ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਡੀਐੱਸਜੀਪੀਸੀ ਵਫ਼ਦ ਸਪੱਸ਼ਟੀਕਰਨ ਲਈ ਪਹੁੰਚਿਆ ਅੰਮ੍ਰਿਤਸਰ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਡੀਐੱਸਜੀਪੀਸੀ ਵਫ਼ਦ ਸਪੱਸ਼ਟੀਕਰਨ ਦੇਣ ਲਈ ਅੰਮ੍ਰਿਤਸਰ ਪਹੁੰਚਿਆ।

Published : January 5, 2026 at 6:35 PM IST
ਅੰਮ੍ਰਿਤਸਰ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਪੀਸੀ) ਦਾ ਉਹ ਵਫ਼ਦ, ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਪੱਸ਼ਟੀਕਰਨ ਲਈ ਤਲਬ ਕੀਤਾ ਗਿਆ ਸੀ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਅਤੇ ਆਪਣਾ ਸਪੱਸ਼ਟੀਕਰਨ ਦਿੱਤਾ। ਵਫ਼ਦ ਵੱਲੋਂ ਪੂਰੀ ਤਰ੍ਹਾਂ ਨਿਮਰਤਾ ਅਤੇ ਸਨਮਾਨ ਨਾਲ ਆਪਣਾ ਪੱਖ ਰੱਖਿਆ ਗਿਆ। ਇਸ ਵਫ਼ਦ ਵਿੱਚ ਭੁਪਿੰਦਰ ਸਿੰਘ ਭੁੱਲਰ, ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਜੋਇੰਟ ਸਕੱਤਰ ਜੈਸਮੇਨ ਸਿੰਘ ਨੋਨੀ, ਸਲਾਹਕਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਅਤੇ ਐਗਜ਼ੀਕਿਊਟਿਵ ਮੈਂਬਰ ਹਰਜੀਤ ਸਿੰਘ ਪੱਪਾ ਸ਼ਾਮਲ ਸਨ। ਸਾਰੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹਾਜ਼ਰੀ ਭਰ ਕੇ ਆਪਣਾ ਲਿਖਤੀ ਸਪੱਸ਼ਟੀਕਰਨ ਪੇਸ਼ ਕੀਤਾ।
ਡੀਐਸਜੀਪੀਸੀ ਵਫ਼ਦ ਭੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ "ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਇਸ ਮੌਕੇ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਕਾਲਕਾ ਦੀ ਮਾਤਾ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਅੰਮ੍ਰਿਤਸਰ ਨਹੀਂ ਆ ਸਕੇ। ਇਸ ਲਈ ਉਨ੍ਹਾਂ ਦੀ ਨੁਮਾਇੰਦਗੀ ਉਨ੍ਹਾਂ ਦੇ ਪੀਏ ਵੱਲੋਂ ਕੀਤੀ ਗਈ।"
"ਜਥੇਦਾਰ ਸਾਹਿਬ ਨਾਲ ਇਸ ਮਸਲੇ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ ਹੈ ਅਤੇ ਸਪਸ਼ਟੀਕਰਨ ਲਿਖਤੀ ਰੂਪ ਵਿੱਚ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਅਨੁਸਾਰ ਇਹ ਮਸਲਾ ਹੁਣ ਲਗਭਗ ਹੱਲ ਹੋ ਚੁੱਕਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਥੇਦਾਰ ਸਾਹਿਬ ਵੱਲੋਂ ਜੋ ਵੀ ਆਦੇਸ਼ ਦਿੱਤੇ ਜਾਣਗੇ, ਉਹ ਡੀਐਸਜੀਪੀਸੀ ਵੱਲੋਂ ਸਿਰ ਮੱਥੇ ਸਵੀਕਾਰ ਕੀਤੇ ਜਾਣਗੇ।" - ਭੁਪਿੰਦਰ ਭੁੱਲਰ, ਡੀਐਸਜੀਪੀਸੀ ਵਫ਼ਦ
ਦੋਹਾਂ ਧਿਰਾਂ ਵਿਚਕਾਰ ਸਪੱਸ਼ਟਤਾ ਨਾਲ ਹੋਈ ਗੱਲਬਾਤ
ਡੀਐਸਜੀਪੀਸੀ ਵਫ਼ਦ ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਜਥੇਦਾਰ ਸਾਹਿਬ ਨਾਲ ਮੁਲਾਕਾਤ ਪੂਰੀ ਤਰ੍ਹਾਂ ਸੁਖਾਵੇ ਅਤੇ ਸਕਾਰਾਤਮਕ ਮਾਹੌਲ ਵਿੱਚ ਹੋਈ। ਮੀਡੀਆ ਵਿੱਚ ਆਈਆਂ ਖ਼ਬਰਾਂ ਕਾਰਨ ਜੋ ਕਿਸੇ ਤਰ੍ਹਾਂ ਦੀ ਗਲਤਫ਼ਹਮੀ ਪੈਦਾ ਹੋਈ ਸੀ। ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਸੀ। ਦੋਹਾਂ ਧਿਰਾਂ ਵਿਚਕਾਰ ਸਪੱਸ਼ਟਤਾ ਨਾਲ ਗੱਲਬਾਤ ਹੋਈ ਹੈ ਅਤੇ ਮਾਮਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾ ਲਿਆ ਗਿਆ ਹੈ।
ਸਿੱਖ ਮਰਿਆਦਾ, ਗੁਰੂ ਗੋਲਕ ਅਤੇ ਦਸਵੰਦ 'ਤੇ ਦਿੱਤੇ ਬਿਆਨ ਨੂੰ ਸ਼ਰਧਾ 'ਤੇ ਹਮਲਾ ਦੱਸਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਤਲਬ ਕੀਤਾ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ 'ਤੇ ਗੰਭੀਰ ਸਵਾਲ ਚੁੱਕੇ ਅਤੇ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਿਰੁੱਧ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੇ ਮੰਤਰੀ ਸਣੇ ਆਪ ਵਿਧਾਇਕ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਹੋਈ ਪੇਸ਼ੀ
ਦੱਸ ਦੇਈਏ ਕਿ ਅੱਜ ਹੀ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸੌਂਦ, ਭਾਈ ਜੈਤਾ ਜੀ ਦੀਆਂ ਤਸਵੀਰਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਹੈਰੀਟੇਜ ਸਟਰੀਟ ਤੋਂ ਅਕਾਲ ਤਖ਼ਤ ਤੱਕ ਨੰਗੇ ਪੈਰੀਂ ਤੁਰਦੇ ਹੋਏ, ਮੰਤਰੀ ਸੋਂਧ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ (ਜੈਤਾ ਜੀ) ਦੀ ਯਾਦਗਾਰ 'ਤੇ ਲੱਗੀਆਂ ਤਸਵੀਰਾਂ 'ਤੇ ਆਪਣੇ ਇਤਰਾਜ਼ ਨੂੰ ਸਪੱਸ਼ਟ ਕੀਤਾ। ਮੰਤਰੀ ਨੇ ਕਿਹਾ ਕਿ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ, ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਰੋਕਣ ਲਈ ਸਿੱਖ ਸਿਧਾਂਤਾਂ ਅਤੇ ਪੰਜਾਬੀ ਵਿਰਾਸਤ ਤੋਂ ਜਾਣੂ ਵਿਅਕਤੀ ਨੂੰ ਵਿਭਾਗ ਵਿੱਚ ਨਿਯੁਕਤ ਕੀਤਾ ਜਾਵੇਗਾ।

