ਮੋਹਾਲੀ ਦੇ CP-67 ਮਾਲ ਦੇ ਬਾਹਰ ਫਾਇਰਿੰਗ, ਸੀਸੀਟੀਵੀ 'ਚ ਨਜ਼ਰ ਆਏ ਬਾਈਕ ਸਵਾਰ ਮੁਲਜ਼ਮ
ਮੋਹਾਲੀ ਦੇ CP 67 ਮਾਲ ਨੇੜੇ 'Hair Master Salon' ਦੇ ਬਾਹਰ Firing ਦੀ ਘਟਨਾ ਸਾਹਮਣੇ ਆਈ ਹੈ। ਫਾਇਰ ਕਰਦੇ ਦੋ ਬਾਈਕ ਸਵਾਰ ਸੀਸੀਟੀਵੀ 'ਚ ਦਿਖੇ।


Published : September 3, 2026 at 11:49 AM IST
ਮੋਹਾਲੀ/ਅੰਮ੍ਰਿਤਸਰ: ਬੀਤੀ ਰਾਤ ਮੋਹਾਲੀ ਦੇ ਸੀਪੀ 67 ਮਾਲ ਨੇੜੇ ਹੇਅਰ ਮਾਸਟਰ ਸੈਲੂਨ ਦੇ ਬਾਹਰ ਫਾਇਰਿੰਗ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮੱਚ ਗਿਆ। ਜਾਣਕਾਰੀ ਮੁਤਾਬਕ, ਬਾਈਕ ਸਵਾਰ ਦੋ ਨੌਜਵਾਨ ਸੈਲੂਨ ਦੇ ਬਾਹਰ ਪਹੁੰਚੇ ਅਤੇ ਉਨ੍ਹਾਂ ਵੱਲੋਂ ਇੱਕ ਰਾਊਂਡ ਫਾਇਰ ਕੀਤਾ ਗਿਆ। ਫਾਇਰਿੰਗ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਕ੍ਰਾਈਮ ਸੀਨ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਘਟਨਾ ਨਾਲ ਜੁੜੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਹੁਣ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿਰਫ਼ ਇੱਕ ਰਾਊਂਡ ਫਾਇਰ ਹੋਣ ਦੀ ਪੁਸ਼ਟੀ
ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ, "ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ ਹੈ। ਮੁੱਢਲੀ ਜਾਂਚ ਮੁਤਾਬਕ ਮੁਲਜ਼ਮਾਂ ਵੱਲੋਂ ਸਿਰਫ਼ ਇੱਕ ਰਾਊਂਡ ਫਾਇਰ ਕੀਤਾ ਗਿਆ ਹੈ। ਪੁਲਿਸ ਵੱਲੋਂ ਫਾਇਰਿੰਗ ਦੀ ਪੂਰੀ ਘਟਨਾ ਦੇ ਹਾਲਾਤ ਅਤੇ ਇਸ ਦੇ ਪਿੱਛੇ ਦੀ ਵਜ੍ਹਾ ਬਾਰੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ ਫਾਇਰਿੰਗ ਵਿੱਚ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ ਸੈਲੂਨ ਵਰਗੇ ਵਪਾਰਕ ਸਥਾਨ ਦੇ ਬਾਹਰ ਗੋਲੀ ਚੱਲਣ ਦੀ ਘਟਨਾ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।"
ਸੈਲੂਨ ਮਾਲਕ ਨੂੰ ਪਹਿਲਾਂ ਤੋਂ ਮਿਲੀ ਹੋਈ ਪੁਲਿਸ ਸੁਰੱਖਿਆ
ਇਸ ਮਾਮਲੇ ਵਿੱਚ ਇੱਕ ਅਹਿਮ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਹੇਅਰ ਮਾਸਟਰ ਸੈਲੂਨ ਦੇ ਮਾਲਕ ਨੂੰ ਪੰਜਾਬ ਪੁਲਿਸ ਵੱਲੋਂ ਪਹਿਲਾਂ ਤੋਂ ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ। ਇਸ ਕਾਰਨ ਫਾਇਰਿੰਗ ਦੀ ਘਟਨਾ ਨੂੰ ਲੈ ਕੇ ਪੁਲਿਸ ਜਾਂਚ ਵਿੱਚ ਇਹ ਪੱਖ ਵੀ ਮਹੱਤਵਪੂਰਨ ਹੋ ਸਕਦਾ ਹੈ ਕਿ ਹਮਲਾਵਰਾਂ ਦਾ ਨਿਸ਼ਾਨਾ ਕੌਣ ਸੀ ਅਤੇ ਉਨ੍ਹਾਂ ਨੇ ਸੈਲੂਨ ਦੇ ਬਾਹਰ ਹੀ ਫਾਇਰਿੰਗ ਕਿਉਂ ਕੀਤੀ?
ਪੁਲਿਸ ਵੱਲੋਂ ਮੌਕੇ ਦੇ ਹਾਲਾਤ, ਫਾਇਰਿੰਗ ਦੇ ਤਰੀਕੇ ਅਤੇ ਮੁਲਜ਼ਮਾਂ ਦੇ ਆਉਣ-ਜਾਣ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਫਾਇਰਿੰਗ ਦੇ ਪਿੱਛੇ ਕਿਸੇ ਖਾਸ ਕਾਰਨ ਜਾਂ ਵਿਅਕਤੀ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਮੁਲਜ਼ਮਾਂ ਦੀ ਪਛਾਣ ਲਈ ਜਾਂਚ ਜਾਰੀ
ਬਾਈਕ ਸਵਾਰ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਇਸ ਫਾਇਰਿੰਗ ਤੋਂ ਬਾਅਦ ਪੁਲਿਸ ਹੁਣ ਉਨ੍ਹਾਂ ਦੀ ਪਛਾਣ ਅਤੇ ਵਾਰਦਾਤ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਘਟਨਾ ਦੇ ਹਰ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਅੱਗੇ ਵਧਾਈ ਜਾ ਰਹੀ ਹੈ। ਫਿਲਹਾਲ ਮਾਮਲੇ ਵਿੱਚ ਇੱਕ ਰਾਊਂਡ ਫਾਇਰ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੇ ਆਧਾਰ ’ਤੇ ਹੀ ਫਾਇਰਿੰਗ ਦੇ ਕਾਰਨ ਅਤੇ ਮੁਲਜ਼ਮਾਂ ਦੀ ਪਛਾਣ ਸਬੰਧੀ ਅਗਲੀ ਜਾਣਕਾਰੀ ਸਾਹਮਣੇ ਆਵੇਗੀ।
'ਹਥਿਆਰਾਂ ਸਮੇਤ ਬਦਮਾਸ਼ ਕਾਬੂ'
ਬਦਮਾਸ਼ਾਂ ਨਾਲ ਸਬੰਧਤ ਮਾਮਲਾ ਅੰਮ੍ਰਿਤਸਰ ਤੋਂ ਵੀ ਸਾਹਮਣੇ ਆਇਆ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 8 ਨਾਜਾਇਜ਼ .30 ਬੋਰ ਪਿਸਤੌਲ ਅਤੇ 103 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ‘ਚੀਤਾ’ ਅਤੇ ‘ਗੋਰਾ’ ਵਜੋਂ ਹੋਈ ਹੈ। ਦੋਵਾਂ ਤੋਂ ਪੁੱਛਗਿੱਛ ਦੌਰਾਨ ਹਥਿਆਰ ਸਪਲਾਈ ਨੈੱਟਵਰਕ ਨਾਲ ਜੁੜੀਆਂ ਕਈ ਅਹਿਮ ਕੜੀਆਂ ਸਾਹਮਣੇ ਆਉਣ ਦੀ ਉਮੀਦ ਹੈ।
'ਗੁਪਤ ਤਰੀਕੇ ਨਾਲ ਜਾਂਚ'
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ, 'ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ, 'ਮੁਲਜ਼ਮਾਂ ਵੱਲੋਂ ਰਾਜਸਥਾਨ ਅਤੇ ਹਰਿਆਣਾ ਸਮੇਤ ਹੋਰ ਸੂਬਿਆਂ ਵਿੱਚ ਵੀ ਹਥਿਆਰਾਂ ਦੀ ਸਪਲਾਈ ਕੀਤੀ ਗਈ ਹੈ। ਪੁਲਿਸ ਹੁਣ ਉਨ੍ਹਾਂ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ, ਜਿਨ੍ਹਾਂ ਨੂੰ ਇਨ੍ਹਾਂ ਮੁਲਜ਼ਮਾਂ ਵੱਲੋਂ ਪਹਿਲਾਂ ਹਥਿਆਰ ਮੁਹੱਈਆ ਕਰਵਾਏ ਗਏ ਸਨ। ਇਸ ਸਬੰਧੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੂੰ ਕਈ ਥਾਵਾਂ ’ਤੇ ਭੇਜਿਆ ਗਿਆ ਹੈ ਅਤੇ ਗੁਪਤ ਤਰੀਕੇ ਨਾਲ ਜਾਂਚ ਅਤੇ ਕਾਰਵਾਈ ਜਾਰੀ ਹੈ।'
ਮੁੱਖ ਮਕਸਦ ਸਿਰਫ਼ ਹਥਿਆਰ ਬਰਾਮਦ ਕਰਨਾ ਹੀ ਨਹੀਂ, ਸਗੋਂ ਉਸ ਪੂਰੇ ਨੈੱਟਵਰਕ ਤੱਕ ਪਹੁੰਚਣਾ ਹੈ, ਜੋ ਇਹ ਹਥਿਆਰ ਅੱਗੇ ਅਪਰਾਧੀਆਂ ਤੱਕ ਪਹੁੰਚਾਉਂਦਾ ਹੈ। ਸ਼ੱਕ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਟਾਰਗੇਟ ਕਿਲਿੰਗ, ਸ਼ੂਟਆਊਟ ਅਤੇ ਹੋਰ ਅਪਰਾਧਿਕ ਵਾਰਦਾਤਾਂ ਲਈ ਕੀਤੀ ਜਾ ਸਕਦੀ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਨੈੱਟਵਰਕ ਨਾਲ ਜੁੜੇ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਜਲਦ ਹੋ ਸਕਦੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਹਥਿਆਰਾਂ ਦੀਆਂ ਖੇਪਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਵਿੱਚ ਪਹੁੰਚਾਈਆਂ ਜਾਂਦੀਆਂ ਸਨ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਪਾਕਿਸਤਾਨ ਵਿੱਚ ਬੈਠੇ ਹਥਿਆਰ ਤਸਕਰਾਂ ਅਤੇ ਭਾਰਤ ਵਿੱਚ ਸਰਗਰਮ ਨੈੱਟਵਰਕ ਵਿਚਕਾਰ ਸੰਪਰਕ ਕਿਵੇਂ ਸਥਾਪਤ ਹੋਇਆ।-ਪੁਲਿਸ ਕਮਿਸ਼ਨਰ
'ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲੇ ਜਾ ਰਹੇ'
ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਵਿਦੇਸ਼ਾਂ ਵਿੱਚ ਸੰਪਰਕਾਂ ਅਤੇ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਨੈੱਟਵਰਕ ਬਾਰੇ ਵੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਵਿੱਚ ਟਰੱਕ ਚਲਾਉਣ ਦੌਰਾਨ ਮੁਲਜ਼ਮ ਕਥਿਤ ਤੌਰ ’ਤੇ ਕੁਝ ਅਜਿਹੇ ਵਿਅਕਤੀਆਂ ਦੇ ਸੰਪਰਕ ਵਿੱਚ ਆਇਆ, ਜਿਨ੍ਹਾਂ ਰਾਹੀਂ ਉਹ ਹਥਿਆਰ ਤਸਕਰੀ ਦੇ ਨੈੱਟਵਰਕ ਨਾਲ ਜੁੜ ਗਿਆ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੂਰੇ ਮਾਮਲੇ ਵਿੱਚ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲੇ ਜਾ ਰਹੇ ਹਨ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਬਰਾਮਦ ਕੀਤੇ ਹਥਿਆਰ ਕਿੱਥੋਂ ਆਏ, ਕਿਹੜੇ ਲੋਕਾਂ ਤੱਕ ਪਹੁੰਚਾਏ ਜਾਣੇ ਸਨ ਅਤੇ ਅੱਗੇ ਇਨ੍ਹਾਂ ਦੀ ਵਰਤੋਂ ਕਿਹੜੀਆਂ ਅਪਰਾਧਿਕ ਗਤੀਵਿਧੀਆਂ ਲਈ ਕੀਤੀ ਜਾਣੀ ਸੀ।

