ETV Bharat / state

ਬੱਚਿਆਂ ਦੀਆਂ ਲੱਗੀਆਂ ਮੌਜ਼ਾਂ: ਪੰਜਾਬ ਵਿੱਚ ਹਾਲੇ ਨਹੀਂ ਖੁੱਲ੍ਹਣਗੇ ਸਕੂਲ, ਛੁੱਟੀਆਂ ਵਿੱਚ ਹੋਰ ਵਾਧਾ

ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਪੰਜਾਬ ਦੇ ਸਕੂਲ ਹੁਣ 14 ਜਨਵਰੀ ਨੂੰ ਆਮ ਵਾਂਗ ਖੁੱਲ੍ਹਣਗੇ।

Punjab School
ਪੰਜਾਬ ਦੇ ਸਕੂਲਾਂ ਵਿੱਚ ਵਧੀਆਂ ਛੁੱਟੀਆਂ (Etv Bharat)
author img

By ETV Bharat Punjabi Team

Published : January 7, 2026 at 1:08 PM IST

2 Min Read
Choose ETV Bharat

ਚੰਡੀਗੜ੍ਹ: ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਠੰਢ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਸੰਘਣੀ ਧੁੰਦ, ਠੰਢੀਆਂ ਲਹਿਰਾਂ ਅਤੇ ਡਿੱਗਦੇ ਤਾਪਮਾਨ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਪੰਜਾਬ ਦੇ ਸਕੂਲ ਹੁਣ 14 ਜਨਵਰੀ ਨੂੰ ਆਮ ਵਾਂਗ ਖੁੱਲ੍ਹਣਗੇ।

Due to cold weather schools in Punjab will now open on January 14
ਕੈਬਨਿਟ ਮੰਤਰੀ ਨੇ ਦਿੱਤੀ ਜਾਣਕਾਰੀ (X @harjotbains)

ਕੈਬਨਿਟ ਮੰਤਰੀ ਨੇ ਦਿੱਤੀ ਜਾਣਕਾਰੀ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਲਿਖਿਆ "ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ, ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲ੍ਹਣਗੇ।"

ਪਹਿਲਾਂ ਵੀ ਕੀਤਾ ਗਿਆ ਸੀ ਵਾਧਾ

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਕੂਲ 2 ਤਰੀਕ ਨੂੰ ਖੱਲ੍ਹਣੇ ਸੀ ਪਰ ਸਰਕਾਰ ਨੇ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਸੀ ਅਤੇ ਉਸ ਸਮੇਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਐਕਸ ਉੱਤੇ ਜਾਣਕਾਰੀ ਦਿੰਦੇ ਲਿਖਿਆ ਸੀ "ਮਾਨਯੋਗ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ, ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।ਹੁਣ ਸੂਬੇ ਦੇ ਸਾਰੇ ਸਕੂਲ 8 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲ੍ਹਣਗੇ।" ਪਰ ਹੁਣ ਫਿਰ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਹੈ।

ਪੰਜਾਬ ਵਿੱਚ ਠੰਢ ਦਾ ਕਹਿਰ

ਪੰਜਾਬ ਵਿੱਚ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਮੌਸਮ ਵਿਭਾਗ ਨੇ ਇਸ ਸਬੰਧ ਵਿੱਚ ਸੰਤਰੀ ਚਿਤਾਵਨੀ ਜਾਰੀ ਕੀਤੀ ਹੈ। ਮੋਹਾਲੀ, ਨਵਾਂਸ਼ਹਿਰ, ਰੂਪਨਗਰ ਅਤੇ ਪਟਿਆਲਾ ਵਿੱਚ ਵੀ ਠੰਡੇ ਦਿਨਾਂ ਦੀਆਂ ਸਥਿਤੀਆਂ ਸੰਭਵ ਹਨ। ਪਿਛਲੇ 24 ਘੰਟਿਆਂ ਵਿੱਚ, ਰਾਜ ਭਰ ਵਿੱਚ ਵੱਧ ਤੋਂ ਵੱਧ ਤਾਪਮਾਨ ਦੋ ਡਿਗਰੀ ਘੱਟ ਗਿਆ ਹੈ, ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ। ਰਾਤ ਦੇ ਤਾਪਮਾਨ ਵਿੱਚ ਵੀ ਇਸੇ ਤਰ੍ਹਾਂ ਦੀ ਗਿਰਾਵਟ ਆ ਰਹੀ ਹੈ।