ਥਾਈਲੈਂਡ ਵਿਖੇ ਕਰਾਟੇ ਕੱਪ 'ਚ ਛਾਏ ਪੰਜਾਬ ਦੇ ਚਾਰ ਖਿਡਾਰੀ, ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ
ਬਰਨਾਲਾ ਦੇ ਚਾਰ ਬੱਚਿਆਂ ਨੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿੱਚ 8 ਮੈਡਲ ਜਿੱਤ ਕੇ ਮਿਸਾਲ ਕਾਇਮ ਕੀਤੀ।

Published : February 27, 2026 at 2:59 PM IST
ਬਰਨਾਲਾ: ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਦੇ ਹਰ ਸਕੂਲ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਅਤੇ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ 'ਤੇ "ਖੇਡਾਂ ਵਤਨ ਪੰਜਾਬ ਦੀਆਂ" ਤਹਿਤ ਬੱਚਿਆਂ ਨੂੰ ਖੇਡਣ ਲਈ ਪਲੇਟਫਾਰਮ ਦਿੱਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਦੇ ਨਾਲ-ਨਾਲ ਨਿੱਜੀ ਸਕੂਲਾਂ ਦੇ ਬੱਚੇ ਵੀ ਅੱਜ ਖੇਡਾਂ ਵਿੱਚ ਮੈਡਲ ਜਿੱਤਦੇ ਨਜ਼ਰ ਆ ਰਹੇ ਹਨ। ਇਸੇ ਤਹਿਤ ਅੱਜ ਬਰਨਾਲਾ ਦੇ ਚਾਰ ਬੱਚਿਆਂ ਨੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿੱਚ 8 ਮੈਡਲ ਜਿੱਤ ਕੇ ਮਿਸਾਲ ਕਾਇਮ ਕੀਤੀ।
ਸਕੂਲ ਵਿੱਚ ਸਵਾਗਤ
ਥਾਈਲੈਂਡ ਕਰਾਟੇ ਕੱਪ 2026 ਇੰਟਰਨੈਸ਼ਨਲ ਚੈਂਪੀਅਨਸ਼ਿਪ ਬੈਂਕਾਕ ਵਿੱਚ ਬਰਨਾਲਾ ਦੇ ਚਾਰ ਖਿਡਾਰੀਆਂ ਨੇ ਮਾਰੀ ਬਾਜ਼ੀ ਹੈ। ਖਿਡਾਰੀਆਂ ਨੇ 1 ਗੋਲਡ ਮੈਡਲ ਸਮੇਤ 8 ਮੈਡਲ ਜਿੱਤ ਕੇ ਆਪਣੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਬਰਨਾਲਾ ਪਹੁੰਚੇ ਚਾਰਾਂ ਬੱਚਿਆਂ ਦਾ ਸਕੂਲ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਚਾਰੇ ਬੱਚੇ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਹਨ, ਜਿਨ੍ਹਾਂ ਵਿੱਚ ਇੱਕ ਲੜਕੀ ਅਤੇ ਤਿੰਨ ਲੜਕੇ ਸ਼ਾਮਲ ਹਨ। ਇਸ ਚੈਂਪੀਅਨਸ਼ਿਪ ਵਿੱਚ 11 ਦੇਸ਼ਾਂ ਨੇ ਹਿੱਸਾ ਲਿਆ ਅਤੇ 578 ਬੱਚਿਆਂ ਨੇ ਭਾਗ ਲਿਆ। ਇਸ ਵਿੱਚ ਬਰਨਾਲਾ ਦੇ ਚਾਰ ਬੱਚਿਆਂ ਨੇ 8 ਮੈਡਲ ਜਿੱਤ ਕੇ ਮਿਸਾਲ ਕਾਇਮ ਕੀਤੀ।

"578 ਬੱਚਿਆਂ ਵਿੱਚੋਂ 4 ਬੱਚਿਆਂ ਨੇ 8 ਮੈਡਲ ਲੈਣੇ ਕੋਈ ਛੋਟੀ ਗੱਲ ਨਹੀਂ"
ਇਸੇ ਦੌਰਾਨ ਗੱਲਬਾਤ ਕਰਦੇ ਹੋਏ ਸਕੂਲ ਦੇ ਪ੍ਰਬੰਧਕ ਸ਼ਿਵ ਸਿੰਗਲਾ ਨੇ ਕਿਹਾ ਕਿ, 'ਇਹ ਬੱਚੇ ਪਹਿਲਾਂ ਪਹਿਲਾਂ ਜ਼ਿਲ੍ਹਾ ਪੱਧਰ 'ਤੇ ਮੈਡਲ ਜਿੱਤੇ, ਫਿਰ ਰਾਜ ਪੱਧਰ 'ਤੇ ਮੈਡਲ ਜਿੱਤੇ, ਫਿਰ ਨੈਸ਼ਨਲ ਅਤੇ ਅੱਜ ਅੰਤਰਰਾਸ਼ਟਰੀ ਮੈਡਲਿਸਟ ਬਣੇ ਹਨ। ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉੱਥੇ 11 ਦੇਸ਼ਾਂ ਦੇ ਬੱਚਿਆਂ ਨੇ ਭਾਗ ਲਿਆ ਸੀ, ਜਿੱਥੇ 578 ਬੱਚਿਆਂ ਵਿਚੋਂ 4 ਬੱਚਿਆਂ ਨੇ 8 ਮੈਡਲ ਲੈਣੇ ਕੋਈ ਛੋਟੀ ਗੱਲ ਨਹੀਂ ਹੈ। ਇਹ ਸਕੂਲ ਜਾਂ ਪੰਜਾਬ ਲਈ ਹੀ ਨਹੀਂ ਬਲਕਿ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਚਾਰ ਸਾਲਾਂ ਵਿੱਚ ਸਾਢੇ 700 ਮੈਡਲ ਜਿੱਤਣਾ ਅਤੇ ਫਿਰ ਇਸ ਸਾਲ ਵਿੱਚ 160 ਤੋਂ ਵੱਧ ਨੈਸ਼ਨਲ ਸਟੇਟ ਲੇਬਲ ਤੋਂ ਮੈਡਲ ਜਿੱਤਣੇ ਇਹ ਬਹੁਤ ਹੀ ਵੱਡੀ ਗੱਲ ਹੈ।
ਇਸੇ ਦੌਰਾਨ ਗੱਲਬਾਤ ਕਰਦੇ ਹੋਏ ਜੇਤੂ ਖਿਡਾਰਣ ਅਮਨਜੋਤ ਕੌਰ ਨੇ ਕਿਹਾ ਕਿ, 'ਮੈਂ ਥਾਈਲੈਂਡ ਗਈ ਸੀ, ਉੱਥੇ ਮੁਕਾਬਲਾ ਬਹੁਤ ਮੁਸ਼ਕਿਲ ਸੀ ਪਰ ਅਸੀਂ ਫਿਰ ਮੈਡਲ ਜਿੱਤ ਕੇ ਲਿਆਏ ਹਾਂ। ਅਸੀਂ ਇੱਕ ਗੋਲਡ ਮੈਡਲ, ਚਾਰ ਸਿਲਵਰ ਅਤੇ ਤਿੰਨ ਬਰਾਉਨ ਮੈਡਲ ਜਿੱਤੇ ਕੇ ਲਿਆਏ ਹਾਂ।'

"ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮਾਪਿਆਂ ਅਤੇ ਸਕੂਲ ਵੱਲੋਂ ਇੰਨਾ ਜ਼ਿਆਦਾ ਪਿਆਰ ਦਿੱਤਾ ਗਿਆ ਅਤੇ ਸਾਡੇ ਉੱਤੇ ਇੰਨਾ ਪੈਸਾ ਲਗਾਇਆ। ਮੈਂ ਆਪਣੇ ਦੇਸ਼, ਪਰਿਵਾਰ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹਾਂ, ਮੈਂ ਵਰਲਡ ਦੀ ਵੈਸਟ ਕਰਾਟੇ ਵੂਮੈਨ ਬਣਨਾ ਚਾਹੁੰਦੀ ਹਾਂ।"- ਅਮਨਜੋਤ ਕੌਰ, ਜੇਤੂ ਖਿਡਾਰਣ
"ਮਾਂ ਬਾਪ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਦਾ ਪੂਰਾ ਸਾਥ ਦੇਣ"
ਇਸੇ ਦੌਰਾਨ ਜਸਕਰਨ ਸਿੰਘ ਦੇ ਪਿਤਾ ਨੇ ਬੂਟਾ ਸਿੰਘ ਨੇ ਕਿਹਾ ਕਿ ਮੇਰਾ ਬੱਚਾ ਗੋਲਡ ਅਤੇ ਸਿਲਵਰ ਮੈਡਲ ਲੈ ਕੇ ਆਇਆ ਹੈ ਅਤੇ ਇਹ ਪਹਿਲਾਂ ਵੀ ਮੈਡਲ ਲੈ ਕੇ ਆਉਂਦਾ ਰਹਿੰਦਾ ਹੈ। ਜੇਕਰ ਬੱਚੇ ਨੂੰ ਖੇਡਾਂ ਵਿੱਚ ਦਿਲਚਸਪੀ ਹੈ ਤਾਂ ਮਾਂ ਬਾਪ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਦਾ ਪੂਰਾ ਸਾਥ ਦੇਣ।
"ਬੱਚਿਆਂ ਦੇ ਹੌਸਲੇ ਨੇ ਕਮਾਲ ਕਰ ਦਿੱਤੀ"
ਇਸ ਦੇ ਨਾਲ ਹੀ ਬੱਚਿਆਂ ਦੇ ਕਰਾਟੇ ਕੋਚ ਜਗਸੀਰ ਸਿੰਘ ਵਰਮਾ ਨੇ ਕਿਹਾ ਕਿ, 'ਜਦੋਂ ਅਸੀਂ ਉੱਥੇ ਗਏ ਤਾਂ ਦੇਖ ਕੇ ਲੱਗ ਰਿਹਾ ਸੀ ਕਿ ਸਾਡਾ ਇੱਥੇ ਕੁਝ ਨਹੀਂ ਬਣਨਾ, ਬਹੁਤ ਹੀ ਤਕੜਾ ਮੁਕਾਬਲਾ ਸੀ ਪਰ ਮੇਰੇ ਬੱਚਿਆਂ ਨੇ ਮੈਨੂੰ ਗਲਤ ਸਾਬਿਤ ਕਰ ਦਿੱਤਾ। ਇਨ੍ਹਾਂ ਦਾ ਹੌਂਸਲਾ ਇੰਨਾ ਵੱਡਾ ਸੀ ਕਿ ਇਨ੍ਹਾਂ ਸਾਹਮਣੇ ਵਾਲੇ ਫਾਈਟਰ ਚਿੱਤ ਕਰ ਦਿੱਤੇ। ਮੈਨੂੰ ਬਹੁਤ ਹੀ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਛੋਟੇ ਖਿਡਾਰੀਆਂ ਦੀ ਸਖ਼ਤ ਮਿਹਨਤ ਸਦਕਾ ਇੱਕ ਦੋ ਨਹੀਂ ਬਲਕਿ ਇਕੱਠੇ 8 ਮੈਡਲ ਜਿੱਤੇ ਗਏ ਹਨ।

ਇੱਕ ਪਾਸੇ ਪੰਜਾਬ ਅੱਜ ਖੇਡਾਂ ਵਿੱਚ ਪਹਿਲਾ ਸਥਾਨ ਹਾਸਿਲ ਕਰ ਰਿਹਾ ਹੈ, ਉੱਥੇ ਹੀ ਸਕੂਲ ਦੇ ਛੋਟੇ-ਛੋਟੇ ਬੱਚੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਸਕੂਲ ਪਰਿਵਾਰ ਅਤੇ ਬੱਚਿਆਂ ਨੇ ਇਸ ਸਫਲਤਾ ਲਈ ਆਪਣੇ ਸਕੂਲ, ਰਾਜ, ਮਾਤਾ-ਪਿਤਾ ਅਤੇ ਕੋਚ ਦਾ ਵਿਸ਼ੇਸ਼ ਧੰਨਵਾਦ ਕੀਤਾ।

