ਰਿਜ਼ਲਟ ਲਿਸਟ 'ਚ 'ਫੋਟੋ' 'ਤੇ 'ਸਟੇਟ ਬੈਂਕ' ਵਰਗੇ ਨਾਮ, ਹਾਈਕੋਰਟ ਨੇ ਪੰਜਾਬ ਦੀ ਐਕਸਾਈਜ਼ ਇੰਸਪੈਕਟਰ ਭਰਤੀ 'ਤੇ ਲਾਈ ਰੋਕ
ਪ੍ਰੀਖਿਆ ਨਤੀਜਿਆਂ ਵਿੱਚ ਸਾਹਮਣੇ ਆਈਆਂ ਗੰਭੀਰ ਗੜਬੜੀਆਂ, ਅਦਾਲਤ ਨੇ ਸਰਕਾਰ ਕੋਲੋਂ ਮੰਗਿਆ ਅਸਲ ਰਿਕਾਰਡ, 30 ਜੁਲਾਈ ਨੂੰ ਅਗਲੀ ਸੁਣਵਾਈ।


Published : July 8, 2026 at 2:59 PM IST
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਕੀਤੀ ਜਾ ਰਹੀ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੀ ਵੱਡੀ ਭਰਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ 'ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਜਸਟਿਸ ਸੰਦੀਪ ਮੋਦਗਿਲ ਦੀ ਅਦਾਲਤ ਨੇ ਇਹ ਸਖ਼ਤ ਫੈਸਲਾ ਅਲਕਾ ਅਤੇ ਹੋਰਾਂ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਣਾਇਆ, ਜਿਸ ਵਿੱਚ ਪ੍ਰੀਖਿਆ ਦੇ ਨਤੀਜਿਆਂ 'ਚ ਬੇਹੱਦ ਹੈਰਾਨੀਜਨਕ ਖ਼ਾਮੀਆਂ ਦਾ ਖ਼ੁਲਾਸਾ ਹੋਇਆ ਹੈ।
'ਰਿਜ਼ਲਟ ਲਿਸਟ ਵਿੱਚ ਕਾਲਪਨਿਕ ਨਾਮ ਦਰਜ'
ਪਟੀਸ਼ਨਕਰਤਾਵਾਂ ਦੇ ਵਕੀਲਾਂ ਗੁਰਅਸੀਸ ਅਤੇ ਗੁਰਪ੍ਰੀਤ ਨੇ ਅਦਾਲਤ ਨੂੰ ਦੱਸਿਆ ਕਿ, '23 ਜੂਨ 2026 ਨੂੰ ਐਲਾਨੇ ਗਏ ਐਕਸਾਈਜ਼ ਇੰਸਪੈਕਟਰ ਪ੍ਰੀਖਿਆ ਦੇ ਨਤੀਜੇ ਦੀ ਸੂਚੀ ਵਿੱਚ ਕਈ ਉਮੀਦਵਾਰਾਂ ਦੇ ਨਾਮ ਦੋ-ਦੋ ਵਾਰ ਲਿਖੇ ਗਏ ਸਨ। ਇਸ ਤੋਂ ਵੀ ਵੱਡੀ ਗੜਬੜੀ ਇਹ ਸੀ ਕਿ ਲਿਸਟ ਵਿੱਚ ਕਈ ਅਜਿਹੇ ਕਾਲਪਨਿਕ ਨਾਮ ਸ਼ਾਮਲ ਸਨ, ਜਿਨ੍ਹਾਂ ਦਾ ਕਿਸੇ ਅਸਲ ਉਮੀਦਵਾਰ ਨਾਲ ਕੋਈ ਸਬੰਧ ਨਹੀਂ ਹੋ ਸਕਦਾ। ਰਿਜ਼ਲਟ ਲਿਸਟ ਵਿੱਚ ਉਮੀਦਵਾਰਾਂ ਦੀ ਥਾਂ 'ਤੇ 'ਫੋਟੋ', 'ਸਟੇਟ ਬੈਂਕ ਆਫ ਇੰਡੀਆ', 'ਏਕ ਦਿਨ ਕਰਮਾਵਾਲਾ' ਅਤੇ 'ਜੀਆਈਪੀਐੱਸ' ਵਰਗੇ ਨਾਮ ਦਰਜ ਕੀਤੇ ਹੋਏ ਸਨ।'


'ਡਾਟਾਬੇਸ ਵਿੱਚ ਖ਼ਾਮੀਆਂ ਅਤੇ ਭਰਤੀ 'ਤੇ ਸਟੇਅ'
ਵਕੀਲਾਂ ਨੇ ਦਲੀਲ ਦਿੱਤੀ ਕਿ 31 ਮਈ 2026 ਨੂੰ ਹੋਈ ਪ੍ਰੀਖਿਆ ਵਿੱਚ ਵੱਡੇ ਪੱਧਰ 'ਤੇ ਬੇਨਿਯਮੀ, ਸੁਰੱਖਿਆ ਖ਼ਾਮੀਆਂ ਅਤੇ ਡਾਟਾਬੇਸ ਵਿੱਚ ਗੜਬੜੀਆਂ ਹੋਈਆਂ ਹਨ। ਵਿਭਾਗ ਨੇ ਇਨ੍ਹਾਂ ਇਤਰਾਜ਼ਾਂ ਨੂੰ ਹੱਲ ਕੀਤੇ ਬਿਨਾਂ ਹੀ ਕੌਂਸਲਿੰਗ ਨੋਟਿਸ ਜਾਰੀ ਕਰ ਦਿੱਤੇ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੂਬਾ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਕੇਸ ਦੇ ਪੈਂਡਿੰਗ ਰਹਿਣ ਤੱਕ ਭਰਤੀ ਪ੍ਰਕਿਰਿਆ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ।


ਹਾਈਕੋਰਟ ਨੇ ਮੰਗਿਆ ਅਸਲ ਰਿਕਾਰਡ
ਦੂਜੇ ਪਾਸੇ, PSSSB ਦੇ ਸਕੱਤਰ ਅਮਰਿੰਦਰ ਸਿੰਘ ਟਿਵਾਣਾ ਵੱਲੋਂ ਦਾਇਰ ਜਵਾਬ ਵਿੱਚ ਕਿਹਾ ਗਿਆ ਕਿ, 'ਬੋਰਡ ਸਿਰਫ਼ ਇੱਕ ਰਿਕਰੂਟਿੰਗ ਏਜੰਸੀ ਹੈ ਅਤੇ ਇਹ ਖਾਮੀਆਂ ਉਮੀਦਵਾਰਾਂ ਵੱਲੋਂ ਫਾਰਮ ਭਰਨ ਵੇਲੇ ਹੋਈਆਂ ਹਨ। ਹਾਈਕੋਰਟ ਨੇ ਹੁਣ ਸਰਕਾਰ ਨੂੰ ਅਗਲੀ ਸੁਣਵਾਈ 'ਤੇ ਇਸ ਪੂਰੀ ਭਰਤੀ ਪ੍ਰਕਿਰਿਆ ਦਾ ਅਸਲ ਰਿਕਾਰਡ ਪੇਸ਼ ਕਰਨ ਦਾ ਹੁਕਮ ਦਿੱਤਾ ਹੈ ਅਤੇ ਕੇਸ ਦੀ ਸੁਣਵਾਈ 30 ਜੁਲਾਈ 2026 ਤੱਕ ਮੁਲਤਵੀ ਕਰ ਦਿੱਤੀ ਹੈ।'

