'ਚਾਰ ਮਹੀਨੇ ਤੱਕ ਡੀਲ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਮੋਦੀ', ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਬੋਲੇ ਰਾਹੁਲ ਗਾਂਧੀ
ਭਾਰਤ-ਅਮਰੀਕਾ ਵਪਾਰ ਸਮਝੌਤੇ ਵਿੱਚ ਨਰੇਂਦਰ ਮੋਦੀ ਨੇ ਵਿਦੇਸ਼ੀ ਖੇਤੀਬਾੜੀ ਖੇਤਰ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜਿਸ ਨਾਲ ਦੇਸ਼ ਦਾ ਕਿਸਾਨ ਬਰਬਾਦ ਹੋਵੇਗਾ।


Published : February 28, 2026 at 4:23 PM IST
ਬਰਨਾਲਾ: ਕਾਂਗਰਸ ਵੱਲੋਂ ਅੱਜ ਯਾਨੀ ਸ਼ਨੀਵਾਰ ਨੂੰ ਬਰਨਾਲਾ 'ਚ ਮਹਾਂ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਰਾਹੁਲ ਗਾਂਧੀ ਸਣੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਹੋਰ ਲੀਡਰਸ਼ਿਪ ਪਹੁੰਚੀ ਹੋਈ ਸੀ। ਇਸ ਦੌਰਾਨ ਕਾਂਗਰਸੀ ਲੀਡਰ ਵਿਰੋਧੀਆਂ 'ਤੇ ਹਮਲਾਵਰ ਦਿਖਾਈ ਦਿੱਤੇ ਹਨ। ਉੱਥੇ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਾਜਪਾ ਸਣੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਵੀ ਹਮਲਾਵਰ ਦਿਖਾਈ ਦਿੱਤੇ ਅਤੇ ਤਿੱਖੇ ਨਿਸ਼ਾਨੇ ਸਾਧੇ। ਇਸ ਦੇ ਨਾਲ ਹੀ ਰਾਹੁਲ ਗਾਂਧੀ ਵੱਲੋਂ ਭਾਰਤ ਅਮਰੀਕਾ ਵਾਪਰ ਸਮਝੌਤੇ ਨੂੰ ਲੈਕੇ ਵੀ ਕਈ ਸਵਾਲ ਖੜੇ ਕੀਤੇ ਗਏ ਹਨ।
‘ਮੋਦੀ ਨਹੀਂ ਕਰਨਾ ਚਾਹੁੰਦੇ ਸੀ ਡੀਲ’
ਰਾਹੁਲ ਗਾਧੀ ਨੇ ਕਿਹਾ ਕਿ "ਪ੍ਰਧਾਨ ਮੰਤਰੀ ਮੋਦੀ ਅਜਿਹਾ ਕਰਨ ਲਈ ਤਿਆਰ ਨਹੀਂ ਸਨ, ਇਸ ਲਈ ਇਹ ਡੀਲ ਚਾਰ ਮਹੀਨਿਆਂ ਤੱਕ ਨਹੀਂ ਹੋਈ। ਅਮਰੀਕਾ ਖੇਤੀਬਾੜੀ ਖੇਤਰ ਵਿੱਚ ਪ੍ਰਵੇਸ਼ ਚਾਹੁੰਦਾ ਸੀ ਅਤੇ ਭਾਰਤ ਇਸ ਤੋਂ ਇਨਕਾਰ ਕਰ ਰਿਹਾ ਸੀ। ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦਾ ਹੋਵੇ ਜਾਂ ਭਾਜਪਾ ਦਾ ਕੋਈ ਵੀ ਇਹ ਡੀਲ ਨਹੀਂ ਕਰਨਾ ਚਾਹੁੰਦਾ ਸੀ। ਹੁਣ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਉਹ ਕੰਮ 15 ਮਿੰਟਾਂ ਵਿੱਚ ਕਿਉਂ ਕੀਤਾ ਜੋ ਉਹ ਚਾਰ ਮਹੀਨਿਆਂ ਤੋਂ ਟਾਲ ਰਹੇ ਸਨ ?"
ਵਿਦੇਸ਼ੀ ਖੇਤੀਬਾੜੀ ਖੇਤਰ ਲਈ ਦਰਵਾਜ਼ੇ ਖੋਲ੍ਹੇ
ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ "ਸਾਡੇ ਕਿਸਾਨ ਮਸ਼ੀਨੀਕਰਨ ਵਾਲੇ ਨਹੀਂ ਹਨ, ਉਨ੍ਹਾਂ ਕੋਲ ਛੋਟੇ ਖੇਤ ਹਨ। ਕੁਝ ਕਿਸਾਨਾਂ ਕੋਲ 5 ਏਕੜ ਜਾਂ ਕੁਝ ਕੋਲ 2 ਏਕੜ ਜ਼ਮੀਨ ਹੈ। ਅਮਰੀਕਾ ਦੇ ਕਿਸਾਨਾਂ ਕੋਲ 500, 1000 ਅਤੇ ਇੱਥੋਂ ਤੱਕ ਕਿ 5000 ਏਕੜ ਖੇਤੀਯੋਗ ਜ਼ਮੀਨ ਹੈ। ਉਹ ਪੂਰੀ ਤਰ੍ਹਾਂ ਮਸ਼ੀਨੀਕਰਨ ਵਾਲੇ ਹਨ। ਨਰੇਂਦਰ ਮੋਦੀ ਨੇ ਅਮਰੀਕਾ ਖੇਤੀਬਾੜੀ ਖੇਤਰ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਹਿਮਾਚਲ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ੍ਹ ਅਤੇ ਉੜੀਸਾ ਦੇ ਕਿਸਾਨ ਸਾਰੇ ਬਰਬਾਦ ਹੋ ਜਾਣਗੇ। ਇਸ ਦੇ 2 ਕਾਰਨ ਹਨ।"
- ਅਮਰੀਕਾ ਵਿੱਚ 35 ਲੱਖ ਐਪਸਟਾਈਨ ਫਾਈਲਾਂ ਜਾਰੀ ਹੋ ਚੁੱਕੀਆਂ ਹਨ। ਇਸ 'ਚ ਅਨਿਲ ਅੰਬਾਨੀ ਅਤੇ ਹਰਦੀਪ ਪੁਰੀ ਦੇ ਨਾਮ ਉਨ੍ਹਾਂ ਵਿੱਚ ਆਏ ਹਨ। ਇਹ ਨਾਮ ਪ੍ਰਧਾਨ ਮੰਤਰੀ ਨੂੰ ਡਰਾਉਣ ਲਈ ਰੱਖੇ ਗਏ ਹਨ। 35 ਲੱਖ ਹੋਰ ਫਾਈਲਾਂ ਹਨ, ਜਿਸ 'ਚ ਨਰੇਂਦਰ ਮੋਦੀ ਦੀ ਸੱਚਾਈ ਲੁੱਕੀ ਹੋਈ ਹੈ। ਅਮਰੀਕਾ ਅਤੇ ਡੋਨਾਲਡ ਟਰੰਪ ਮੋਦੀ ਜੀ ਨੂੰ ਧਮਕਾ ਰਹੇ ਹਨ ਕਿ ਉਹ ਇਨ੍ਹਾਂ ਫਾਈਲਾਂ ਨੂੰ ਜਾਰੀ ਕਰ ਦੇਣਗੇ।
- ਭਾਜਪਾ ਨੇ ਪਿਛਲੇ 10 ਤੋਂ 15 ਸਾਲਾਂ ਵਿੱਚ ਜੋ ਪੈਸੇ ਕਮਾਏ ਉਹ ਸਾਰੇ ਅਡਾਨੀ ਕੰਪਨੀ ਵਿੱਚ ਲਗਾ ਦਿੱਤੇ ਹਨ। ਅਡਾਨੀ ਭਾਜਪਾ ਦਾ ਵਿਸ਼ੇਸ਼ ਪੈਸੇ ਲੈ ਕੇ ਜਾਣ ਵਾਲਾ ਵਾਹਨ ਹੈ, ਇਹ ਸਾਰੇ ਪਾਸੇ ਅਡਾਨੀ ਨੂੰ ਦੇ ਦਿੰਦੇ ਹਨ। ਜੋ ਵੀ ਪੈਸਾ ਹੁੰਦਾ ਹੈ ਉਹ ਸਾਰਾ ਅਡਾਨੀ ਕੋਲ ਜਾਂਦਾ ਹੈ, ਜਿਸ ਨੂੰ ਫਿਰ ਰਾਜਨੀਤਿਕ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ। ਹਜ਼ਾਰਾਂ ਸ਼ੈੱਲ ਕੰਪਨੀਆਂ ਹਨ। ਅਮਰੀਕਾ ਨੇ ਅਡਾਨੀ ਵਿਰੁੱਧ ਅਪਰਾਧਿਕ ਦੋਸ਼ ਦਾਇਰ ਕੀਤੇ ਹਨ। ਇੱਕ ਹੱਥ ਐਪਸਟਾਈਨ ਅਤੇ ਦੂਜੇ ਹੱਥ ਅਡਾਨੀ ਦਾ ਕੇਸ ਹੈ ਅਤੇ ਵਿਚਾਲੇ ਨਰੇਂਦਰ ਮੋਦੀ ਫਸੇ ਹੋਏ ਹਨ।
ਇਸ ਦੇ ਨਾਲ ਹੀ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਵਪਾਰ ਸੌਦੇ ਵਿੱਚ ਚਾਰ ਗੱਲਾਂ ਸਾਹਮਣੇ ਆਈਆਂ ਹਨ।
- ਪਹਿਲਾਂ ਅਮਰੀਕਾ ਤੋਂ ਖੇਤੀਬਾੜੀ ਉਤਪਾਦ ਆਉਣਗੇ। ਜਦੋਂ ਬਦਾਮ, ਅਖਰੋਟ, ਕਪਾਹ ਅਤੇ ਸੋਇਆਬੀਨ ਅਮਰੀਕਾ ਤੋਂ ਆਉਣਗੇ, ਤਾਂ ਤੂਫਾਨ ਆਵੇਗਾ।
- ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦਾ ਡੇਟਾ ਅਮਰੀਕਾ ਨੂੰ ਦੇ ਦਿੱਤਾ ਹੈ।
- ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਗਰੰਟੀ ਦਿੱਤੀ ਹੈ ਕਿ ਭਾਰਤ ਹਰ ਸਾਲ 9 ਲੱਖ ਕਰੋੜ ਰੁਪਏ ਦੇ ਅਮਰੀਕੀ ਉਤਪਾਦ ਖਰੀਦੇਗਾ।
- ਨਰੇਂਦਰ ਮੋਦੀ ਨੇ ਅਮਰੀਕਾ ਨੂੰ ਕਿਹਾ ਹੈ ਕਿ ਤੁਸੀਂ ਜਿੱਥੋਂ ਕਹੋਗੇ, ਉਥੋਂ ਹੀ ਅਸੀਂ ਤੇਲ ਖਰੀਦਾਂਗੇ। ਨਾ ਹੀ ਰੂਸ ਤੋਂ ਖਰੀਦਾਂਗੇ ਤੇ ਨਾ ਹੀ ਈਰਾਨ ਤੋਂ ਖਰੀਦ ਕਰਾਂਗੇ, ਜਿੱਥੋਂ ਅਮਰੀਕਾ ਕਹੇਗਾ ਉਥੋਂ ਹੀ ਖਰੀਦਾਂਗੇ। ਅਮਰੀਕਾ ਤੋਂ ਕਹੋਗੇ ਤਾਂ ਉਥੋਂ ਨਹੀਂ ਸਾਊਦੀ ਅਰਬ ਜਾਂ ਵੈਨੇਜ਼ੁਏਲਾ ਤੋਂ ਕਹੋਗੇ ਤਾਂ ਉਥੋਂ ਖਰੀਦ ਕਰਾਂਗੇ।
ਰਾਹੁਲ ਗਾਂਧੀ ਨੇ ਕਿਹਾ ਕਿ "ਫੌਜ ਮੁਖੀ ਨਰਾਵਣੇ ਨੇ ਲਿਖਿਆ ਕਿ ਚੀਨੀ ਟੈਂਕ ਭਾਰਤ ਆ ਰਹੇ ਸਨ। ਮੈਂ ਰੱਖਿਆ ਮੰਤਰੀ ਨੂੰ ਫ਼ੋਨ ਕੀਤਾ ਅਤੇ ਪੁੱਛਿਆ ਕਿ ਉਨ੍ਹਾਂ ਦੇ ਹੁਕਮ ਕੀ ਹਨ, ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਟੈਂਕ ਰਾਤ 8 ਵਜੇ ਪਹੁੰਚੇ ਤਾਂ ਮੈਂ NSA ਨੂੰ ਫ਼ੋਨ ਕੀਤਾ, ਪਰ ਕੋਈ ਜਵਾਬ ਨਹੀਂ ਆਇਆ। ਮੈਂ ਵਿਦੇਸ਼ ਮੰਤਰੀ ਨੂੰ ਪੁੱਛਿਆ ਪਰ ਕੋਈ ਜਵਾਬ ਨਹੀਂ ਆਇਆ। ਮੈਂ ਰੱਖਿਆ ਮੰਤਰੀ ਨੂੰ ਦੁਬਾਰਾ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਚੀਨੀ ਫੌਜਾਂ ਦੇਸ਼ ਵਿੱਚ ਦਾਖਲ ਹੋ ਰਹੀਆਂ ਹਨ ਅਤੇ ਮੈਂ ਦੋ ਘੰਟੇ ਤੋਂ ਪੁੱਛ ਰਿਹਾ ਹਾਂ, ਪਰ ਕੋਈ ਜਵਾਬ ਨਹੀਂ ਦੇ ਰਿਹਾ ਹੈ। ਪ੍ਰਧਾਨ ਮੰਤਰੀ ਮੇਰਾ ਫ਼ੋਨ ਨਹੀਂ ਚੁੱਕ ਰਹੇ ਹਨ।"
ਗਾਂਧੀ ਨੇ ਕਿਹਾ ਕਿ "ਇਸ ਤੋਂ ਬਾਅਦ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਫ਼ੋਨ ਕੀਤਾ ਹੋਵੇਗਾ, ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਕੀ ਕਰਨਾ ਹੈ। ਨਰਾਵਣੇ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਜੋ ਤੁਹਾਨੂੰ ਠੀਕ ਲੱਗਦਾ ਹੈ ਉਹ ਕੀਤਾ ਜਾਵੇ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਅਤੇ ਉਨ੍ਹਾਂ ਨੂੰ ਛੱਡ ਦਿੱਤਾ। ਨਰਾਵਣੇ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਇਕੱਲੇ ਖੜ੍ਹੇ ਹਨ; ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਹੁਕਮ ਦਿੱਤੇ। ਉਨ੍ਹਾਂ ਨੂੰ ਸੰਸਦ ਵਿੱਚ ਇਹ ਭਾਸ਼ਣ ਦੇਣ ਤੋਂ ਰੋਕਿਆ ਗਿਆ।"

