ਅਸਮਾਨੀ ਬਿਜਲੀ ਨੇ ਮਚਾਈ ਤਬਾਹੀ, ਸੜਿਆ ਟਰੈਕਟਰ ਅਤੇ ਟਰਾਲੀ, ਤੂੜੀ ਵੀ ਹੋਈ ਸੁਆਹ
ਅੰਮ੍ਰਿਤਸਰ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

Published : June 3, 2026 at 9:49 PM IST
ਅੰਮ੍ਰਿਤਸਰ: ਅਜਨਾਲਾ ਖੇਤਰ ਵਿੱਚ ਬੀਤੀ ਰਾਤ ਹੋਈ ਤੇਜ਼ ਬਾਰਿਸ਼ ਇੱਕ ਕਿਸਾਨ ਲਈ ਵੱਡੀ ਤਬਾਹੀ ਸਾਬਤ ਹੋਈ। ਪਿੰਡ ਬੱਲ ਲੱਭੇ ਦਰਿਆ ਵਿੱਚ ਤੜਕੇ ਕਰੀਬ ਤਿੰਨ ਵਜੇ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਕਿਸਾਨ ਦੀ ਸਾਲਾਂ ਦੀ ਕਮਾਈ ਅਤੇ ਮਿਹਨਤ ਕੁਝ ਹੀ ਮਿੰਟਾਂ ਵਿੱਚ ਸੁਆਹ ਹੋ ਗਈ। ਇਸ ਘਟਨਾ ਵਿੱਚ ਟਰੈਕਟਰ, ਟਰਾਲੀ, ਤੂੜੀ, ਪਸ਼ੂਆਂ ਦਾ ਚਾਰਾ ਅਤੇ ਇੱਕ ਮੋਟਰਸਾਈਕਲ ਸਮੇਤ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
"ਅੱਗ ਨੇ ਟਰੈਕਟਰ ਨਾਲ ਖੜ੍ਹੀ ਟਰਾਲੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ"
ਪਿੰਡ ਵਾਸੀਆਂ ਨੇ ਦੱਸਿਆ ਕਿ "ਦੇਰ ਰਾਤ ਇਲਾਕੇ ਵਿੱਚ ਤੇਜ਼ ਮੀਂਹ ਅਤੇ ਗਰਜ-ਚਮਕ ਨਾਲ ਮੌਸਮ ਖ਼ਰਾਬ ਸੀ। ਇਸ ਦੌਰਾਨ ਕਿਸਾਨ ਦੇ ਘਰ ਬਾਹਰ ਖੜ੍ਹੇ ਟਰੈਕਟਰ ’ਤੇ ਅਚਾਨਕ ਅਸਮਾਨੀ ਬਿਜਲੀ ਡਿੱਗ ਪਈ, ਜਿਸ ਕਾਰਨ ਟਰੈਕਟਰ ਨੂੰ ਅੱਗ ਲੱਗ ਗਈ। ਕੁਝ ਹੀ ਪਲਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਨੇ ਟਰੈਕਟਰ ਨਾਲ ਖੜ੍ਹੀ ਟਰਾਲੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਟਰਾਲੀ ਵਿੱਚ ਪਸ਼ੂਆਂ ਦਾ ਚਾਰਾ ਅਤੇ ਹੋਰ ਖੇਤੀਬਾੜੀ ਨਾਲ ਸਬੰਧਿਤ ਸਮੱਗਰੀ ਭਰੀ ਹੋਈ ਸੀ, ਜਿਸ ਕਾਰਨ ਅੱਗ ਹੋਰ ਭੜਕ ਗਈ। ਅੱਗ ਫੈਲਦੀ ਹੋਈ ਤੂੜੀ ਵਾਲੇ ਕਮਰੇ ਤੱਕ ਪਹੁੰਚ ਗਈ, ਜਿੱਥੇ ਰੱਖੀ ਤੂੜੀ, ਚਾਰਾ ਅਤੇ ਹੋਰ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ।"

"ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ"
ਇਸ ਦੌਰਾਨ ਪਸ਼ੂਆਂ ਦੇ ਨੇੜੇ ਖੜ੍ਹਾ ਇੱਕ ਮੋਟਰਸਾਈਕਲ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿੱਚ ਹੜਕੰਪ ਮਚ ਗਿਆ। ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਪਹੁੰਚੇ ਅਤੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀ ਤੀਬਰਤਾ ਕਾਰਨ ਕਾਮਯਾਬੀ ਨਹੀਂ ਮਿਲ ਸਕੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ।

ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਆਫ਼ਤ ਕਾਰਨ ਪ੍ਰਭਾਵਿਤ ਹੋਏ ਕਿਸਾਨ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਨੇ ਵੀ ਆਰਥਿਕ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਦੀ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਕੀਮਤੀ ਸੰਪਤੀ ਇਸ ਹਾਦਸੇ ਵਿੱਚ ਤਬਾਹ ਹੋ ਗਈ ਹੈ। ਇਸ ਲਈ ਉਸ ਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ

