ਮਿਲਾਵਟੀ ਦੁੱਧ ਸਾਬਿਤ ਹੋ ਰਿਹਾ ਖਤਰਨਾਕ, ਕਿਸ ਤਰ੍ਹਾਂ ਹੋ ਰਹੀ ਦੁੱਧ 'ਚ ਮਿਲਾਵਟ, ਕੀ ਕਹਿੰਦੇ ਅੰਕੜੇ, ਵੇਖੋ ਇਹ ਖਾਸ ਰਿਪੋਰਟ
ਭਾਰਤ ਦੀ ਕੁੱਲ੍ਹ ਦੁੱਧ ਦੀ ਪ੍ਰੋਡਕਸ਼ਨ ਵਿਚ 5.8 ਫੀਸਦੀ ਹਿੱਸਾ ਇਕੱਲੇ ਪੰਜਾਬ ਦਾ ਹੈ।

Published : January 9, 2026 at 8:32 PM IST
ਲੁਧਿਆਣਾ: ਅੱਜ ਕੱਲ੍ਹ ਮਾਰਕਿਟ ਵਿੱਚ ਹਰ ਇੱਕ ਚੀਜ਼ ਵਿੱਚ ਮਿਲਾਵਟ ਪਾਈ ਜਾ ਰਹੀ ਹੈ, ਫਿਰ ਚਾਹੇ ਉਹ ਕੋਈ ਖਾਣ ਪੀਣ ਦੀ ਚੀਜ਼ ਹੋਵੇ ਜਾਂ ਕੋਈ ਦੂਸਰਾ ਪ੍ਰੋਡਕਟ। ਇਸੇ ਤਰ੍ਹਾਂ ਹੀ ਦੁੱਧ ਪਨੀਰ ਮੱਖਣ ਵਿੱਚ ਵੀ ਮਿਲਾਵਟ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਮੁਤਾਬਿਕ ਜੋ ਇਸ ਵੇਲੇ ਪੰਜਾਬ ਵਿੱਚ ਦੁੱਧ 'ਚ ਮਿਲਾਵਟ ਹੋ ਰਹੀ ਹੈ, ਉਸ ਵਿੱਚ ਲਗਭਗ 25 ਫੀਸਦੀ ਪਾਣੀ ਹੈ, ਜਿਸ ਕਰਕੇ ਇੱਕ ਵੱਡਾ ਕਾਰਨ ਹੈ ਕਿ ਲੋਕ ਦੁੱਧ ਪੀਣ ਤੋਂ ਸੰਕੋਚ ਕਰਦੇ ਨੇ ਜਦੋਂ ਕਿ ਦੁੱਧ ਸਿਹਤ ਲਈ ਬਹੁਤ ਜ਼ਰੂਰੀ ਹੈ।
ਦੁੱਧ ਦੀ ਪ੍ਰੋਡਕਸ਼ਨ ਵਿੱਚ 5.8 ਫੀਸਦੀ ਹਿੱਸਾ ਇਕੱਲੇ ਪੰਜਾਬ ਦਾ
ਦੁੱਧ ਅਤੇ ਦੁੱਧ ਦੇ ਪ੍ਰੋਡਕਟ ਦੇਸ਼ ਦੀ ਕੁੱਲ੍ਹ ਜੀਡੀਪੀ ਦਾ ਪੰਜ ਫੀਸਦੀ ਹਿੱਸਾ ਹਨ ਅਤੇ ਦੇਸ਼ ਦੇ 8 ਕਰੋੜ ਦੇ ਕਰੀਬ ਕਿਸਾਨ ਇਸ ਸਹਾਇਕ ਧੰਦੇ ਦੇ ਨਾਲ ਜੁੜੇ ਹੋਏ ਹਨ। ਇਸ ਵਿੱਚ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੀ ਕੁੱਲ੍ਹ ਦੁੱਧ ਦੀ ਪ੍ਰੋਡਕਸ਼ਨ ਦੇ ਵਿੱਚੋਂ 5.8 ਫੀਸਦੀ ਹਿੱਸਾ ਇਕੱਲੇ ਪੰਜਾਬ ਦਾ ਹੈ। 2024 ਅਤੇ 25 ਦੇ ਦੌਰਾਨ ਲਗਭਗ 247.8 ਮਿਲੀਅਨ ਟਨ ਦੁੱਧ ਦੀ ਪੈਦਾਵਾਰ ਹੋਈ ਹੈ। ਹਾਲਾਂਕਿ ਐਕਸਪੋਰਟ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿਸ਼ਵ ਭਰ ਵਿੱਚ ਗਿਆਰਵੇਂ ਨੰਬਰ 'ਤੇ ਹੈ। ਭਾਰਤ ਤੋਂ ਪਹਿਲਾਂ ਯੂਰਪੀਅਨ ਯੂਨੀਅਨ, ਜਰਮਨੀ ਨੀਦਰਲੈਂਡ ਅਤੇ ਬੈਲਜੀਅਮ ਦੇ ਨਾਲ-ਨਾਲ ਪੋਲੈਂਡ ਅਤੇ ਨਿਊਜ਼ੀਲੈਂਡ ਵਰਗੇ ਦੇਸ਼ ਵੀ ਇਸ ਕਤਾਰ ਦੇ ਵਿੱਚ ਸ਼ਾਮਿਲ ਹਨ।'
ਸਾਲ 2024 ਦੇ ਅੰਕੜੇ
ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਮੁਤਾਬਿਕ ਸਾਲ 2024 ਦੇ ਮੁਤਾਬਿਕ ਟਾਪ ਐਕਸਪੋਟਰ ਦੇ ਵਿੱਚ ਯੂਰਪ ਯੂਨੀਅਨ 12.9 ਫੀਸਦੀ, ਜਰਮਨੀ 11.87 ਫੀਸਦੀ, ਨੀਦਰਲੈਂਡ 10.20 ਫੀਸਦੀ, ਬੈਲਜੀਅਮ 8.31,ਫਰਾਂਸ 6.70, ਨਿਊਜ਼ੀਲੈਂਡ 6.69, ਪੋਲੈਂਡ 5.29,ਕਜ਼ਾਕ ਰੀਪਬਲਿਕ 4.13 ਯੂਨਾਈਟਡ ਕਿੰਗਡਮ 3.74, ਅਸਟਰੀਆ 3.20 ਅਤੇ ਭਾਰਤ 0.12 'ਤੇ ਰਿਹਾ।
ਅੰਕੜਿਆਂ ਦੇ ਮੁਤਾਬਿਕ ਭਾਰਤ ਵੱਲੋਂ ਕੁੱਲ ਖੇਤੀਬਾੜੀ ਸਬੰਧਿਤ ਐਕਸਪੋਰਟ 54,440,30 ਮਿਲੀਅਨ ਦੇ ਵਿੱਚ ਕੀਤਾ ਜਾਂਦਾ ਹੈ, ਜਿਸ ਦੀ ਕੁੱਲ ਵੈਲਿਊ 450,839,8 ਕਰੋੜ ਰੁਪਏ ਬਣਦੀ ਹੈ। ਉੱਥੇ ਹੀ ਜੇਕਰ ਡੈਰੀ ਪ੍ਰੋਡੈਕਟ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਕੁੱਲ ਗਿਣਤੀ ਚਾਰ ਹੈ, ਜਦੋਂਕਿ ਵੈਲਿਊ ਲਗਭਗ 4181.7 ਕਰੋੜ ਹੈ ਜੋ ਕਿ ਕੁੱਲ ਐਕਸਪੋਰਟ ਦਾ 1.72 ਫੀਸਦੀ ਹੈ। ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੱਸਦੇ ਹਨ ਕਿ ਇਸ ਵਿੱਚ ਗੁਣਵੱਤਾ ਇੱਕ ਬਹੁਤ ਵੱਡਾ ਕਾਰਨ ਹੈ। ਜਿਸ ਕਰਕੇ ਗਲੋਬਲ ਪੱਧਰ 'ਤੇ ਭਾਰਤ ਦੇ ਦੁੱਧ ਅਤੇ ਦੁੱਧ ਨਾਲ ਬਣੀਆਂ ਵਸਤਾਂ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਜਾ ਰਹੀ, ਜਿਸ ਵੱਲ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

'ਪੰਜਾਬ ਵਿੱਚ ਹੋ ਰਹੀ ਦੁੱਧ 'ਚ ਮਿਲਾਵਟ'
ਇਸ ਤੋਂ ਅੱਗੇ ਵਾਈਸ ਚਾਂਸਲਰ ਡਾਕਟਰ ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਦੁੱਧ ਦੇ ਵਿੱਚ ਮਿਲਾਵਟ ਹੋ ਰਹੀ ਹੈ। ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਮੁਤਾਬਿਕ ਜੋ ਇਸ ਵੇਲੇ ਪੰਜਾਬ ਵਿੱਚ ਦੁੱਧ 'ਚ ਮਿਲਾਵਟ ਹੋ ਰਹੀ ਹੈ, ਉਸ ਵਿੱਚ ਲਗਭਗ 25 ਫੀਸਦੀ ਪਾਣੀ ਹੈ, ਜੋ ਕਿ ਕਿਸੇ ਵੀ ਗੁਣਵੱਤਾ ਵਾਲਾ ਹੋ ਸਕਦਾ ਹੈ, ਇਸ ਤੋਂ ਇਲਾਵਾ 18 ਫੀਸਦੀ ਦੁੱਧ ਪੂਰੀ ਤਰ੍ਹਾਂ ਸ਼ੁੱਧ ਹੈ। ਜਿਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੈ। ਉਸ ਤੋਂ ਇਲਾਵਾ ਦੁੱਧ ਦੇ ਵਿੱਚ ਸਟਾਰਚ, ਮਿਲਕ ਫੈਟ, ਸਕਰੋਜ ਅਤੇ ਹੋਰ ਕੁਝ ਸਮਾਨ ਹੈ, ਜਿਸ ਕਰਕੇ ਇੱਕ ਵੱਡਾ ਕਾਰਨ ਹੈ ਕਿ ਲੋਕ ਦੁੱਧ ਪੀਣ ਤੋਂ ਸੰਕੋਚ ਕਰਦੇ ਨੇ ਜਦੋਂ ਕਿ ਦੁੱਧ ਸਿਹਤ ਲਈ ਬਹੁਤ ਜਰੂਰੀ ਹੈ।
'ਪ੍ਰੋਟੀਨ ਅਤੇ ਕੈਲਸ਼ੀਅਮ ਦੀ ਵਧੇਰੇ ਮਾਤਰਾ'
ਯੂਨੀਵਰਸਿਟੀ ਦੀ ਪ੍ਰੋਫੈਸਰ ਡਾਕਟਰ ਸੰਗੀਤਾ ਨੇ ਦੱਸਿਆ ਕਿ, 'ਦੁੱਧ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਵਧੇਰੇ ਮਾਤਰਾ ਹੁੰਦੀ ਹੈ। ਅੱਜ ਕੱਲ੍ਹ ਲੋਕਾਂ ਦੇ ਵਿੱਚ ਇਹ ਮਿੱਥ ਚੱਲ ਪਈ ਹੈ ਕਿ ਦੁੱਧ ਅਤੇ ਦੁੱਧ ਦੇ ਨਾਲ ਬਣੇ ਪ੍ਰੋਡਕਟ ਦਾ ਇਸਤੇਮਾਲ ਨਾ ਕੀਤਾ ਜਾਵੇ ਜਦੋਂ ਕਿ ਜਿਹੜੇ ਲੋਕ ਨਾਨ ਵੈਜ ਯਾਨੀ ਮਾਸਮੱਛੀ ਆਦਿ ਨਹੀਂ ਖਾਂਦੇ, ਉਨ੍ਹਾਂ ਲਈ ਦੁੱਧ ਵਿੱਚ ਪਾਏ ਜਾਣ ਵਾਲਾ ਕੈਲਸ਼ੀਅਮ ਅਤੇ ਪ੍ਰੋਟੀਨ ਬੇਹੱਦ ਜ਼ਰੂਰੀ ਹੈ। ਘੱਟੋ-ਘੱਟ ਦਿਨ ਵਿੱਚ ਜੇਕਰ ਤੁਸੀਂ 250 ਤੋਂ ਲੈ ਕੇ 350 ਗ੍ਰਾਮ ਤੱਕ ਦੁੱਧ ਵੀ ਪੀਂਦੇ ਹੋ ਤਾਂ ਤੁਹਾਡੀਆਂ ਦਿਨ ਦੀਆਂ ਪ੍ਰੋਟੀਨ ਅਤੇ ਕੈਲਸ਼ੀਅਮ ਦੀਆਂ ਲੋੜਾਂ ਪੂਰੀ ਹੋ ਜਾਂਦੀਆਂ ਹਨ। ਪ੍ਰਤੀ 100 ਗ੍ਰਾਮ ਦੁੱਧ ਵਿੱਚ ਲਗਭਗ 120 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ ਜਦੋਂ ਕਿ ਪ੍ਰੋਟੀਨ ਚਾਰ ਗ੍ਰਾਮ ਦੇ ਕਰੀਬ ਹੁੰਦਾ ਹੈ। ਦਿਨ ਵਿੱਚ ਕੈਲਸ਼ੀਅਮ ਦੀ ਇੱਕ ਵੇਸਕ ਨੂੰ ਹਜ਼ਾਰ ਮਿਲੀਗ੍ਰਾਮ ਦੀ ਲੋੜ ਹੁੰਦੀ ਹੈ। ਇਸ ਕਰਕੇ ਦੁੱਧ ਪੀਣਾ ਸਿਹਤ ਲਈ ਜ਼ਰੂਰੀ ਵੀ ਹੈ।

ਦੁੱਧ ਪੀਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਕੱਲੇ ਦੁੱਧ ਤੋਂ ਸਾਨੂੰ ਬਹੁਤ ਸਾਰੇ ਪ੍ਰੋਟੀਨ ਮਿਲਦੇ ਹੈ, ਕੈਲਸ਼ੀਅਮ ਮਿਲਦਾ ਹੈ ਵਿਟਾਮਿਨ ਏ ਮਿਲਦਾ ਹੈ। ਇਹ ਇੱਕ ਕੰਪਲੀਟ ਫੂਡ ਹੈ, ਜੋ ਬੱਚੇ ਬੁੱਢੇ ਨੌਜਵਾਨ ਸਭ ਲਈ ਬਹੁਤ ਜ਼ਰੂਰੀ ਹੈ।- ਡਾ. ਸੰਗੀਤਾ, ਪ੍ਰੋਫੈਸਰ ਯੂਨੀਵਰਸਿਟੀ
ਯੂਨੀਵਰਸਿਟੀ ਦੇ ਮਾਹਿਰਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਵੱਡਾ ਪੱਧਰ ਉੱਤੇ ਅਰਨ ਔਰਗਨਾਈਜ਼ ਚੱਕਰ ਬੋਲੋ ਦੁੱਧ ਦੀ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ। ਜਿਸ ਕਰਕੇ ਉਨ੍ਹਾਂ ਕੋਲ ਸਾਧਨਾ ਦੀ ਇੱਕ ਬਹੁਤ ਵੱਡੀ ਕਮੀ ਹੈ। ਦੁੱਧ ਚੋਣ ਤੋਂ ਬਾਅਦ ਉਸ ਨੂੰ ਚਾਰ ਡਿਗਰੀ ਤਾਪਮਾਨ 'ਤੇ ਰੱਖਣਾ ਜ਼ਰੂਰੀ ਹੁੰਦਾ ਹੈ ਜਦੋਂ ਕਿ ਕੋਲਡ ਸਟੋਰ ਦੀ ਘੱਟ ਉਪਲੱਬਧਤਾ ਅਤੇ ਦੂਰ ਹੋਣ ਕਰਕੇ ਜਦੋਂ ਉਸ ਨੂੰ ਲਿਜਾਇਆ ਜਾਂਦਾ ਹੈ ਤਾਂ ਦਿੱਕਤ ਆਉਂਦੀ ਹੈ ਅਤੇ ਦੁੱਧ ਦੀ ਗੁਣਵੱਤਾ ਘੱਟ ਜਾਂਦੀ ਹੈ।

