E20 ਪੈਟਰੋਲ ਨੇ ਕਾਰਾਂ ਦੀ ਵਿਕਰੀ 'ਤੇ ਪਾਇਆ ਅਸਰ ? ਕਿਤੇ ਉਛਾਲ, ਤਾਂ ਕਿਤੇ ਮੰਦੀ ? ਦੇਖੋ ਖਾਸ ਰਿਪੋਰਟ
ਈ-20 ਪੈਟਰੋਲ ਨਾਲ ਕਿੰਨੀ ਕੁ ਬਦਲਿਆ ਕਾਰ ਬਜ਼ਾਰ, ਕਿੱਥੇ ਜਾ ਰਿਹਾ ਲੋਕਾਂ ਦਾ ਰੁਝਾਨ? ਪੱਤਰਕਾਰ ਵਰਿੰਦਰ ਥਿੰਦ, ਅਮਨਦੀਪ ਗੋਸਲ ਅਤੇ ਨਿਸ਼ਾ ਸ਼ਰਮਾ ਦੀ ਰਿਪੋਰਟ।

Published : August 26, 2026 at 9:19 PM IST
ਲੁਧਿਆਣਾ/ਜਲੰਧਰ/ਬਠਿੰਡਾ: ਭਾਰਤ ਵਿੱਚ 20 ਪ੍ਰਤੀਸ਼ਤ ਐਥਨੌਲ ਮਿਸ਼ਰਿਤ (E20) ਪੈਟਰੋਲ ਦੇ ਲਾਗੂ ਹੋਣ ਤੋਂ ਬਾਅਦ ਆਟੋਮੋਬਾਈਲ ਸੈਕਟਰ ਅਤੇ ਸੈਕੰਡ-ਹੈਂਡ ਕਾਰ ਬਜ਼ਾਰ ਵਿੱਚ ਵੱਡੇ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ। ਅਪ੍ਰੈਲ 2023 ਤੋਂ ਪਹਿਲਾਂ ਬਣੀਆਂ ਪੈਟਰੋਲ ਗੱਡੀਆਂ ਦੇ ਮਾਲਕਾਂ, ਵਰਤੀਆਂ ਗੱਡੀਆਂ (Used Cars) ਦੇ ਡੀਲਰਾਂ ਅਤੇ ਆਟੋ ਮੈਕੇਨਿਕਾਂ 'ਤੇ ਇਸ ਦਾ ਸਿੱਧਾ ਅਸਰ ਪਿਆ ਹੈ। ਜੇਕਰ ਲੁਧਿਆਣਾ ਦੇ ਕਾਰ ਬਜ਼ਾਰ ਦੀ ਗੱਲ ਕਰੀਏ ਤਾਂ, ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ।
ਸੈਕਿੰਡ ਹੈਂਡ ਕਾਰ ਵਿਕਰੇਤਾਵਾਂ ਦੇ ਮੁਤਾਬਿਕ, "ਜਿੱਥੇ ਪਹਿਲਾਂ ਮਹੀਨੇ ਦੀ 15 ਤੋਂ 20 ਗੱਡੀਆਂ ਵੇਚ ਰਹੇ ਸਨ, ਉਹ ਘੱਟ ਕੇ 5 ਤੋਂ 7 ਤੱਕ ਪਹੁੰਚ ਚੁੱਕੀ ਹੈ। ਲੋਕਾਂ ਦਾ ਰੁਝਾਨ ਡੀਜ਼ਲ ਗੱਡੀਆਂ ਵੱਲ ਵਧਿਆ ਹੈ, ਪਰ ਡੀਜ਼ਲ ਗੱਡੀ ਬਾਜ਼ਾਰ ਵਿੱਚ ਉਪਲਬਧ ਨਹੀਂ ਹੈ।"
ਸੈਕੰਡ-ਹੈਂਡ ਕਾਰ ਬਾਜ਼ਾਰ ਦੇ ਮੌਜੂਦਾ ਹਾਲਾਤ (Market Summary Of Used Cars)
ਲੁਧਿਆਣਾ ਦੇ ਕਾਰ ਬਾਜ਼ਾਰ ਦੇ ਡੀਲਰਾਂ ਨੇ ਦੱਸਿਆ ਕਿ, "ਹਾਲਾਤ ਪਿਛਲੇ ਕੁਝ ਮਹੀਨਿਆਂ ਤੋਂ ਵਿਗੜੇ ਨੇ, ਇਸ ਤੋਂ ਪਹਿਲਾਂ ਜੀਐਸਟੀ ਵਿੱਚ ਵੱਡੀ ਕਟੌਤੀ ਕੀਤੀ ਗਈ ਸੀ ਜਿਸ ਨਾਲ ਸਾਡੀਆਂ ਖੜੀਆਂ ਕਾਰਾਂ ਦੀ ਕੀਮਤ 50 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਸਸਤੀ ਹੋ ਗਈ ਸੀ। ਨਵੀਂ ਗੱਡੀਆਂ ਵਿੱਚ ਭਾਰੀ ਛੋਟ ਦਿੱਤੀ ਜਾ ਰਹੀ ਹੈ। ਪਹਿਲਾਂ ਲੋਕਾਂ ਦਾ ਰੁਝਾਨ ਹਾਈਬ੍ਰਿਡ ਗੱਡੀਆਂ ਵੱਲ ਵਧਿਆ ਸੀ। ਦਿੱਲੀ ਵਿੱਚ 10 ਸਾਲ ਬਾਅਦ ਡੀਜ਼ਲ ਗੱਡੀ ਬੰਦ ਹੋ ਜਾਂਦੀ ਸੀ, ਇਹ ਗੱਡੀਆਂ ਦੀ ਮਾਰਕੀਟ ਪੰਜਾਬ ਵਿੱਚ ਚੰਗੀ ਸੀ, ਪਰ ਡੀਜ਼ਲ ਗੱਡੀਆਂ ਦੀ ਥਾਂ ਉੱਤੇ ਲੋਕਾਂ ਨੇ ਪੈਟਰੋਲ ਗੱਡੀਆਂ ਲੈਣੀਆਂ ਸ਼ੁਰੂ ਕੀਤੀਆਂ ਅਤੇ ਹੁਣ ਈ20 ਪੈਟਰੋਲ ਦੇ ਕਰਕੇ ਲੋਕ ਖੁਦ ਉਲਝੇ ਹੋਏ ਹਨ।"
ਕਾਰ ਡੀਲਰਾਂ ਨੇ ਦੱਸਿਆ ਕਿ, "ਜਿਹੜੇ ਲੋਕਾਂ ਨੇ 2023 ਤੋਂ ਪਹਿਲਾਂ ਗੱਡੀਆਂ ਲਈਆਂ ਸਨ, ਜਿਨ੍ਹਾਂ ਦੀ ਕੀਮਤ ਉਨ੍ਹਾਂ ਮੁਤਾਬਕ 20 ਤੋਂ 30 ਫੀਸਦੀ ਤੱਕ ਘਟੀ ਹੋਣੀ ਚਾਹੀਦੀ ਹੈ, ਪਰ ਉਹ 40 ਤੋਂ 50 ਫੀਸਦੀ ਤੱਕ ਘੱਟ ਗਈਆਂ ਹਨ। ਅਜਿਹਾ ਰੇਟ ਦੱਸਿਆ ਜਾਂਦਾ ਹੈ ਜਿਸ ਕਰਕੇ ਗਾਹਕ ਇੱਥੇ ਖੜਦਾ ਹੀ ਨਹੀਂ, ਨਾ ਹੀ ਲੈਣ ਵਾਲਾ ਅਤੇ ਨਾ ਹੀ ਵੇਚਣ ਵਾਲਾ।"

ਪ੍ਰਮੁੱਖ ਮੁੱਖ-ਬਿੰਦੂ (Key Highlights)
- ਰੀਸੇਲ ਵੈਲਿਊ 'ਚ ਗਿਰਾਵਟ
ਲੁਧਿਆਣਾ ਕਾਰ ਬਜ਼ਾਰ ਡੀਲਰਾਂ ਦਾ ਕਹਿਣਾ ਹੈ ਕਿ, 2023 ਤੋਂ ਪਹਿਲਾਂ ਦੀਆਂ ਪੈਟਰੋਲ ਗੱਡੀਆਂ ਦੀ ਰੀਸੇਲ ਕੀਮਤ 'ਚ 15% ਤੋਂ 25% ਤੱਕ ਦੀ ਮੰਦੀ ਆਈ ਹੈ।
- ਖਰਾਬੀ ਅਤੇ ਮਾਈਲੇਜ 'ਚ ਕਮੀ
ਪੁਰਾਣੀਆਂ ਪੈਟਰੋਲ ਗੱਡੀਆਂ ਵਿੱਚ ਮਾਈਲੇਜ 10% ਤੋਂ 15% ਤੱਕ ਡਿੱਗਣ ਅਤੇ ਫਿਊਲ ਲਾਈਨਾਂ ਗਲਣ ਦੀਆਂ ਸ਼ਿਕਾਇਤਾਂ ਵਧੀਆਂ ਹਨ।
- ਮੈਕੇਨਿਕਾਂ ਕੋਲ ਕੰਮ ਵਧਿਆ, ਪਰ ਤਣਾਅ ਵੀ ਵਧਿਆ
ਫਿਊਲ ਪੰਪ ਅਤੇ ਇੰਜੈਕਟਰ ਖਰਾਬ ਹੋਣ ਨਾਲ ਗੈਰਾਜਾਂ 'ਚ ਰਿਪੇਅਰ ਦਾ ਕੰਮ ਵਧਿਆ ਹੈ, ਪਰ ਗਾਹਕ ਬਾਰ-ਬਾਰ ਆਉਂਦੇ ਖਰਚਿਆਂ ਤੋਂ ਪ੍ਰੇਸ਼ਾਨ ਹਨ।
- CNG ਅਤੇ ਡੀਜ਼ਲ ਦੀ ਮੰਗ
ਪੈਟਰੋਲ ਗੱਡੀਆਂ ਦੀ ਅਨਿਸ਼ਚਿਤਤਾ ਕਾਰਨ ਸੈਕੰਡ-ਹੈਂਡ ਬਾਜ਼ਾਰ 'ਚ CNG ਅਤੇ ਡੀਜ਼ਲ ਗੱਡੀਆਂ ਦੀ ਮੰਗ ਤੇਜ਼ੀ ਨਾਲ ਵਧੀ ਹੈ।
- 2023 ਤੋਂ ਪਹਿਲਾਂ ਦੀਆਂ ਪੈਟਰੋਲ ਗੱਡੀਆਂ ਦੀ ਵਿਕਰੀ 'ਤੇ ਬ੍ਰੇਕ
ਕਾਰ ਵਿਕ੍ਰੇਤਾਵਾਂ ਮੁਤਾਬਿਕ, ਅਪ੍ਰੈਲ 2023 ਤੋਂ ਪਹਿਲਾਂ ਬਣੀਆਂ ਗੱਡੀਆਂ (BS-6 Phase-1 ਅਤੇ ਪੁਰਾਣੇ ਮਾਡਲ) ਈ-20 ਪੈਟਰੋਲ ਦੇ ਅਨੁਕੂਲ (Compliant) ਨਹੀਂ ਸਨ। E20 ਪੈਟਰੋਲ ਵਿੱਚ ਐਥਨੌਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਪੁਰਾਣੀਆਂ ਗੱਡੀਆਂ ਦੇ ਰਬੜ ਹੋਜ਼ (Fuel Hoses), ਗਾਸਕੇਟ ਅਤੇ ਫਿਊਲ ਪੰਪ ਜਲਦੀ ਖਰਾਬ ਹੋ ਰਹੇ ਹਨ। ਸੈਕੰਡ-ਹੈਂਡ ਕਾਰ ਬਾਜ਼ਾਰ 'ਚ ਖਰੀਦਦਾਰ 2023 ਤੋਂ ਪਹਿਲਾਂ ਦੇ ਪੈਟਰੋਲ ਮਾਡਲਾਂ ਨੂੰ ਖਰੀਦਣ ਤੋਂ ਝਿਜਕ ਰਹੇ ਹਨ। ਇਸ ਕਾਰਨ ਇਨ੍ਹਾਂ ਗੱਡੀਆਂ ਦੇ ਰੇਟ ਕਾਫੀ ਹੇਠਾਂ ਡਿੱਗ ਚੁੱਕੇ ਹਨ ਅਤੇ ਇਹ ਗੱਡੀਆਂ ਮੰਡੀ 'ਚ ਲੰਬੇ ਸਮੇਂ ਤੱਕ ਅਣਵਿਕੀਆਂ ਪਈਆਂ ਰਹਿੰਦੀਆਂ ਹਨ।
- ਮੈਕੇਨਿਕਾਂ ਅਤੇ ਆਟੋ ਗੈਰਾਜਾਂ 'ਤੇ ਅਸਰ
ਈ-20 ਪੈਟਰੋਲ ਦੇ ਆਉਣ ਨਾਲ ਲੋਕਲ ਆਟੋ ਮੈਕੇਨਿਕਾਂ ਦੇ ਕੰਮਕਾਜ ਦਾ ਸਰੂਪ ਬਦਲ ਗਿਆ ਹੈ।
- ਰਿਪੇਅਰ ਦਾ ਕੰਮ ਵਧਿਆ
ਗੈਰਾਜਾਂ ਵਿੱਚ ਫਿਊਲ ਇੰਜੈਕਟਰ ਸਾਫ਼ ਕਰਨ, ਫਿਊਲ ਪੰਪ ਬਦਲਣ, ਲੀਕੇਜ ਠੀਕ ਕਰਨ ਅਤੇ ਇੰਜਣ ਦੇ ਝਟਕੇ (Rough Idling) ਠੀਕ ਕਰਨ ਦੇ ਕੇਸ ਵਧੇ ਹਨ।
- ਖਰਚੇ ਦਾ ਬੋਝ
ਮੈਕੇਨਿਕਾਂ ਨੂੰ ਕੰਮ ਤਾਂ ਮਿਲ ਰਿਹਾ ਹੈ, ਪਰ ਗਾਹਕ ਵਾਰ-ਵਾਰ ਖਰਾਬੀ ਆਉਣ ਕਰਕੇ ਨਿਰਾਸ਼ ਹਨ। ਕਈ ਪੁਰਾਣੇ ਪਾਰਟਸ ਬਦਲਣ ਦੇ ਬਾਵਜੂਦ E20 ਫਿਊਲ ਨਾਲ ਦੁਬਾਰਾ ਖਰਾਬ ਹੋ ਜਾਂਦੇ ਹਨ, ਜਿਸ ਨਾਲ ਗਾਹਕਾਂ ਅਤੇ ਮੈਕੇਨਿਕਾਂ ਵਿਚਾਲੇ ਤਕਰਾਰ ਵਧਦੀ ਹੈ।
- ਡੀਜ਼ਲ ਗੱਡੀਆਂ ਦੀ ਮੰਗ
ਡੀਜ਼ਲ 'ਚ ਐਥਨੌਲ ਮਿਕਸਿੰਗ ਨਾ ਹੋਣ ਕਰਕੇ ਪੁਰਾਣੀਆਂ ਡੀਜ਼ਲ ਕਾਰਾਂ (ਦਿੱਲੀ-NCR ਖੇਤਰ ਨੂੰ ਛੱਡ ਕੇ) ਦੀ ਮੰਗ ਮੁੜ ਵਧ ਗਈ ਹੈ। ਲੋਕ ਲੰਬੇ ਰੂਟ ਅਤੇ ਬਹਿਤਰ ਮਾਈਲੇਜ ਲਈ ਡੀਜ਼ਲ ਕਾਰਾਂ ਨੂੰ ਤਰਜੀਹ ਦੇ ਰਹੇ ਹਨ।

ਕੀ E20 ਨੇ ਜਲੰਧਰ ਦੇ ਕਾਰ ਬਜ਼ਾਰ ਦੀ ਦਿਸ਼ਾ ਬਦਲੀ?
ਜਲੰਧਰ ਦੀ ਕਾਰ ਮਾਰਕੀਟ ਦੀ ਗੱਲ ਕਰੀਏ, ਤਾਂ E20 ਪੈਟਰੋਲ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਪੁਰਾਣੀਆਂ ਪੈਟਰੋਲ ਗੱਡੀਆਂ ਦੀ ਮਾਈਲੇਜ, ਇੰਜਣ ਅਤੇ ਰੀਸੇਲ ਵੈਲਿਊ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ, ਉੱਥੇ ਹੀ, ਜਲੰਧਰ ਦੇ ਕਾਰ ਬਜ਼ਾਰ ਦੇ ਡੀਲਰ ਦਾ ਕਹਿਣਾ ਹੈ ਕਿ, "E20 ਦੇ ਆਉਣ ਤੋਂ ਬਾਅਦ ਗੱਡੀਆਂ ਦੀ ਵਿਕਰੀ ਵਿੱਚ ਕੋਈ ਵੱਡੀ ਗਿਰਾਵਟ ਨਹੀਂ ਆਈ। ਹਾਲਾਂਕਿ, ਲੋਕਾਂ ਵਿੱਚ ਇਸ ਨੂੰ ਲੈ ਕੇ ਪੈਨਿਕ ਅਤੇ ਕਨਫਿਊਜ਼ਨ ਜ਼ਰੂਰ ਦੇਖਣ ਨੂੰ ਮਿਲਿਆ ਹੈ।"
ਗਰਾਊਂਡ ਰਿਐਲਿਟੀ ਦੇ ਤੌਰ ’ਤੇ ਡੀਲਰ ਦਾ ਕਹਿਣਾ ਹੈ ਕਿ, "E20 ਨੇ ਕਾਰ ਬਜ਼ਾਰ ਵਿੱਚ ਤੁਰੰਤ ਕੋਈ ਵੱਡੀ ਗਿਰਾਵਟ ਨਹੀਂ ਲਿਆਂਦੀ, ਪਰ ਇਸ ਨੇ ਗਾਹਕਾਂ ਦੇ ਸਵਾਲ ਅਤੇ ਖਰੀਦਦਾਰੀ ਦੇ ਫੈਸਲੇ ਨੂੰ ਜ਼ਰੂਰ ਪ੍ਰਭਾਵਿਤ ਕੀਤਾ ਹੈ।"
ਨਵੀਆਂ ਗੱਡੀਆਂ ਦੀ ਵਿਕਰੀ ਵਿੱਚ ਗਰੋਥ ਜਾਰੀ
ਇੱਕ ਪਾਸੇ ਨਵੀਆਂ ਗੱਡੀਆਂ ਦੀ ਵਿਕਰੀ ਵਿੱਚ ਗਰੋਥ ਜਾਰੀ ਹੈ, ਜਦਕਿ ਦੂਜੇ ਪਾਸੇ ਪੁਰਾਣੀਆਂ ਪੈਟਰੋਲ ਗੱਡੀਆਂ ਨੂੰ ਲੈ ਕੇ ਲੋਕ ਹੋਰ ਜਾਣਕਾਰੀ ਲੈ ਰਹੇ ਹਨ ਅਤੇ ਕੁਝ ਗਾਹਕ ਡੀਜ਼ਲ ਵਾਹਨਾਂ ਵੱਲ ਵੀ ਰੁਝਾਨ ਦਿਖਾ ਰਹੇ ਹਨ। ਇਸ ਤਰ੍ਹਾਂ E20 ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਭਾਵ ਵਿਕਰੀ ਵਿੱਚ ਭਾਰੀ ਗਿਰਾਵਟ ਦੀ ਬਜਾਏ ਗਾਹਕਾਂ ਦੇ ਮਨ ਵਿੱਚ ਪੈਦਾ ਹੋਈ ਕਨਫਿਊਜ਼ਨ, ਪੁਰਾਣੀਆਂ ਪੈਟਰੋਲ ਗੱਡੀਆਂ ਦੀ ਖਰੀਦੋ-ਫਰੋਖਤ ਨੂੰ ਲੈ ਕੇ ਹਿਚਕਚਾਹਟ ਅਤੇ ਡੀਜ਼ਲ ਕਾਰਾਂ ਦੀ ਵਧੀ ਹੋਈ ਇਨਕੁਆਰੀ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਕਾਰ ਬਜ਼ਾਰ ਦੇ ਡੀਲਰ ਜਸਵਿੰਦਰ ਸਿੰਘ ਲਾਲੀ, "ਜੋ ਪਿਛਲੇ 11 ਸਾਲਾਂ ਤੋਂ ਕਾਰਾਂ ਦੀ ਸੇਲ ਐਂਡ ਪਰਚੇਜ਼ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ, ਨੇ ਦੱਸਿਆ ਕਿ E20 ਲਾਗੂ ਹੋਣ ਤੋਂ ਬਾਅਦ ਓਵਰਆਲ ਗੱਡੀਆਂ ਦੀ ਵਿਕਰੀ ਵਿੱਚ ਵਾਧਾ ਹੀ ਹੋਇਆ ਹੈ। ਉਨ੍ਹਾਂ ਮੁਤਾਬਕ ਜੁਲਾਈ 2025 ਤੋਂ ਹੁਣ ਤੱਕ ਨਵੀਆਂ ਗੱਡੀਆਂ ਦੀ ਵਿਕਰੀ ਵਿੱਚ ਕਰੀਬ 33 ਫੀਸਦੀ ਗਰੋਥ ਦੇਖਣ ਨੂੰ ਮਿਲੀ ਹੈ।"

ਨਵੀਆਂ ਗੱਡੀਆਂ ਦੀ ਵਿਕਰੀ ਵਧੀ, ਵਰਤੋਂ ਹੋ ਰਹੀਆਂ ਕਾਰਾਂ ’ਤੇ ਵੀ ਅਸਰ
ਜਦੋਂ ਨਵੀਆਂ ਗੱਡੀਆਂ ਦੀ ਵਿਕਰੀ ਵਧਦੀ ਹੈ, ਤਾਂ ਇਸ ਦਾ ਸਿੱਧਾ ਅਸਰ ਯੂਜ਼ਡ ਕਾਰ ਮਾਰਕੀਟ ’ਤੇ ਵੀ ਪੈਂਦਾ ਹੈ। ਨਵੀਂ ਗੱਡੀ ਖਰੀਦਣ ਸਮੇਂ ਲੋਕ ਆਪਣੀ ਪੁਰਾਣੀ ਗੱਡੀ ਵੇਚਦੇ ਹਨ, ਜਿਸ ਕਾਰਨ ਸੈਕੰਡ-ਹੈਂਡ ਕਾਰਾਂ ਦਾ ਕਾਰੋਬਾਰ ਵੀ ਨਵੀਆਂ ਗੱਡੀਆਂ ਦੀ ਵਿਕਰੀ ਨਾਲ ਜੁੜਿਆ ਹੋਇਆ ਹੈ। ਯੂਜ਼ਡ ਕਾਰਾਂ ਦੀ ਵਿਕਰੀ ਦਾ ਕੋਈ ਐਗਜ਼ੈਕਟ ਸਰਕਾਰੀ ਡਾਟਾ ਉਪਲਬਧ ਨਹੀਂ ਹੈ, ਪਰ ਗਰਾਊਂਡ ਲੈਵਲ ’ਤੇ ਪੁਰਾਣੀਆਂ ਗੱਡੀਆਂ ਦੀ ਖਰੀਦੋ-ਫਰੋਖਤ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ, E20 ਨੂੰ ਲੈ ਕੇ ਪੁਰਾਣੀ ਪੈਟਰੋਲ ਕਾਰ ਵੇਚਣ ਵਾਲੇ ਲੋਕ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੋਚ-ਵਿਚਾਰ ਕਰ ਰਹੇ ਹਨ।
- ਜਸਵਿੰਦਰ ਸਿੰਘ ਲਾਲੀ, ਡੀਲਰ, ਕਾਰ ਬਜ਼ਾਰ
ਪੈਟਰੋਲ ਦੀ ਥਾਂ ਡੀਜ਼ਲ ਦੀ ਇੰਨਕੁਆਰੀ ਵਧੀ
ਡੀਲਰ ਨੇ ਦੱਸਿਆ ਕਿ, "E20 ਤੋਂ ਬਾਅਦ ਲੋਕ ਕਾਰ ਖਰੀਦਣ ਸਮੇਂ ਇਹ ਸਵਾਲ ਜ਼ਰੂਰ ਪੁੱਛ ਰਹੇ ਹਨ ਕਿ ਪੈਟਰੋਲ ਗੱਡੀ ਲਈਏ ਜਾਂ ਡੀਜ਼ਲ? ਉਨ੍ਹਾਂ ਮੁਤਾਬਕ ਡੀਜ਼ਲ ਗੱਡੀਆਂ ਨੂੰ ਲੈ ਕੇ ਇੰਨਕੁਆਰੀ ਵਿੱਚ ਵਾਧਾ ਹੋਇਆ ਹੈ, ਪਰ ਇਸ ਦੇ ਪਿੱਛੇ ਸੋਸ਼ਲ ਮੀਡੀਆ ਦਾ ਵੀ ਵੱਡਾ ਪ੍ਰਭਾਵ ਹੈ। ਸੋਸ਼ਲ ਮੀਡੀਆ ’ਤੇ ਬਿਨਾਂ ਪੂਰੀ ਜਾਣਕਾਰੀ ਦੇ ਪੈਟਰੋਲ ਅਤੇ ਡੀਜ਼ਲ ਗੱਡੀਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਕਨਫਿਊਜ਼ਨ ਪੈਦਾ ਹੋ ਰਿਹਾ ਹੈ।"
E20 ਨੂੰ ਲੈ ਕੇ ਲੋਕਾਂ ਵਿੱਚ ਪੈਦਾ ਹੋਏ ਪੈਨਿਕ ਲਈ ਸਰਕਾਰਾਂ ਦੀ ਅਣਗਹਿਲੀ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। 2021 ਤੋਂ ਹੀ ਨਵੀਆਂ ਗੱਡੀਆਂ ਵਿੱਚ E20 ਫਿਊਲ ਨੂੰ ਧਿਆਨ ਵਿੱਚ ਰੱਖ ਕੇ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਕਈ ਨਵੀਆਂ ਗੱਡੀਆਂ ਦੇ ਫਿਊਲ ਟੈਂਕ ’ਤੇ ਵੀ E20 ਨਾਲ ਸਬੰਧਤ ਸਿਫਾਰਸ਼ਾਂ ਦਰਜ ਹਨ। ਇਸ ਲਈ ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ ਜਾਗਰੂਕ ਕਰਨ ਦੀ ਲੋੜ ਹੈ।- ਜਸਵਿੰਦਰ ਸਿੰਘ ਲਾਲੀ, ਡੀਲਰ, ਕਾਰ ਬਜ਼ਾਰ
ਮਾਰੂਤੀ ਦੀ ਵਿਕਰੀ ਵਿੱਚ 42% ਗਰੋਥ ਦਾ ਦਾਅਵਾ
ਡੀਲਰ ਮੁਤਾਬਕ, ਪੈਟਰੋਲ ਕਾਰਾਂ ਦੀ ਮੰਗ ਵਿੱਚ ਕਮੀ ਨਹੀਂ ਆਈ। ਉਨ੍ਹਾਂ ਮਾਰੂਤੀ ਦੀ ਵਿਕਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ, "ਪਿਛਲੇ ਸਾਲ ਦੇ ਮੁਕਾਬਲੇ ਕਰੀਬ 42 ਫੀਸਦੀ ਗਰੋਥ ਦੇਖਣ ਨੂੰ ਮਿਲੀ ਹੈ ਅਤੇ ਮਹੀਨੇਵਾਰ ਅੰਕੜਿਆਂ ਵਿੱਚ ਵੀ ਲਗਭਗ 33 ਫੀਸਦੀ ਵਾਧਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਵੱਖ-ਵੱਖ ਕੰਪਨੀਆਂ ਦੀ ਵਿਕਰੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮਾਰੂਤੀ (Maruti), ਟਾਟਾ ਅਤੇ ਮਹਿੰਦਰਾ ਡੀਜ਼ਲ ਸੈਗਮੈਂਟ ਵਿੱਚ ਵੀ ਗੱਡੀਆਂ ਦੇ ਰਹੀਆਂ ਹਨ, ਜਦਕਿ ਹੁੰਡਈ (Hyundai) ਪੈਟਰੋਲ ਅਤੇ ਡੀਜ਼ਲ ਦੋਵਾਂ ਵਿੱਚ ਮੌਜੂਦ ਹੈ। ਟੋਯੋਟਾ ਅਤੇ MG ਦਾ ਫੋਕਸ ਪੈਟਰੋਲ ਵਾਹਨਾਂ ਵੱਲ ਹੈ। ਉਨ੍ਹਾਂ ਨਿਸਾਨ ਦੀ ਵਿਕਰੀ ਵਿੱਚ ਵੀ ਵੱਡੇ ਵਾਧੇ ਦਾ ਦਾਅਵਾ ਕੀਤਾ।
ਉਨ੍ਹਾਂ ਮੁਤਾਬਕ, "ਪਿਛਲੇ ਸਾਲ ਨਿਸਾਨ (Nissan) ਦੀਆਂ 1,420 ਗੱਡੀਆਂ ਵਿਕੀਆਂ ਸਨ, ਜਦਕਿ ਇਸ ਸਾਲ ਇਹ ਅੰਕੜਾ 4,518 ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਰੇਨੋ ਦੀ ਵਿਕਰੀ ਪਿਛਲੇ ਸਾਲ 2,575 ਦੇ ਮੁਕਾਬਲੇ ਇਸ ਸਾਲ 3,293 ਰਹੀ। ਹਾਲਾਂਕਿ, ਵੋਲਕਸਵੈਗਨ (volkswagen) ਦੀ ਵਿਕਰੀ ਵਿੱਚ ਕਮੀ ਦੇਖਣ ਨੂੰ ਮਿਲੀ।"

‘ਪੁਰਾਣੀ ਗੱਡੀ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ’
ਜਸਵਿੰਦਰ ਸਿੰਘ ਲਾਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ, "ਪੁਰਾਣੀ ਪੈਟਰੋਲ ਗੱਡੀ ਨੂੰ ਲੈ ਕੇ ਬੇਵਜ੍ਹਾ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ, ਗੱਡੀ ਦੀ ਸਮੇਂ ਸਿਰ ਸਰਵਿਸ ਅਤੇ ਸਹੀ ਮੇਨਟੇਨੈਂਸ ਕਰਵਾਉਣਾ ਜ਼ਰੂਰੀ ਹੈ।"
ਉਨ੍ਹਾਂ ਦੱਸਿਆ ਕਿ, ਲੋਕ ਪੈਟਰੋਲ ਪੰਪ ’ਤੇ ਵੀ ਹੁਣ E20, ਨਾਰਮਲ ਪੈਟਰੋਲ ਅਤੇ ਪਾਵਰ ਪੈਟਰੋਲ ਨੂੰ ਲੈ ਕੇ ਸਵਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਖ-ਵੱਖ ਫਿਊਲ ਦੀ ਗੁਣਵੱਤਾ ਅਤੇ ਆਪਣੀ ਗੱਡੀ ਦੇ ਮੈਨੂਫੈਕਚਰਰ ਦੀ ਸਿਫਾਰਸ਼ ਬਾਰੇ ਸਹੀ ਜਾਣਕਾਰੀ ਲੈਣੀ ਚਾਹੀਦੀ ਹੈ।
‘ਪੈਟਰੋਲ ਦੀਆਂ ਕੀਮਤਾਂ ਘਟਣਗੀਆਂ, ਤਾਂ ਲੋਕਾਂ ਨੂੰ ਮਿਲੇ ਰਾਹਤ’
ਡੀਲਰ ਨੇ ਸਰਕਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਕੁਝ ਰਾਹਤ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਆਪਣੀ ਮਿਹਨਤ ਦੀ ਕਮਾਈ ਨਾਲ ਗੱਡੀ ਖਰੀਦਦਾ ਹੈ ਅਤੇ ਜੇਕਰ ਫਿਊਲ ਦੀ ਕੀਮਤ ਕਾਰਨ ਉਸ ਦੀ ਜੇਬ ’ਤੇ ਵਾਧੂ ਬੋਝ ਪੈਂਦਾ ਹੈ, ਤਾਂ ਇਸ ਦਾ ਸਿੱਧਾ ਅਸਰ ਪਰਿਵਾਰ ਦੇ ਬਜਟ ’ਤੇ ਪੈਂਦਾ ਹੈ।
ਉਨ੍ਹਾਂ ਕਿਹਾ ਕਿ, E20 ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਅਤੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਅਧੂਰੀ ਜਾਣਕਾਰੀ ਕਾਰਨ ਪੁਰਾਣੀਆਂ ਪੈਟਰੋਲ ਗੱਡੀਆਂ ਦੀ ਖਰੀਦੋ-ਫਰੋਖਤ ਵਿੱਚ ਕੁਝ ਹੱਦ ਤੱਕ ਹਿਚਕਚਾਹਟ ਜ਼ਰੂਰ ਆਈ ਹੈ, ਪਰ ਓਵਰਆਲ ਕਾਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਨਹੀਂ ਮਿਲੀ।

ਡੀਲਰ ਨੇ ਆਖਰ ਵਿੱਚ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਮਿਲ ਰਹੀ ਹਰ ਜਾਣਕਾਰੀ ’ਤੇ ਭਰੋਸਾ ਕਰਨ ਦੀ ਬਜਾਏ ਆਪਣੀ ਗੱਡੀ ਦੇ ਮਾਡਲ, ਉਮਰ ਅਤੇ ਮੈਨੂਫੈਕਚਰਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਲੈਣਾ ਚਾਹੀਦਾ ਹੈ।
ਬਠਿੰਡਾ ਦੀ ਕਾਰ ਮਾਰਕੀਟ ਉੱਤੇ ਅਸਰ?
ਜੇਕਰ ਬਠਿੰਡਾ ਕਾਰ ਬਜ਼ਾਰ ਦੀ ਗੱਲ ਕੀਤੀ ਜਾਵੇ, ਤਾਂ ਕਾਰ ਡੀਲਰ ਆਸ਼ੀਸ਼ ਸ਼ਰਮਾ ਅਤੇ ਲੱਕੀ ਸਿੰਗਲਾ ਦਾ ਕਹਿਣਾ ਹੈ ਕਿ, "ਈ 20 ਪੈਟਰੋਲ ਕਾਰਨ ਪੈਟਰੋਲ ਦੀਆਂ ਪੁਰਾਣੀਆਂ ਗੱਡੀਆਂ ਖਰੀਦਣ ਵਿੱਚ ਖਰੀਦਦਾਰਾਂ ਵੱਲੋਂ ਰੁਚੀ ਭਾਵੇਂ ਘੱਟ ਕੀਤੀ ਗਈ ਹੈ, ਪਰ ਉਸ ਦੀ ਜਗ੍ਹਾ ਡੀਜ਼ਲ ਨੇ ਲੈ ਲਈ ਹੈ। ਜੇਕਰ ਮਹੀਨੇ ਵਿੱਚ 50 ਪੁਰਾਣੀਆਂ ਗੱਡੀਆਂ ਸੇਲ ਹੁੰਦੀਆਂ ਹਨ, ਤਾਂ ਉਸ ਵਿੱਚੋਂ 40 ਗੱਡੀਆਂ ਡੀਜ਼ਲ ਦੀਆਂ ਹੁੰਦੀਆਂ ਹਨ। 7 ਤੋਂ 8 ਗੱਡੀਆਂ ਪੈਟਰੋਲ ਅਤੇ 2 ਜਾਂ 3 ਕਾਰਾਂ ਸੀਐਨਜੀ ਦੀਆਂ ਸੇਲ ਹੁੰਦੀਆਂ ਹਨ।"
ਡੀਜ਼ਲ ਕਾਰਾਂ ਦੀ ਡਿਮਾਂਡ ਵੱਧ
ਪੁਰਾਣੀਆਂ ਕਾਰਾਂ ਦੇ ਡੀਲਰਾਂ ਆਸ਼ੀਸ਼ ਸ਼ਰਮਾ ਅਤੇ ਲੱਕੀ ਸਿੰਗਲਾ ਨੇ ਕਿਹਾ ਕਿ, "ਪੁਰਾਣੀਆਂ ਕਾਰਾਂ ਦਾ ਕਾਰੋਬਾਰ ਦਿੱਲੀ -ਹਰਿਆਣਾ-ਗੁੜਗਾਉਂ ਨਾਲ ਜੁੜਿਆ ਹੋਇਆ ਹੈ। ਜਿਸ ਕਾਰਨ ਲੋਕਾਂ ਵੱਲੋਂ ਭਾਵੇਂ ਵੱਡੀ ਪੱਧਰ 'ਤੇ ਇਨ੍ਹਾਂ ਸੂਬਿਆਂ ਵਿੱਚ E20 ਪੈਟਰੋਲ ਦੀਆਂ ਗੱਡੀਆਂ ਸੇਲ ਕੀਤੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਗੱਡੀਆਂ ਨੂੰ ਖਰੀਦਦਾਰ ਬਹੁਤ ਘੱਟ ਮਿਲ ਰਹੇ ਹਨ।"
ਉਨ੍ਹਾਂ ਕਿਹਾ ਕਿ, "ਮਾਰਕੀਟ ਵਿੱਚ ਹੁਣ ਡੀਜ਼ਲ ਕਾਰਾਂ ਦੀ ਡਿਮਾਂਡ ਸਭ ਤੋਂ ਵੱਧ ਕੀਤੀ ਜਾ ਰਹੀ ਹੈ। ਪੈਟਰੋਲ ਗੱਡੀ ਸਿਰਫ ਉਸ ਵਿਅਕਤੀ ਵੱਲੋਂ ਖਰੀਦ ਕੀਤੀ ਜਾਂਦੀ ਹੈ ਜਿਸ ਦੀ ਚਲਾਉਣੀ ਬਹੁਤ ਘੱਟ ਹੈ ਅਤੇ ਉਹ ਮਹੀਨੇ ਵਿੱਚ ਮਾਤਰ 200 ਤੋਂ 300 ਕਿਲੋਮੀਟਰ ਸਫਰ ਕਰਦਾ ਹੈ।"

ਪੈਟਰੋਲ ਵਾਲੀਆਂ ਕਾਰਾਂ ਦੀ ਸੇਲ ਘਟੀ
ਜਿਆਦਾਤਰ ਗਾਹਕ ਡੀਜ਼ਲ ਗੱਡੀਆਂ ਨੂੰ ਖਰੀਦਣਾ ਪਸੰਦ ਕਰ ਰਹੇ ਹਨ। ਪੈਟਰੋਲ ਗੱਡੀਆਂ ਵਿੱਚ ਸਿਰਫ ਛੋਟੀਆਂ ਗੱਡੀਆਂ ਹੀ ਸੇਲ ਹੋ ਰਹੀਆਂ ਹਨ। ਵੱਡੀਆਂ ਕਾਰਾਂ ਵਿੱਚ ਡੀਜ਼ਲ ਦੀ ਮੰਗ ਵਧੀ ਹੈ। ਈ20 ਪੈਟਰੋਲ ਸਬੰਧੀ ਲੋਕਾਂ ਵਿੱਚ ਅਜੇ ਵੀ ਬਹੁਤੀ ਜਾਗਰੂਕਤਾ ਨਹੀਂ ਆਈ। ਵੀਡੀਓ ਲਗਾਤਾਰ ਵਾਇਰਲ ਹੋਣ ਕਾਰਨ ਖਰੀਦਦਾਰਾਂ ਦੇ ਮਨਾਂ ਵਿੱਚ ਕਿਤੇ ਨਾ ਕਿਤੇ ਇਹ ਸਵਾਲ ਉੱਠਦਾ ਹੈ ਕਿ ਈ20 ਪੈਟਰੋਲ ਕਾਰਨ ਗੱਡੀਆਂ ਜਲਦੀ ਖਰਾਬ ਹੋ ਰਹੀਆਂ ਹਨ। ਇਸ ਕਾਰਨ ਲੋਕ ਹੁਣ ਪੈਟਰੋਲ ਦੀ ਥਾਂ ਡੀਜ਼ਲ ਗੱਡੀਆਂ ਖਰੀਦਣ ਵਿੱਚ ਦਿਲਚਸਪੀ ਦਿਖਾ ਰਹੇ ਹਨ।
ਪੈਟਰੋਲ ਦੀ ਥਾਂ ਹੁਣ ਲੋਕਾਂ ਵੱਲੋਂ ਡੀਜ਼ਲ ਗੱਡੀਆਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿੱਥੇ ਪੈਟਰੋਲ ਦੀਆਂ ਕਾਰਾਂ ਮਹੀਨੇ ਵਿੱਚ 5-7 ਵਿਕਣੀਆਂ ਸੀ, ਉਹ 2-3 ਰਹਿ ਗਈਆਂ ਹਨ। ਹੁਣ ਲੋਕ ਡੀਜ਼ਲ ਵਾਲੀਆਂ ਗੱਡੀਆਂ ਖਰੀਦ ਰਹੇ ਹਨ, ਪਰ ਪੈਟਰੋਲ ਵਾਲੀਆਂ ਗੱਡੀਆਂ ਦਾ ਸਟਾਕ ਇਸੇ ਤਰ੍ਹਾਂ ਖੜਾ ਹੈ। ਸੀਐਨਜੀ ਸਬੰਧਤ ਕਾਰ ਖਰੀਦਣ ਵਾਲੇ ਗਾਹਕ ਹੁਣ ਬਹੁਤ ਹੀ ਘੱਟ ਹਨ।- ਲੱਕੀ ਸਿੰਗਲਾ, ਪੁਰਾਣੀਆਂ ਕਾਰਾਂ ਦੇ ਡੀਲਰ
CNG ਗੱਡੀਆਂ ਦੀ ਮੰਗ ਵੀ ਘਟੀ
ਪੰਜਾਬ ਵਿੱਚ ਸੀਐਨਜੀ ਗੱਡੀਆਂ ਦੀ ਪਿਛਲੇ 2 ਸਾਲਾਂ ਵਿੱਚ ਡਿਮਾਂਡ ਘਟੀ ਹੈ, ਕਿਉਂਕਿ ਸੀਐਨਜੀ ਦੀਆਂ ਕੀਮਤਾਂ ਵਧਣ ਤੋਂ ਬਾਅਦ ਲੋਕਾਂ ਵੱਲੋਂ ਸੀਐਨਜੀ ਗੱਡੀਆਂ ਖਰੀਦਣ ਤੋਂ ਗੁਰੇਜ਼ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪੰਜਾਬ ਵਿੱਚ ਜ਼ਿਆਦਾਤਰ ਸੀਐਨਜੀ ਉੱਤੇ ਚੱਲਣ ਵਾਲੇ ਵਾਹਨ ਕਮਰਸ਼ੀਅਲ ਵਾਹਨ ਹਨ।
ਇਸ ਦੇ ਨਾਲ ਹੀ, ਪੰਜਾਬ ਵਿੱਚ ਈਵੀ ਵਾਹਨਾਂ ਦੀ ਪਿਛਲੇ ਦੋ ਸਾਲਾਂ ਵਿੱਚ ਡਿਮਾਂਡ ਵਧੀ ਹੈ। ਜੁਲਾਈ 2026 ਦੇ ਡਾਟਾ ਮੁਤਾਬਕ, ਭਾਰਤ ਵਿੱਚ ਵਾਹਨਾਂ ਦੀ ਮਾਰਕੀਟ ਸ਼ੇਅਰ ਦੀ ਗੱਲ ਕੀਤੀ ਜਾਵੇ, ਤਾਂ ਪੈਟਰੋਲ ਵਾਹਨ 41.68 ਰਹੇ ਹਨ, ਜੋ ਕਿ ਇੱਕ ਸਾਲ ਪਹਿਲਾਂ ਪੈਟਰੋਲ ਵਾਹਨ ਦੀ ਹਿੱਸੇਦਾਰੀ 47.6 ਸੀ।
ਸੋ, ਕੁੱਲ ਮਿਲਾ ਕਿ ਇਹ ਕਿਹਾ ਜਾ ਸਕਦਾ ਹੈ, ਕਿ ਈ20 ਪੈਟਰੋਲ ਕਰਕੇ ਪੁਰਾਣੀਆਂ ਕਾਰਾਂ ਦੀ ਮਾਰਕੀਟ ਉੱਤੇ ਕਈ ਥਾਂ ਮੰਦੀ ਛਾਈ ਹੈ, ਜਦਕਿ ਕਈ ਥਾਂ ਕੋਈ ਖਾਸ ਅਸਰ ਹੁੰਦਾ ਨਹੀਂ ਦਿਖਾਈ ਦਿੱਤਾ ਹੈ। ਲੋਕਾਂ ਨੂੰ ਈ20 ਪੈਟਰੋਲ ਬਾਰੇ ਜਾਗਰੂਕਤਾ ਹੋਣੀ ਜ਼ਰੂਰੀ ਹੈ, ਅਜਿਹਾ ਹੀ ਕਾਰ ਡੀਲਰਾਂ ਦਾ ਮੰਨਣਾ ਹੈ।

