ਕੀ ਘੜੂਆਂ ਤੋਂ ਸੂਰਤ ਤੱਕ ਚੱਲਦਾ ਸੀ ਵਪਾਰ ? ਮਿਲੇ ਸਿੱਕਿਆਂ ਨੇ ਦੱਸਿਆ ਇੱਥੋਂ ਦਾ ਇਤਿਹਾਸਕ ਮਹੱਤਵ! ਮਾਹਰ ਕੋਲੋਂ ਜਾਣੋ ਕਿਵੇਂ ਪੜ੍ਹਿਆ ਜਾਂਦਾ ਹੈ ਪੁਰਾਣਾ ਸਿੱਕਾ
ਪੰਜਾਬ ਡਿਜੀਟਲ ਲਾਈਬ੍ਰੇਰੀ ਦੇ ਡਾਇਰੈਕਟਰ ਦਵਿੰਦਰ ਪਾਲ ਸਿੰਘ ਨੇ ਖੋਲ੍ਹੇ ਇਤਿਹਾਸ ਦੇ ਅਣਗੌਲ਼ੇ ਪੰਨੇ, ਪੜ੍ਹੋ ਬਲਵਿੰਦਰ ਵਿੱਕੀ ਦੀ ਵਿਸ਼ੇਸ਼ ਰਿਪੋਰਟ।


Published : August 27, 2026 at 9:55 PM IST
ਚੰਡੀਗੜ੍ਹ: ਮੋਹਾਲੀ ਦੇ ਇਤਿਹਾਸਕ ਪਿੰਡ ਘੜੂਆਂ ਵਿੱਚ ਇੱਕ ਪੁਰਾਣੀ ਇਮਾਰਤ ਨੂੰ ਢਾਹ ਕੇ ਜਨਤਕ ਲਾਇਬ੍ਰੇਰੀ ਬਣਾਉਣ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਸਦੀਆਂ ਪੁਰਾਣੇ ਸਿੱਕਿਆਂ ਨਾਲ ਭਰਿਆ ਇੱਕ ਮਿੱਟੀ ਦਾ ਘੜਾ ਮਿਲਣ ਨਾਲ ਸਨਸਨੀ ਫੈਲ ਗਈ ਹੈ। ਸਿੱਕੇ ਲੱਭਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲਦਿਆਂ ਹੀ ਸਥਾਨਕ ਲੋਕ, ਮਜ਼ਦੂਰ ਅਤੇ ਬੱਚੇ ਵੱਡੀ ਗਿਣਤੀ ਵਿੱਚ ਮੌਕੇ 'ਤੇ ਟੁੱਟ ਕੇ ਪੈ ਗਏ। ਲੋਕਾਂ ਨੇ ਰਾਤ ਦੇ ਹਨੇਰੇ ਵਿੱਚ ਟਾਰਚਾਂ ਅਤੇ ਕਹੀਆਂ ਲੈ ਕੇ ਉੱਥੇ ਖੁਦਾਈ ਸ਼ੁਰੂ ਕਰ ਦਿੱਤੀ ਅਤੇ ਜੋ ਵੀ ਸਿੱਕਾ ਹੱਥ ਲੱਗਿਆ, ਉਸ ਨੂੰ ਆਪਣੇ ਨਾਲ ਲੈ ਗਏ।
'ਦੇਰੀ ਨਾਲ ਕਾਰਵਾਈ'
ਪ੍ਰਸ਼ਾਸਨ ਨੇ ਦੇਰੀ ਨਾਲ ਕਾਰਵਾਈ ਕਰਦਿਆਂ ਜਗ੍ਹਾ ਨੂੰ ਸੀਲ ਕੀਤਾ ਹੈ ਅਤੇ ਲੋਕਾਂ ਨੂੰ ਇਹ ਸਰਕਾਰੀ ਇਤਿਹਾਸਕ ਸੰਪਤੀ ਵਾਪਸ ਕਰਨ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਪੰਜਾਬ ਡਿਜੀਟਲ ਲਾਈਬ੍ਰੇਰੀ ਦੇ ਫਾਊਂਡਰ ਅਤੇ ਐਗਜੈਕਟਿਵ ਡਾਇਰੈਕਟਰ ਦਵਿੰਦਰ ਪਾਲ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਇਨ੍ਹਾਂ ਮਿਲੇ ਸਿੱਕਿਆਂ ਵਿੱਚੋਂ ਇੱਕ 'ਸੂਰਤ ਟਕਸਾਲ' ਦਾ ਵੀ ਸੀ, ਜੋ ਇਹ ਸਾਫ਼ ਇਸ਼ਾਰਾ ਕਰਦਾ ਹੈ ਕਿ ਸਦੀਆਂ ਪਹਿਲਾਂ ਘੜੂਆਂ ਦੇ ਵਪਾਰੀਆਂ ਦੇ ਗੁਜਰਾਤ ਦੇ ਸੂਰਤ ਸ਼ਹਿਰ ਨਾਲ ਸਿੱਧੇ ਵਪਾਰਕ ਸਬੰਧ ਹੋ ਸਕਦੇ ਸਨ। ਦਵਿੰਦਰ ਪਾਲ ਸਿੰਘ ਨੇ ਇਸ ਖ਼ਾਸ ਇੰਟਰਵਿਊ ਵਿੱਚ ਇਨ੍ਹਾਂ ਸਿੱਕਿਆਂ ਦੇ ਅਸਲ ਇਤਿਹਾਸਕ ਮਹੱਤਵ, ਵਪਾਰਕ ਸਬੰਧਾਂ ਅਤੇ ਸਿੱਕਿਆਂ ਨੂੰ ਪੜ੍ਹਨ ਦੀ ਗੁੰਝਲਦਾਰ ਵਿਧੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਹੈ।

'ਪ੍ਰਸ਼ਾਸਨ ਅਤੇ ਸੰਸਥਾਵਾਂ ਦੀ ਵੱਡੀ ਲਾਪਰਵਾਹੀ'
ਦਵਿੰਦਰ ਪਾਲ ਸਿੰਘ ਮੁਤਾਬਕ, "ਘੜੂਆਂ ਕੋਈ ਛੋਟਾ-ਮੋਟਾ ਜਾਂ ਨਵਾਂ ਪਿੰਡ ਨਹੀਂ ਹੈ, ਬਲਕਿ ਇਸ ਦਾ ਆਪਣਾ ਇੱਕ ਵੱਡਾ ਇਤਿਹਾਸ ਹੈ। ਘਟਨਾ ਸਥਾਨ ਦੇ ਬਿਲਕੁਲ ਨਜ਼ਦੀਕ ਪੁਲਿਸ ਥਾਣਾ, ਸਥਾਨਕ ਪੰਚਾਇਤਾਂ ਅਤੇ ਨਾਮਵਰ ਯੂਨੀਵਰਸਿਟੀ ਹੋਣ ਦੇ ਬਾਵਜੂਦ ਇਸ ਇਤਿਹਾਸਕ ਜਗ੍ਹਾ ਨੂੰ ਤੁਰੰਤ ਸੁਰੱਖਿਅਤ ਨਹੀਂ ਕੀਤਾ ਗਿਆ। ਸਰਕਾਰ ਦੇ ਪੁਰਾਤੱਤਵ ਵਿਭਾਗ ਨੂੰ ਵੀ ਸਮੇਂ ਸਿਰ ਸੂਚਨਾ ਨਹੀਂ ਦਿੱਤੀ ਗਈ। ਇਸ ਲਾਪਰਵਾਹੀ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਇਹ ਸਾਰੇ ਸਿੱਕੇ ਇੱਕ ਪੁਰਾਤਨ ਮਿੱਟੀ ਦੇ ਘੜੇ ਦੇ ਅੰਦਰ ਮਿਲੇ ਸਨ। ਲੋਕਾਂ ਦੀ ਭਾਜੜ ਅਤੇ ਖਿੱਚ-ਧੂਹ ਕਾਰਨ ਉਹ ਘੜਾ ਪੂਰੀ ਤਰ੍ਹਾਂ ਟੁੱਟ ਕੇ ਠੀਕਰਾ-ਠੀਕਰੀ ਹੋ ਗਿਆ। ਇਤਿਹਾਸਕ ਦ੍ਰਿਸ਼ਟੀ ਤੋਂ ਘੜੇ ਦਾ ਸਾਬਤ ਰਹਿਣਾ ਉੱਨਾ ਹੀ ਮਹੱਤਵਪੂਰਨ ਸੀ ਜਿੰਨਾ ਕਿ ਸਿੱਕਿਆਂ ਦਾ, ਕਿਉਂਕਿ ਕਈ ਵਾਰ ਅਜਿਹੇ ਮਿੱਟੀ ਦੇ ਬਰਤਨਾਂ ਉੱਪਰ ਕੋਈ ਖ਼ਾਸ ਇਬਾਰਤ ਜਾਂ ਚਿੰਨ੍ਹ ਉੱਕਰਿਆ ਹੁੰਦਾ ਹੈ, ਜੋ ਉਸ ਕਾਲ ਦੀ ਪੂਰੀ ਕਹਾਣੀ ਬਿਆਨ ਕਰਦਾ ਹੈ।"

ਪੰਜਾਬ ਦੀ ਧਰਤੀ 'ਚੋਂ ਸਿੱਕੇ ਨਿਕਲਣ ਦਾ ਪਿਛੋਕੜ
ਕੀ ਪੰਜਾਬ ਵਿੱਚ ਅਜਿਹੇ ਸਿੱਕੇ ਮਿਲਣਾ ਕੋਈ ਦੁਰਲੱਭ ਵਰਤਾਰਾ ਹੈ ? ਇਸ ਸਵਾਲ ਦਾ ਜਵਾਬ ਦਿੰਦਿਆਂ ਮਾਹਰ ਨੇ ਦੱਸਿਆ ਕਿ, "ਪੰਜਾਬ ਦੀ ਧਰਤੀ ਵਿੱਚੋਂ ਅਜਿਹੀਆਂ ਚੀਜ਼ਾਂ ਅਕਸਰ ਨਿੱਕਲਦੀਆਂ ਰਹਿੰਦੀਆਂ ਹਨ। ਪੁਰਾਣੇ ਸਮਿਆਂ ਵਿੱਚ ਜਦੋਂ ਵੀ ਦੇਸ਼ ਜਾਂ ਸੂਬੇ ਦਾ ਮਾਹੌਲ ਖ਼ਰਾਬ ਹੁੰਦਾ ਸੀ, ਜਾਂ ਕੋਈ ਬਾਹਰੀ ਹਮਲਾ ਹੁੰਦਾ ਸੀ, ਤਾਂ ਲੋਕ ਆਪਣੀ ਸੁਰੱਖਿਆ ਅਤੇ ਦੌਲਤ ਨੂੰ ਬਚਾਉਣ ਲਈ ਉਸ ਨੂੰ ਜ਼ਮੀਨ ਵਿੱਚ ਦਬਾ ਦਿੰਦੇ ਸਨ। ਖ਼ਾਸ ਕਰਕੇ 1947 ਦੀ ਵੰਡ ਦੌਰਾਨ ਜਦੋਂ ਵੱਡੀ ਪੱਧਰ 'ਤੇ ਅਬਾਦੀ ਦੀ ਹਿਜਰਤ ਹੋਈ, ਉਦੋਂ ਲੋਕਾਂ ਨੇ ਆਪਣੀਆਂ ਕੀਮਤੀ ਚੀਜ਼ਾਂ, ਸੋਨਾ ਅਤੇ ਚਾਂਦੀ ਦੇ ਸਿੱਕੇ ਜ਼ਮੀਨਾਂ ਵਿੱਚ ਦਬਾ ਦਿੱਤੇ ਸਨ ਕਿ ਸ਼ਾਇਦ ਉਹ ਕਦੇ ਵਾਪਸ ਆ ਕੇ ਇਨ੍ਹਾਂ ਨੂੰ ਕੱਢ ਲੈਣਗੇ। ਇਸ ਤੋਂ ਇਲਾਵਾ ਮੁਗ਼ਲ ਕਾਲ ਅਤੇ ਸਿੱਖ ਰਾਜ ਦੌਰਾਨ ਵੀ ਅਜਿਹੇ ਕਈ ਕਾਰਨ ਰਹੇ, ਜਿਨ੍ਹਾਂ ਕਰਕੇ ਅੱਜ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਅਜਿਹਾ ਇਤਿਹਾਸਕ ਖ਼ਜ਼ਾਨਾ ਮਿਲਦਾ ਰਹਿੰਦਾ ਹੈ।"

ਘੜੂਆਂ 'ਚੋਂ ਮਿਲੇ ਸਿੱਕਿਆਂ ਦਾ ਕਾਲ ਅਤੇ ਰਾਜੇ
ਮੌਕੇ ਤੋਂ ਪ੍ਰਾਪਤ ਹੋਈਆਂ ਤਸਵੀਰਾਂ ਦਾ ਅਧਿਐਨ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਸਾਰੇ ਸਿੱਕੇ ਮੁਗ਼ਲ ਕਾਲ ਦੇ ਹਨ। ਇਨ੍ਹਾਂ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਅਤੇ ਸ਼ਾਹ ਆਲਮ ਦੇ ਸਮੇਂ ਦੇ ਸਿੱਕੇ ਪ੍ਰਮੁੱਖ ਹਨ। ਜੇਕਰ ਇਨ੍ਹਾਂ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ:
1. ਕੁਝ ਸਿੱਕੇ ਲਗਭਗ ਸਾਲ 1690 (ਔਰੰਗਜ਼ੇਬ ਦੇ ਕਾਲ) ਦੇ ਹਨ।
2. ਕੁਝ ਸਿੱਕੇ ਸਾਲ 1790 (ਸ਼ਾਹ ਆਲਮ ਦੇ ਕਾਲ) ਦੇ ਆਸ-ਪਾਸ ਦੇ ਹਨ।
3. ਬਾਕੀ ਦੇ ਕੁਝ ਸਿੱਕੇ 1850 ਤੋਂ 1860 ਦੇ ਦਰਮਿਆਨ ਦੇ ਵੀ ਪ੍ਰਤੀਤ ਹੁੰਦੇ ਹਨ, ਜੋ ਕਿ ਬ੍ਰਿਟਿਸ਼ ਕਾਲ ਦੇ ਸ਼ੁਰੂਆਤੀ ਦੌਰ ਜਾਂ ਉਸ ਦੇ ਸਮਕਾਲੀ ਸਮੇਂ ਨਾਲ ਮੇਲ ਖਾਂਦੇ ਹਨ।

ਕਿਵੇਂ ਪੜ੍ਹਿਆ ਜਾਂਦਾ ਹੈ ਪੁਰਾਣਾ ਸਿੱਕਾ ?
ਆਮ ਲੋਕਾਂ ਲਈ ਕਿਸੇ ਪੁਰਾਣੇ ਸਿੱਕੇ ਨੂੰ ਦੇਖ ਕੇ ਉਸ ਦੇ ਇਤਿਹਾਸ ਦਾ ਅੰਦਾਜ਼ਾ ਲਗਾਉਣਾ ਬੇਹੱਦ ਮੁਸ਼ਕਲ ਹੁੰਦਾ ਹੈ। ਸ਼ੁਰੂਆਤੀ ਤੌਰ 'ਤੇ ਡਿਪਟੀ ਕਮਿਸ਼ਨਰ ਸਣੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਇਨ੍ਹਾਂ ਸਿੱਕਿਆਂ 'ਤੇ ਉਰਦੂ ਲਿਖੀ ਹੋਈ ਹੈ, ਪਰ ਅਸਲ ਵਿੱਚ ਇਹ ਫਾਰਸੀ ਭਾਸ਼ਾ ਹੈ। ਮੁਗ਼ਲ ਕਾਲ ਦੌਰਾਨ ਦਫ਼ਤਰੀ ਅਤੇ ਸਰਕਾਰੀ ਭਾਸ਼ਾ ਫਾਰਸੀ ਹੀ ਹੁੰਦੀ ਸੀ, ਜਿਸ ਦੀ ਸਕ੍ਰਿਪਟ ਦੇਖਣ ਵਿੱਚ ਉਰਦੂ ਵਰਗੀ ਲੱਗਦੀ ਹੈ।
ਸਿੱਕਾ ਪੜ੍ਹਨ ਵਿੱਚ ਆਉਣ ਵਾਲੀਆਂ ਮੁੱਖ ਚੁਣੌਤੀਆਂ:
ਅਧੂਰੀ ਲਿਖਤ: ਪੁਰਾਣੇ ਸਮੇਂ ਵਿੱਚ ਸਿੱਕੇ ਬਣਾਉਣ ਲਈ ਜਿਹੜੀ ਡਾਈ ਵਰਤੀ ਜਾਂਦੀ ਸੀ, ਉਹ ਸਿੱਕੇ ਦੇ ਅਸਲ ਸਾਈਜ਼, ਲਗਭਗ 11 ਗ੍ਰਾਮ ਜਾਂ ਇੱਕ ਤੋਲਾ, ਤੋਂ ਕਾਫੀ ਵੱਡੀ ਹੁੰਦੀ ਸੀ। ਜਦੋਂ ਡਾਈ ਨੂੰ ਗਰਮ ਧਾਤੂ 'ਤੇ ਮਾਰਿਆ ਜਾਂਦਾ ਸੀ, ਤਾਂ ਪੂਰੀ ਇਬਾਰਤ ਸਿੱਕੇ 'ਤੇ ਨਹੀਂ ਛਪਦੀ ਸੀ। ਉਦਾਹਰਨ ਲਈ, ਜੇਕਰ 'ਲਾਹੌਰ' ਲਿਖਣਾ ਹੁੰਦਾ ਸੀ, ਤਾਂ ਸਿੱਕੇ 'ਤੇ ਸਿਰਫ਼ 'ਲੱਲਾ' ਜਾਂ 'ਹਾਹਾ' ਹੀ ਆਉਂਦਾ ਸੀ।
ਇਸਲਾਮਿਕ ਕੈਲੀਗ੍ਰਾਫੀ: ਇਨ੍ਹਾਂ ਸਿੱਕਿਆਂ 'ਤੇ ਲਿਖਣ ਦਾ ਸਟਾਈਲ ਬਹੁਤ ਕਲਾਤਮਕ ਹੁੰਦਾ ਸੀ। ਸ਼ਬਦਾਂ ਨੂੰ ਸਿੱਧਾ ਲਿਖਣ ਦੀ ਬਜਾਏ ਇੱਕ ਖ਼ਾਸ ਪੈਟਰਨ ਜਾਂ ਡਿਜ਼ਾਈਨ ਵਿੱਚ ਉੱਪਰ-ਨੀਚੇ ਸੈੱਟ ਕੀਤਾ ਜਾਂਦਾ ਸੀ, ਜਿਸ ਨੂੰ ਸਮਝਣ ਲਈ ਹਜ਼ਾਰਾਂ ਸਿੱਕਿਆਂ ਦਾ ਤਜਰਬਾ ਹੋਣਾ ਜ਼ਰੂਰੀ ਹੈ।
ਸਿੱਕੇ ਦੇ ਦੋ ਪਾਸੇ ਕੀ ਦਰਸਾਉਂਦੇ ਹਨ ?
1. ਸਾਹਮਣੇ ਵਾਲਾ ਪਾਸਾ: ਆਮ ਤੌਰ 'ਤੇ ਸਿੱਕੇ ਦੇ ਇੱਕ ਪਾਸੇ ਉਸ ਸਮੇਂ ਦੇ ਸ਼ਾਸਕ ਜਾਂ ਰਾਜੇ ਦਾ ਨਾਮ ਉੱਕਰਿਆ ਹੁੰਦਾ ਹੈ (ਜਿਵੇਂ ਔਰੰਗਜ਼ੇਬ ਜਾਂ ਸ਼ਾਹ ਆਲਮ)।
2. ਪਿੱਛੇ ਵਾਲਾ ਪਾਸਾ: ਦੂਜੇ ਪਾਸੇ ਉਸ ਸ਼ਹਿਰ ਜਾਂ ਜਗ੍ਹਾ ਦਾ ਨਾਮ ਹੁੰਦਾ ਹੈ ਜਿੱਥੇ ਉਹ ਸਿੱਕਾ ਬਣਿਆ ਹੁੰਦਾ ਹੈ, ਜਿਸ ਨੂੰ 'ਟਕਸਾਲ' ਜਾਂ 'ਮਿੰਟ' ਕਿਹਾ ਜਾਂਦਾ ਹੈ। ਫਾਰਸੀ ਵਿੱਚ ਇਸ ਨੂੰ 'ਜਰਬ' ਲਿਖਿਆ ਜਾਂਦਾ ਹੈ, ਜਿਵੇਂ 'ਜਰਬ ਅੰਬਰਸਰ ਜੀ' ਜਾਂ 'ਜਰਬ ਲਾਹੌਰ'।

ਇਤਿਹਾਸ ਵਿੱਚ ਵਰਤੇ ਜਾਂਦੇ ਵੱਖ-ਵੱਖ ਕੈਲੰਡਰ
ਮੁਗ਼ਲ ਅਤੇ ਸਿੱਖ ਕਾਲ ਦੇ ਸਿੱਕਿਆਂ 'ਤੇ ਸਾਲਾਂ ਦੀ ਗਣਨਾ ਨੂੰ ਸਮਝਣ ਲਈ ਵੱਖ-ਵੱਖ ਕੈਲੰਡਰਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਜੋ ਇਸ ਖੇਤਰ ਵਿੱਚ ਪ੍ਰਚਲਿਤ ਸਨ:
1. ਹਿਜਰੀ ਕੈਲੰਡਰ: ਮੁਗ਼ਲ ਕਾਲ ਦੇ ਸਿੱਕਿਆਂ 'ਤੇ ਸਾਲ ਹਮੇਸ਼ਾ ਹਿਜਰੀ ਯਾਨਿ ਇਸਲਾਮਿਕ ਕੈਲੰਡਰ ਵਿੱਚ ਲਿਖਿਆ ਹੁੰਦਾ ਹੈ। ਇਹ ਸਾਡੇ ਮੌਜੂਦਾ Common Era ਯਾਨਿ ਈਸਵੀ ਸੰਨ ਨਾਲੋਂ ਲਗਭਗ ਸਾਢੇ ਪੰਜ ਸੌ ਸਾਲ ਪਿੱਛੇ ਚੱਲਦਾ ਹੈ। ਉਦਾਹਰਨ ਲਈ, ਜੇਕਰ ਸਿੱਕੇ 'ਤੇ ਹਿਜਰੀ ਸਾਲ 1100 ਲਿਖਿਆ ਹੈ, ਤਾਂ ਉਸ ਦਾ ਮਤਲਬ ਈਸਵੀ ਸੰਨ ਮੁਤਾਬਕ 1600-1700 ਦੇ ਵਿਚਕਾਰ ਦਾ ਸਮਾਂ ਹੋਵੇਗਾ।
2. ਬਿਕਰਮੀ ਸੰਮਤ: ਪੰਜਾਬ ਦੀ ਧਰਤੀ ਦਾ ਇਹ ਆਪਣਾ ਦੇਸੀ ਕੈਲੰਡਰ ਹੈ, ਜੋ ਈਸਵੀ ਸੰਨ ਨਾਲੋਂ 57 ਸਾਲ ਅੱਗੇ ਚੱਲਦਾ ਹੈ। ਸਿੱਖ ਰਾਜ ਦੇ ਸਿੱਕਿਆਂ 'ਤੇ ਅਕਸਰ ਸੰਮਤ ਲਿਖਿਆ ਮਿਲਦਾ ਹੈ।
3. ਨਾਨਕਸ਼ਾਹੀ ਕੈਲੰਡਰ: ਸਿੱਖ ਇਤਿਹਾਸ ਅਤੇ ਸਿੱਖ ਰਾਜ ਦੇ ਸਿੱਕਿਆਂ 'ਤੇ ਨਾਨਕਸ਼ਾਹੀ ਸਾਲ ਵੀ ਉੱਕਰਿਆ ਹੁੰਦਾ ਸੀ। ਨਾਨਕਸ਼ਾਹੀ ਕੈਲੰਡਰ ਦੀ ਸ਼ੁਰੂਆਤ ਦਾ ਸਾਲ 1469 ਈਸਵੀ ਮੰਨਿਆ ਜਾਂਦਾ ਹੈ, ਜਿਸ ਸਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ।
4. ਈਸਵੀ ਕੈਲੰਡਰ: ਜੋ ਅਸੀਂ ਅੱਜ ਵਰਤਦੇ ਹਾਂ, ਇਹ ਲਿਖਤ ਬ੍ਰਿਟਿਸ਼ ਕਾਲ ਦੇ ਸਿੱਕਿਆਂ 'ਤੇ ਅੰਗਰੇਜ਼ੀ ਵਿੱਚ ਦੇਖਣ ਨੂੰ ਮਿਲਦੀ ਹੈ।

ਸਿੱਖ ਰਾਜ ਦੇ ਸਿੱਕਿਆਂ ਦੀ ਖ਼ਾਸੀਅਤ
ਦਵਿੰਦਰ ਪਾਲ ਸਿੰਘ ਨੇ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਪੱਖ ਸਾਂਝਾ ਕਰਦਿਆਂ ਦੱਸਿਆ ਕਿ, "ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਭ ਤੋਂ ਪਹਿਲਾਂ 1710-1712 ਦੇ ਆਸ-ਪਾਸ ਸਿੱਖ ਰਾਜ ਦਾ ਸਿੱਕਾ ਜਾਰੀ ਕੀਤਾ ਸੀ। ਪਰ ਸਭ ਤੋਂ ਵੱਡੀ ਤੇ ਮਾਣ ਵਾਲੀ ਗੱਲ ਇਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ, ਕਿਸੇ ਵੀ ਸਿੱਖ ਰਾਜੇ ਨੇ ਸਿੱਕੇ ਉੱਪਰ ਆਪਣਾ ਨਾਮ ਨਹੀਂ ਲਿਖਵਾਇਆ। ਇਨ੍ਹਾਂ ਸਿੱਕਿਆਂ 'ਤੇ ਹਮੇਸ਼ਾ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਹੁੰਦਾ ਸੀ, ਜਿਵੇਂ 'ਅਕਾਲ ਸਹਾਇ ਗੁਰੂ ਨਾਨਕ'। ਇਸ ਤੋਂ ਇਲਾਵਾ ਸਿੱਖ ਰਾਜ ਦੇ ਸਿੱਕਿਆਂ ਦੀ ਇੱਕ ਹੋਰ ਵੱਡੀ ਪਛਾਣ 'ਪੱਤਾ' ਜਾਂ ਅੰਬ ਦੇ ਪੱਤੇ ਦਾ ਨਿਸ਼ਾਨ ਹੁੰਦਾ ਸੀ, ਜੋ ਲਗਭਗ ਹਰ ਸਿੱਕੇ 'ਤੇ ਵੇਖਣ ਨੂੰ ਮਿਲਦਾ ਸੀ। ਸਿੱਖ ਰਾਜ ਵਿੱਚ ਸੋਨੇ ਅਤੇ ਚਾਂਦੀ ਦੇ ਸਿੱਕੇ ਫਾਰਸੀ ਭਾਸ਼ਾ ਵਿੱਚ ਹੁੰਦੇ ਸਨ, ਜਦੋਂ ਕਿ ਤਾਂਬੇ ਦੇ ਸਿੱਕੇ ਗੁਰਮੁਖੀ ਲਿਖਤ ਵਿੱਚ ਜਾਰੀ ਕੀਤੇ ਜਾਂਦੇ ਸਨ।"

ਘੜੂਆਂ ਵਿਖੇ ਮਿਲੇ 'ਸੂਰਤ ਮਿੰਟ' ਦੇ ਸਿੱਕੇ ਦਾ ਅਸਲ ਮਹੱਤਵ
ਇਸ ਪੂਰੀ ਖੁਦਾਈ ਵਿੱਚੋਂ ਸਭ ਤੋਂ ਹੈਰਾਨੀਜਨਕ ਅਤੇ ਖੋਜ ਭਰਪੂਰ ਗੱਲ ਇਹ ਸਾਹਮਣੇ ਆਈ ਹੈ ਕਿ ਇੱਥੋਂ ਮੁਗ਼ਲ ਕਾਲ ਦੀ 'ਸੂਰਤ ਟਕਸਾਲ' ਦਾ ਸਿੱਕਾ ਵੀ ਮਿਲਿਆ ਹੈ। ਲਾਹੌਰ ਅਤੇ ਸਰਹੰਦ ਦੀਆਂ ਟਕਸਾਲਾਂ ਦੇ ਸਿੱਕੇ ਪੰਜਾਬ ਵਿੱਚ ਮਿਲਣਾ ਆਮ ਗੱਲ ਹੈ ਕਿਉਂਕਿ ਇਹ ਇਲਾਕੇ ਨੇੜੇ ਸਨ। ਪਰ ਗੁਜਰਾਤ ਦੇ 'ਸੂਰਤ' ਸ਼ਹਿਰ ਦੀ ਟਕਸਾਲ ਦਾ ਸਿੱਕਾ ਮੋਹਾਲੀ ਦੇ ਘੜੂਆਂ ਵਿੱਚ ਮਿਲਣਾ ਇੱਕ ਵੱਡੇ ਵਪਾਰਕ ਇਤਿਹਾਸ ਵੱਲ ਇਸ਼ਾਰਾ ਕਰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਉਸ ਦੌਰ ਵਿੱਚ ਘੜੂਆਂ ਕੋਈ ਸਧਾਰਨ ਪਿੰਡ ਨਹੀਂ ਸੀ, ਬਲਕਿ ਇੱਥੇ ਕੋਈ ਅਜਿਹਾ ਵੱਡਾ ਵਪਾਰੀ ਰਹਿੰਦਾ ਸੀ ਜਿਸ ਦੇ ਸਿੱਧੇ ਵਪਾਰਕ ਸਬੰਧ ਸੂਰਤ ਵਰਗੇ ਵੱਡੇ ਬੰਦਰਗਾਹ ਵਾਲੇ ਸ਼ਹਿਰ ਨਾਲ ਸਨ। ਉਹ ਇੱਥੋਂ ਕੋਈ ਸਾਮਾਨ ਸੂਰਤ ਭੇਜਦਾ ਹੋਵੇਗਾ ਜਾਂ ਉੱਥੋਂ ਮੰਗਵਾਉਂਦਾ ਹੋਵੇਗਾ, ਜਿਸ ਦੇ ਬਦਲੇ ਉਸ ਨੂੰ ਇਹ ਕਰੰਸੀ ਮਿਲੀ ਸੀ। ਇਹ ਚੀਜ਼ਾਂ ਭਵਿੱਖ ਦੀ ਇਤਿਹਾਸਕ ਖੋਜ ਲਈ ਬੇਹੱਦ ਮਦਦਗਾਰ ਸਾਬਤ ਹੁੰਦੀਆਂ ਹਨ।
ਸਿੱਕਿਆਂ ਦੇ ਦੁਰਲਭ ਹੋਣ ਦਾ ਕਾਰਨ ਅਤੇ ਮੈਲਟਿੰਗ ਦਾ ਨੁਕਸਾਨ
ਕੋਈ ਵੀ ਸਿੱਕਾ ਦੁਰਲੱਭ ਉਦੋਂ ਬਣਦਾ ਹੈ ਜਦੋਂ ਉਹ ਬਹੁਤ ਘੱਟ ਗਿਣਤੀ ਵਿੱਚ ਬਣਿਆ ਹੋਵੇ, ਜਾਂ ਉਸ ਨੂੰ ਸੰਭਾਲਿਆ ਨਾ ਗਿਆ ਹੋਵੇ। ਉਦਾਹਰਣ ਵਜੋਂ, ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੇ ਸਿੱਕੇ ਅੱਜ ਦੇ ਸਮੇਂ ਵਿੱਚ ਬਹੁਤ ਰੇਅਰ ਹਨ ਕਿਉਂਕਿ ਜਦੋਂ ਮੁਗ਼ਲਾਂ ਨੇ ਦੁਬਾਰਾ ਸੱਤਾ ਸੰਭਾਲੀ, ਤਾਂ ਉਨ੍ਹਾਂ ਨੇ ਦੁਸ਼ਮਣ ਦੀ ਕਰੰਸੀ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ।
ਚਾਂਦੀ ਅਤੇ ਸੋਨੇ ਦੀ ਇੱਕ ਖ਼ਾਸੀਅਤ ਹੁੰਦੀ ਹੈ ਕਿ ਇਸ ਦੀ ਆਪਣੀ ਇੱਕ ਧਾਤੂ ਕੀਮਤ ਹੁੰਦੀ ਹੈ। ਮੁਗ਼ਲ ਸ਼ਾਸਕ ਅਕਸਰ ਸਿੱਖ ਰਾਜਿਆਂ ਦੇ ਸਿੱਕਿਆਂ ਨੂੰ ਪਿਘਲਾ ਕੇ ਆਪਣੀ ਕਰੰਸੀ ਵਿੱਚ ਤਬਦੀਲ ਕਰ ਲੈਂਦੇ ਸਨ, ਕਿਉਂਕਿ ਚਾਂਦੀ ਤਾਂ ਚਾਂਦੀ ਹੀ ਰਹਿੰਦੀ ਹੈ। ਅੱਜ ਵੀ ਲੋਕਾਂ ਵਿੱਚ ਇਹੀ ਜਾਣਕਾਰੀ ਦੀ ਕਮੀ ਹੈ। ਉਹ ਇਨ੍ਹਾਂ ਸਿੱਕਿਆਂ ਨੂੰ ਸਿਰਫ਼ ਚਾਂਦੀ ਦੇ ਟੁਕੜੇ ਸਮਝ ਕੇ ਆਪਣੇ ਕੋਲ ਰੱਖਣਾ ਚਾਹੁੰਦੇ ਹਨ ਜਾਂ ਪਿਘਲਾ ਦਿੰਦੇ ਹਨ, ਜਿਸ ਨਾਲ ਉਸ ਦਾ ਇਤਿਹਾਸਕ ਮੁੱਲ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ।
ਸਿੱਟਾ ਅਤੇ ਸਰਕਾਰ ਲਈ ਸੁਝਾਅ
ਘੜੂਆਂ ਦੀ ਇਸ ਘਟਨਾ ਤੋਂ ਸਰਕਾਰ ਅਤੇ ਆਮ ਜਨਤਾ ਦੋਵਾਂ ਨੂੰ ਵੱਡਾ ਸਬਕ ਲੈਣ ਦੀ ਲੋੜ ਹੈ। ਸਰਕਾਰ ਦਾ ਇਹ ਮੁਢਲਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਕਰੇ ਅਤੇ ਉਨ੍ਹਾਂ ਵਿੱਚ ਇਹ ਵਿਸ਼ਵਾਸ ਪੈਦਾ ਕਰੇ ਕਿ ਜੇਕਰ ਉਹ ਅਜਿਹੀਆਂ ਇਤਿਹਾਸਕ ਚੀਜ਼ਾਂ ਸਰਕਾਰ ਨੂੰ ਸੌਂਪਣਗੇ, ਤਾਂ ਕਿ ਉਨ੍ਹਾਂ ਨੂੰ ਸੁਰੱਖਿਅਤ ਮਿਊਜ਼ੀਅਮਾਂ ਵਿੱਚ ਸੰਭਾਲਿਆ ਜਾਵੇਗਾ, ਜਿਵੇਂ ਸਿੱਖ ਰੈਫਰੈਂਸ ਲਾਈਬ੍ਰੇਰੀ ਵੇਲੇ ਕੀਤਾ ਗਿਆ ਸੀ। ਅਜਿਹੇ ਇਤਿਹਾਸਕ ਸਰੋਤਾਂ ਦੀ ਰੱਖਿਆ ਕਰਨਾ ਸਾਡੀ ਆਉਣ ਵਾਲੀ ਪੀੜ੍ਹੀ ਲਈ ਬੇਹੱਦ ਜ਼ਰੂਰੀ ਹੈ, ਤਾਂ ਜੋ ਅਸੀਂ ਆਪਣੇ ਅਮੀਰ ਪਿਛੋਕੜ ਨੂੰ ਜ਼ਿੰਦਾ ਰੱਖ ਸਕੀਏ।

