ਰਣਜੀਤ ਸਿੰਘ ਐਨਕਾਊਂਟਰ ਮਾਮਲਾ ਭਖਿਆ, ਪਰਿਵਾਰ ਨੇ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਕੀਤਾ ਜਾਮ
ਨੌਜਵਾਨ ਰਣਜੀਤ ਸਿੰਘ ਦੇ ਪੁਲਿਸ ਐਨਕਾਊਂਟਰ ਦਾ ਮਾਮਲਾ ਹੁਣ ਲਗਾਤਾਰ ਗਰਮਾ ਰਿਹਾ ਹੈ।


Published : March 1, 2026 at 6:34 PM IST
ਗੁਰਦਾਸਪੁਰ: ਬੀਤੀ 25 ਫਰਵਰੀ ਨੂੰ ਪੰਜਾਬ ਪੁਲਿਸ ਦੀ ਸਰਹੱਦੀ ਪੋਸਟ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਕਤਲ ਕਰਨ ਦੇ ਸ਼ੱਕ ਵਿੱਚ ਨੌਜਵਾਨ ਰਣਜੀਤ ਸਿੰਘ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਲਗਾਤਾਰ ਪੁਲਿਸ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਪੁੱਤ ਦਾ ਫਰਜ਼ੀ ਐਨਕਾਊਂਟਰ ਕੀਤਾ ਗਿਆ ਹੈ।
'ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ'
ਮ੍ਰਿਤਕ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਪਠਾਨਕੋਟ ਹਾਈਵੇ ਜਾਮ ਕਰਕੇ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਚੌਂਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀ ਆਗੂਆਂ ਵੱਲੋ ਪ੍ਰਸ਼ਾਸ਼ਨ ਤੋਂ ਇਹ ਮੰਗ ਕੀਤੀ ਗਈ ਕਿ ਰਣਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਪੀਜੀਆਈ ਜਾਂ ਏਮਜ਼ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਕਰਾਵਾਇਆ ਜਾਵੇ।
ਮ੍ਰਿਤਕ ਨੌਜਵਾਨ ਦੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਤਾਂ ਜੋ ਮੌਤ ਦੇ ਸਮੇਂ ਅਤੇ ਕਰਣਾਂ ਦੀ ਸੱਚਾਈ ਸਾਹਮਣੇ ਆਵੇ। ਮ੍ਰਿਤਕ ਰਣਜੀਤ ਸਿੰਘ ਵੱਲੋਂ ਪੁਲਿਸ ਉੱਤੇ ਕਿਤੇ ਹਮਲੇ ਦੇ ਸਬੂਤ ਪਰਿਵਾਰ ਸਾਹਮਣੇ ਰੱਖੇ ਜਾਣ, ਪੂਰੇ ਘਟਨਾਕ੍ਰਮ ਦੀ ਜਾਂਚ ਸੀਬੀਆਈ ਜਾ ਮਾਣਯੋਗ ਅਦਾਲਤ ਦੇ ਸਿਟਿੰਗ ਜੱਜ ਦੀ ਬੈਂਚ ਵੱਲੋਂ ਕੀਤੀ ਜਾਵੇ। ਇਸ ਧਰਨੇ ਨੂੰ ਖ਼ਤਮ ਕੀਤਾ ਗਿਆ ਹੈ ਅਤੇ ਹੁਣ ਪ੍ਰਸ਼ਾਸਨ ਵੱਲੋਂ ਵੀ ਗੱਲਾਬਤ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। -ਰਣਜੀਤ ਸਿੰਘ,ਮ੍ਰਿਤਕ ਦਾ ਤਾਇਆ
'ਸਿਆਸੀ ਦਬਾਅ ਹੇਠ ਪੰਜਾਬ ਪੁਲਿਸ'
ਧਰਨੇ ਵਾਲੀ ਥਾਂ ਉੱਤੇ ਪਹੁੰਚੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਖਿਆ ਕਿ, 'ਇਸ ਸਮੇਂ ਪੰਜਾਬ ਪੁਲਿਸ ਦੀ ਹਰ ਪਾਸੇ ਖ਼ਿਲਾਫਤ ਹੋ ਰਹੀ ਹੈ। ਕਾਨੂੰਨ ਵਿਵਸਥਾ ਹਾਸ਼ੀਏ ਉੱਤੇ ਪਹੁੰਚੀ ਹੋਣ ਕਾਰਣ ਸਿਆਸੀ ਦਬਾਅ ਹੇਠ ਪੁਲਿਸ ਵੱਲੋਂ ਧੱਕੇ ਨਾਲ ਅਜਿਹੇ ਐਨਕਾਊਂਟਰ ਵੀ ਕੀਤੇ ਜਾ ਰਹੇ ਹਨ,ਜਿਨ੍ਹਾਂ ਕਾਰਣ ਲੋਕਾਂ ਵਿੱਚ ਭਾਰੀ ਰੋਸ ਹੈ। ਸਿਆਸੀ ਬਦਲਾਖੋਰੀ ਵਿੱਚ ਚੱਲ ਰਹੀ ਪੰਜਾਬ ਸਰਕਾਰ ਜ਼ਿਆਦਾ ਦੇਰ ਲੋਕਾਂ ਦੇ ਗੁੱਸੇ ਨੂੰ ਦਬਾਅ ਨਹੀਂ ਸਕੇਗੀ।'
'ਗਲਤੀ ਮੰਨਣ ਦੀ ਬਜਾਏ ਬੋਲੇ ਜਾ ਰਹੇ ਝੂਠ ਉੱਤੇ ਝੂਠ'
ਸਾਬਕਾ ਵਿਧਾਇਕ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਇਸ ਐਨਕਾਊਂਟਰ ਤੋਂ ਬਾਅਦ ਲਗਾਤਾਰ ਵੱਖਰੇ ਵੱਖਰੇ ਬਿਆਨ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਵੱਲੋਂ ਦਿੱਤੇ ਗਏ ਹਨ। ਬਿਆਨਾਂ ਅਤੇ ਕਾਰਵਾਈਆਂ ਤੋਂ ਸਪੱਸ਼ਟ ਜਾਪਦਾ ਹੈ ਕਿ ਨੌਜਵਾਨ ਨੂੰ ਘਰੋਂ ਚੁੱਕ ਕੇ ਕਤਲ ਕੀਤਾ ਅਤੇ ਬਾਅਦ ਵਿੱਚ ਮੁਕਾਬਲਾ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੋਸਟ ਉੱਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਮੌਤ ਦੇ ਅਸਲ ਕਾਰਣ ਹੁਣ ਤੱਕ ਇਨ੍ਹਾਂ ਤੋਂ ਲੱਭੇ ਨਹੀਂ ਗਏ। ਦੂਜੇ ਪਾਸੇ ਧਰਨੇ ਵਿੱਚ ਪਹੁੰਚੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਂ ਨੇ ਕਿਹਾ ਕਿ ਦੋ ਪਰਿਵਾਰਾਂ ਦਾ ਇਕੱਲਾ ਪੁੱਤਰ ਰਣਜੀਤ ਸਿੰਘ ਸੀ ਅਤੇ ਬੇਰਹਿਮੀ ਨਾਲ ਉਸ ਦਾ ਕਤਲ ਪੁਲਿਸ ਵੱਲੋਂ ਕਰ ਦਿੱਤਾ ਗਿਆ। ਜੇਕਰ ਮ੍ਰਿਤਕ ਦਾ ਕੋਈ ਕਸੂਰ ਸੀ ਤਾਂ ਅਦਾਲਤਾਂ ਸਜ਼ਾ ਦੇਣ ਲਈ ਬਣੀਆਂ ਹਨ,ਪੁਲਿਸ ਨੂੰ ਇਸ ਤਰ੍ਹਾਂ ਕਤਲ ਕਰਨ ਦਾ ਹੱਕ ਨਹੀਂ ਹੈ।

