੍ਹਾਂ ਤੱਕ ਪਹੁੰਚ ਗਿਆ ਹੈ ਅਤੇ ਉਨ੍ਹਾਂ ਨੂੰ ਨੋਟਿਸ ਦੀ ਸਮੱਗਰੀ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਪ੍ਰਸ਼ਾਸਨ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨਾਲ ਸਹਿਮਤ ਹੁੰਦਾ ਹੈ, ਤਾਂ ਉਹ ਪੋਸਟਮਾਰਟਮ ਕਰਵਾਉਣਗੇ।

ਪੋਸਟਮਾਰਟਮ ਕਰ ਰਹੀ ਤਿੰਨ ਡਾਕਟਰਾਂ ਦੀ ਟੀਮ
ਸਿਵਲ ਹਸਪਤਾਲ ਗੁਰਦਾਸਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ "ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਦੀ ਨਿਗਰਾਨੀ ਹੇਠ, ਤਿੰਨ ਡਾਕਟਰਾਂ ਦਾ ਇੱਕ ਪੈਨਲ ਪੋਸਟਮਾਰਟਮ ਕਰ ਰਿਹਾ ਹੈ। ਜਿਨ੍ਹਾਂ ਵਿੱਚੋਂ ਦੋ ਫੋਰੈਂਸਿਕ ਡਾਕਟਰ ਅੰਮ੍ਰਿਤਸਰ ਤੋਂ ਅਤੇ ਇੱਕ ਗੁਰਦਾਸਪੁਰ ਸਿਵਲ ਹਸਪਤਾਲ ਤੋਂ ਹੈ।"
ਇਹ ਹੈ ਸਾਰਾ ਮਾਮਲਾ
ਜ਼ਿਕਰਯੋਗ ਹੈ ਕਿ 22 ਫਰਵਰੀ ਨੂੰ ਏਐਸਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦੀਆਂ ਲਾਸ਼ਾਂ ਆਦੀਆਂ ਪੁਲਿਸ ਸਟੇਸ਼ਨ ਤੋਂ ਮਿਲੀਆਂ ਸਨ, ਜੋ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ਼ ਡੇਢ ਕਿਲੋਮੀਟਰ ਦੂਰ ਹੈ। 25 ਫਰਵਰੀ ਨੂੰ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਉਸਨੂੰ ਹਥਿਆਰ ਬਰਾਮਦ ਕਰਨ ਲਈ ਲੈ ਗਈ। ਹਾਲਾਂਕਿ, ਜਦੋਂ ਐਸਐਚਓ ਦੀ ਗੱਡੀ ਪਲਟ ਗਈ ਤਾਂ ਉਹ ਫ਼ਰਾਰ ਹੋ ਗਿਆ। ਸੀਆਈਏ ਦੀ ਇੱਕ ਟੀਮ ਨੇ ਉਸ ਨੂੰ ਪੁਰਾਣਾ ਸ਼ਾਲਾ ਖੇਤਰ ਵਿੱਚ ਘੇਰ ਲਿਆ ਅਤੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ। ਸੀਆਈਏ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਸਮੇਤ ਪੰਜ ਹੋਰ ਅਧਿਕਾਰੀ ਜ਼ਖਮੀ ਹੋ ਗਏ।

