ਬਦਲਵੀਆਂ ਫਸਲਾਂ ਦੀ ਕਾਸ਼ਤ ਸ਼ੁਰੂ, ਨਹੀਂ ਹੋ ਰਿਹਾ ਮੰਡੀਕਰਨ, ਕਿਸਾਨ ਨਿਰਾਸ਼
ਕਿਸਾਨਾਂ ਵੱਲੋਂ ਰਵਾਇਤੀ ਫਸਲਾਂ ਛੱਡ ਸਬਜ਼ੀਆਂ ਦੀ ਕਾਸ਼ਤ ਸ਼ੁਰੂ, ਪਰ ਸਬਜ਼ੀਆਂ ਦੇ ਲਈ ਮੰਡੀਕਰਨ ਨਾ ਮਿਲਣ ਕਾਰਨ ਜਤਾਈ ਨਿਰਾਸ਼ਾ।

Published : January 6, 2026 at 10:05 PM IST
ਮਾਨਸਾ: ਰਵਾਇਤੀ ਖੇਤੀ ਨੂੰ ਛੱਡ ਕੇ ਅੱਜ ਕੱਲ੍ਹ ਕਿਸਾਨ ਸਬਜ਼ੀਆਂ ਦੀ ਫ਼ਸਲ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ, ਬੁਰਜ ਰਾਠੀ, ਬੁਰਜ ਢਿਲਵਾਂ, ਉਭਾ, ਜਵਾਹਰਕੇ ਸਮੇਤ ਠੂਠਿਆਂ ਵਾਲੀ ਪਿੰਡ ਦੇ ਵਿੱਚ ਸ਼ਿਮਲਾ ਮਿਰਚ, ਖਰਬੂਜਾ, ਮਟਰ ਅਤੇ ਤਰਬੂਜ਼ ਦੀ ਹਜ਼ਾਰਾਂ ਏਕੜ ਕਿਸਾਨਾਂ ਵੱਲੋਂ ਕਾਸ਼ਤ ਕੀਤੀ ਗਈ ਹੈ। ਪਰ ਇਨ੍ਹਾਂ ਕਿਸਾਨਾਂ ਨੂੰ ਸਬਜ਼ੀਆਂ ਦੇ ਲਈ ਮੰਡੀਕਰਨ ਨਾ ਮਿਲਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਜਿੱਥੇ ਮੰਡੀਕਰਨ ਦੀ ਮੰਗ ਕੀਤੀ ਹੈ। ਉੱਥੇ ਹੀ ਕਿਸਾਨਾਂ ਨੇ ਇੰਨਾਂ ਫਸਲਾਂ 'ਤੇ ਸਬਸਿਡੀ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਸ਼ਿਮਲਾ ਮਿਰਚ ਦੀ ਪੈਦਵਾਰ ਘਟੀ
ਕਿਸਾਨਾਂ ਨੇ ਕਿਹਾ ਕਿ ਜੇਕਰ ਭੈਣੀ ਬਾਘਾ ਅਤੇ ਇਸਦੇ ਆਸ-ਪਾਸ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਕਿਸਾਨ ਜਿਆਦਾਤਰ ਸਬਜ਼ੀਆਂ ਦੀ ਬਿਜਾਈ ਹੀ ਕਰਦੇ ਹਨ। ਕਿਸਾਨ ਨੇ ਦੱਸਿਆ ਕਿ ਸ਼ਿਮਲਾ ਮਿਰਚ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਗਈ ਹੈ। ਪਹਿਲਾਂ 600 ਏਕੜ ਵਿੱਚ ਸ਼ਿਮਲਾ ਮਿਰਚ ਦੀ ਪੈਦਾਵਾਰ ਹੁੰਦੀ ਸੀ ਜੋ ਕਿ ਹੁਣ ਘਟ ਕੇ 200 ਏਕੜ ਵਿੱਚ ਹੀ ਰਹਿ ਗਈ ਹੈ। ਇਸੇ ਤਰ੍ਹਾਂ ਖਰਬੂਜਾ, ਤਰਬੂਜ਼, ਮਤੀਰੇ ਆਦਿ ਹੋਰ ਵੀ ਕਈ ਸਬਜ਼ੀਆਂ ਹਨ। ਇਨ੍ਹਾਂ ਉੱਤੇ ਲਾਗਤ ਖਰਚਾ ਬਹੁਤ ਜਿਆਦਾ ਆਉਂਦਾ ਹੈ।
"ਬੀਜ ਅਤੇ ਫਸਲ ਤਿਆਰ ਹੋਣ ਤੱਕ ਉਨ੍ਹਾਂ 1 ਕਿਲ੍ਹੇ ਦਾ ਪ੍ਰਤੀ ਏਕੜ 'ਤੇ ਲੱਖ ਰੁਪਏ ਦੇ ਕਰੀਬ ਖਰਚਾ ਆ ਜਾਂਦਾ ਹੈ ਪਰ ਜਦੋਂ ਫਸਲ ਤਿਆਰ ਹੋ ਜਾਂਦੀ ਹੈ। ਇਸੇ ਤਰ੍ਹਾਂ ਪਾਲੀਥੀਨ ਦੇ ਲਿਫ਼ਾਫੇ, ਤਾਰਾਂ (ਜੋ ਰਿੰਗਾਂ ਦੀ ਸਬਜ਼ੀਆਂ ਲਈ ਵਰਤੋਂ ਜਾਂਦੀ ਹੈ) ਉਹ ਵੀ ਬਹੁਤ ਮਹਿੰਗੀਆਂ ਹੋ ਗਈਆਂ। ਜਦੋਂ ਮਾਰਚ ਮਹੀਨੇ ਤੱਕ ਸਬਜ਼ੀਆਂ ਪੱਕ ਕੇ ਤਿਆਰ ਹੁੰਦੀਆਂ ਹਨ। ਇਨ੍ਹਾਂ ਮੰਡੀਆਂ ਵਿੱਚ ਲਿਜਾਇਆ ਜਾਂਦਾ ਹੈ ਤਾਂ ਇਨ੍ਹਾਂ ਦਾ ਵਿਕਰੀ ਰੇਟ ਬਹੁਤ ਘੱਟ ਮਿਲਦਾ ਹੈ।" - ਗੋਰਾ ਸਿੰਘ, ਕਿਸਾਨ

ਕਿਸਾਨਾਂ ਵਿੱਚ ਨਿਰਾਸ਼ਾ
ਕਿਸਾਨ ਚਾਹੁੰਦਾ ਹੈ ਕਿ ਰਵਾਇਤੀ ਫਸਲਾਂ ਛੱਡ ਕੇ ਬਦਲਵੀਂ ਖੇਤੀ ਜਿਆਦਾ ਕੀਤੀ ਜਾਵੇ। ਜਾਂ ਕੋਈ ਹੋਰ ਲਾਹੇਵੰਦ ਧੰਦਾਂ ਅਪਣਾਉਣ ਵੱਲ ਰੁੱਖ ਕਰਦੇ ਹਨ। ਸਰਕਾਰਾਂ ਵੀ ਇਹੀ ਚਾਹੁੰਦੀਆਂ ਹਨ ਕਿ ਕਿਸਾਨ ਲਾਹੇਵੰਦ ਖੇਤੀ ਵੱਲ ਜਿਆਦਾ ਧਿਆਨ ਦੇਣ। ਪਰ ਮਸਲਾ ਤਾਂ ਇਹ ਹੈ ਕਿ ਸਰਕਾਰਾਂ ਵੱਲੋਂ ਬੇਸ਼ੱਕ ਕਿਸਾਨਾਂ ਨੂੰ ਰਵਾਇਤੀ ਫਸਲਾਂ ਛੱਡ ਕੇ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਦੇ ਉਤਸਾਹਿਤ ਕੀਤਾ ਜਾ ਰਿਹਾ। ਪਰ ਇੰਨਾਂ ਫਸਲਾਂ ਦਾ ਮੰਡੀਕਰਨ ਨਾ ਮਿਲਣ ਕਾਰਨ ਕਿਸਾਨ ਨਿਰਾਸ਼ ਦਿਖਾਈ ਦੇ ਰਹੇ ਹਨ। ਇਸਦੇ ਨਾਲ ਹੀ ਕਿਸਾਨਾਂ ਨੇ ਨਿਰਾਸ਼ ਹੁੰਦਿਆਂ ਹੋਇਆ ਕਿਹਾ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀਆਂ ਦੇ ਐਲਾਨ ਕੀਤੇ ਗਏ ਹਨ। ਪਰ ਫਸਲ ਖਰਾਬ ਹੋਣ 'ਤੇ ਕਿਸਾਨਾਂ ਨੂੰ ਸਰਕਾਰ ਮੁਆਵਜ਼ਾ ਦੇਵੇ ਅਤੇ ਇਨ੍ਹਾਂ ਫਸਲਾਂ 'ਤੇ ਸਬਸਿਡੀ ਵੀ ਕਿਸਾਨਾਂ ਨੂੰ ਦਿੱਤੀ ਜਾਵੇ।

ਫਸਲਾਂ ਦਾ ਮੰਡੀਕਰਨ ਘਟਿਆ
ਇਸ ਦਾ ਮੰਡੀਕਰਨ ਨਾ ਮਿਲਣ ਕਾਰਨ ਕਿਸਾਨਾਂ ਦੇ ਪੱਲੇ ਨਿਰਾਸ਼ਾ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸ਼ਿਮਲਾ ਮਿਰਚ ਨੂੰ ਖਰੀਦਣ ਦੇ ਲਈ ਬਾਹਰੀ ਵਪਾਰੀ ਆਉਂਦੇ ਹਨ ਜੋ ਵੱਖ-ਵੱਖ ਰਾਜਾਂ ਦੇ ਵਿੱਚ ਭੇਜਦੇ ਹਨ ਪਰ ਇਹ ਵਪਾਰੀ ਆਪਣੀ ਏਕਤਾ ਬਣਾ ਕੇ ਕਿਸਾਨਾਂ ਨੂੰ ਪੂਰਾ ਮੁੱਲ ਨਹੀਂ ਦਿੰਦੇ। ਜਿਸ ਕਾਰਨ ਕਿਸਾਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਦੇ ਵਿੱਚ ਇਨ੍ਹਾਂ ਫਸਲਾਂ ਦਾ ਮੰਡੀਕਰਨ ਕਰੇ ਤਾਂ ਕਿ ਕਿਸਾਨ ਆਪਣੀ ਫਸਲ ਨੂੰ ਖੁਦ ਵੇਚ ਸਕੇ ਅਤੇ ਬਾਹਰੀ ਰਾਜਾਂ ਦੇ ਵਿੱਚ ਵੀ ਭੇਜਣ ਦੇ ਲਈ ਪ੍ਰਬੰਧ ਕੀਤਾ ਜਾਵੇ।

ਹੁਣ ਦੇਖਣਾ ਹੋਵੇਗਾ ਰਵਾਇਤੀ ਫਸਲਾਂ ਨੂੰ ਛੱਡ ਕੇ ਬਦਲਵੀਂ ਖੇਤੀ ਕਰਨ ਵਾਲੇ ਕਿਸਾਨਾਂ ਦੀ ਸਰਕਾਰ ਬਾਂਹ ਫੜਦੀ ਹੈ ਜਾਂ ਇਹਨਾਂ ਕਿਸਾਨਾਂ ਦੇ ਪੱਲੇ ਨਿਰਾਸ਼ਾ ਹੀ ਰਹੇਗੀ।

