‘ਇੱਕ ਤਾਂ ਗਰਮੀ ਉਪਰੋਂ ਬਿਜਲੀ ਕੱਟਾਂ ਕਾਰਨ ਲੋਕ ਹੋ ਰਹੇ ਬਿਮਾਰ’, ਭੜਕੇ ਕਿਸਾਨਾਂ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ
ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨ ਐੱਸਸੀ ਦੇ ਦਫਤਰ ਪਹੁੰਚੇ ਅਤੇ ਮੰਗ ਪੱਤਰ ਦਿੱਤਾ।

Published : April 28, 2026 at 6:13 PM IST
ਬਠਿੰਡਾ: ਪੰਜਾਬ ਅੰਦਰ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਕਾਰਨ ਲੋਕਾਂ ਵਿੱਚ ਪੰਜਾਬ ਸਰਕਾਰ ਅਤੇ ਪਾਵਰ ਕੌਮ ਪ੍ਰਤੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚੱਲਦਿਆਂ ਪੰਜਾਬ ਅੰਦਰ ਜਗ੍ਹਾ-ਜਗ੍ਹਾ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਸਬੰਧੀ ਬਠਿੰਡਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਾਵਰ ਕੱਟਾਂ ਦੇ ਖਿਲਾਫ ਅੱਜ ਪਾਵਰ ਕੌਮ ਦੇ ਅਧਿਕਾਰੀਆਂ ਨੂੰ ਸੰਕੇਤਕ ਮੰਗ ਪੱਤਰ ਦਿੱਤਾ ਗਿਆ ਅਤੇ ਪਾਵਰ ਕੱਟ ਬੰਦ ਕਰਨ ਦੀ ਮੰਗ ਕੀਤੀ ਗਈ। ਕਿਸਾਨਾਂ ਨੇ ਪਾਵਰ ਕੱਟ ਬੰਦ ਨਾ ਹੋਣ ਦੀ ਸੂਰਤ ਵਿੱਚ ਅਧਿਕਾਰੀਆਂ ਨੂੰ ਸੰਘਰਸ਼ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
"ਇੰਨੀ ਗਰਮੀ ਵਿੱਚ ਇੰਨੇ ਵੱਡੇ-ਵੱਡੇ ਕੱਟ ਲਗਾਉਣਾ ਕੋਈ ਚੰਗੀ ਗੱਲ ਨਹੀਂ"
ਕਿਸਾਨ ਆਗੂਆਂ ਨੇ ਕਿਹਾ "ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਝੂਠੇ ਦਾਅਵੇ ਕਰ ਰਹੇ ਹਨ ਕਿ ਬਿਜਲੀ ਸਰਪਲਸ ਹੈ ਪਰ ਹਕੀਕਤ ਵਿੱਚ ਲਗਾਤਾਰ ਬਿਜਲੀ ਕੱਟਾਂ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਇਨ੍ਹਾਂ ਹੀ ਨਹੀਂ ਬਿਜਲੀ ਇਕੱਠਾ ਕਾਰਨ ਲੋਕਾਂ ਦੇ ਬਿਜਲੀ ਯੰਤਰ ਖਰਾਬ ਹੋ ਰਹੇ ਹਨ ਜਿਸ ਕਰਕੇ ਲੋਕਾਂ ਨੂੰ ਦੂਹਰੀ ਮਾਰ ਪੈ ਰਹੀ ਹੈ। ਇੰਨੀ ਗਰਮੀ ਵਿੱਚ ਇੰਨੇ ਵੱਡੇ-ਵੱਡੇ ਕੱਟ ਲਗਾਉਣਾ ਕੋਈ ਚੰਗੀ ਗੱਲ ਨਹੀਂ।"
ਇੱਕ ਤਾਂ ਗਰਮੀ ਇੰਨੀ ਜਿਆਦਾ ਵਧ ਗਈ ਦੂਜਾ ਬਿਜਲੀ ਨਹੀਂ ਆ ਰਹੀ। ਗਰਮੀ ਕਾਰਨ ਲੋਕ ਬਿਮਾਰ ਹੋ ਰਹੇ ਹਨ। ਛੋਟੇ ਬੱਚਿਆਂ ਦਾ ਬੁਰ੍ਹਾ ਹਾਲ ਹੈ। ਜਦੋਂ ਥੱਕੇ ਹਾਰੇ ਮਜ਼ਦੂਰ ਆਪਣੇ ਕੰਮਾਂ ਤੋਂ ਘਰ ਆਉਂਦੇ ਹਨ ਤਾਂ ਆਉਂਦਿਆਂ ਨੂੰ ਬਿਜਲੀ ਗੁੱਲ ਹੁੰਦੀ ਹੈ। ਬਿਜਲੀ ਨਾ ਆਉਣ ਕਰਕੇ ਪਾਣੀ ਦੀ ਵੀ ਕਿੱਲਤ ਆ ਰਹੀ ਹੈ। ਜੇਕਰ ਅਜਿਹੇ ਵਿੱਚ ਗਰਮੀ ਨਾਲ ਕਿਸੇ ਬੱਚੇ ਜਾਂ ਵੱਡੇ ਦਾ ਨੁਕਸਾਨ ਹੋ ਗਿਆ ਤਾਂ ਇਸਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਬਿਜਲੀ ਮਨੇਜਮੈਂਟ ਹੋਵੇਗੀ। - ਗੁਰਦੀਪ ਸਿੰਘ ਰਾਮਪੁਰਾ, ਕਿਸਾਨ ਆਗੂ
"ਪੰਜਾਬ ਦੇ ਮੁੱਖ ਮੰਤਰੀ ਅਤੇ ਇਹਨਾਂ ਦੇ ਕੈਬਨਿਟ ਮੰਤਰੀ ਲੋਕਾਂ ਦੀਆਂ ਅੱਖਾਂ 'ਚ ਪਾ ਰਹੇ ਘੱਟਾ"
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਇਹਨਾਂ ਦੇ ਕੈਬਨਿਟ ਮੰਤਰੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਝੂਠੀਆਂ ਪ੍ਰੈਸ ਕਾਨਫਰੰਸਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦੋਂ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਲੋਕ ਕੱਟਾਂ ਤੋਂ ਬਹੁਤ ਜਿਆਦਾ ਪਰੇਸ਼ਾਨ ਹਨ। ਪਿੰਡਾਂ ਵਿੱਚ 8 ਤੋਂ 10 ਘੰਟੇ ਦੇ ਕੱਟ ਲੱਗ ਰਹੇ ਹਨ ਜਦੋਂ ਕਿ ਸ਼ਹਿਰਾਂ ਵਿੱਚ ਚਾਰ ਤੋਂ ਪੰਜ ਘੰਟੇ ਦੇ ਕੱਟ ਲੱਗ ਰਹੇ ਹਨ।
"ਪੰਜਾਬ ਸਰਕਾਰ ਪਾਵਰ ਕੌਮ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਅਪਣਾ ਰਹੀ ਹੈ ਸਾਰੇ ਹੱਥਕੰਡੇ"
ਕਿਸਾਨ ਆਗੂਆਂ ਨੇ ਕਿਹਾ "ਕਿ ਪੰਜਾਬ ਸਰਕਾਰ ਪਾਵਰ ਕੌਮ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਸਾਰੇ ਹੱਥਕੰਡੇ ਅਪਣਾ ਰਹੀ ਹੈ, ਤਾਂ ਜੋ ਲੋਕ ਖੁਦ ਹੀ ਕਹਿਣ ਕਿ ਇਸ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾਵੇ। ਇਸ ਗੱਲ ਤੋਂ ਭੜਕੇ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨ੍ਹਾਂ ਵਿੱਚ ਵੀ ਇਹੀ ਹਾਲ ਰਿਹਾ ਤਾਂ ਇਸ ਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ।"

