ਚਾਹ ਦੇ ਕੱਪ ਤੋਂ ਰੱਖੜੀ ਦੀ ਮਠਿਆਈ ਤੱਕ ਮਹਿੰਗਾਈ ਦਾ ਅਸਰ, ਦੁਖੀ ਲੋਕ ਸਰਕਾਰਾਂ ਨੂੰ ਪਾ ਰਹੇ ਲਾਹਨਤਾਂ !
ਮਹਿੰਗਾਈ ਦਾ ਰੱਖੜੀ ਦੇ ਤਿਉਹਾਰ 'ਤੇ ਵੀ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ। ਲੋਕਾਂ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ। ਸੌਰਵ ਅਰੋੜਾ ਦੀ ਰਿਪੋਰਟ


Published : August 27, 2026 at 5:04 PM IST
|Updated : August 27, 2026 at 5:32 PM IST
ਮੋਗਾ: ਸੱਥ ਵਿੱਚ ਲੋਕਾਂ ਨੇ ਆਪਣੀਆਂ ਰੋਜ਼ਾਨਾਂ ਦੀਆਂ ਮੁਸ਼ਕਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਪਹਿਲਾਂ ਜਿਹੜੀਆਂ ਚੀਜ਼ਾਂ ਆਮਦਨ ਦੇ ਹਿਸਾਬ ਨਾਲ ਅਸਾਨੀ ਨਾਲ ਖਰੀਦ ਲਈਆਂ ਜਾਂਦੀਆਂ ਸਨ, ਹੁਣ ਉਨ੍ਹਾਂ ਨੂੰ ਖਰੀਦਣ ਤੋਂ ਪਹਿਲਾਂ ਵੀ ਕਈ ਵਾਰ ਸੋਚਣਾ ਪੈਂਦਾ ਹੈ।
ਮਹਿੰਗਾਈ ਦੀ ਮਾਰ: ਤਿਉਹਾਰਾਂ ਦੀ ਮਿਠਾਸ ਤੋਂ ਘਰੇਲੂ ਬਜਟ ਤੱਕ
ਮਹਿੰਗਾਈ ਨੇ ਆਮ ਲੋਕਾਂ ਦੇ ਘਰੇਲੂ ਬਜਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਚਾਹ ਦੇ ਕੱਪ ਤੋਂ ਲੈ ਕੇ ਤਿਉਹਾਰਾਂ ਦੀਆਂ ਮਠਿਆਈ ਤੱਕ, ਵਧ ਰਹੀਆਂ ਕੀਮਤਾਂ ਦਾ ਅਸਰ ਹੁਣ ਹਰ ਵਰਗ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ। ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਮਹਿੰਗੀਆਂ ਹੋਣ ਕਾਰਨ ਲੋਕਾਂ ਲਈ ਘਰ ਦਾ ਬਜਟ ਸੰਭਾਲਣਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ।

ETV BHARAT ਦੀ ਟੀਮ ਵੱਲੋਂ ਪਿੰਡ ਦੀ ਸੱਥ ਵਿੱਚ ਬੈਠੇ ਲੋਕਾਂ ਨਾਲ ਤਿਉਹਾਰਾਂ ਤੋਂ ਪਹਿਲਾਂ ਵਧ ਰਹੀ ਮਹਿੰਗਾਈ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ। ਮੋਗਾ ਦੇ ਬੁੱਘੀਪੁਰਾ ਪਿੰਡ ਨੇੜੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਅਤੇ ਵਰਕਸ਼ਾਪ ਮਾਲਕਾਂ ਵੱਲੋਂ ਮਹਿੰਗਾਈ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ। ਸੱਥ ਵਿੱਚ ਲੋਕਾਂ ਨੇ ਆਪਣੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਪਹਿਲਾਂ ਜਿਹੜੀਆਂ ਚੀਜ਼ਾਂ ਆਮਦਨ ਦੇ ਹਿਸਾਬ ਨਾਲ ਅਸਾਨੀ ਨਾਲ ਖਰੀਦ ਲਈਆਂ ਜਾਂਦੀਆਂ ਸਨ, ਹੁਣ ਉਨ੍ਹਾਂ ਨੂੰ ਖਰੀਦਣ ਤੋਂ ਪਹਿਲਾਂ ਵੀ ਕਈ ਵਾਰ ਸੋਚਣਾ ਪੈਂਦਾ ਹੈ।
"ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖੰਡ ਦੇ ਭਾਅ ਦੁੱਗਣੇ 'ਤੇ ਪਹੁੰਚ ਚੁੱਕੇ ਹਨ। ਜਿੱਥੇ ਸਾਰੇ ਘਰ ਦਾ ਸੌਦਾ ਆ ਜਾਂਦਾ ਸੀ ਹੁਣ ਉਨ੍ਹਾਂ ਰੁਪਇਆਂ ਨਾਲ ਖੰਡ ਹੀ ਆ ਰਹੀ ਹੈ। ਇਸ ਕਰਕੇ ਘਰ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ।"-ਆਮ ਲੋਕ
ਚਾਹ ਦੇ ਕੱਪ ’ਤੇ ਵੀ ਮਹਿੰਗਾਈ ਦਾ ਅਸਰ
ਵਰਕਸ਼ਾਪ ਮਾਲਕਾਂ ਨੇ ਦੱਸਿਆ ਕਿ ਮਹਿੰਗਾਈ ਦਾ ਸਿੱਧਾ ਅਸਰ ਸਾਡੇ ਕਾਰੋਬਾਰ ’ਤੇ ਵੀ ਪਿਆ ਹੈ। ਪਹਿਲਾਂ ਦੁਕਾਨ ’ਤੇ ਆਉਣ ਵਾਲੇ ਗਾਹਕਾਂ ਨੂੰ ਤਿੰਨ-ਚਾਰ ਵਾਰ ਚਾਹ ਪਿਲਾਉਣਾ ਆਮ ਗੱਲ ਹੁੰਦੀ ਸੀ। ਪਰ ਖੰਡ ਅਤੇ ਹੋਰ ਸਮਾਨ ਦੀਆਂ ਕੀਮਤਾਂ ਵਧਣ ਕਾਰਨ ਹੁਣ ਚਾਹ ਦਾ ਇੱਕ ਕੱਪ ਵੀ ਕਰੀਬ 20 ਤੋਂ 25 ਰੁਪਏ ਤੱਕ ਪਹੁੰਚ ਗਿਆ ਹੈ। ਇਸ ਕਾਰਨ ਗਾਹਕ ਨੂੰ ਚਾਹ ਪੁੱਛਣ ਤੋਂ ਪਹਿਲਾਂ ਵੀ ਦੁਕਾਨਦਾਰ ਨੂੰ ਕਈ ਵਾਰ ਸੋਚਣਾ ਪੈਂਦਾ ਹੈ।
ਤਿਉਹਾਰਾਂ ਦੀ ਮਿਠਾਸ ’ਤੇ ਮਹਿੰਗਾਈ ਦੀ ਚਾਸ਼ਨੀ
ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਮਿਠਾਈਆਂ ਦੀ ਮੰਗ ਵਧ ਜਾਂਦੀ ਹੈ, ਪਰ ਇਸ ਵਾਰ ਤਿਉਹਾਰਾਂ ਦੀ ਇਹ ਮਿਠਾਸ ਲੋਕਾਂ ਦੀ ਜੇਬ ’ਤੇ ਭਾਰੀ ਪੈ ਸਕਦੀ ਹੈ। ਮਠਿਆਈ ਬਣਾਉਣ ਵਿੱਚ ਵਰਤੀ ਜਾਣ ਵਾਲੀ ਖੰਡ ਸਮੇਤ ਕਈ ਕੱਚੇ ਮਾਲ ਦੀਆਂ ਕੀਮਤਾਂ ਵਧਣ ਨਾਲ ਕਾਰੋਬਾਰੀਆਂ ਦੀ ਲਾਗਤ ਵਧ ਗਈ ਹੈ।

"ਫਲਾਂ ਦੀਆਂ ਕੀਮਤਾਂ ਵੀ ਆਸਮਾਨ ਨੂੰ ਛੂਹ ਰਹੀਆਂ ਹਨ। ਮਹਿੰਗਾਈ ਇਸ ਕਦਰ ਵਧ ਚੁੱਕੀ ਹੈ ਕਿ ਹੁਣ ਫਲ ਖਰੀਦਣੇ ਔਖੇ ਹੋ ਚੁੱਕੇ ਹਨ। ਇਸਦੇ ਨਾਲ ਹੀ ਖੰਡ ਅਤੇ ਗੁੜ ਵੀ ਮਹਿੰਗਾ ਹੋ ਚੁੱਕਾ ਹੈ। ਤਿਉਹਾਰ ਵੀ ਹੁਣ ਫਿੱਕੇ ਪੈ ਚੁੱਕੇ ਹਨ। ਕਮਾਈ ਘੱਟ ਹੈ ਅਤੇ ਮਹਿੰਗਾਈ ਜ਼ਿਆਦਾ ਹੋ ਚੁੱਕੀ ਹੈ। ਕਿਉਂਕਿ ਜੇ 100 ਰੁਪਏ ਕਮਾਈ ਹੋ ਰਹੀ ਹੈ ਤਾਂ ਖਰਚਾ 500 ਰੁਪਏ ਹੈ।ਇਸ ਕਰਕੇ ਜਿਉਣਾ ਮੁਸ਼ਕਲ ਹੋ ਚੁੱਕਿਆ ਹੈ।"-ਆਮ ਲੋਕ
ਮਹਿੰਗਾਈ ਤੋਂ ਪਰੇਸ਼ਾਨ ਲੋਕ
ਮਠਿਆਈ ਕਾਰੋਬਾਰੀਆਂ ਮੁਤਾਬਕ "ਪਹਿਲਾਂ ਕਰੀਬ 45 ਰੁਪਏ ਪ੍ਰਤੀ ਕਿੱਲੋ ਮਿਲਣ ਵਾਲੀ ਖੰਡ ਹੁਣ ਹੋਲਸੇਲ ਵਿੱਚ ਲਗਭਗ 65 ਤੋਂ 70 ਰੁਪਏ ਅਤੇ ਰਿਟੇਲ ਵਿੱਚ ਕਰੀਬ 71 ਤੋਂ 72 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਖੰਡ ਮਿਠਾਈ ਦੀ ਮੁੱਖ ਸਮੱਗਰੀ ਹੋਣ ਕਰਕੇ ਇਸ ਦੀ ਕੀਮਤ ਵਧਣ ਦਾ ਸਿੱਧਾ ਅਸਰ ਮਿਠਾਈਆਂ ਦੀ ਲਾਗਤ ’ਤੇ ਪੈਂਦਾ ਹੈ।"

ਮਠਿਆਈ ਦੀਆਂ ਕੀਮਤਾਂ ਵਧੀਆਂ ?
ਹਾਲਾਂਕਿ ਸਿਰਫ਼ ਖੰਡ ਹੀ ਮਹਿੰਗੀ ਨਹੀਂ ਹੋਈ। ਘਿਓ, ਸਰ੍ਹੋਂ ਦਾ ਤੇਲ, ਮੈਦਾ, ਸੁੱਕੇ ਮੇਵੇ ਅਤੇ ਹੋਰ ਕੱਚਾ ਮਾਲ ਵੀ ਮਹਿੰਗਾ ਹੋਣ ਕਾਰਨ ਮਠਿਆਈ ਤਿਆਰ ਕਰਨ ਦਾ ਖਰਚਾ ਵਧ ਗਿਆ ਹੈ। ਕਾਰੋਬਾਰੀਆਂ ਮੁਤਾਬਕ "ਉਹ ਤਿਉਹਾਰਾਂ ਦੇ ਮੌਕੇ ਕੀਮਤਾਂ ਵਧਾਉਣਾ ਨਹੀਂ ਚਾਹੁੰਦੇ, ਪਰ ਵਧਦੀ ਲਾਗਤ ਕਾਰਨ ਉਨ੍ਹਾਂ ਕੋਲ ਕੀਮਤਾਂ ਵਿੱਚ ਵਾਧਾ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਦਾ।"

ਕਾਰੋਬਾਰੀਆਂ ਦਾ ਅਨੁਮਾਨ ਹੈ ਕਿ "ਆਉਣ ਵਾਲੇ ਤਿਉਹਾਰਾਂ ਦੌਰਾਨ ਮਿਠਾਈਆਂ ਦੇ ਰੇਟ ਵਿੱਚ ਕਰੀਬ 15 ਤੋਂ 20 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਇਸ ਦਾ ਅਸਰ ਗਾਹਕਾਂ ਦੀ ਖਰੀਦਦਾਰੀ ’ਤੇ ਵੀ ਦਿਖਾਈ ਦੇ ਰਿਹਾ ਹੈ। ਪਹਿਲਾਂ ਜਿਹੜੇ ਗਾਹਕ ਇੱਕ ਕਿੱਲੋ ਮਠਿਆਈ ਦਾ ਡੱਬਾ ਖਰੀਦਦੇ ਸਨ, ਉਨ੍ਹਾਂ ਵਿੱਚੋਂ ਕਈ ਹੁਣ ਅੱਧਾ ਕਿੱਲੋ ਮਠਿਆਈ ਨਾਲ ਹੀ ਗੁਜ਼ਾਰਾ ਕਰ ਰਹੇ ਹਨ।"
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਚਿੰਤਾ ਵਿੱਚ ਲੋਕ
ਸੱਥ ਵਿੱਚ ਮੌਜੂਦ ਨੌਜਵਾਨਾਂ ਨੇ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਵੀ ਆਪਣੀ ਚਿੰਤਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ "ਪਹਿਲਾਂ ਰੱਖੜੀ ਮੌਕੇ ਭੈਣਾਂ ਨੂੰ ਕਰੀਬ 1000 ਰੁਪਏ ਦੇ ਕੇ ਤਿਉਹਾਰ ਮਨਾਇਆ ਜਾਂਦਾ ਸੀ, ਪਰ ਹੁਣ 1000 ਰੁਪਏ ਵਿੱਚ ਮਿਠਾਈ ਦਾ ਡੱਬਾ ਹੀ ਆਉਂਦਾ ਹੈ।"
ਨੌਜਵਾਨਾਂ ਮੁਤਾਬਕ ਇਸ ਵਾਰ ਰੱਖੜੀ ਦਾ ਤਿਉਹਾਰ ਖੁਸ਼ੀ ਨਾਲ ਮਨਾਉਣ ਲਈ ਭੈਣਾਂ ਨੂੰ 2000-2000 ਰੁਪਏ ਦੇਣ ਦੀ ਲੋੜ ਪੈ ਸਕਦੀ ਹੈ। ਇਸੇ ਕਰਕੇ ਕੁਝ ਨੌਜਵਾਨ ਮਜ਼ਾਕੀਆ ਅੰਦਾਜ਼ ਵਿੱਚ ਇਹ ਵੀ ਕਹਿੰਦੇ ਨਜ਼ਰ ਆਏ ਕਿ ਇਸ ਵਾਰ ਤਾਂ ਸੋਚਦੇ ਹਾਂ ਭੈਣਾਂ ਰੱਖੜੀ ’ਤੇ ਨਾ ਹੀ ਆਉਣ।
ਫਲ ਵੀ ਨਹੀਂ ਰਹੇ ਸਸਤੇ
ਮਿਠਾਈਆਂ ਦੀ ਥਾਂ ਫਲ-ਫਰੂਟ ਖਰੀਦਣ ਦਾ ਬਦਲ ਵੀ ਲੋਕਾਂ ਨੂੰ ਪੂਰੀ ਰਾਹਤ ਨਹੀਂ ਦੇ ਰਿਹਾ। ਕਾਰੋਬਾਰੀਆਂ ਮੁਤਾਬਕ "ਫਲਾਂ ਦੀਆਂ ਕੀਮਤਾਂ ਵੀ ਕਈ ਪਰਿਵਾਰਾਂ ਦੇ ਬਜਟ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਸ ਲਈ ਆਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਤਿਉਹਾਰਾਂ ਦਾ ਖਰਚਾ ਸੰਭਾਲਣਾ ਹੋਰ ਮੁਸ਼ਕਲ ਹੁੰਦਾ ਜਾ ਰਿਹਾ ਹੈ।"
ਗੰਨੇ ਤੋਂ ਮਠਿਆਈ ਦੀ ਦੁਕਾਨ ਤੱਕ ਮਹਿੰਗਾਈ ਦਾ ਅਸਰ
ਇੱਕ ਮਠਿਆਈ ਵਿਕਰੇਤਾ ਨੇ ਗੰਨੇ ਦੀ ਖੇਤੀ ਨਾਲ ਆਪਣੇ ਸਬੰਧ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੰਨੇ ਤੋਂ ਖੰਡ, ਗੁੜ ਅਤੇ ਸ਼ੱਕਰ ਵਰਗੇ ਉਤਪਾਦ ਤਿਆਰ ਹੁੰਦੇ ਹਨ। ਉਨ੍ਹਾਂ ਮੁਤਾਬਕ ਗੰਨੇ ਨਾਲ ਜੁੜੇ ਬਦਲਦੇ ਬਜ਼ਾਰੀ ਹਲਾਤ ਅਤੇ ਉਤਪਾਦਨ ਲਾਗਤਾਂ ਦਾ ਅਸਰ ਪੂਰੇ ਕਾਰੋਬਾਰੀ ਚੱਕਰ ’ਤੇ ਪੈਂਦਾ ਹੈ।
ਮਹਿੰਗਾਈ ਦਾ ਵੱਡਾ ਕਾਰਨ ਈਥੈਨੌਲ ?
ਉਨ੍ਹਾਂ ਨੇ ਪੈਟਰੋਲ-ਡੀਜ਼ਲ ਵਿੱਚ ਈਥੈਨੌਲ ਦੀ ਵਰਤੋਂ ਨਾਲ ਜੁੜੇ ਬਦਲਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਹਲਾਤਾਂ ਨੇ ਕਿਸਾਨਾਂ ਤੋਂ ਲੈਕੇ ਕਾਰੋਬਾਰੀਆਂ ਤੱਕ ਕਈ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਹਾਲਾਂਕਿ ਖੰਡ ਦੀ ਕੀਮਤ ਵਧਣ ਦੇ ਕਾਰਨਾਂ ਦੀ ਪੁਸ਼ਟੀ ਲਈ ਬਜ਼ਾਰ ਅਤੇ ਨੀਤੀ ਪੱਧਰ ਦੇ ਅੰਕੜਿਆਂ ਨੂੰ ਵੀ ਦੇਖਣਾ ਜ਼ਰੂਰੀ ਹੈ।
"ਵਧਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਠੋਸ ਕਦਮ ਚੁੱਕੇ ਜਾਣ। ਜੇਕਰ ਕੋਈ ਵੱਡਾ ਦੁਕਾਨਦਾਰ ਜਾਂ ਵਪਾਰੀ ਜਮ੍ਹਾਂਖੋਰੀ ਕਰਕੇ ਕੀਮਤਾਂ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।"-ਆਮ ਲੋਕ
ਬੁੱਘੀਪੁਰਾ ਦੀ ਸੱਥ ਵਿੱਚੋਂ ਉੱਠੀ ਇਹ ਆਵਾਜ਼ ਸਿਰਫ਼ ਇੱਕ ਪਿੰਡ ਦੀ ਨਹੀਂ, ਸਗੋਂ ਹਰ ਉਸ ਆਮ ਪਰਿਵਾਰ ਦੀ ਕਹਾਣੀ ਹੈ ਜੋ ਵਧਦੀ ਮਹਿੰਗਾਈ ਵਿੱਚ ਆਪਣੀਆਂ ਰੋਜ਼ਾਨਾ ਲੋੜਾਂ, ਬੱਚਿਆਂ ਦੀਆਂ ਖੁਸ਼ੀਆਂ ਅਤੇ ਤਿਉਹਾਰਾਂ ਦੀ ਰੌਣਕ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਸਵਾਲ ਹੁਣ ਇਹ ਹੈ ਕਿ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਖੰਡ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਮਿਲੇਗੀ ਜਾਂ ਨਹੀਂ? ਕਿਉਂਕਿ ਜੇਕਰ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਇਸ ਵਾਰ ਤਿਉਹਾਰਾਂ ਦੀ ਮਿਠਾਸ ਦਾ ਸਭ ਤੋਂ ਵੱਡਾ ਅਸਰ ਲੋਕਾਂ ਦੀ ਜੇਬ ’ਤੇ ਹੀ ਪੈਣਾ ਹੈ।

