ETV Bharat / state

ਰੋਡ ਰੋਲਰ ਹੇਠਾਂ ਆਏ ਪਿਓ-ਧੀ, ਪਿਤਾ ਦੀ ਮੌਕੇ ’ਤੇ ਮੌਤ, ਬੱਚੀ ਗੰਭੀਰ ਜ਼ਖ਼ਮੀ

ਇਸ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਪਿਤਾ ਦੀ ਮੌਤ ਹੋ ਗਈ ਹੈ ਅਤੇ ਬੱਚੀ ਜ਼ੇਰ ਏ ਇਲਾਜ ਹੈ।

ACCIDENT NEWS
ਰੋਡ ਰੋਲਰ ਹੇਠਾਂ ਆਏ ਪਿਓ-ਧੀ (Etv Bharat)
author img

By ETV Bharat Punjabi Team

Published : May 8, 2026 at 5:20 PM IST

2 Min Read
Choose ETV Bharat

ਬਠਿੰਡਾ: ਸ਼ਹਿਰ ਬਠਿੰਡਾ ਦੀ ਗਣੇਸ਼ਾ ਬਸਤੀ ਤੋਂ ਬੇੱਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਐਕਟਿਵਾ 'ਤੇ ਸਵਾਰ ਰਾਹ ਜਾਂਦੇ ਪਿਓ-ਧੀ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ 'ਚ ਪਿਓ ਵਿਸ਼ਾਲ ਗੁਪਤਾ ਦੀ ਦਰਦਨਾਕ ਮੌਤ ਹੋ ਗਈ ਅਤੇ ਧੀ ਮੰਨਤ ਗੁਪਤਾ ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਹੀ ਲੋਕਾਂ ਨੇ ਮਦਦ ਕੀਤੀ ਅਤੇ ਪਿਓ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਲਕ ਝਪਕਦੇ ਹੀ ਵਿਸ਼ਾਲ ਗੁਪਤਾ ਰੋਡ ਰੋਲਰ ਹੇਠ ਬੁਰੀ ਤਰ੍ਹਾਂ ਦਰੜੇ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਧੀ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪਿਤਾ ਦੀ ਮੌਕੇ ’ਤੇ ਮੌਤ, ਬੱਚੀ ਗੰਭੀਰ ਜ਼ਖ਼ਮੀ (Etv Bharat)

ਐਕਟਿਵਾ 'ਤੇ ਜਾਂਦੇ ਹੋਏ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਟਰੀ ਸਵਾਰ ਵਿਸ਼ਾਲ ਗੁਪਤਾ ਆਪਣੀ ਬੱਚੀ ਮੰਨਤ ਨਾਲ ਐਕਟਿਵਾ 'ਤੇ ਜਾ ਰਹੇ ਸਨ ਕਿ ਗਲ਼ੀ 'ਚ ਲੁੱਕ ਪਾ ਰਹੇ ਰੋਡ ਰੋਲਰ ਦੇ ਸਾਹਮਣੇ ਐਕਿਟਵਾ ਤਿਲਕ ਗਈ। ਜਦੋਂ ਤੱਕ ਕੋਈ ਸੰਭਲਦਾ ਉਦੋਂ ਤੱਕ ਰੋਡ ਰੋਲਰ ਜ਼ਮੀਨ 'ਤੇ ਡਿੱਗੇ ਹੋਏ ਵਿਅਕਤੀ ਅਤੇ ਉਸ ਦੀ ਧੀ ਦੇ ਉਤੋਂ ਲੰਘ ਗਿਆ।

ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ

ਘਟਨਾ ਦੀ ਜਾਣਕਾਰੀ ਮਿਲਣ 'ਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਐਂਬੂਲੈਂਸ ਲੈਕੇ ਮੌਕੇ 'ਤੇ ਪਹੁੰਚੇ। ਸੰਸਥਾ ਦੀ ਇੱਕ ਟੀਮ ਨੇ ਪਹਿਲਾਂ ਜ਼ਖ਼ਮੀ ਬੱਚੀ ਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ, ਪਰ ਉਸਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸੰਸਥਾ ਦੀ ਟੀਮ ਨੇ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ।

ਜਾਣਕਾਰੀ ਦਿੰਦੇ ਹੋਏ ਸਮਾਜਸੇਵੀ ਸੰਸਥਾ ਦੇ ਆਗੂ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ 'ਬਠਿੰਡਾ ਦੀ ਗਣੇਸ਼ਾ ਬਸਤੀ ਵਿੱਚ ਸੜਕ 'ਤੇ ਪ੍ਰੀਮਿਕਸ ਪਾਇਆ ਜਾ ਰਿਹਾ ਸੀ। ਇਸ ਦੌਰਾਨ ਹੀ ਅਫੀਮ ਵਾਲੀ ਗਲੀ ਦੇ ਰਹਿਣ ਵਾਲੇ ਵਿਸ਼ਾਲ ਗੁਪਤਾ ਆਪਣੀ ਬੇਟੀ ਮੰਨਤ ਨਾਲ ਸਕੂਟਰੀ 'ਤੇ ਜਾ ਰਹੇ ਸਨ ਅਤੇ ਇਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ, ਮ੍ਰਿਤਕ ਵਿਅਕਤੀ ਦੀ ਉਮਰ 54 ਸਾਲ ਹੈ ਅਤੇ ਉਸ ਦੀ ਬੱਚੀ ਦੀ ਉਮਰ 9 ਸਾਲ ਦੇ ਕਰੀਬ ਹੈ। ਡਾਕਟਰਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸੇ 'ਚ ਜ਼ਖਮੀ ਬੱਚੀ ਦੀ ਜਾਨ ਬਚਾਈ ਜਾ ਸਕੇ। ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।'