ਦੁਬਈ- UAE ਦੀਆਂ ਕਈ ਉਡਾਣਾਂ ਰੱਦ, ਇਜ਼ਰਾਈਲ–ਈਰਾਨ ਜੰਗ ਦਾ ਪੰਜਾਬ–ਚੰਡੀਗੜ੍ਹ 'ਤੇ ਅਸਰ
ਅੰਮ੍ਰਿਤਸਰ ਅਤੇ ਚੰਡੀਗੜ੍ਹ ਏਅਰਪੋਰਟ ’ਤੇ ਅਫ਼ਰਾ-ਤਫ਼ਰੀ, ਸੈਂਕੜੇ ਯਾਤਰੀ ਪ੍ਰੇਸ਼ਾਨ, ਮਿਡਲ ਈਸਟ 'ਚ ਹਾਲਾਤ ਵਿਗੜੇ, ਕਈ ਏਅਰਸਪੇਸ ਅਸਥਾਈ ਤੌਰ ’ਤੇ ਬੰਦ।


Published : February 28, 2026 at 9:08 PM IST
|Updated : March 1, 2026 at 7:10 AM IST
ਅੰਮ੍ਰਿਤਸਰ: ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਸਾਂਝੇ ਹਮਲਿਆਂ ਤੋਂ ਬਾਅਦ ਮਿਡਲ ਈਸਟ ਵਿੱਚ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਹਨ। ਇਸ ਜੰਗ ਦਾ ਸਿੱਧਾ ਅਸਰ ਹੁਣ ਭਾਰਤ, ਖ਼ਾਸਕਰ ਪੰਜਾਬ ਅਤੇ ਚੰਡੀਗੜ੍ਹ ਦੇ ਹਵਾਈ ਆਵਾਜਾਈ ਪ੍ਰਣਾਲੀ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਸੁਰੱਖਿਆ ਕਾਰਨਾਂ ਅਤੇ ਏਅਰਸਪੇਸ ਬੰਦ ਹੋਣ ਕਾਰਨ ਸੰਯੁਕਤ ਅਰਬ ਅਮੀਰਾਤ (UAE), ਦੁਬਈ, ਸ਼ਾਰਜਾਹ ਅਤੇ ਹੋਰ ਮਿਡਲ ਈਸਟ ਦੇਸ਼ਾਂ ਲਈ ਜਾਣ ਵਾਲੀਆਂ ਅਤੇ ਉੱਥੋਂ ਆਉਣ ਵਾਲੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਕਈ ਉਡਾਣਾਂ ਰੱਦ,ਯਾਤਰੀ ਪਰੇਸ਼ਾਨ
ਇਸ ਸਥਿਤੀ ਦੇ ਚੱਲਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਸ਼ਨੀਚਰਵਾਰ ਤੋਂ ਹੀ ਯਾਤਰੀਆਂ ਦੀ ਭਾਰੀ ਭੀੜ ਵੇਖੀ ਜਾ ਰਹੀ ਹੈ। ਦੁਬਈ, ਸ਼ਾਰਜਾਹ ਅਤੇ ਹੋਰ ਖਾੜੀ ਦੇਸ਼ਾਂ ਵੱਲ ਜਾਣ ਵਾਲੇ ਸੈਂਕੜੇ ਯਾਤਰੀ ਏਅਰਪੋਰਟ 'ਤੇ ਫਸੇ ਹੋਏ ਹਨ। ਅਚਾਨਕ ਉਡਾਣਾਂ ਰੱਦ ਹੋਣ ਅਤੇ ਅੱਗੇ ਦੀ ਸਪੱਸ਼ਟ ਜਾਣਕਾਰੀ ਨਾ ਮਿਲਣ ਕਾਰਨ ਯਾਤਰੀਆਂ ਨੂੰ ਸਭ ਤੋਂ ਵੱਧ ਮੁਸ਼ਕਿਲ ਆ ਰਹੀ ਹੈ। ਕੁਝ ਅਜਿਹੇ ਹੀ ਹਾਲਾਤ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਵੀ ਬਣੇ ਹੋਏ ਹਨ, ਜਿੱਥੋਂ ਦੁਬਈ ਜਾਣ ਵਾਲੀ ਇੱਕ ਪ੍ਰਮੁੱਖ ਉਡਾਣ ਰੱਦ ਕੀਤੀ ਗਈ ਹੈ।
ਪੰਜਾਬ-ਚੰਡੀਗੜ੍ਹ 'ਤੇ ਪਿਆ ਅਸਰ
ਅੰਮ੍ਰਿਤਸਰ ਏਅਰਪੋਰਟ ਤੋਂ ਕੁੱਲ ਚਾਰ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਏਅਰਪੋਰਟ ਡਾਇਰੈਕਟਰ ਭੁਪੇਂਦਰ ਸਿੰਘ ਨੇ ਦੱਸਿਆ ਕਿ "ਸ਼ਨੀਚਰਵਾਰ ਰਾਤ 9 ਵਜੇ ਇੰਡਿਗੋ ਏਅਰਲਾਈਨਜ਼ ਦੀ ਸ਼ਾਰਜਾਹ ਤੋਂ ਅੰਮ੍ਰਿਤਸਰ ਆਉਣ ਵਾਲੀ ਉਡਾਣ ਰੱਦ ਕੀਤੀ ਗਈ। ਇਸ ਤੋਂ ਇਲਾਵਾ ਰਾਤ 1 ਵੱਜ ਕੇ 15 ਮਿੰਟ 'ਤੇ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵੀ ਕੈਂਸਲ ਕਰ ਦਿੱਤੀ ਗਈ। ਉੱਥੇ ਹੀ ਐਤਵਾਰ ਸਵੇਰੇ 7 ਵੱਜ ਕੇ 50 ਮਿੰਟ 'ਤੇ ਦੁਬਈ ਲਈ ਉਡਣ ਵਾਲੀ ਸਪਾਈਸਜੈਟ ਦੀ ਉਡਾਣ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਸੀ।"

ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅੱਪਡੇਟ
ਏਅਰਪੋਰਟ ਡਾਇਰੈਕਟਰ ਨੇ ਕਿਹਾ ਹੈ ਕਿ "ਯਾਤਰੀਆਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ, ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਤਰੀਆਂ ਨੂੰ ਨਿਰੰਤਰ ਅੱਪਡੇਟ ਦੇਣ ਲਈ ਏਅਰਪੋਰਟ ਦੇ ਅਧਿਕਾਰਿਤ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਨੂੰ ਮੁਸ਼ਕਿਲ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।"
ਮਿਡਲ ਈਸਟ ਵਿੱਚ ਵਿਗੜਦੇ ਹਾਲਾਤ
ਉੱਥੇ ਹੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ਨੀਚਰਵਾਰ ਸ਼ਾਮ 4 ਵੱਜ ਕੇ 50 ਮਿੰਟ 'ਤੇ ਦੁਬਈ ਜਾਣ ਵਾਲੀ ਉਡਾਣ ਵੀ ਰੱਦ ਕਰ ਦਿੱਤੀ ਗਈ। ਹਾਲਾਂਕਿ ਦਿਨ ਦੌਰਾਨ ਹਵਾਈ ਆਵਾਜਾਈ ਸਧਾਰਣ ਸੀ, ਪਰ ਮਿਡਲ ਈਸਟ ਵਿੱਚ ਹਾਲਾਤ ਵਿਗੜਦੇ ਹੀ ਅਚਾਨਕ ਉਡਾਣਾਂ 'ਤੇ ਅਸਰ ਪਿਆ। ਜਾਣਕਾਰੀ ਮੁਤਾਬਿਕ ਕਤਾਰ, UAE ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੱਧਦੇ ਫੌਜੀ ਤਣਾਅ ਕਾਰਨ ਕਈ ਮੁੱਖ ਏਅਰਸਪੇਸ ਅਸਥਾਈ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ।
ਕਈ ਉਡਾਣਾਂ ਦੇ ਰੂਟ ਬਦਲੇ
ਏਵੀਏਸ਼ਨ ਸਰੋਤਾਂ ਅਨੁਸਾਰ ਕਈ ਅੰਤਰਰਾਸ਼ਟਰੀ ਉਡਾਣਾਂ ਦੇ ਰੂਟ ਬਦਲੇ ਜਾ ਰਹੇ ਹਨ, ਜਿਸ ਕਾਰਨ ਉਡਾਣਾਂ ਵਿੱਚ ਦੇਰੀ ਅਤੇ ਵਾਧੂ ਸਮਾਂ ਲੱਗ ਰਿਹਾ ਹੈ। ਜਦੋਂ ਤੱਕ ਮਿਡਲ ਈਸਟ ਵਿੱਚ ਹਾਲਾਤ ਆਮ ਨਹੀਂ ਹੁੰਦੇ, ਆਉਣ ਵਾਲੇ ਦਿਨਾਂ ਵਿੱਚ ਵੀ ਉਡਾਣਾਂ ਦੇ ਰੱਦ ਹੋਣ ਜਾਂ ਦੇਰੀ ਨਾਲ ਉੱਡਣ ਦੀ ਸੰਭਾਵਨਾ ਬਣੀ ਰਹੇਗੀ। ਏਅਰਪੋਰਟ ਪ੍ਰਸ਼ਾਸਨ ਅਤੇ ਏਅਰਲਾਈਨਜ਼ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਏਅਰਪੋਰਟ ਆਉਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਪੁਸ਼ਟੀ ਜ਼ਰੂਰ ਕਰ ਲੈਣ।

