ਜਗਜੀਤ ਸਿੰਘ ਡੱਲੇਵਾਲ ਖਿਲਾਫ਼ ਜਥੇਬੰਦੀ ਦੇ ਕਿਸਾਨਾਂ ਨੇ ਹੀ ਖੋਲ੍ਹਿਆ ਮੋਰਚਾ, ਲਗਾਏ ਵੱਡੇ ਇਲਜ਼ਾਮ
ਪਟਿਆਲਾ ‘ਚ BKU ਏਕਤਾ ਸਿੱਧੂਪੁਰ ਦੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਦਾ ਗੁੱਸਾ ਫੁੱਟਿਆ ਤੇ ਉਨ੍ਹਾਂ ਜਗਜੀਤ ਸਿੰਘ ਡੱਲੇਵਾਲ ‘ਤੇ ਤਾਨਾਸ਼ਾਹੀ ਦੇ ਇਲਜ਼ਾਮ ਲਗਾਏ।


Published : January 6, 2026 at 7:16 PM IST
ਪਟਿਆਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪਟਿਆਲਾ ਵਿੱਚ ਹੋਈ ਮੀਟਿੰਗ ਦੌਰਾਨ ਕਿਸਾਨ ਆਗੂਆਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆਇਆ। ਯੂਨੀਅਨ ਦੇ ਸੰਸਥਾਪਕ ਪਿਸ਼ੌਰਾ ਸਿੰਘ ਸਿੱਧੂ ਦੇ ਪੁੱਤਰ ਦਲਵੀਰ ਸਿੰਘ ਸਿੱਧੂਪੁਰ ਨੇ ਜਗਜੀਤ ਸਿੰਘ ਡੱਲੇਵਾਲ ‘ਤੇ ਯੂਨੀਅਨ ਨੂੰ ਤਾਨਾਸ਼ਾਹੀ ਢੰਗ ਨਾਲ ਚਲਾਉਣ ਦੇ ਗੰਭੀਰ ਦੋਸ਼ ਲਗਾਏ। ਇਸ ਦੌਰਾਨ ਹੋਰ ਕਿਸਾਨ ਆਗੂਆਂ ਨੇ ਵੀ ਸਵਾਲ ਚੁੱਕੇ ਹਨ।
BKU ਏਕਤਾ ਸਿੱਧੂਪੁਰ ਦੀ ਮੀਟਿੰਗ
ਦੱਸ ਦਈਏ ਕਿ ਪਟਿਆਲਾ 'ਚ ਹੋਈ ਇਸ ਮੀਟਿੰਗ ਦੌਰਾਨ ਅੱਠ ਜ਼ਿਲ੍ਹਿਆਂ ਦੇ ਪ੍ਰਧਾਨ ਇਸ ਬਗਾਵਤ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਉਨ੍ਹਾਂ ਨੇ ਸਪਸ਼ਟ ਕਿਹਾ ਹੈ ਕਿ ਹੁਣ ਜਥੇਬੰਦੀ ਲਈ ਨਵਾਂ ਪ੍ਰਧਾਨ ਚੁਣਿਆ ਜਾਵੇਗਾ। ਆਗੂਆਂ ਦਾ ਦਾਅਵਾ ਹੈ ਕਿ ਬੀਕੇਯੂ ਸਿੱਧੂਪੁਰ ਵਿੱਚ ਪਿਛਲੇ ਸੱਤ ਸਾਲਾਂ ਤੋਂ ਪ੍ਰਧਾਨ ਦੀ ਚੋਣ ਨਹੀਂ ਹੋਈ ਹੈ, ਜਿਸ ਕਾਰਨ ਅੰਦਰੂਨੀ ਢਾਂਚਾ ਕਮਜ਼ੋਰ ਹੋ ਗਿਆ ਹੈ ਅਤੇ ਜਥੇਬੰਦੀ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਜਗਜੀਤ ਸਿੰਘ ਡੱਲੇਵਾਲ 'ਤੇ ਇਲਜ਼ਾਮ
ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਦਲਵੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ "ਡੱਲੇਵਾਲ ਵੱਲੋਂ ਪੁਰਾਣੇ ਅਤੇ ਚੁਣੇ ਹੋਏ ਕਿਸਾਨ ਆਗੂਆਂ ਨੂੰ ਇਕ-ਇਕ ਕਰਕੇ ਸੰਗਠਨ ਤੋਂ ਬਾਹਰ ਕੱਢਿਆ ਜਾ ਰਿਹਾ ਹੈ, ਜਿਸ ਨਾਲ ਯੂਨੀਅਨ ਅੰਦਰ ਅਸੰਤੋਖ ਪੈਦਾ ਹੋਇਆ ਹੈ। ਇਹ ਤਰੀਕਾ ਲੋਕਤੰਤਰਕ ਨਹੀਂ ਅਤੇ ਕਿਸਾਨ ਅੰਦੋਲਨ ਦੀ ਰੂਹ ਦੇ ਖ਼ਿਲਾਫ਼ ਹੈ।"

ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਅਸੀਂ ਖੁਸ਼ੀ-ਖੁਸ਼ੀ ਪ੍ਰਧਾਨ ਦੀ ਜ਼ਿੰਮੇਵਾਰੀ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਦਿੱਤੀ ਸੀ, ਪਰ ਡੱਲੇਵਾਲ ਸਾਬ ਉਸ ਜ਼ਿੰਮੇਵਾਰੀ ਨੂੰ ਨਿਭਾਉਣ 'ਚ ਨਾਕਾਮਯਾਬ ਰਹੇ ਹਨ। ਜਥੇਬੰਦੀ ਸਬੰਧੀ ਜਦੋਂ ਆਗੂ ਡੱਲੇਵਾਲ ਜੀ ਨੂੰ ਕੋਈ ਸਵਾਲ ਕਰਦੇ ਸਨ ਤਾਂ ਹਰ ਵਾਰ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਰਿਹਾ। ਸ਼ੰਭੂ-ਖਨੌਰੀ ਧਰਨੇ ਦੌਰਾਨ ਵੀ ਮੈਂ ਇਨ੍ਹਾਂ ਨੂੰ ਰਣਨੀਤੀ ਬਦਲਣ ਲਈ ਅਪੀਲ ਕੀਤੀ ਸੀ ਪਰ ਇਨ੍ਹਾਂ ਉਦੋਂ ਮੇਰੇ 'ਤੇ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਹੁਣ ਵੀ ਜਦੋਂ ਕੋਈ ਸਵਾਲ ਕਰਦਾ ਹੈ ਤਾਂ ਉਸ ਨੂੰ ਜਥੇਬੰਦੀ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। - ਦਲਵੀਰ ਸਿੰਘ, ਕਿਸਾਨ ਆਗੂ, BKU ਏਕਤਾ ਸਿੱਧੂਪੁਰ
ਕਿਸਾਨਾਂ ਨੂੰ ਭਾਰੀ ਕੀਮਤ ਚੁਕਾਣੀ ਪਈ
ਉਨ੍ਹਾਂ ਨੇ ਸ਼ੰਭੂ ਮੋਰਚੇ ਦੌਰਾਨ ਕਿਸਾਨਾਂ ਨੂੰ ਹੋਏ ਨੁਕਸਾਨ ਅਤੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਲਈ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਿੰਮੇਵਾਰ ਠਹਿਰਾਇਆ। ਦਲਵੀਰ ਸਿੰਘ ਨੇ ਕਿਹਾ ਕਿ ਗਲਤ ਫ਼ੈਸਲਿਆਂ ਕਾਰਨ ਕਿਸਾਨਾਂ ਨੂੰ ਭਾਰੀ ਕੀਮਤ ਚੁਕਾਣੀ ਪਈ ਹੈ। ਮੀਟਿੰਗ ਵਿੱਚ ਮੌਜੂਦ ਕਿਸਾਨ ਆਗੂਆਂ ਨੇ ਲੰਮੀ ਚਰਚਾ ਤੋਂ ਬਾਅਦ ਸਹਿਮਤੀ ਨਾਲ ਫ਼ੈਸਲਾ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੂੰ ਅੱਗੇ ਤੋਂ ਸਮੂਹਿਕ ਤੌਰ ‘ਤੇ, ਸਾਰੇ ਆਗੂਆਂ ਦੀ ਸਾਂਝੀ ਸਲਾਹ ਨਾਲ ਚਲਾਇਆ ਜਾਵੇਗਾ ਤਾਂ ਜੋ ਕਿਸਾਨਾਂ ਦੀ ਆਵਾਜ਼ ਮਜ਼ਬੂਤੀ ਨਾਲ ਉਠਾਈ ਜਾ ਸਕੇ।

ਪਹਿਲਾਂ ਪ੍ਰਧਾਨ ਦੀ ਚੋਣ ਦੋ ਸਾਲ ਬਾਅਦ ਹੁੰਦੀ ਸੀ ਤੇ ਫਿਰ ਜਗਜੀਤ ਸਿੰਘ ਡੱਲੇਵਾਲ ਨੇ ਇਹ ਚੋਣ ਤਿੰਨ ਸਾਲ ਬਾਅਦ ਕਰ ਦਿੱਤੀ। ਹੁਣ ਵੀ 7 ਤੋਂ 8 ਸਾਲ ਹੋ ਚੁੱਕੇ ਹਨ ਪਰ ਜਥੇਬੰਦੀ ਦੇ ਪ੍ਰਧਾਨ ਦੀ ਚੋਣ ਨਹੀਂ ਹੋਈ ਹੈ। ਅਸੀਂ ਕਈ ਵਾਰ ਡੱਲੇਵਾਲ ਸਾਬ ਨੂੰ ਕਿਹਾ ਕਿ ਬਲਾਕ, ਜ਼ਿਲ੍ਹਾ ਜਾਂ ਸੂਬਾ ਪ੍ਰਧਾਨ ਦੀ ਚੋਣ ਕਰਵਾਈ ਜਾਵੇ ਪਰ ਉਨ੍ਹਾਂ ਕਦੇ ਸਾਡੀ ਗੱਲ ਹੀ ਨਹੀਂ ਸੁਣੀ। ਹਰ ਵਾਰ ਸਾਡੀ ਗੱਲ ਨੂੰ ਅਣਗੌਲਿਆ ਕਰਦੇ ਰਹੇ।- ਸੁਰਜੀਤ ਸਿੰਘ , ਕਿਸਾਨ ਆਗੂ, BKU ਏਕਤਾ ਸਿੱਧੂਪੁਰ

ਪੈਸਿਆਂ ਦਾ ਹਿਸਾਬ ਨਹੀਂ ਦਿੱਤਾ
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਥੇਬੰਦੀ ਵੱਲੋਂ ਵੱਖ-ਵੱਖ ਮੌਕਿਆਂ 'ਤੇ ਇਕੱਠੇ ਕੀਤੇ ਗਏ ਪੈਸਿਆਂ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਅਤੇ ਕਈ ਵਾਰ ਹਿਸਾਬ ਮੰਗਣ ਦੇ ਬਾਵਜੂਦ ਵੀ ਡੱਲੇਵਾਲ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਜਦੋਂ ਸ਼ੰਭੂ-ਖਨੌਰੀ ਬਾਰਡਰ 'ਤੇ ਲੱਗਿਆ ਧਰਨਾ ਚੁੱਕਿਆ ਸੀ ਤਾਂ ਕੁਝ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਉਦੋਂ ਹੀ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਛੱਡ ਦਿੱਤਾ ਸੀ। ਹੁਣ ਵੀ ਅੱਠ ਦੇ ਕਰੀਬ ਜ਼ਿਲ੍ਹੇ ਹਨ, ਜਿਥੋਂ ਕਿਸਾਨ ਇਸ ਮੀਟਿੰਗ 'ਚ ਸ਼ਾਮਲ ਹੋਣ ਲਈ ਆਏ ਹਨ।

