ETV Bharat / state

SGPC ਦਾ ਸਾਬਕਾ CA ਸਤਿੰਦਰ ਸਿੰਘ ਕੋਹਲੀ ਗ੍ਰਿਫ਼ਤਾਰ

ਚਾਰਟਡ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਹਨ। ਪੜ੍ਹੋ ਖ਼ਬਰ...

SATINDER SINGH KOHLI ARRESTED
ਸਤਿੰਦਰ ਸਿੰਘ ਕੋਹਲੀ ਗ੍ਰਿਫ਼ਤਾਰ (Etv Bharat)
author img

By ETV Bharat Punjabi Team

Published : January 1, 2026 at 4:29 PM IST

4 Min Read
Choose ETV Bharat

ਅੰਮ੍ਰਿਤਸਰ/ਚੰਡੀਗੜ੍ਹ: ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਪੁਲਿਸ ਵੱਲੋਂ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ FIR ਦਰਜ ਕੀਤੀ ਗਈ ਸੀ ਅਤੇ 16 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਹੁਣ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚਾਰਟਡ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਪੁਲਿਸ ਨੇ ਸਤਿੰਦਰ ਸਿੰਘ ਕੋਹਲੀ ਨੂੰ ਚੰਡੀਗੜ੍ਹ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ। ਜਿਸ ਸਬੰਧੀ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਕੁਲਦੀਪ ਧਾਲੀਵਾਲ ਤੇ ਭਗਵੰਤ ਸਿੰਘ ਸਿਆਲਕਾ (Etv Bharat)

ਸਿੱਖ ਸੰਗਤ ਲਈ ਇਤਿਹਾਸਕ ਦਿਨ

'ਆਪ' ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਨੂੰ ਸਿੱਖ ਸੰਗਤ ਲਈ ਇਤਿਹਾਸਕ ਦਿਨ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ "ਪਿਛਲੇ ਚਾਰ–ਪੰਜ ਸਾਲਾਂ ਤੋਂ ਸਿੱਖ ਸੰਗਤਾਂ 328 ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਇਨਸਾਫ ਦੀ ਉਡੀਕ ਕਰ ਰਹੀਆਂ ਸਨ। ਹਾਈਕੋਰਟ ਦੀਆਂ ਸਪੱਸ਼ਟ ਹਦਾਇਤਾਂ ’ਤੇ ਇਸ ਮਾਮਲੇ ਵਿੱਚ ਪਰਚਾ ਦਰਜ ਹੋਇਆ, ਸਿੱਟ ਗਠਨ ਕੀਤੀ ਗਈ ਅਤੇ ਅੱਜ ਸਿੱਟ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਮੁੱਖ ਮੁਲਜ਼ਮ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਹੈ।"

ਮੁੱਖ ਵਿਅਕਤੀ ਦੀ ਗ੍ਰਿਫ਼ਤਾਰੀ

ਧਾਲੀਵਾਲ ਨੇ ਕਿਹਾ ਕਿ "ਐਸਐਸ ਕੋਹਲੀ, ਜੋ ਕਿ ਇੱਕ ਚਾਰਟਡ ਅਕਾਊਂਟੈਂਟ ਰਹਿ ਚੁੱਕਾ ਹੈ ਅਤੇ ਕਦੇ ਐਸਜੀਪੀਸੀ ਨਾਲ ਵੀ ਜੁੜਿਆ ਰਿਹਾ। ਉਸ ਨੂੰ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ। ਇਹ ਇਸ ਕੇਸ ਦੀ ਪਹਿਲੀ ਗ੍ਰਿਫਤਾਰੀ ਹੈ ਅਤੇ ਉਹ ਵੀ ਮੁੱਖ ਵਿਅਕਤੀ ਦੀ, ਜੋ ਕਿ ਸਿੱਟ ਦੀ ਗੰਭੀਰਤਾ ਅਤੇ ਨੀਅਤ ਨੂੰ ਦਰਸਾਉਂਦੀ ਹੈ। ਪਿਛਲੇ ਸਾਲਾਂ ਦੌਰਾਨ ਸਿੱਖ ਸੰਗਤਾਂ ਵੱਲੋਂ ਵੱਡੇ ਪੱਧਰ 'ਤੇ ਧਰਨੇ, ਮੁਜ਼ਾਹਰੇ ਅਤੇ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਭਾਈ ਬਲਦੇਵ ਸਿੰਘ ਵਡਾਲਾ ਵਰਗੇ ਪ੍ਰਸਿੱਧ ਕੀਰਤਨੀ ਦੀ ਗਵਾਹੀ ਵੀ ਇਸ ਮਾਮਲੇ ਵਿੱਚ ਅਹਿਮ ਰਹੀ ਹੈ।"

ਦੋਸ਼ੀਆਂ ਨੂੰ ਸਜ਼ਾ ਯਕੀਨੀ

ਵਿਧਾਇਕ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਇਹ ਪੰਜਾਬ ਸਰਕਾਰ ਦੀ ਪੱਕੀ ਕਮਿਟਮੈਂਟ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂ ਲਾਪਰਵਾਹੀ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਿੱਖ ਸੰਗਤਾਂ ਨੂੰ ਭਰੋਸਾ ਦਿਵਾਇਆ ਕਿ 328 ਸਰੂਪ ਮਾਮਲੇ ਵਿੱਚ ਜਿੰਨੇ ਵੀ 16 ਦੇ 16 ਦੋਸ਼ੀ ਹਨ, ਉਨ੍ਹਾਂ ਸਭ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।

ਗੁਰੂ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ

328 ਸਰੂਪਾਂ ਦੇ ਮਾਮਲੇ ’ਤੇ ਗੱਲ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ "ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਗੰਭੀਰ ਮਾਮਲਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਇੱਕ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਦਕਿ 16 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਹੈ। ਸਰਕਾਰ ਦਾ ਕੰਮ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਹੈ ਅਤੇ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਜਾਂਚ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇ ਲੋੜ ਪਈ ਤਾਂ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਜਿਹੜੇ ਲੋਕ ਸੱਚ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ, ਉਨ੍ਹਾਂ ਦੀ ਆਵਾਜ਼ ਨੂੰ ਅਣਡਿੱਠਾ ਨਹੀਂ ਕੀਤਾ ਜਾਵੇਗਾ। ਗੁਰੂ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲੇਗੀ।"

ਦਿੱਲੀ ਦੀ ਸਿਆਸਤ ਨੇ ਨਿਸ਼ਾਨੇ 'ਤੇ ਅਕਾਲੀ ਦਲ

ਉਧਰ ਇਸ ਮਾਮਲੇ ਨੂੰ ਲੈਕੇ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਦਾ ਕਹਿਣਾ ਕਿ "ਪੰਜਾਬ ਪੁਲਿਸ ਵੱਲੋਂ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਐਫਆਈਆਰ 'ਚ ਉਨ੍ਹਾਂ ਦਾ ਨਾਂ ਪੰਦਰ੍ਹਵੇਂ ਨੰਬਰ 'ਤੇ ਸੀ। ਇਸ ਦੇ ਨਾਲ ਸਰਕਾਰ ਨੇ ਆਪਣੇ ਚੈਨਲਾਂ ਰਾਹੀ ਇਹ ਖ਼ਬਰ ਚਲਾਈ ਤੇ ਲੋਕਾਂ 'ਚ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਗ੍ਰਿਫ਼ਤਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਢਾਅ ਲਗਾਵੇਗੀ। ਜਦੋਂ ਕਿ ਅਕਾਲੀ ਦਲ ਨੂੰ ਲੰਬੇ ਸਮੇਂ ਤੋਂ ਸੈਂਟਰ ਨੇ ਜਾਂ ਦਿੱਲੀ ਦੀ ਸਿਆਸਤ ਨੇ ਨਿਸ਼ਾਨੇ 'ਤੇ ਲਿਆ ਹੈ।"

ਭਗਵੰਤ ਮਾਨ ਤੇ ਸੰਧਵਾਂ ਬਣਾਏ ਟੂਲ

ਸਿਆਲਕਾ ਨੇ ਕਿਹਾ ਕਿ "ਜਿਵੇਂ ਉਸ ਸਮੇਂ ਦੀ ਇੰਦਰਾ ਗਾਂਧੀ ਸਰਕਾਰ ਨੇ ਗਿਅਨੀ ਜੈਲ ਸਿੰਘ ਨੂੰ ਵਰਤਿਆ ਅਤੇ ਰਾਸ਼ਟਰਪਤੀ ਬਣਾ ਕੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਤੇ ਨਾਲ ਹੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦਾ ਕਤਲੇਆਮ ਕਰਵਾਇਆ। ਅੱਜ ਉਸੇ ਗਿਆਨੀ ਜੈਲ ਸਿੰਘ ਦੀ ਅਗਲੀ ਪੀੜ੍ਹੀ ਨੂੰ ਵਰਤ ਕੇ ਇਥੇ ਭੇਜ ਕੇ ਪਰਚਾ ਦਰਜ ਕਰਕੇ ਕਾਪੀ ਦੇ ਰਹੀ ਹੈ। ਅੱਜ ਕੇਜਰੀਵਾਲ ਵਰਤ ਰਿਹਾ ਹੈ, ਉਸ ਸਮੇਂ ਤਖ਼ਤ 'ਤੇ ਹਮਲਾ ਕੀਤਾ ਅਤੇ ਅੱਜ ਤਖ਼ਤ ਦੀ ਵਿਚਾਰਧਾਰਾ ਅਤੇ ਪ੍ਰਭੂਸੱਤਾ 'ਤੇ ਪੰਜਾਬ ਸਰਕਾਰ ਹਮਲਾ ਕਰ ਰਹੀ ਹੈ। ਜਿਸ 'ਚ ਭਗਵੰਤ ਸਿੰਘ ਮਾਨ ਅਤੇ ਕੁਲਤਾਰ ਸਿੰਘ ਸੰਧਵਾਂ ਨੂੰ ਟੂਲ ਬਣਾਇਆ ਗਿਆ।"

ਪੰਜਾਬ ਪ੍ਰਤੀ ਘਾਤਕ ਸੋਚ

ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ "ਕੁਲਤਾਰ ਸਿੰਘ ਸੰਧਵਾਂ ਬੇਸ਼ੱਕ ਦਾਹੜਾ ਪ੍ਰਕਾਸ਼ ਕਰਦੇ ਹਨ ਪਰ ਉਨ੍ਹਾਂ ਦੀ ਸੋਚ ਪੰਜਾਬ ਪ੍ਰਤੀ ਇੰਨੀ ਘਾਤਕ ਹੈ, ਜਿੰਨੀ ਕਿ ਗਿਆਨੀ ਜੈਲ ਸਿੰਘ ਦੀ ਸੀ। ਇਸ ਤੋਂ ਇਲਾਵਾ ਜੋ ਮੁੱਖ ਮੰਤਰੀ ਹੈ, ਨਾ ਤਾਂ ਉਸ ਦੀ ਆਪਣੀ ਕੋਈ ਸੋਚ ਹੈ ਤੇ ਨਾ ਹੀ ਕੋਈ ਵਿਚਾਰਧਾਰਾ। ਉਸ ਨੂੰ ਪਿੱਛੋਂ ਜੋ ਕੇਜਰੀਵਾਲ ਤੋਂ ਆ ਰਿਹਾ ਹੈ, ਉਹ ਉਸ ਹਿਸਾਬ ਨਾਲ ਚੱਲ ਰਿਹਾ ਹੈ। ਕੋਹਲੀ ਦੀ ਗ੍ਰਿਫ਼ਤਾਰੀ ਉਸ ਕੜੀ ਦਾ ਹਿੱਸਾ ਹੈ, ਜਦੋਂ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ। ਦਿਨੋਂ-ਦਿਨ ਇਹ ਪੰਜਾਬ ਦੀ ਲੁੱਟ ਕਰ ਰਹੇ ਹਨ ਅਤੇ 2027 ਦੀਆਂ ਚੋਣਾਂ ਦੇ ਚੱਲਦੇ ਇਨ੍ਹਾਂ ਵੱਲੋਂ ਧਰਮ ਦੇ ਮੁੱਦੇ ਨੂੰ ਅੱਗੇ ਕੀਤਾ ਜਾ ਰਿਹਾ ਹੈ।"