ਠੇਕਿਆਂ 'ਤੇ ਵਿਕ ਰਹੀ ਮਿਆਦ ਲੰਘੀ ਬੀਅਰ, ਨੌਜਵਾਨਾਂ ਨੇ ਖੋਲ੍ਹੀ ਪੋਲ
ਬਰਨਾਲਾ ਦੇ ਨੌਜਵਾਨਾਂ ਨੇ ਸ਼ਿਕਾਇਤ ਕਰਕੇ ਐਕਸਾਈਜ਼ ਮਹਿਕਮੇ 'ਤੇ ਸਵਾਲ ਖੜੇ ਕੀਤੇ ਹਨ। ਪੜ੍ਹੋ ਖ਼ਬਰ...


Published : March 3, 2026 at 6:04 PM IST
ਬਰਨਾਲਾ: ਜ਼ਿਲ੍ਹੇ ਦੇ ਕਈ ਸ਼ਰਾਬ ਦੇ ਠੇਕਿਆਂ 'ਤੇ ਸ਼ਰੇਆਮ ਲੰਘੀ ਮਿਆਦ ਵਾਲੀ ਸ਼ਰਾਬ ਵੇਚੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਨੂੰ ਲੈਕੇ ਐਕਸਾਈਜ਼ ਵਿਭਾਗ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲ ਉੱਠ ਰਹੇ ਹਨ। ਇਸ ਮਾਮਲੇ ਦੀ ਬਰਨਾਲਾ ਦੇ ਹੀ ਦੋ ਨੌਜਵਾਨਾਂ ਨੇ ਪੋਲ ਖੋਲ੍ਹੀ ਹੈ, ਜਿਨ੍ਹਾਂ ਵੱਲੋਂ ਦੋ ਵੱਖ-ਵੱਖ ਸ਼ਰਾਬ ਦੇ ਠੇਕਿਆਂ ਤੋਂ ਬੀਅਰ ਖਰੀਦੀ ਗਈ ਜੋ ਲੰਘੀ ਮਿਆਦ ਵਾਲੀ ਪਾਈ ਗਈ। ਨੌਜਵਾਨਾਂ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਕਾਰਵਾਈ ਦੀ ਜਾਂਚ ਮੰਗੀ ਹੈ। ਉਥੇ ਦੂਜੇ ਪਾਸੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਜਾਂਚ ਦੀ ਗੱਲ ਆਖ ਰਹੇ ਹਨ।
ਨੌਜਵਾਨਾਂ ਨੇ ਚੁੱਕੇ ਸਵਾਲ
ਬਰਨਾਲਾ ਦੇ ਦੋ ਨੌਜਵਾਨ ਸਤਪਾਲ ਸਿੰਘ ਅਤੇ ਗੁਰਸੇਵਕ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ "ਉਹ ਬਰਨਾਲਾ ਅਤੇ ਹੰਡਾਇਆ ਦੇ ਕਈ ਸ਼ਰਾਬ ਦੇ ਠੇਕਿਆਂ ਵਿੱਚ ਸ਼ਰੇਆਮ ਤਰੀਕ ਲੰਘੀ ਹੋਈ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਹੈ। ਜਿੰਨਾ ਦਾ ਸ਼ਰਾਬ ਦੇ ਵੱਖੋ-ਵੱਖਰੇ ਠੇਕਿਆਂ 'ਤੇ ਵੱਖੋ ਵੱਖਰਾ ਰੇਟ ਸੀ। ਸਾਡੇ ਕੋਲ ਸਾਰੇ ਪੱਕੇ ਸਬੂਤ ਹਨ ਕਿਉਂਕਿ ਅਸੀਂ ਆਨਲਾਈਨ ਪੇਮੈਂਟ ਕਰਕੇ ਸ਼ਰਾਬ ਖਰੀਦੀ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਐਕਸਪਾਇਰੀ ਚੀਜ਼ ਵੇਚ ਨਹੀਂ ਸਕਦੇ ਪਰ ਸ਼ਰੇਆਮ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਚੰਦ ਪੈਸੇ ਲਈ ਇਹ ਸ਼ਰਾਬ ਠੇਕਿਆਂ 'ਤੇ ਵੇਚੀ ਜਾ ਰਹੀ ਹੈ। ਜਿਸ ਦੀ ਸੂਚਨਾ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਸੀ ਅਤੇ ਉਹਨਾਂ ਸਿਹਤ ਵਿਭਾਗ, ਐਕਸਾਈਜ਼ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।"
ਸਖ਼ਤ ਕਾਰਵਾਈ ਦੀ ਮੰਗ
ਇਸ ਮਾਮਲੇ ਸੰਬੰਧੀ ਜਦੋਂ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕੀ ਬੋਤਲਾਂ ਬਦਲ ਦਿੱਤੀਆਂ ਗਈਆਂ ਹਨ। ਮੀਡੀਆ ਨੂੰ ਦੇਖਦੇ ਹੀ ਸ਼ਰਾਬ ਠੇਕੇ ਦੇ ਮੁਲਾਜ਼ਮਾਂ ਨੇ ਫਰਿਜ ਵਿੱਚੋਂ ਐਕਸਪਾਇਰੀ ਤਰੀਕ ਦੀਆਂ ਬੋਤਲਾਂ ਹਟਵਾ ਦਿੱਤੀਆਂ। ਦੋਵੇਂ ਨੌਜਵਾਨਾਂ ਨੇ ਮੀਡੀਆ ਦਾ ਧੰਨਵਾਦ ਕਰਦੇ ਕਿਹਾ ਕਿ ਮੀਡੀਆ ਦੇ ਡਰ ਤੋਂ ਅਜਿਹਾ ਸਾਹਮਣੇ ਆਇਆ ਹੈ। ਨੌਜਵਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਐਕਸਪਾਇਰੀ ਤਰੀਕ ਵਾਲੀ ਸ਼ਰਾਬ ਨੂੰ ਬਦਲਿਆ ਜਾਵੇ ਅਤੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਅਜਿਹੇ ਸ਼ਰਾਫ ਦੇ ਠੇਕਿਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।
ਚੈਕਿੰਗ ਕਰੇਗਾ ਐਕਸਾਈਜ਼ ਵਿਭਾਗ
ਇਸ ਮਾਮਲੇ ਨੂੰ ਲੈ ਕੇ ਐਕਸਾਈਜ਼ ਵਿਭਾਗ ਬਰਨਾਲਾ ਦੇ ਇੰਸਪੈਕਟਰ ਰਜਨੀਸ਼ ਕੁਮਾਰ ਨੇ ਦੱਸਿਆ ਕਿ "ਸ਼ਰਾਬ ਦੇ ਠੇਕੇ 'ਤੇ ਜਾਕੇ ਚੈਕਿੰਗ ਕਰਨਗੇ, ਜੇਕਰ ਚੈਕਿੰਗ ਦੌਰਾਨ ਅਜਿਹਾ ਕੁਝ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਐਕਸਾਈਜ਼ ਵਿਭਾਗ ਵੱਲੋਂ ਚਲਾਣ ਕੀਤਾ ਜਾਵੇਗਾ ਤੇ ਨਾਲ ਹੀ ਮਿਆਦ ਲੰਘੀ ਬੀਅਰ ਜਾਂ ਸ਼ਰਾਬ ਵਾਪਸ ਲਿਆਂਦੀ ਜਾਵੇਗੀ।" ਦੱਸ ਦਈਏ ਕਿ ਇੱਕ ਗੱਲ ਤਾਂ ਜ਼ਰੂਰ ਸਾਹਮਣੇ ਆਈ ਹੈ ਕਿ ਤਰੀਕ ਲੰਘੀ ਹੋਈਆਂ ਐਕਸਪਾਇਰੀ ਤਰੀਕ ਦੀਆਂ ਬੀਅਰ ਦੀਆਂ ਬੋਤਲਾਂ ਵੇਚ ਕੇ ਆਪਣੇ ਚੰਦ ਮੁਨਾਫੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸੋ ਇਸ 'ਤੇ ਕਾਰਵਾਈ ਹੋਵੇਗੀ ਜਾਂ ਨਹੀਂ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਾਨੂੰ ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਉਸ ਦੀ ਐਕਸਪਾਇਰੀ ਤਰੀਕ ਚੈੱਕ ਕਰ ਲੈਣੀ ਚਾਹੀਦੀ ਹੈ।

