ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਹੋਇਆ ਵਿਵਾਦ, ਮੌਕੇ 'ਤੇ ਬੁਲਾਉਣੀ ਪੈ ਗਈ ਪੁਲਿਸ
ਕਮੇਟੀ ਮੈਂਬਰਾਂ ਨੇ ਕਿਹਾ ਕਿ ਆਪਸੀ ਸਹਿਮਤੀ ਨਾਲ ਚੱਲਣਾ, ਲੜਾਈ ਤੋਂ ਕਈ ਗੁਣਾ ਵਧੀਆ ਹੈ, ਗੁਰੂ ਘਰਾਂ 'ਚ ਇਸ ਤਰ੍ਹਾਂ ਝਗੜੇ ਚੰਗੇ ਨਹੀਂ।


Published : June 13, 2026 at 5:43 PM IST
ਕਪੂਰਥਲਾ: ਪਿੰਡ ਆਲਮਗੀਰ ਦੇ ਗੁਰਦੁਆਰਾ ਘੰਟਾ ਘਰ ਵਿਖੇ ਜ਼ਮੀਨ ਦੇ ਠੇਕੇ ਅਤੇ ਪ੍ਰਬੰਧਕ ਕਮੇਟੀ ਦੀ ਅਗਵਾਈ ਨੂੰ ਲੈ ਕੇ ਦੋ ਧੜਿਆਂ ਵਿਚਕਾਰ ਝਗੜਾ ਹੋ ਗਿਆ। ਇਸ ਝੜਪ ਦੌਰਾਨ ਪੁਲਿਸ ਨੂੰ ਬੁਲਾਉਣਾ ਪੈ ਗਿਆ ਅਤੇ ਲੋਕ ਪੁਲਿਸ ਦੀ ਮੌਜੂਦਗੀ ਵਿੱਚ ਵੀ ਆਪਸ ਵਿੱਚ ਭਿੜਦੇ ਨਜ਼ਰ ਆਏੇ, ਸਥਿਤੀ ਹੱਥੋਪਾਈ ਤੱਕ ਪਹੁੰਚ ਗਈ। ਸਥਿਤੀ ਤਣਾਅਪੂਰਨ ਹੋਣ 'ਤੇ ਪ੍ਰਸ਼ਾਸਨ ਨੂੰ ਦਖਲ ਦੇਣਾ ਪਿਆ।
ਪੁਲਿਸ ਅਤੇ ਪ੍ਰਸ਼ਾਸਨ ਨੇ ਕਾਰਵਾਈ ਸੰਭਾਲ ਲਈ
ਮਾਹੌਲ ਤਣਾਅਪੂਰਨ ਹੁੰਦੇ ਦੇਖ ਪ੍ਰਸ਼ਾਸਨ ਨੂੰ ਦਖਲ ਦੇਣਾ ਪਿਆ। ਸਥਿਤੀ ਵਿਗੜਦੀ ਦੇਖ ਤਹਿਸੀਲਦਾਰ ਕਪੂਰਥਲਾ, ਡੀਐਸਪੀ ਅਤੇ ਸਿਟੀ ਪੁਲਿਸ ਸਟੇਸ਼ਨ ਤੋਂ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ।
ਮੌਜੂਦਾ ਕਮੇਟੀ ਨੇ ਜ਼ਮੀਨ ਹੜੱਪਣ ਦੇ ਲਗਾਏ ਇਲਜ਼ਾਮ
ਦਸਦਈਏ ਕਿ 2007 ਤੋਂ ਰਜਿਸਟਰਡ ਮੌਜੂਦਾ ਪ੍ਰਬੰਧਕ ਕਮੇਟੀ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਮੌਜੂਦਾ ਪੰਚਾਇਤ ਅਤੇ ਕੁਝ ਆਮ ਆਦਮੀ ਪਾਰਟੀ ਦੇ ਆਗੂ ਸਰਕਾਰੀ ਦਬਾਅ ਹੇਠ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਮੇਟੀ ਨੇ ਹਾਲ ਹੀ ਵਿੱਚ ਗੁਰਦੁਆਰੇ ਦੀ ਜ਼ਮੀਨ ਦੀ ਖੁੱਲ੍ਹੀ ਨਿਲਾਮੀ ਕੀਤੀ ਹੈ ਅਤੇ ਨਿਯਮਾਂ ਅਨੁਸਾਰ ਠੇਕਾ ਦਿੱਤਾ ਹੈ।

ਦੂਜੇ ਪਾਸੇ ਨਵੀਂ ਬੋਲੀ ਅਤੇ ਮੁਖੀ ਦਾ ਐਲਾਨ
ਦੂਜੇ ਧੜੇ ਨੇ ਮੌਜੂਦਾ ਕਮੇਟੀ ਦੁਆਰਾ ਕੀਤੀ ਗਈ ਬੋਲੀ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ। ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤਰ ਨੇ ਲਾਟਰੀ ਕੱਢ ਕੇ ਇੱਕ ਵਿਅਕਤੀ ਨੂੰ ਜ਼ਮੀਨ ਦਾ ਠੇਕਾ ਦੇਣ ਦਾ ਫੈਸਲਾ ਕੀਤਾ। ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਹਲਕਾ ਕੋਆਰਡੀਨੇਟਰ ਨਰਿੰਦਰ ਸਿੰਘ ਸੰਘਾ ਨੂੰ ਪ੍ਰਬੰਧਕ ਕਮੇਟੀ ਦਾ ਨਵਾਂ ਮੁਖੀ ਐਲਾਨਿਆ ਗਿਆ।
ਦੋਵੇਂ ਧਿਰਾਂ ਨੇ ਕੀਤੀ ਨਾਅਰੇਬਾਜ਼ੀ
ਨਵੇਂ ਐਲਾਨ ਤੋਂ ਬਾਅਦ, ਮੌਜੂਦਾ ਕਮੇਟੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਦੋਵਾਂ ਧੜਿਆਂ ਨੇ ਇੱਕ ਦੂਜੇ ਵਿਰੁੱਧ ਨਾਅਰੇਬਾਜ਼ੀ ਕੀਤੀ। ਹਾਲਾਂਕਿ, ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਅਤੇ ਸਮੇਂ ਸਿਰ ਦਖਲਅੰਦਾਜ਼ੀ ਕਾਰਨ ਸਥਿਤੀ ਨੂੰ ਵਿਗੜਨ ਤੋਂ ਰੋਕਿਆ ਗਿਆ।

ਪ੍ਰਸ਼ਾਸਨ ਨੇ ਨਵੀਂ ਕਮੇਟੀ ਅਤੇ ਬੋਲੀ ਨੂੰ ਮਾਨਤਾ ਨਹੀਂ ਦਿੱਤੀ।
ਮੌਕੇ 'ਤੇ ਪਹੁੰਚੇ ਕਪੂਰਥਲਾ ਦੇ ਤਹਿਸੀਲਦਾਰ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਨੇ ਨਵੀਂ ਕਮੇਟੀ ਦੀ ਚੋਣ ਜਾਂ ਜ਼ਮੀਨ ਲਈ ਨਵੀਂ ਬੋਲੀ ਨੂੰ ਮਾਨਤਾ ਨਹੀਂ ਦਿੱਤੀ ਹੈ। ਡੀਐਸਪੀ ਨੇ ਕਿਹਾ ਕਿ ਹਰੇਕ ਸਮੂਹ ਦੇ ਪੰਜ ਪ੍ਰਤੀਨਿਧੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਐਸਡੀਐਮ ਨੂੰ ਲਿਖਤੀ ਰੂਪ ਵਿੱਚ ਆਪਣੇ ਵਿਚਾਰ ਅਤੇ ਮੰਗਾਂ ਪੇਸ਼ ਕਰਨ। ਮਾਮਲਾ ਹੱਲ ਹੋਣ ਤੱਕ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਗੁਰਦੁਆਰਾ ਸਾਹਿਬ ਵਿਖੇ ਪੁਲਿਸ ਤਾਇਨਾਤ ਰਹੇਗੀ।

