ETV Bharat / state

ਹਥਿਆਰ ਬਰਾਮਦਗੀ ਦੌਰਾਨ ਪੁਲਿਸ ਅਤੇ ਬਦਮਾਸ਼ ਵਿਚਾਲੇ ਹੋਇਆ ਮੁਕਾਬਲਾ, ਜ਼ਖਮੀ ਹਾਲਤ 'ਚ ਕਾਬੂ

ਗੈਂਗਸਟਰ ਅਮਨ ਅੰਡਾ ਗੈਂਗ ਦੇ ਗੁਰਗੇ ਮਲਕੀਤ ਸਿੰਘ ਉਰਫ਼ ਬਿੱਲਾ ਨੂੰ ਹਥਿਆਰ ਬਰਾਮਦਗੀ ਦੌਰਾਨ ਪੁਲਿਸ ਮੁਕਾਬਲੇ ਵਿੱਚ ਲੱਗੀ ਗੋਲੀ।

ENCOUNTER IN BATALA
ਬਟਾਲਾ 'ਚ ਗੈਂਗਸਟਰ ਦਾ ਪੁਲਿਸ ਮੁਕਾਬਲਾ (Etv Bharat)
author img

By ETV Bharat Punjabi Team

Published : July 1, 2026 at 12:00 PM IST

2 Min Read
Choose ETV Bharat

ਗੁਰਦਾਸਪੁਰ: ਬਟਾਲਾ ਪੁਲਿਸ ਅਤੇ ਗ੍ਰਿਫਤਾਰ ਮੁਲਜ਼ਮ ਵਿਚਕਾਰ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ 'ਚ ਹਥਿਆਰ ਬਰਾਮਦਗੀ ਲਈ ਲੈਕੇ ਆਉਂਦੇ ਮੁਲਜ਼ਮ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ, ਜਿਸ 'ਚ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੀ ਲੱਤ 'ਚ ਗੋਲੀ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਮਨ ਆਂਡਾ ਗੈਂਗ ਨਾਲ ਸਬੰਧਤ ਮਲਕੀਤ ਸਿੰਘ ਉਰਫ਼ ਬਿੱਲਾ ਚਿੱਚੜ ਨੂੰ ਹਥਿਆਰ ਦੀ ਬਰਾਮਦਗੀ ਲਈ ਲਿਜਾਣ ਦੌਰਾਨ ਉਸ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਐੱਸਪੀ ਬਟਾਲਾ ਪੁਲਿਸ ਰਮਨਦੀਪ ਸਿੰਘ ਜਾਣਕਾਰੀ ਦਿੰਦੇ ਹੋਏ (Etv Bharat)

ਹਥਿਆਰ ਬਰਾਮਦਗੀ ਦੌਰਾਨ ਵਾਰਦਾਤ

ਐੱਸਪੀ ਬਟਾਲਾ ਪੁਲਿਸ ਰਮਨਦੀਪ ਸਿੰਘ ਨੇ ਦੱਸਿਆ ਕਿ "ਬੀਤੇ ਦਿਨ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵੱਖ-ਵੱਖ ਫਾਇਰਿੰਗ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਲੋੜੀਂਦੇ ਮਲਕੀਤ ਸਿੰਘ ਉਰਫ਼ ਬਿੱਲਾ ਚਿੱਚੜ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਤੱਕ ਫਾਇਰਿੰਗ ਦੇ ਵੱਖ-ਵੱਖ ਮਾਮਲਿਆਂ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁੱਛਗਿੱਛ ਦੌਰਾਨ ਮਲਕੀਤ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣਾ ਹਥਿਆਰ ਆਲੀਵਾਲ ਨਹਿਰ ਨੇੜੇ ਲੁਕਾ ਕੇ ਰੱਖਿਆ ਹੋਇਆ ਹੈ। ਇਸ ਸੂਚਨਾ ਦੇ ਆਧਾਰ 'ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਉਸ ਨੂੰ ਹਥਿਆਰ ਦੀ ਬਰਾਮਦਗੀ ਲਈ ਮੌਕੇ 'ਤੇ ਲੈ ਕੇ ਗਈ। ਉੱਥੇ ਪਹੁੰਚਣ ਤੋਂ ਬਾਅਦ ਮੁਲਜ਼ਮ ਨੇ ਪੁਲਿਸ ਨੂੰ ਚਕਮਾ ਦੇ ਕੇ ਲੁਕਾਏ ਹੋਏ ਹਥਿਆਰ ਨਾਲ ਪੁਲਿਸ ਪਾਰਟੀ 'ਤੇ ਤਿੰਨ ਰਾਊਂਡ ਫਾਇਰ ਕਰ ਦਿੱਤੇ। ਪੁਲਿਸ ਮੁਲਾਜ਼ਮਾਂ ਨੇ ਆਪਣੀ ਸੁਰੱਖਿਆ ਲਈ ਜਵਾਬੀ ਕਾਰਵਾਈ ਕਰਦਿਆਂ ਦੋ ਰਾਊਂਡ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ। ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।"

ਮੁਲਜ਼ਮ 'ਤੇ ਕਈ ਅਪਰਾਧਿਕ ਮਾਮਲੇ ਦਰਜ

ਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਉਰਫ਼ ਬਿੱਲਾ ਚਿੱਚੜ ਖ਼ਿਲਾਫ਼ ਕੁੱਲ 11 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਪੰਜ ਮਾਮਲੇ ਫਿਰੌਤੀ (ਐਕਸਟੋਰਸ਼ਨ) ਨਾਲ ਸਬੰਧਤ ਹਨ। ਪੁਲਿਸ ਮੁਤਾਬਕ ਉਹ ਅਮਨ ਆਂਡਾ ਗੈਂਗ ਲਈ ਕੰਮ ਕਰਦਾ ਸੀ ਅਤੇ ਗੈਂਗ ਦੇ ਕਹਿਣ 'ਤੇ ਵਪਾਰੀਆਂ ਤੋਂ ਫਿਰੌਤੀ ਦੀ ਮੰਗ ਕਰਦਾ ਸੀ। ਪੈਸੇ ਨਾ ਮਿਲਣ ਦੀ ਸੂਰਤ ਵਿੱਚ ਵਪਾਰਕ ਅਦਾਰਿਆਂ 'ਤੇ ਗੋਲੀਬਾਰੀ ਕਰਕੇ ਦਹਿਸ਼ਤ ਫੈਲਾਈ ਜਾਂਦੀ ਸੀ।

ਵਪਾਰੀਆਂ ਤੋਂ ਮੰਗਦੇ ਸੀ ਫਿਰੌਤੀ

ਪੁਲਿਸ ਮੁਤਾਬਕ ਬਟਾਲਾ ਸ਼ਹਿਰ ਵਿੱਚ ਕੱਪੜਾ ਵਪਾਰੀ ਦੇ ਸ਼ੋਅਰੂਮ, ਫੈਸ਼ਨ ਲੰਡਨ ਅਤੇ ਰਾਈਫਲ ਰੈਸਟੋਰੈਂਟ ਸਮੇਤ ਹੋਰ ਥਾਵਾਂ 'ਤੇ ਹੋਈਆਂ ਗੋਲੀਬਾਰੀ ਦੀਆਂ ਵਾਰਦਾਤਾਂ ਦੀ ਜਾਂਚ ਦੌਰਾਨ ਵੀ ਇਸ ਗੈਂਗ ਦੇ ਮੈਂਬਰਾਂ ਦੀ ਭੂਮਿਕਾ ਸਾਹਮਣੇ ਆਈ ਹੈ। ਇਨ੍ਹਾਂ ਮਾਮਲਿਆਂ ਵਿੱਚ ਪੁਲਿਸ ਪਹਿਲਾਂ ਹੀ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ।