ਮੱਛੀ ਫਾਰਮਿੰਗ ਨਾਲ ਲੱਖਾਂ ਰੁਪਏ ਕਮਾ ਰਿਹਾ ਦਰੋਗਾ, ਤੁਸੀ ਵੀ ਜਾਣੋ ਕਿਵੇਂ ਕਰ ਸਕਦੇ ਹੋ ਇਹ ਕਿੱਤਾ
Fish Farming: ਮੱਛੀ ਫਾਰਮਿੰਗ ਨੇ ਬਦਲੇ ਦਰੋਗਾ ਚੌਹਾਨ ਦੇ ਦਿਨ। ਜਾਣੋ ਕਿਵੇਂ, ਮੱਛੀ ਫਾਰਮਿੰਗ ਤੋਂ ਕਮਾ ਰਿਹਾ ਲੱਖਾਂ ਦਾ ਮੁਨਾਫ਼ਾ?

Published : February 20, 2026 at 3:21 PM IST
ਬਰਨਾਲਾ (ਲਖਵੀਰ ਚੀਮਾ) : ਵਿਦੇਸ਼ ਜਾਣ ਦੇ ਦੌਰ ਵਿੱਚ ਬਰਨਾਲਾ ਦਾ ਨੌਜਵਾਨ ਵਿਦੇਸ਼ ਛੱਡ ਕੇ ਰਾਹ ਦਸੇਰਾ ਬਣ ਗਿਆ ਹੈ। ਦੁਬੱਈ ਤੋਂ ਪਰਤ ਕੇ ਬੇਜ਼ਮੀਨੇ ਨੌਜਵਾਨ ਨੇ ਫਿਸ਼ ਫਾਰਮਿੰਗ ਵਿੱਚ ਮੀਲ ਪੱਥਰ ਗੱਡੇ ਹਨ। ਬਰਨਾਲਾ ਦੇ ਕਸਬਾ ਹੰਡਿਆਇਆ ਦਾ ਨੌਜਵਾਨ ਦਰੋਗਾ ਚੌਹਾਨ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ 12 ਪਿੰਡਾਂ ਦੇ ਪੰਚਾਇਤੀ ਛੱਪੜਾਂ ਵਿੱਚ ਫਿਸ਼ ਫਾਰਮਿੰਗ ਕਰ ਰਿਹਾ ਹੈ। ਨੌਜਵਾਨ ਮੁਤਾਬਕ, ਫਿਸ਼ ਫਾਰਮਿੰਗ ਤੋਂ ਖਰਚੇ ਕੱਢ ਕੇ ਸਾਲਾਨਾ 12 ਲੱਖ ਰੁਪਏ ਸਾਲਾਨਾ ਕਮਾਈ ਕਰ ਰਿਹਾ ਹੈ।
"ਦਾਦਾ ਜੀ ਨੂੰ ਮੱਛੀ ਫੜ੍ਹਦੇ ਦੇਖਦਾ ਸੀ"
ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆਂ, ਮੱਛੀ ਫਾਰਮਿੰਗ ਦਾ ਕੰਮ ਕਰਨ ਵਾਲੇ ਨੌਜਵਾਨ ਦਰੋਗਾ ਚੌਹਾਨ ਨੇ ਦੱਸਿਆ ਕਿ, "ਪਿੰਡ ਤੋਂ ਪਹਿਲਾਂ ਉਹਨਾਂ ਦੇ ਦਾਦਾ ਜੀ ਫੌਜ ਵਿੱਚ ਸਨ। ਰਿਟਾਇਰਮੈਂਟ ਤੋਂ ਬਾਅਦ ਉਹ ਮੱਛੀ ਫੜਨ ਅਤੇ ਮੱਛੀ ਖਾਣ ਦੇ ਬਹੁਤ ਸ਼ੌਕੀਨ ਸਨ। ਜਦੋਂ ਉਹ ਛੋਟੇ ਸੀ, ਤਾਂ ਦਾਦਾ ਜੀ ਦੇ ਨਾਲ ਮੱਛੀ ਫੜਨ ਜਾਂਦੇ ਅਤੇ ਵੇਖਦੇ ਕਿ ਕਿਵੇਂ ਮੱਛੀ ਫੜੀ ਜਾਂਦੀ ਹੈ। ਇਸ ਤਰ੍ਹਾਂ ਉਹਨਾਂ ਨੂੰ ਮੱਛੀ ਪਾਲਣ ਵੱਲ ਰੁਝਾਨ ਪੈਦਾ ਹੋਇਆ। ਬਾਅਦ ਵਿੱਚ ਦਾਦਾ ਜੀ ਦਾ ਦੇਹਾਂਤ ਹੋ ਗਿਆ, ਤਾਂ ਅਸੀਂ ਵੀ ਮੱਛੀ ਵਗੈਹਰ ਫੜ੍ਹਨੀ ਛੱਡ ਦਿੱਤੀ।"

10ਵੀਂ ਪੜ੍ਹਿਆ ਦਰੋਗਾ, ਪਰਵਾਸੀਆਂ ਨੇ ਕੀਤਾ ਪ੍ਰਭਾਵਿਤ!
ਫਿਸ਼ ਫਾਰਮਰ ਦਰੋਗਾ ਨੇ ਦੱਸਿਆ ਕਿ, "10ਵੀਂ ਪਾਸ ਕਰਨ ਤੋਂ ਬਾਅਦ ਇੱਥੇ ਕੋਈ ਵਧੀਆ ਰੋਜ਼ਗਾਰ ਨਾ ਮਿਲਣ ਕਾਰਨ ਉਹ ਦੁਬਈ ਚਲਾ ਗਿਆ, ਜਿੱਥੇ ਚਾਰ ਸਾਲ ਕੰਮ ਕੀਤਾ। ਲਾਕਡਾਊਨ ਦੌਰਾਨ ਵਾਪਸ ਪੰਜਾਬ ਆ ਗਿਆ। ਇੱਥੇ ਆ ਕੇ ਸੋਚਿਆ ਕਿ ਹੁਣ ਵਿਦੇਸ਼ ਜਾਣ ਦਾ ਕੋਈ ਖਾਸ ਫਾਇਦਾ ਨਹੀਂ, ਇਸ ਲਈ ਆਪਣੇ ਪਿੰਡ ਵਿੱਚ ਹੀ ਕੋਈ ਕੰਮ ਸ਼ੁਰੂ ਕੀਤਾ ਜਾਵੇ। ਉਹਨਾਂ ਦੀ ਨਿਗਾਹ ਮੱਛੀ ਫਾਰਮਿੰਗ ਵੱਲ ਗਈ। ਪਿੰਡ ਦੇ ਵੱਡੇ ਤਲਾਬਾਂ ਵਿੱਚ ਪਰਵਾਸੀ ਲੋਕ ਆ ਕੇ ਜਾਲਾਂ ਨਾਲ ਮੱਛੀ ਫੜ ਕੇ ਲੈ ਜਾਂਦੇ ਸਨ। ਇਸ ਤੋਂ ਉਨ੍ਹਾਂ ਨੂੰ ਵਿਚਾਰ ਆਇਆ ਕਿ ਜਦੋਂ ਹੋਰ ਲੋਕ ਇਹ ਕੰਮ ਕਰ ਸਕਦੇ ਹਨ, ਤਾਂ ਅਸੀਂ ਪੰਜਾਬੀ ਕਿਉਂ ਨਹੀਂ ਕਰ ਸਕਦੇ?"
ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲਈ
ਇਸ ਤੋਂ ਬਾਅਦ, ਦਰੋਗਾ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਤੋਂ ਟ੍ਰੇਨਿੰਗ ਲਈ। ਟ੍ਰੇਨਿੰਗ ਲੈ ਕੇ ਸਭ ਤੋਂ ਪਹਿਲਾਂ ਇੱਕ ਪੰਚਾਇਤੀ ਛੱਪੜ ਠੇਕੇ ‘ਤੇ ਲੈ ਕੇ ਮੱਛੀ ਫਾਰਮਿੰਗ ਸ਼ੁਰੂ ਕੀਤੀ। ਇਸ ਵਿੱਚ ਮੈਨੂੰ ਵਧੀਆ ਨਫ਼ਾ ਹੋਇਆ, ਫਿਰ ਮੈਂ ਹੌਲੀ-ਹੌਲੀ ਕੰਮ ਵਧਾਇਆ ਅਤੇ ਅੱਜ ਮੇਰੇ ਕੋਲ ਘੱਟੋ-ਘੱਟ 12 ਛੱਪੜ ਹਨ, ਜਿੱਥੇ ਮੱਛੀ ਪਾਲੀ ਜਾ ਰਹੀ ਹੈ। ਮੱਛੀ ਪਾਲਣ ਉਹਨਾਂ ਦਾ ਆਪਣਾ ਕਾਰੋਬਾਰ ਹੈ। ਆਪਣੀ ਲੇਬਰ ਹੈ, ਆਪਣੀ ਦੁਕਾਨ ਹੈ ਅਤੇ ਸਿੱਧੀ ਵਿਕਰੀ ਵੀ ਕਰਦੇ ਹਨ। ਜੋ ਮੱਛੀ ਵੱਧ ਜਾਂਦੀ ਹੈ, ਉਹ ਲੁਧਿਆਣਾ ਮੰਡੀ ਵਿੱਚ ਵੇਚੀ ਜਾਂਦੀ ਹੈ। ਇਸ ਸਮੇਂ ਉਹਨਾਂ ਦੀ ਆਮਦਨ ਕਾਫੀ ਵਧੀਆ ਹੈ।
- ਦਰੋਗਾ ਚੌਹਾਨ, ਫਿਸ਼ ਫਾਰਮਰ

ਦੁਬਈ ਤੋਂ ਪਰਤਿਆ ਤੇ ਫਿਸ਼ ਫਾਰਮਿੰਗ ਸ਼ਰੂ ਕੀਤੀ
ਨੌਜਵਾਨ ਨੇ ਚਾਰ ਸਾਲ ਵਿੱਚ ਦੁਬਈ ਕੰਮ ਕੀਤਾ ਅਤੇ ਇੱਥੇ ਫਿਰ ਕਰੋਨਾ ਕਾਲ ਦੇ ਚੱਲਦੇ ਵਾਪਸ ਆ ਕੇ ਫਿਸ਼ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਸੀ। ਉਹ ਮੱਛੀ ਦੀਆਂ ਕਈ ਕਿਸਮਾਂ ਤਿਆਰ ਕਰਕੇ ਸੇਲ ਕਰਦਾ ਹੈ ਅਤੇ ਚੰਗੀ ਕਮਾਈ ਕਰ ਰਿਹਾ ਹੈ । ਨੌਜਵਾਨ ਦਰੋਗਾ ਚੌਹਾਨ ਅਨੁਸਾਰ, ਵਿਦੇਸ਼ਾਂ ਵਿੱਚ ਗੁਲਾਮੀ ਕਰਨ ਦੀ ਬਜਾਏ ਪੰਜਾਬ ਦੇ ਨੌਜਵਾਨ ਇੱਥੇ ਮਿਹਨਤ ਕਰਕੇ ਸਭ ਕੁੱਝ ਹਾਸਲ ਕਰ ਸਕਦੇ ਹਨ। ਉਥੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੇ ਵੀ ਇਸ ਨੌਜਵਾਨ ਦੀ ਸ਼ਾਲਾਘਾ ਕੀਤੀ ਹੈ ਅਤੇ ਹੋਰ ਨੌਜਵਾਨਾਂ ਨੂੰ ਇਸਤੋਂ ਮੋਟੀਵੇਟ ਹੋਣ ਲਈ ਪ੍ਰੇਰਿਤ ਕੀਤਾ।

ਕ੍ਰਿਸ਼ੀ ਵਿਗਿਆਨ ਕੇਂਦਰ ਅਨੁਸਾਰ ਇੱਕ ਏਕੜ ਵਿੱਚੋਂ 25 ਕੁਇੰਟਲ ਤੱਕ ਮੱਛੀ ਨਿਕਲ ਸਕਦੀ ਹੈ, ਪਰ ਮੈਂ ਲਗਭਗ 18 ਕੁਇੰਟਲ ਪ੍ਰਤੀ ਏਕੜ ਮੱਛੀ ਉਤਪਾਦਨ ਕਰ ਰਿਹਾ ਹਾਂ। ਖਰਚੇ ਕੱਢ ਕੇ ਪ੍ਰਤੀ ਏਕੜ ਲਗਭਗ ਇੱਕ ਲੱਖ ਰੁਪਏ ਬਚ ਜਾਂਦੇ ਹਨ। ਸਾਲਾਨਾ ਕੁੱਲ ਆਮਦਨੇ ਲਗਭਗ 24 ਤੋਂ 25 ਲੱਖ ਰੁਪਏ ਹੈ, ਜਦਕਿ ਸਾਰੇ ਖਰਚੇ ਕੱਟ ਕੇ 8 ਤੋਂ 10 ਲੱਖ ਰੁਪਏ ਤੱਕ ਨਫ਼ਾ ਹੋ ਜਾਂਦਾ ਹੈ।
- ਦਰੋਗਾ ਚੌਹਾਨ, ਫਿਸ਼ ਫਾਰਮਰ
ਕਈ ਕਿਸਮਾਂ ਦੀਆਂ ਮੱਛੀਆਂ ਦਾ ਵਪਾਰ
ਦਰੋਗਾ ਚੌਹਾਨ ਨੇ ਦੱਸਿਆ ਕਿ, "ਉਸ ਕੋਲ ਵੱਖ-ਵੱਖ ਕਿਸਮਾਂ ਦੀ ਮੱਛੀ ਹੈ, ਜਿਵੇਂ ਕਾਰਪ, ਮ੍ਰਿਗਲ, ਗੋਲਡਨ ਅਤੇ ਰੋਹੂ ਆਦਿ। ਇਸ ਵਾਰ ਉਹਨਾਂ ਨੇ ਪੰਗਾਸ ਮੱਛੀ ਦੀ ਫਾਰਮਿੰਗ ਵੀ ਕੀਤੀ, ਜਿਸ ਦਾ ਬਹੁਤ ਵਧੀਆ ਨਤੀਜਾ ਮਿਲਿਆ। ਇੱਕ ਏਕੜ ਵਿੱਚੋਂ 45 ਕੁਇੰਟਲ ਪੰਗਾਸ ਮੱਛੀ ਤਿਆਰ ਕੀਤੀ ਅਤੇ ਇਸ ਵਿੱਚ ਵੀ ਚੰਗਾ ਨਫ਼ਾ ਕਮਾਇਆ ਹੈ।"

ਸਰਕਾਰ ਵਲੋਂ ਸਬਸਿਡੀ ਮਿਲਣ ਬਾਰੇ ਕੀ ਬੋਲੇ ਦਰੋਗਾ?
ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨੀ ਚਾਹੀਦੀ ਹੈ। ਉਹ ਖੁਦ ਚਾਰ ਸਾਲ ਵਿਦੇਸ਼ ਰਹਿ ਕੇ ਆਏ ਹਨ ਅਤੇ ਉੱਥੇ ਮਿਹਨਤ ਤੋਂ ਇਲਾਵਾ ਕੋਈ ਖਾਸ ਤਰੱਕੀ ਨਹੀਂ। ਇਸ ਲਈ ਨੌਜਵਾਨ ਇੱਥੇ ਰਹਿ ਕੇ ਵੀ ਚੰਗੀ ਕਮਾਈ ਕਰ ਸਕਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਪੰਚਾਇਤੀ ਛੱਪੜਾਂ ਵਿੱਚ ਮੱਛੀ ਫਾਰਮਿੰਗ ਲਈ ਸਰਕਾਰ ਵੱਲੋਂ ਜ਼ਿਆਦਾ ਮਦਦ ਨਹੀਂ ਮਿਲਦੀ। ਉਹਨਾਂ ਨੂੰ ਸਿਰਫ ਇੱਕ ਮੋਟਰਸਾਈਕਲ ਸਬਸਿਡੀ ‘ਤੇ ਮਿਲਿਆ ਹੈ, ਹੋਰ ਕੋਈ ਖਾਸ ਸਹਾਇਤਾ ਨਹੀਂ ਮਿਲੀ। ਉਹਨਾਂ ਕੋਲ ਆਪਣੀ ਜ਼ਮੀਨ ਵੀ ਨਹੀਂ ਹੈ, ਪਰ ਛੱਪੜ ਠੇਕੇ ‘ਤੇ ਲੈ ਕੇ ਹੀ ਮੱਛੀ ਪਾਲਣ ਕਰਦੇ ਹੋਏ ਵਧੀਆ ਕਮਾਈ ਕਰ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਕੀਤੀ ਤਰੀਫ਼
ਇਸ ਮੌਕੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ, "ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਆਮ ਤੌਰ ‘ਤੇ ਲੋਕ ਵਿਦੇਸ਼ਾਂ ਵੱਲ ਰੁਖ ਕਰਦੇ ਹਨ, ਪਰ ਇਹ ਨੌਜਵਾਨ ਜੋ ਦੁਬਈ ਗਿਆ ਸੀ ਅਤੇ ਉੱਥੇ ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਵਾਪਸ ਪੰਜਾਬ ਪਰਤਿਆ ਹੈ, ਉਸ ਨੇ ਇੱਥੇ ਰਹਿ ਕੇ ਆਪਣਾ ਰੋਜ਼ਗਾਰ ਸ਼ੁਰੂ ਕੀਤਾ ਹੈ। ਇਹ ਹੰਡਿਆਇਆ ਦਾ ਰਹਿਣ ਵਾਲਾ 33 ਸਾਲਾ ਨੌਜਵਾਨ ਹੈ।"

ਸਰਕਾਰ ਵੱਲੋਂ ਦਰੋਗਾ ਨੂੰ ਇੱਕ ਵਾਹਨ ਪ੍ਰਦਾਨ ਕੀਤਾ ਗਿਆ ਹੈ, ਜਿਸ ‘ਤੇ 60 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਜੋ ਵੀ ਵਿਅਕਤੀ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ, ਉਹ ਇਸ ਸਬਸਿਡੀ ਦਾ ਲਾਭ ਲੈ ਸਕਦਾ ਹੈ। ਇਹ ਸਬਸਿਡੀ ਮੱਛੀ ਪੌਂਡ ਦੀ ਨਿਰਮਾਣ ਲਾਗਤ, ਵਾਹਨ ਖਰੀਦਣ ਜਾਂ ਮੱਛੀ ਵੇਚਣ ਲਈ ਦੁਕਾਨ ਬਣਾਉਣ ‘ਤੇ ਵੀ ਵਰਤੀ ਜਾ ਸਕਦੀ ਹੈ।
- ਹਰਪ੍ਰੀਤ ਸਿੰਘ, ਡਿਪਟੀ ਕਮਿਸ਼ਨਰ, ਬਰਨਾਲਾ
ਹੋਰਾਂ ਲਈ ਇੱਕ ਮਿਸਾਲ ਕਾਇਮ ਕੀਤੀ
ਡੀਸੀ ਸਿੰਘ ਨੇ ਦੱਸਿਆ ਕਿ ਇਸ ਨੇ ਪਿੰਡਾਂ ਦੇ ਪੰਚਾਇਤੀ ਛੱਪੜ ਕਿਰਾਏ ‘ਤੇ ਲੈ ਕੇ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਰਾਹੀਂ ਨੌਜਵਾਨਾਂ ਨੂੰ ਸਹੀ ਦਿਸ਼ਾ ਦਿੱਤੀ ਜਾ ਰਹੀ ਹੈ, ਜੋ ਇੱਕ ਚੰਗਾ ਉਪਰਾਲਾ ਹੈ। ਇਸ ਨੌਜਵਾਨ ਨੇ ਆਪਣੇ ਪੱਧਰ ‘ਤੇ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕਰਕੇ ਹੋਰਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਲੋਕ ਮੱਛੀ ਪਾਲਣ ਦੇ ਕੰਮ ਵੱਲ ਆਉਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ। ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਕੇ ਅਜਿਹੇ ਨੌਜਵਾਨਾਂ ਨੂੰ ਰੋਲ ਮਾਡਲ ਵਜੋਂ ਪੇਸ਼ ਕੀਤਾ ਜਾਵੇ, ਤਾਂ ਜੋ ਹੋਰ ਲੋਕ ਵੀ ਪ੍ਰੇਰਿਤ ਹੋ ਸਕਣ।

