ਰੂਸ-ਯੂਕਰੇਨ ਜੰਗ 'ਚ ਮਾਰੇ ਗਏ ਮਨਦੀਪ ਕੁਮਾਰ ਦੇ ਪਰਿਵਾਰ ਨੇ ਸਸਕਾਰ ਤੋਂ ਕੀਤਾ ਇਨਕਾਰ, ਪੁਲਿਸ ਨੂੰ ਦਿੱਤਾ ਅਲਟੀਮੇਟਮ
ਰੂਸ-ਯੂਕਰੇਨ ਜੰਗ ਵਿੱਚ ਮਾਰੇ ਗਏ ਮਨਦੀਪ ਕੁਮਾਰ ਦਾ ਅੰਤਿਮ ਸਸਕਾਰ ਰੋਕਿਆ ਗਿਆ। ਪਰਿਵਾਰ ਨੇ ਕਿਹਾ ਕਿ ਕਾਰਵਾਈ ਨਾ ਹੋਈ ਤਾਂ ਨਹੀਂ ਹੋਵੇਗਾ ਸਸਕਾਰ।


Published : January 5, 2026 at 4:53 PM IST
ਜਲੰਧਰ: ਰੂਸ-ਯੂਕਰੇਨ ਦੀ ਜੰਗ ਵਿੱਚ ਜਾਨ ਗਵਾਉਣ ਵਾਲੇ ਗੁਰਾਇਆ ਦੇ ਮਨਦੀਪ ਕੁਮਾਰ ਦੇ ਪਰਿਵਾਰ ਵੱਲੋਂ ਅੱਜ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਮ੍ਰਿਤਕ ਦੇ ਭਰਾ ਜਗਦੀਪ ਨੇ ਸਪੱਸ਼ਟ ਕੀਤਾ ਕਿ ਉਸ ਦੇ ਭਰਾ ਦਾ ਅੰਤਿਮ ਸੰਸਕਾਰ ਉਸ ਵੇਲੇ ਤੱਕ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਡੌਂਕਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਇੱਕ ਸਾਲ ਅੱਠ ਮਹੀਨੇ ਪਹਿਲਾਂ ਇਸ ਮਾਮਲੇ ’ਚ ਕੇਸ ਦਰਜ ਕੀਤਾ ਗਿਆ ਸੀ, ਜਿਸ ਦੌਰਾਨ ਅੱਠ ਥਾਣਾ ਮੁਖੀ ਅਤੇ ਚਾਰ ਐੱਸਐੱਸਪੀ ਬਦਲੇ ਗਏ ਪਰ ਅਜੇ ਤੱਕ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਹੋਈ।
ਦੋ ਦਿਨਾਂ ਦਾ ਅਲਟੀਮੇਟਮ
ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ, ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ। ਪਰਿਵਾਰ ਦਾ ਕਹਿਣਾ ਹੈ ਕਿ 'ਇਸ ਮਾਮਲੇ ਵਿੱਚ ਸ਼ਾਮਲ ਧੋਖੇਬਾਜ਼ਾਂ ਅਤੇ ਜਾਅਲੀ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਪੁਲਿਸ ਨੂੰ 2 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ, ਚਿਤਾਵਨੀ ਦਿੱਤੀ ਹੈ ਕਿ ਜੇਕਰ ਪਰਿਵਾਰ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਸੜਕਾਂ ਜਾਮ ਕਰਨਗੇ ਅਤੇ ਵਿਰੋਧ ਪ੍ਰਦਰਸ਼ਨ ਕਰਨਗੇ।
ਰਾਜ ਸਭਾ ਮੈਂਬਰ ਨੇ ਕੀਤੀ ਅਪੀਲ
ਇਸ ਮਾਮਲੇ 'ਚ ਬੋਲਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ 'ਧੋਖੇਬਾਜ਼ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।' ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਪਹਿਲਾਂ ਵੀ ਇਹ ਮੁੱਦਾ ਰਾਜ ਸਭਾ ਵਿੱਚ ਉਠਾਇਆ ਹੈ ਅਤੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਦਖਲ ਦੇਣ ਦੀ ਬੇਨਤੀ ਕੀਤੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਹਾਲ ਹੀ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਗੰਭੀਰ ਖੁਲਾਸੇ ਕੀਤੇ ਗਏ ਸਨ। ਪਰਿਵਾਰ ਨੇ ਦੱਸਿਆ ਕਿ ਇਸ ਨੈੱਟਵਰਕ ਰਾਹੀਂ ਕੁੱਲ 10 ਲੋਕਾਂ ਨੂੰ ਵਿਦੇਸ਼ ਭੇਜਿਆ ਗਿਆ ਸੀ, ਜਿਨ੍ਹਾਂ ਵਿੱਚੋਂ ਹੁਣ ਤੱਕ ਸਿਰਫ਼ ਇੱਕ ਨੌਜਵਾਨ ਵਾਪਸ ਆਇਆ ਹੈ, ਜਦੋਂ ਕਿ ਚਾਰ ਹੋਰ ਅਜੇ ਵੀ ਲਾਪਤਾ ਹਨ।

ਪੰਜਾਬ ਅਤੇ ਭਾਰਤ ਸਰਕਾਰ ਨੇ ਨਹੀਂ ਕੀਤੀ ਮਦਦ
ਜ਼ਿਕਰਯੋਗ ਹੈ ਕਿ ਮਨਦੀਪ ਦੇ ਭਰਾ ਨੇ ਇਹ ਵੀ ਕਿਹਾ ਕਿ 'ਕਈ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਈ-ਮੇਲ ਕਰ ਚੁਕੇ ਹਨ ਪਰ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਨੂੰ ਚਿੱਠੀ ਲਿਖ ਕੇ ਵੀ ਸਾਰੀ ਗੱਲ ਦੱਸੀ ਪਰ ਕੋਈ ਹਲ ਨਹੀਂ ਨਿਕਲਿਆ। ਇਸ ਕਾਰਨ ਆਪਣੇ ਭਰਾ ਨੂੰ ਰੂਸ ਜਾ ਕੇ ਮੈਂ ਆਪ ਲਭਿਆ ਅਤੇ ਉਸ ਦੀ ਲਾਸ਼ ਲਈ ਵੀ ਆਪ ਹੀ ਖਜੱਲ ਖੁਆਰੀ ਕੀਤੀ। ਜਿਸ ਵਿੱਚ ਭਾਰਤ ਸਰਕਾਰ ਨੇ ਵੀ ਕੋਈ ਮਦਦ ਨਹੀਂ ਕੀਤੀ।

